ਸ਼ਹਿਰ ਮੇਂ ਏਕ ਚਿਰਾਗ਼ ਥਾ ਨਾ ਰਹਾ...
ਡਾ. ਅਵਤਾਰ ਸਿੰਘ ਪਤੰਗ
ਸ਼ਾਇਰ, ਕਹਾਣੀਕਾਰ, ਵਾਰਤਕ ਲੇਖਕ, ਕਾਰੋਬਾਰੀ ਅਤੇ ਸਾਹਿਤਕ ਜਥੇਬੰਦੀਆਂ ਦੇ ਕੁਸ਼ਲ ਪ੍ਰਬੰਧਕ ਦਾ ਨਾਂ ਸੀ ਸੇਵਾ ਸਿੰਘ ਰਾਇਤ ਉਰਫ ਸੇਵੀ ਰਾਇਤ। ਉਹ ਚੰਡੀਗੜ੍ਹ, ਮੁਹਾਲੀ ਅਤੇ ਖਰੜ ਦੀਆਂ ਸਾਹਿਤਕ ਸੰਸਥਾਵਾਂ ਦਾ ਸਿ਼ੰਗਾਰ ਸੀ। ਇਸ ਸਭ ਕੁਝ ਤੋਂ ਉੱਪਰ ਸੇਵੀ ਰਾਇਤ ਸਾਹਿਤ ਵਿਗਿਆਨ ਕੇਂਦਰ ਦਾ ਹਰਮਨ ਪਿਆਰਾ ਪ੍ਰਧਾਨ ਸੀ। ਚਿੱਟੀ ਪਗੜੀ ਅਤੇ ਫੱਬਵੇਂ ਲਬਿਾਸ ਵਿਚ ਉਹ ਹਰ ਸਾਹਿਤ ਸਭਾ ਦੀ ਮੂਹਰਲੀ ਕਤਾਰ ਵਿਚ ਬੈਠਦਾ ਸੀ। ਕਿੱਤੇ ਵਜੋਂ ਉਹ ਦਸਤਕਾਰ ਸੀ ਪਰ ਦਸਤਕਾਰੀ ਕਰਦਿਆਂ ਉਸ ਨੇ ਆਪਣੇ ਅੰਦਰ ਕਵਿਤਾ ਘੜਨੀ ਸ਼ੁਰੂ ਕਰ ਦਿੱਤੀ। ਕਵਿਤਾ ਦੀ ਦਸਤਕਾਰੀ ਕਰਦਿਆਂ ਉਸ ਨੇ ਛੇ ਕਾਵਿ ਪੁਸਤਕਾਂ ‘ਜਿੰਦ ਪ੍ਰਾਣ’, ‘ਜਿਸਮ ਤੋਂ ਜਾਨ ਤੱਕ’, ‘ਪ੍ਰਥਾ ਤੋਂ ਪਾਰ’, ‘ਖੁੱਲ੍ਹ ਗਏ ਕਿਵਾੜਾ’, ‘ਅਹਿਸਾਸ ਦੇ ਸਬਬ’, ‘ਹਰਫ ਸਮੇਂ ਦੇ ਹਾਣੀ’ ਪਾਠਕਾਂ ਦੀ ਝੋਲੀ ਪਾਏ। ਚੋਣਵੇਂ ਸਿ਼ਅਰਾਂ ਦੀ ਪੁਸਤਕ ‘ਸਿ਼ਅਰ ਬਾਜ਼ਾਰ’ ਅਤੇ ‘ਆਯੁਰਵੈਦਿਕ ਸਲਾਹਕਾਰ’ ਦਾ ਸੰਪਾਦਨ ਕਰ ਕੇ ਸਾਹਿਤ ਜਗਤ ਵਿਚ ਆਪਣਾ ਯੋਗਦਾਨ ਪਾਇਆ।
ਪੁਸਤਕ ਪ੍ਰਕਾਸ਼ਨ ਤੋਂ ਇਲਾਵਾ ਸੇਵੀ ਰਾਇਤ ਨੇ ਸਾਹਿਤਕ ਅਦਾਰਿਆਂ ਵਿਚ ਆਪਣੀ ਹਿੱਸੇਦਾਰੀ ਬਰਾਬਰ ਜਾਰੀ ਰੱਖੀ। ਚੰਡੀਗੜ੍ਹ ਦੀ ਪੰਜਾਬੀ ਲੇਖਕ ਸਭਾ ਦਾ ਮੈਂਬਰ ਅਤੇ ਕਈ ਵਾਰ ਅਹੁਦੇਦਾਰ ਰਿਹਾ। ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਜੀਵਨ ਮੈਂਬਰ ਰਿਹਾ। ਇਸ ਤੋਂ ਇਲਾਵਾ ਚੰਡੀਗੜ੍ਹ ਵਪਾਰ ਮੰਡਲ ਦਾ ਅਹੁਦੇਦਾਰ ਅਤੇ ਸੀਨੀਅਰ ਸਿਟੀਜ਼ਨ ਸੁਸਾਇਟੀ, ਸੰਨੀ ਐਨਕਲੇਵ ਦਾ ਸਰਗਰਮ ਮੈਂਬਰ ਵੀ ਰਿਹਾ।
