ਫਿਲੌਰ ਬਲਾਕ ਦੇ 47 ਪਿੰਡਾਂ ’ਚ ਹੋਵੇਗਾ ਸਿੱਧਾ ਮੁਕਾਬਲਾ
ਸਰਬਜੀਤ ਗਿੱਲ
ਫਿਲੌਰ, 14 ਅਕਤੂਬਰ
ਫਿਲੌਰ ਬਲਾਕ ਦੀਆਂ 103 ਪੰਚਾਇਤਾਂ ’ਚੋਂ 25 ਪਿੰਡਾਂ ਦੇ ਸਰਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਇਨ੍ਹਾਂ ’ਚ ਬਕਾਪੁਰ ਤੋਂ ਰਣਜੀਤ ਸਿੰਘ, ਬਾਂਸੀਆ ਢੱਕ ਤੋਂ ਬਲਜਿੰਦਰ ਸਿੰਘ, ਚੀਮਾ ਕਲਾਂ ਤੋਂ ਸ਼ਿਵਾਲੀ ਸ਼ਰਮਾ, ਚੀਮਾ ਖੁਰਦ ਤੋਂ ਕੁਲਦੀਪ ਕੌਰ, ਛੋਹਲੇ ਤੋਂ ਹਰਪ੍ਰੀਤ ਕੌਰ, ਤਰਖਾਣ ਮਜਾਰਾ ਤੋਂ ਮੋਹਣ ਲਾਲ, ਜੌਹਲ ਤੋਂ ਬਲਿਹਾਰ ਸਿੰਘ, ਲਿੱਦੜ ਖੁਰਦ ਤੋਂ ਕੁਲਵਿੰਦਰ ਕੌਰ, ਮਸਾਣੀ ਤੋਂ ਹੁਸਨ ਲਾਲ, ਮੋਤੀਪੁਰ ਖਾਲਸਾ ਤੋਂ ਮਨਜੀਤ ਸਿੰਘ, ਨੂਰੇਵਾਲ ਤੋਂ ਬਲਵਿੰਦਰ ਸਿੰਘ, ਤੂਰਾਂ ਤੋਂ ਗੁਰਬਖਸ਼ ਕੌਰ, ਪ੍ਰਤਾਬਪੁਰਾ ਤੋਂ ਦਿਲਪ੍ਰੀਤ ਸਿੰਘ, ਕਾਲਾ ਤੋਂ ਮਨਜੀਤ ਕੌਰ, ਨਾਨੋ ਮਜਾਰਾ ਤੋਂ ਭੁਪਿੰਦਰ ਕੌਰ, ਲਾਦੀਆ ਤੋਂ ਸੁਨੀਤਾ ਰਾਣੀ, ਪੱਤੀ ਮਸੰਦਪੁਰ ਤੋਂ ਰੂਪ ਰਾਣੀ, ਖੈਹਿਰਾ ਤੋਂ ਅਨੀਤਾ ਰਾਣੀ, ਖੇਲਾ ਤੋਂ ਕੁਲਦੀਪ ਕੌਰ, ਸੋਢੋ ਤੋਂ ਨੇਹਾ, ਰਾਏਪੁਰ ਸਗਨੇਵਾਲ ਤੋਂ ਨੀਲਮ ਰਾਣੀ, ਸ਼ੇਖੂਪੁਰ ਤੋਂ ਮਨਜੀਤ ਕੁਮਾਰ, ਗੜੀ ਮਹਾ ਸਿੰਘ ਤੋਂ ਸੋਹਣ ਸਿੰਘ ਸੰਧੂ, ਕਲਿਆਣਪੁਰ ਤੋਂ ਕਮਲ, ਸੰਤ ਨਗਰ ਤੋਂ ਹਰਬੰਸ ਕੌਰ ਰੰਧਾਵਾ ਸ਼ਾਮਲ ਹਨ।
ਬਾਕੀ ਬਚਦੇ ਪਿੰਡਾਂ ’ਚੋਂ ਸਭ ਤੋਂ ਵੱਧ 6-6 ਉਮੀਦਵਾਰ ਬੜਾਪਿੰਡ, ਧੁਲੇਤਾ, ਕਟਾਣਾ ਅਤੇ ਬੇਗਮਪੁਰ ’ਚ ਹਨ। ਪਿੰਡ ਤੇਹਿਗ ’ਚ ਪੰਜਕੋਣਾ ਮੁਕਾਬਲਾ ਹੋਵੇਗਾ। ਅੱਪਰਾ, ਅੱਟੀ, ਛੋਕਰਾ, ਰਾਏਪੁਰ ਅਰਾਈਆ, ਸ਼ਾਹਪੁਰ, ਕਡਿਆਣਾ, ਰੁੜਕਾ ਖੁਰਦ, ਖਾਨਪੁਰ, ਸੈਫਾਬਾਦ, ਸਮਰਾੜੀ ਵਿੱਚ ਚਾਰ ਕੋਨਾ ਮੁਕਾਬਲਾ ਅਤੇ 16 ਪਿੰਡਾਂ ਵਿੱਚ ਤਿਕੋਨਾ ਅਤੇ ਬਾਕੀ 47 ਪਿੰਡਾਂ ਵਿੱਚ ਸਿੱਧਾ ਮੁਕਾਬਲਾ ਹੋਵੇਗਾ। ਦਿਲਚਸਪ ਪਹਿਲੂ ਇਹ ਹੈ ਕਿ ਛੇ ਪਿੰਡਾਂ ’ਚ ਜਨਰਲ ਜਾਂ ਐੱਸਸੀ ਕੈਟਾਗਰੀ ਵਿੱਚ ਔਰਤ ਉਮੀਦਵਾਰ ਚੋਣ ਲੜ ਰਹੀਆਂ ਹਨ। ਸਭ ਤੋਂ ਵੱਡੀ ਉਮਰ ਦੇ ਇੰਦਰਾ ਕਲੋਨੀ ਤੋਂ ਮਹਿੰਦਰ ਪਾਲ ਜਿਨ੍ਹਾਂ ਦੀ ਉਮਰ 72 ਸਾਲ ਹੈ।
ਸਭ ਤੋਂ ਛੋਟੀ ਉਮਰ ਦਾ ਉਮੀਦਵਾਰ 26 ਸਾਲਾ ਨਵਜੋਤ ਕੁਮਾਰ ਪਾਲ ਕਦੀਮ ਤੋਂ ਚੋਣ ਲੜ ਰਿਹਾ ਹੈ। ਕੋਟ ਗਰੇਵਾਲ ਅਤੇ ਝੁੰਗੀਆ ਮਹਾ ਸਿੰਘ ਤੋਂ 27-27 ਸਾਲਾਂ ਉਮੀਦਵਾਰ ਮੈਦਾਨ ’ਚ ਹਨ। ਥਲਾ, ਇੰਦਰਾ ਕਲੋਨੀ ਅਤੇ ਅੱਟੀ ਤੋਂ 28 ਸਾਲਾਂ ਉਮੀਦਵਾਰ ਵੀ ਮੈਦਾਨ ’ਚ ਹਨ।