For the best experience, open
https://m.punjabitribuneonline.com
on your mobile browser.
Advertisement

ਜ਼ਰੂਰਤਮੰਦਾਂ ਦੀ ਸੇਵਾ ਕਰਨ ਤੋਂ ਵੱਡਾ ਹੋਰ ਕੋਈ ਅਹਿਸਾਸ ਨਹੀਂ: ਚੰਦਰਚੂੜ

06:44 AM Nov 09, 2024 IST
ਜ਼ਰੂਰਤਮੰਦਾਂ ਦੀ ਸੇਵਾ ਕਰਨ ਤੋਂ ਵੱਡਾ ਹੋਰ ਕੋਈ ਅਹਿਸਾਸ ਨਹੀਂ  ਚੰਦਰਚੂੜ
ਐੱਸਸੀਬੀਏ ਦੇ ਪ੍ਰਧਾਨ ਕਪਿਲ ਸਿੱਬਲ ਤੇ ਹੋਰ ਮੈਂਬਰ ਵਿਦਾਇਗੀ ਸਮਾਗਮ ਮੌਕੇ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਦਾ ਸਨਮਾਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਦਿੱਤੀ ਿਵਦਾਇਗੀ ਪਾਰਟੀ

Advertisement

ਨਵੀਂ ਦਿੱਲੀ, 8 ਨਵੰਬਰ
ਭਾਰਤ ਦੇ ਚੀਫ਼ ਜਸਟਿਸ ਚੰਦਰਚੂੜ ਨੇ ਅੱਜ ਆਪਣੇ ਕਾਰਜਕਾਲ ਦੇ ਆਖਰੀ ਕੰਮਕਾਜੀ ਦਿਨ ਮੌਕੇ ਕਿਹਾ ਕਿ ਜ਼ਰੂਰਤਮੰਦਾਂ ਅਤੇ ਅਜਿਹੇ ਲੋਕਾਂ, ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਜਾਂ ਕਦੇ ਮਿਲੇ ਨਹੀਂ, ਦੀ ਸੇਵਾ ਕਰਨ ਤੋਂ ਵੱਡਾ ਅਹਿਸਾਸ ਨਹੀਂ ਹੋ ਸਕਦਾ। ਜਸਟਿਸ ਚੰਦਰਚੂੜ ਨੇ ਆਪਣੇ ਵਿਦਾਇਗੀ ਭਾਸ਼ਣ ਵਿਚ ਹੁਣ ਤੱਕ ਦੇ ਸਫ਼ਰ ਨੂੰ ਯਾਦ ਕੀਤਾ। ਚੀਫ਼ ਜਸਟਿਸ ਚੰਦਰਚੂੜ ਆਪਣੀ ਵਿਦਾਇਗੀ ਸਮਾਗਮ ਦੌਰਾਨ ਚਾਰ ਜੱਜਾਂ ਦੇ ਰਸਮੀ ਬੈਂਚ ਦੀ ਅਗਵਾਈ ਕਰ ਰਹੇ ਸਨ, ਜਿਸ ਵਿਚ ਸੀਜੇਆਈ ਮਨੋਨੀਤ ਸੰਜੀਵ ਖੰਨਾ, ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ। ਸੀਜੇਆਈ ਨੇ ਨਾ ਸਿਰਫ਼ ਕੰਮ ਪੂਰਾ ਕਰਨ ਬਲਕਿ ਦੇਸ਼ ਦੀ ਸੇਵਾ ਕਰਨ ਦੇ ਮਿਲੇ ਮੌਕੇ ’ਤੇ ਤਸੱਲੀ ਜ਼ਾਹਿਰ ਕੀਤੀ। ਇਸ ਦੌਰਾਨ ਅਗਲੇ ਮਨੋਨੀਤ ਚੀਫ਼ ਜਸਟਿਸ ਸੰਜੀਵ ਖੰਨਾ ਤੇ ਬਾਰ ਦੇ ਹੋਰਨਾਂ ਆਗੂਆਂ, ਜਿਨ੍ਹਾਂ ਵਿਚ ਅਟਾਰਨੀ ਜਨਰਲ, ਸੌਲੀਸਿਟਰ ਜਨਰਲ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਪਿਲ ਸਿੱਬਲ ਤੇ ਹੋਰ ਸ਼ਾਮਲ ਸਨ, ਨੇ ਚੀਫ ਜਸਟਿਸ ਚੰਦਰਚੂੜ ਦੇ ਕੰਮ ਤੇ ਕਾਰਜਕਾਲ ਦੀ ਸ਼ਲਾਘਾ ਕੀਤੀ।
ਇਸੇ ਦੌਰਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਜੱਜਾਂ ਦੀ ਆਲੋਚਨਾ ਕਰਨ ਲਈ ਲੋਕਾਂ ਨੂੰ ਮੌਕਾ ਦਿੱਤਾ ਅਤੇ ਅਦਾਲਤੀ ਕਾਰਵਾਈ ਦੀ ਆਨਲਾਈਨ ਪਹੁੰਚ ਦੀ ਇਜਾਜ਼ਤ ਦੇ ਕੇ ਨਿਆਂ ਪ੍ਰਣਾਲੀ ’ਚ ਸੁਧਾਰ ਕੀਤਾ। ਉਨ੍ਹਾਂ ਕਿਹਾ ਕਿ ਜਸਟਿਸ ਚੰਦਰਚੂੜ ਨੇ ਕਈ ਗੁੰਝਲਾਂ ਦਾ ਹੱਲ ਵੀ ਕੱਢਿਆ ਜਿਨ੍ਹਾਂ ਦਾ ਪਿਛਲੇ ਚੀਫ਼ ਜਸਟਿਸਾਂ ਨੇ ਕੋਈ ਨਿਬੇੜਾ ਨਹੀਂ ਕੀਤਾ ਸੀ। ਸਿੱਬਲ ਨੇ ਕਿਹਾ ਕਿ ਜਸਟਿਸ ਚੰਦਰਚੂੜ ਆਪਣੇ ਫ਼ੈਸਲਿਆਂ, ਵਿਹਾਰ, ਸਾਦਗੀ ਅਤੇ ਠਰ੍ਹੰਮੇ ਲਈ ਯਾਦ ਕੀਤੇ ਜਾਣਗੇ ਅਤੇ ਇਹ ਗੁਣ ਮਹਾਨ ਜੱਜਾਂ ਦੀ ਨਿਸ਼ਾਨੀ ਹੁੰਦੇ ਹਨ। -ਪੀਟੀਆਈ

