For the best experience, open
https://m.punjabitribuneonline.com
on your mobile browser.
Advertisement

ਰਾਜਾ ਵੜਿੰਗ ਤੇ ਪੁਲੀਸ ਅਧਿਕਾਰੀਆਂ ਵਿੱਚ ਹੋਈ ਬਹਿਸ

08:52 AM Jun 02, 2024 IST
ਰਾਜਾ ਵੜਿੰਗ ਤੇ ਪੁਲੀਸ ਅਧਿਕਾਰੀਆਂ ਵਿੱਚ ਹੋਈ ਬਹਿਸ
ਜਗਰਾਉਂ ਦੇ ਇਕ ਪੋਲਿੰਗ ਬੂਥ ’ਤੇ ਕਾਂਗਰਸੀ ਆਗੂਆਂ ਨਾਲ ਰਾਜਾ ਵੜਿੰਗ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਜੂਨ
ਗਿੱਲ ਰੋਡ ’ਤੇ ਬੂਥ ਚੈੱਕ ਕਰਨ ਲਈ ਜਾ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪੁਲੀਸ ਅਧਿਕਾਰੀਆਂ ਨਾਲ ਗੱਡੀਆਂ ਨੂੰ ਚੈੱਕ ਕਰਨ ’ਤੇ ਬਹਿਸ ਹੋ ਗਈ। ਜਿਸ ਥਾਂ ’ਤੇ ਰਾਜਾ ਵੜਿੰਗ ਦੀਆਂ ਗੱਡੀਆਂ ਰੋਕੀਆਂ ਗਈਆਂ ਸੀ, ਉਸੇ ਜਗ੍ਹਾ ’ਤੇ ਵੋਟਿੰਗ ਦੇ ਦਿਨ ਸਵੇਰੇ ਸਿਮਰਜੀਤ ਸਿੰਘ ਬੈਂਸ ਦੀ ਪਾਇਲਟ ਜਿਪਸੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਉਥੇ ਹੀ ਗੱਡੀਆਂ ਦੀ ਤਲਾਸ਼ੀ ਲੈਣ ’ਤੇ ਰਾਜਾ ਵੜਿੰਗ ਦੇ ਸਮਰੱਥਕਾਂ ਨੇ ਪੰਜਾਬ ਸਰਕਾਰ ਤੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਸਮਰਥਕਾਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਗੱਡੀਆਂ ਦੀਆਂ ਚਾਬੀਆਂ ਕੱਢ ਲਈਆਂ। ਇਸ ਦੌਰਾਨ ਰਾਜਾ ਵੜਿੰਗ ਤੇ ਏਡੀਸੀਪੀ ਅਭਿਮਾਨਿਊ ਰਾਣਾ ਵਿੱਚ ਖਾਸੀ ਬਹਿਸ ਹੋਈ ਪਰ ਬਾਅਦ ’ਚ ਚਾਬੀਆਂ ਮਿਲਣ ’ਤੇ ਮਾਹੌਲ ਸ਼ਾਂਤ ਹੋ ਗਿਆ। ਰਾਜਾ ਵੜਿੰਗ ਨੇ ਕਿਹਾ ਕਿ ਸੱਤਾਧਾਰੀਆਂ ਦੇ ਹੁਕਮਾਂ ’ਤੇ ਉਨ੍ਹਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਏਡੀਸੀਪੀ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਚਾਬੀ ਨਹੀਂ ਲਈ। ਚੈਕਿੰਗ ਕੀਤੀ ਗਈ ਹੈ ਤੇ ਚੈਕਿੰਗ ਤੋਂ ਬਾਅਦ ਸਭ ਨੂੰ ਜਾਣ ਦਿੱਤਾ ਗਿਆ।
ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਕਾਂਗਰਸ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਸੁਰੱਖਿਆ ’ਚ ਚੱਲ ਰਹੀ ਪਾਇਲਟ ਜਿਪਸੀ ਨੂੰ ਵੀ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਰੋਕ ਲਿਆ। ਗੱਡੀ ਉਸ ਸਮੇਂ ਰੋਕੀ ਗਈ, ਜਦੋਂ ਬੈਂਸ ਵੋਟ ਪਾਉਣ ਤੋਂ ਬਾਅਦ ਬਾਹਰ ਆਏ ਤੇ ਬੂਥ ’ਤੇ ਵਰਕਰਾਂ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ ਜਦੋਂ ਉਹ ਨਿਕਲਣ ਲੱਗੇ ਤਾਂ ਪੁਲੀਸ ਅਧਿਕਾਰੀਆਂ ਨੇ ਪਾਇਲਟ ਜਿਪਸੀ ਨੂੰ ਰੋਕ ਲਿਆ। ਇਸ ਦੌਰਾਨ ਕਾਗਜ਼ਾਂ ਦੀ ਮੰਗ ਕੀਤੀ ਗਈ ਤੇ ਗੱਡੀ ਚੈੱਕ ਕੀਤੀ ਗਈ ਤੇ ਬਾਅਦ ਵਿੱਚ ਜਾਣ ਦਿੱਤਾ ਗਿਆ। ਇਸ ਬਾਰੇ ਜਦੋਂ ਸਾਬਕਾ ਵਿਧਾਇਕ ਬੈਂਸ ਨੇ ਪੁੱਛਿਆ ਕਿ ਗੱਡੀ ਕਿਉਂ ਰੋਕੀ ਹੈ ਤਾਂ ਅਧਿਕਾਰੀਆਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਫਿਰ ਕਿਹਾ ਕਿ ਗੱਡੀ ਦੇ ਕਾਗਜ਼ਾਤ ਚੈੱਕ ਕਰਵਾਓ। ਇਸ ਤੋਂ ਬਾਅਦ ਸਾਬਕਾ ਵਿਧਾਇਕ ਦੇ ਹੁਕਮ ’ਤੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੇ ਗੱਡੀ ਦੇ ਕਾਗਜ਼ ਚੈੱਕ ਕਰਵਾਏ ਅਤੇ ਉਸ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੱਤਾਧਾਰੀਆਂ ਦੇ ਹੁਕਮ ’ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਰਸਤਾ ਰੋਕ ਕੇ ਸਮਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement

ਰਾਜਾ ਵੜਿੰਗ ਵੱਲੋੋਂ ਜਗਰਾਉਂ ਇਲਾਕੇ ਦੇ ਬੂਥਾਂ ਦਾ ਜਾਇਜ਼ਾ

ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਵੋਟਾਂ ਪੈਣ ਸਮੇਂ ਜਗਰਾਉਂ ਇਲਾਕੇ ਦੇ ਕਈ ਬੂਥਾਂ ’ਤੇ ਨਜ਼ਰ ਆਏ। ਜਗਰਾਉਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਲੇ ਪੋਲਿੰਗ ਸਟੇਸ਼ਨ ਦੇ ਬਾਹਰ ਕਾਂਗਰਸ ਦੇ ਪੋਲਿੰਗ ਬੂਥ ’ਤੇ ਬੈਠੇ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ, ਕੌਂਸਲਰ ਗੁਰਪ੍ਰੀਤ ਕੌਰ ਤਤਲਾ, ਜਤਿੰਦਰਪਾਲ ਰਾਣਾ, ਸਤਿੰਦਰਜੀਤ ਤਤਲਾ, ਪ੍ਰੇਮ ਲੋਹਟ ਸਮੇਤ ਉਨ੍ਹਾਂ ਹੋਰਨਾਂ ਕਾਂਗਰਸੀ ਆਗੂਆਂ ਤੋਂ ਵੋਟਾਂ ਦੇ ਰੁਝਾਨ ਦੀ ਜਾਣਕਾਰੀ ਲਈ। ਉਨ੍ਹਾਂ ਇਥੇ ਕੁਝ ਸਮਾਂ ਬੈਠਣ ਤੋਂ ਬਾਅਦ ਹੋਰਨਾਂ ਬੂਥਾਂ ’ਤੇ ਜਾ ਕੇ ਵੀ ਜਾਇਜ਼ਾ ਲਿਆ। ਉਪਰੰਤ ਉਹ ਪਿੰਡਾਂ ਦੇ ਬੂਥਾਂ ’ਤੇ ਗਏ। ਉਨ੍ਹਾਂ ਦੇ ਆਉਣ ਨਾਲ ਕਾਂਗਰਸ ਦੇ ਅਹੁਦੇਦਾਰਾਂ ਤੇ ਵਰਕਰਾਂ ’ਚ ਕਾਫੀ ਜੋਸ਼ ਦੇਖਣ ਨੂੰ ਮਿਲਿਆ। ਇਸੇ ਤਰ੍ਹਾਂ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੀ ਕੌਂਸਲਰ ਜਗਜੀਤ ਜੱਗੀ ਤੇ ਹੋਰਨਾਂ ‘ਆਪ’ ਆਗੂਆਂ ਨਾਲ ਵੱਖ-ਵੱਖ ਬੂਥਾਂ ’ਤੇ ਜਾਇਜ਼ਾ ਲੈਂਦੇ ਨਜ਼ਰ ਆਏ।

Advertisement

Advertisement
Author Image

Advertisement