ਪੰਚਾਇਤੀ ਚੋਣਾਂ: ਪਤੀ-ਪਤਨੀ ਦੀ ਵੋਟ ਵੱਖੋ-ਵੱਖਰੇ ਵਾਰਡਾਂ ’ਚ
ਜੈਸਮੀਨ ਭਾਰਦਵਾਜ
ਨਾਭਾ, 1 ਅਕਤੂਬਰ
ਇੱਥੋਂ ਨੇੜਲੇ ਪਿੰਡ ਰਾਮਗੜ੍ਹ ਵਿੱਚ ਵੋਟਰ ਸੂਚੀ ਨੂੰ ਦੇਖ ਕੇ ਪਿੰਡ ਵਾਸੀ ਹੱਕੇ-ਬੱਕੇ ਹਨ। ਪਿੰਡ ਦੀ ਵਸਨੀਕ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਵੋਟ ਵਾਰਡ ਨੰਬਰ-2 ’ਚੋਂ ਬਦਲ ਕੇ ਵਾਰਡ ਨੰਬਰ-1 ’ਚ ਕਰ ਦਿੱਤੀ ਗਈ ਜਦਕਿ ਉਸ ਦੇ ਪਤੀ ਗੁਰਦੀਪ ਸਿੰਘ ਦੀ ਵੋਟ ਵਾਰਡ ਨੰਬਰ-2 ’ਚ ਹੀ ਹੈ। ਇਸੇ ਤਰ੍ਹਾਂ ਜਸਪਾਲ ਕੌਰ ਦੀ ਵੋਟ ਵੀ ਵਾਰਡ-2 ’ਚੋ ਵਾਰਡ-1 ਵਿੱਚ ਕਰ ਦਿੱਤੀ ਗਈ ਤੇ ਉਸ ਦੇ ਪਤੀ ਅੰਮ੍ਰਿਤ ਸਿੰਘ ਦੀ ਵੋਟ ਵਾਰਡ-4 ’ਚ ਹੈ। ਅਜਿਹੇ ਦਰਜਨਾਂ ਕੇਸਾਂ ਦਾ ਹਵਾਲਾ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਕਈਆਂ ਦੀਆਂ ਵੋਟਾਂ ਕਿਸੇ ਵੀ ਵਾਰਡ ਦੀ ਸੂਚੀ ਵਿੱਚ ਨਹੀਂ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ-2 ’ਚ ਸੱਤਾਧਾਰੀ ਧਿਰ ਦੇ ਨਜ਼ਦੀਕੀ ਉਮੀਦਵਾਰ ਨੂੰ ਪੰਚਾਇਤੀ ਚੋਣਾਂ ਜਿਤਾਉਣ ਲਈ ਵਿਰੋਧੀ ਵੋਟਰਾਂ ਦੀ ਨਿਸ਼ਾਨਦੇਹੀ ਕਰਕੇ ਇਹ ਛੇੜਛਾੜ ਕੀਤੀ ਗਈ ਹੈ।
ਨਾਭਾ ਦੇ ਇੱਕ ਹੋਰ ਪਿੰਡ ਮੱਲੇਵਾਲ ਵਿੱਚ 133 ਵੋਟਾਂ ਕੱਟੇ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਇੱਕ ਹੋਰ ਪਿੰਡ ਥੂਹਾ ਪੱਤੀ ਤੋਂ ਵੀ ਗੁਰਮੀਤ ਸਿੰਘ ਨੇ ਦੱਸਿਆ ਕਿ ਇੱਕੋ ਮੁਹੱਲੇ ’ਚ ਸਾਂਝੀਆਂ ਕੰਧਾਂ ਵਾਲੇ ਗੁਆਂਢੀ ਘਰਾਂ ਨੂੰ ਅਲੱਗ-ਅਲੱਗ ਵਾਰਡਾਂ ਵਿੱਚ ਦਰਜ ਕੀਤਾ ਹੋਇਆ ਹੈ। ਥੂਹਾ ਪੱਤੀ ਦੇ ਵਸਨੀਕਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਪੰਚ ਲਈ ਸਰਬਸੰਮਤੀ ਕਰਨ ਵਾਸਤੇ ਮੀਟਿੰਗ ਸੱਦਣੀ ਸੀ ਤਾਂ ਵੋਟਰ ਸੂਚੀ ਕਢਵਾਈ ਗਈ, ਜਿਸ ਮਗਰੋਂ ਇਹ ਗੱਲ ਸਾਹਮਣੇ ਆ ਗਈ। ਨਾਭਾ ਦੇ ਐੱਸਡੀਐੱਮ ਇਸ਼ਮਤ ਵਿਜੈ ਸਿੰਘ ਨੇ ਦੱਸਿਆ ਕਿ ਇਹ ਸੂਚੀਆਂ ਉਨ੍ਹਾਂ ਦੇ ਨਾਭਾ ਤਾਇਨਾਤ ਹੋਣ ਤੋਂ ਪਹਿਲਾਂ ਬਣੀਆਂ ਸਨ ਤੇ ਵੋਟਰ ਫਾਰਮ ਭਰਕੇ ਆਪਣਾ ਵਾਰਡ ਠੀਕ ਕਰਵਾ ਸਕਦੇ ਹਨ।