Advertisement

‘ਮੇਰੇ ਮੋਢੇ ਹਰ ਤਰ੍ਹਾਂ ਦੀ ਆਲੋਚਨਾ ਝੱਲਣ ਦੇ ਸਮਰੱਥ’

ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਉਨ੍ਹਾਂ ਦੇ ਮੋਢੇ ਹਰ ਤਰ੍ਹਾਂ ਦੀ ਨੁਕਤਾਚੀਨੀ ਦਾ ਭਾਰ ਝੱਲਣ ਦੇ ਸਮਰੱਥ ਹਨ ਕਿਉਂਕਿ ਉਹ ਜਨਤਕ ਜੀਵਨ ਵਿਚ ਪਾਰਦਰਸ਼ਤਾ ਵਿਚ ਯਕੀਨ ਰੱਖਦੇ ਹਨ ਤੇ ਇਸ ਸਿਧਾਂਤ ਦੇ ਹਮਾਇਤੀ ਹਨ ਕਿ ‘ਸੂਰਜ ਦੀ ਰੌਸ਼ਨੀ ਸਭ ਤੋਂ ਵਧੀਆ ਕੀਟਾਣੂਨਾਸ਼ਕ (ਦਵਾਈ) ਹੈ।’’ ਜਸਟਿਸ ਚੰਦਰਚੂੜ ਨੇ ਕਿਹਾ ਕਿ ਉਹ ਸ਼ਾਇਦ ਇਸ ਪ੍ਰਬੰਧ ਵਿਚ ਸਭ ਤੋਂ ਵੱਧ ਟਰੌਲ ਕੀਤੇ ਜਾਣ ਵਾਲੇ ਵਿਅਕਤੀ ਤੇ ਜੱਜ ਹਨ। ਚੀਫ਼ ਜਸਟਿਸ ਚੰਦਰਚੂੜ ਨੇ ਸੋਸ਼ਲ ਮੀਡੀਆ ਟਰੌਲਰਾਂ ’ਤੇ ਤਨਜ਼ ਕਸਦਿਆਂ ਮਖੌਲੀਆ ਅੰਦਾਜ਼ ਵਿਚ ਕਿਹਾ ਕਿ ਉਹ ਸੋਮਵਾਰ ਤੋਂ ‘ਬੇਰੁਜ਼ਗਾਰ’ ਹੋ ਜਾਣਗੇ।

ਸੀਜੇਆਈ ਚੰਦਰਚੂੜ: ਸਮਾਜ ਨੂੰ ਸੇਧ ਦੇਣ ਵਾਲੇ ਇਤਿਹਾਸਕ ਫੈਸਲਿਆਂ ਦੀ ਵਿਰਾਸਤ

ਅਹੁਦਾ ਛੱਡ ਰਹੇ ਚੀਫ ਜਸਟਿਸ ਚੰਦਰਚੂੜ ਅਗਲੇ ਮਨੋਨੀਤ ਸੀਜੇਆਈ ਸੰਜੀਵ ਖੰਨਾ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ। -ਫੋਟੋ: ਏਐੱਨਆਈ

ਨਵੀਂ ਦਿੱਲੀ:

ਭਾਰਤ ਦੇ 50ਵੇਂ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜੋ 10 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ, ਨੇ ਅਯੁੱਧਿਆ ਜ਼ਮੀਨ ਵਿਵਾਦ, ਧਾਰਾ 370 ਤੇ ਸਹਿਮਤੀ ਨਾਲ ਸਮਲਿੰਗੀ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ’ਚੋਂ ਬਾਹਰ ਕੱਢਣ ਜਿਹੇ ਕਈ ਅਹਿਮ ਫੈਸਲੇ ਸੁਣਾਏ। ਉਹ ਕਈ ਇਤਿਹਾਸਕ ਫੈਸਲਿਆਂ ਦੀ ਵਿਰਾਸਤ ਛੱਡ ਕੇ ਜਾ ਰਹੇ ਹਨ ਜਿਸ ