ਮਾਨਵ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ: ਕਟਾਰੀਆ
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 1 ਅਕਤੂਬਰ
ਇਥੇ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਵਿਸ਼ਵ ਸ਼ਾਂਤੀ ਕੇਂਦਰ ਦੇ ਸੰਸਥਾਪਕ ਡਾ. ਲੋਕੇਸ਼ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸ੍ਰੀ ਕਟਾਰੀਆ ਨੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ। ਰਾਜਪਾਲ ਨੇ ਕਿਹਾ ਕਿ ਮਾਨਵ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨ ਦੇਵਤਿਆਂ ਦੀ ਤਰ੍ਹਾਂ ਹਨ, ਜਿਨ੍ਹਾਂ ਦਾ ਸਤਿਕਾਰ ਅਤੇ ਸੁਰੱਖਿਆ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਅਨਿਲ ਮੋਂਗਾ ਵੱਲੋਂ ਸਥਾਪਤ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਬਜ਼ੁਰਗਾਂ, ਅਨਾਥ ਬੱਚਿਆਂ ਅਤੇ ਔਰਤਾਂ ਨੂੰ ਬਿਹਤਰ ਜੀਵਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ਲਾਘਾਯੋਗ ਕਾਰਜ ਕਰ ਰਿਹਾ ਹੈ।
ਸ੍ਰੀ ਲੋਕੇਸ਼ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਸਾਡੀ ਵਿਰਾਸਤ ਹਨ, ਉਹ ਪੁਰਾਤਨ ਸੱਭਿਆਚਾਰ ਦੇ ਪਹਿਰੇਦਾਰ ਹਨ। ਹਰ ਵਿਅਕਤੀ ਨੂੰ ਆਪਣੇ ਮਾਤਾ ਪਿਤਾ ਅਤੇ ਬਜ਼ੁਰਗਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਅਜੋਕੇ ਸਮੇਂ ਤੇਜ਼ ਰਫ਼ਤਾਰ ਜੀਵਨ ਸ਼ੈਲੀ ’ਚ ਨੌਜਵਾਨ ਪੀੜ੍ਹੀ ਭੁੱਲਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਨਿਲ ਮੋਂਗਾ ਅਮਰੀਕਾ ਵਿੱਚ ਰਹਿੰਦਿਆਂ ਵੀ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾਅ ਰਹੇ ਹਨ ਅਤੇ ਇਸ ਟਰੱਸਟ ਨੇ 100 ਅਨਾਥ ਬੱਚਿਆਂ ਅਤੇ 400 ਬਜ਼ੁਰਗਾਂ ਨੂੰ ਘਰ ਦਾ ਸੁੱਖ ਪ੍ਰਦਾਨ ਕੀਤਾ ਹੈ। ਅਨਿਲ ਮੋਂਗਾ ਨੇ ਕਿਹਾ ਕਿ ਉਹ ਪਿਛਲੇ 25 ਸਾਲ ਤੋਂ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦਾ ਮੁੱਖ ਉਦੇਸ਼ ਸਦਭਾਵਨਾ, ਸਿੱਖਿਆ, ਲੋੜਵੰਦਾਂ ਲਈ ਭੋਜਨ ਪ੍ਰਦਾਨ ਕਰਨਾ, ਮਾਰਗਦਰਸ਼ਕ ਨੌਜਵਾਨਾਂ ਤੇ ਔਰਤਾਂ ਦੇ ਹੁਨਰ ਨੂੰ ਵਧਾਉਣ ਲਈ ਸਿੱਖਿਆ ਪ੍ਰਦਾਨ ਕਰਨਾ ਹੈ। ਇਸ ਮੌਕੇ ਅੰਮ੍ਰਿਤ ਭਾਂਬਰੀ, ਅਮਰਿੰਦਰ ਐਸ ਧੀਮਾਨ ਤੇ ਡਾ. ਐੱਸਐੱਸ ਜੌਹਲ ਹਾਜ਼ਰ ਸਨ।