ਕੋਵਿਡਸ਼ੀਲਡ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ ਤੇ ਜ਼ਿੰਮੇਦਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ: ਅਖਿਲੇਸ਼ ਯਾਦਵ
ਲਖਨਊ, 1 ਮਈ
ਕੋਵਿਸ਼ੀਲਡ ਵੈਕਸੀਨ ਦੇ ‘ਮਾੜੇ ਪ੍ਰਭਾਵ’ ਬਾਰੇ ਵਿਵਾਦ ਕਾਰਨ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਨੇ ਲੋਕਾਂ ਦੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਟੀਕਾ ਨਿਰਮਾਤਾ ਤੋਂ ਸਿਆਸੀ ਚੰਦਾ ਇਕੱਠਾ ਕੀਤਾ ਹੈ ਅਤੇ ਇਸ ਦੀ ਉੱਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ‘ਘਾਤਕ’ ਦਵਾਈਆਂ ਦੀ ਇਜਾਜ਼ਤ ਦੇਣਾ ਕਿਸੇ ਦੇ ਕਤਲ ਦੀ ਸਾਜ਼ਿਸ਼ ਦੇ ਬਰਾਬਰ ਹੈ ਅਤੇ ਇਸ ਲਈ ਜ਼ਿੰਮੇਦਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਸ੍ਰੀ ਯਾਦਵ ਨੇ ਪੋਸਟ ਵਿੱਚ ਕਿਹਾ ਕਿ ਪ੍ਰਤੀ ਵਿਅਕਤੀ ਦੋ ਟੀਕਿਆਂ ਦੀ ਦਰ ਨਾਲ ਲਗਪਗ 80 ਕਰੋੜ ਭਾਰਤੀਆਂ ਨੂੰ ਕੋਵਿਸ਼ੀਲਡ ਵੈਕਸੀਨ ਦਿੱਤੀ ਗਈ ਹੈ, ਜਿਸ ਦਾ ਅਸਲ ਫਾਰਮੂਲਾ ਬਣਾਉਣ ਵਾਲੀ ਕੰਪਨੀ ਨੇ ਕਿਹਾ ਹੈ ਕਿ ਇਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਜਿਹੜੇ ਲੋਕ ਟੀਕੇ ਦੇ ਮਾੜੇ ਪ੍ਰਭਾਵ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਹਨ ਜਾਂ ਜੋ ਟੀਕੇ ਦੇ ਮਾੜੇ ਪ੍ਰਭਾਵ ਦਾ ਖਦਸ਼ਾ ਸੀ, ਉਨ੍ਹਾਂ ਦੇ ਸ਼ੱਕ ਅਤੇ ਡਰ ਹੁਣ ਸਹੀ ਸਾਬਤ ਹੋਏ ਹਨ।’