ਆਪਣੀ ਸਾਹਿਤਕ ਭੁੱਖ ਨੂੰ ਤ੍ਰਿਪਤ ਕਰਨ ਲਈ ਉਸ ਨੇ ਵੀਹ ਕੁ ਸਾਲ ਪਹਿਲਾਂ ਕੁਝ ਦੋਸਤਾਂ ਨੂੰ ਨਾਲ ਲੈ ਕੇ ਸਾਹਿਤ ਵਿਗਿਆਨ ਕੇਂਦਰਾਂ ਦੀ ਸਥਾਪਨਾ ਕੀਤੀ। ਉਸ ਦੀ ਹਲੀਮੀ, ਮਿਲਣਸਾਰਤਾ ਅਤੇ ਸ਼ੀਰੀ ਸੁਭਾਅ ਸਦਕਾ ਮੈਂਬਰ ਜੁੜਦੇ ਗਏ ਅਤੇ ਉਹ ਛੋਟਾ ਜਿਹਾ ਕਾਫ਼ਲਾ ਸੌ ਤੋਂ ਵੀ ਵੱਧ ਮੈਂਬਰਾਂ ਦਾ ਵਿਸ਼ਾਲ ਸਮੂਹ ਸਾਹਿਤ ਵਿਗਿਆਨ ਕੇਂਦਰ ਬਣ ਗਿਆ।
ਸੇਵੀ ਰਾਇਤ ਖੱਬੇ ਪੱਖੀ ਸੋਚ ਰੱਖਣ ਵਾਲਾ ਵਾਲਾ ਪ੍ਰਤੀਬੱਧ ਲੇਖਕ ਸੀ ਪਰ ਵਿਹਾਰਕ ਤੌਰ ’ਤੇ ਉਹ ਸੱਚੇ-ਸੁੱਚੇ ਕਿਰਦਾਰ ਅਤੇ ਸ਼ੁੱਧ ਸੋਚ ਰੱਖਣ ਵਾਲਾ ਨਫ਼ੀਸ ਆਸਤਿਕ ਇਨਸਾਨ ਸੀ। ਨਿੱਤ ਦੇ ਵਰਤ-ਵਰਤਾਵੇ ਵਿਚ ਉਹ ਕੋਰਾ-ਕਰਾਰਾ ਸੀ। ਅਨੁਸ਼ਾਸਨ, ਨੇਮ-ਬੱਧਤਾ ਉਸ ਦੀ ਸ਼ਖ਼ਸੀਅਤ ਦਾ ਖਾਸਾ ਸੀ। ਉਹ ਮਿੱਠ ਬੋਲੜਾ ਅਤੇ ਸਾਵੀਂ ਪੱਧਰੀ ਜਿ਼ੰਦਗੀ ਜਿਊਣ ਵਾਲਾ ਰੌਸ਼ਨ ਦਿਮਾਗ ਸ਼ਖ਼ਸ ਸੀ। ਜਿਹੜਾ ਬੰਦਾ ਇੱਕ ਵਾਰ ਉਸ ਦੇ ਸੰਪਰਕ ਵਿਚ ਆ ਜਾਂਦਾ ਸੀ, ਉਹ ਹਮੇਸ਼ਾ ਲਈ ਉਸ ਦਾ ਹੋ ਕੇ ਰਹਿ ਜਾਂਦਾ ਸੀ।
ਇਹਨਾਂ ਦਿਨਾਂ ਵਿਚ ਉਸ ਨੇ ਬਹੁਤ ਸਾਰੇ ਕੰਮ ਵਿੱਢੇ ਹੋਏ ਸਨ। ਉਸ ਦੀਆਂ ਦੋ ਪੁਸਤਕਾਂ ਛਪਾਈ ਅਧੀਨ ਹਨ। ਉਸ ਨੇ ਕੁਝ ਦਿਨ ਪਹਿਲਾਂ ਇਹ ਇੱਛਾ ਪ੍ਰਗਟਾਈ ਸੀ ਇਸ ਸਾਲ ਦੇ ਅਖੀਰ ਤੱਕ ਉਹ ਆਪਣੀਆਂ ਛਪਾਈ ਅਧੀਨ ਪੁਸਤਕਾਂ ਮੁਕੰਮਲ ਕਰ ਕੇ ਪਾਠਕਾਂ ਨੂੰ ਭੇਟ ਕਰੇਗਾ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਕੁਝ ਦਿਨ ਬਿਮਾਰ ਰਹਿ ਕੇ ਉਹ ਅਛੋਪਲੇ ਜਿਹੇ, ਚੁੱਪ-ਚਪੀਤਾ ਸਾਰਿਆਂ ਨੂੰ ਛੱਡ ਕੇ ਚਾਰ ਸਤੰਬਰ ਨੂੰ ਬਿਆਸੀ ਸਾਲ ਦੀ ਉਮਰ ਭੋਗ ਕੇ ਉਸ ਸੰਸਾਰ ਵਿਚ ਜਾ ਬਿਰਾਜਿਆ ਜਿੱਥੋਂ ਕਦੇ ਕੋਈ ਵਾਪਸ ਨਹੀਂ ਆਉਂਦਾ।
ਸੇਵੀ ਰਾਇਤ ਦੀ ਸ਼ਖ਼ਸੀਅਤ ’ਤੇ ਸ਼ਾਇਰ ਅਲਤਾਫ਼ ਹੁਸੈਨ ਹਾਲੀ ਦੇ ਇਹ ਬੋਲ ਪੂਰੀ ਤਰ੍ਹਾਂ ਢੁੱਕਦੇ ਹਨ:
ਏਕ ਰੌਸ਼ਨ ਦਿਮਾਗ਼ ਥਾ ਨਾ ਰਹਾ
ਸ਼ਹਿਰ ਮੇਂ ਏਕ ਚਿਰਾਗ਼ ਥਾ ਨਾ ਰਹਾ।
ਸੰਪਰਕ: 88378-08371