ਜੈਸ਼ੰਕਰ ਦੇ ਦੌਰੇ ਦੌਰਾਨ ਭਾਰਤ-ਪਾਕਿ ਵਿਚਾਲੇ ਕ੍ਰਿਕਟ ਬਾਰੇ ਨਾ ਹੋਈ ਕੋਈ ਚਰਚਾ
ਨਵੀਂ ਦਿੱਲੀ, 17 ਅਕਤੂਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਹਾਲੀਆ ਇਸਲਾਮਾਬਾਦ ਦੌਰੇ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਸਬੰਧ ਮੁੜ ਸ਼ੁਰੂ ਕਰਨ ਬਾਰੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ ਹੈ। ਸੂਤਰਾਂ ਨੇ ਕਿਹਾ ਕਿ ਜੈਸ਼ੰਕਰ ਨਾਲ ਇਸ ਸਬੰਧ ’ਚ ਕੋਈ ਚਰਚਾ ਨਹੀਂ ਹੋਈ ਹੈ। ਜੈਸ਼ੰਕਰ ਐੱਸਸੀਓ ਮੁਲਕਾਂ ਦੇ ਮੁਖੀਆਂ ਦੀ ਪਰਿਸ਼ਦ ਦੀ 23ਵੀਂ ਮੀਟਿੰਗ ’ਚ ਸ਼ਾਮਲ ਹੋੋਣ ਲਈ ਪਾਕਿਸਤਾਨ ਗਏ ਸਨ। ਪਾਕਿਸਤਾਨ ’ਚ ਅਗਲੇ ਸਾਲ ਆਈਸੀਸੀ ਚੈਂਪੀਅਨਜ਼ ਟਰਾਫੀ ਹੋਣੀ ਹੈ ਅਤੇ ਭਾਰਤ ਨੇ ਉਥ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਕਾਰਨ ਟੂਰਨਾਮੈਂਟ ’ਤੇ ਖ਼ਤਰਾ ਮੰਡਰਾ ਰਿਹਾ ਹੈ। ਉਂਜ ਕੌਮਾਂਤਰੀ ਕ੍ਰਿਕਟ ਕਾਊਂਸਿਲ ਟੂਰਨਾਮੈਂਟ ਪਾਕਿਸਤਾਨ ਦੇ ਨਾਲ ਨਾਲ ਸੰਯੁਕਤ ਅਰਬ ਅਮੀਰਾਤ ’ਚ ਵੀ ਕਰਾਉਣ ਬਾਰੇ ਵਿਚਾਰ ਕਰ ਰਹੀ ਹੈ। ਦੋਵੇਂ ਮੁਲਕਾਂ ਵਿਚਕਾਰ ਸਬੰਧਾਂ ’ਚ ਤਣਾਅ ਕਾਰਨ 2008 ਦੇ ਏਸ਼ੀਆ ਕੱਪ ਮਗਰੋਂ ਭਾਰਤ ਨੇ ਪਾਕਿਸਤਾਨ ’ਚ ਕੋਈ ਕ੍ਰਿਕਟ ਟੂਰਨਾਮੈਂਟ ਨਹੀਂ ਖੇਡਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਦਸੰਬਰ 2012 ਤੋਂ ਜਨਵਰੀ 2013 ਦਰਮਿਆਨ ਆਖਰੀ ਦੁਵੱਲੇ ਮੈਚਾਂ ਦੀ ਲੜੀ ਖੇਡੀ ਗਈ ਸੀ। ਉਸ ਮਗਰੋਂ ਦੋਵੇਂ ਮੁਲਕਾਂ ਵਿਚਕਾਰ ਆਈਸੀਸੀ ਟੂਰਨਾਮੈਂਟਾਂ ਅਤੇ ਏਸ਼ੀਆ ਕੱਪ ’ਚ ਮੁਕਾਬਲੇ ਹੋ ਚੁੱਕੇ ਹਨ। ਉਂਜ ਪਾਕਿਸਤਾਨ ਤਿੰਨ ਵਾਰ ਭਾਰਤ ਦਾ ਦੌਰਾ ਕਰ ਚੁੱਕਾ ਹੈ। -ਏਐੱਨਆਈ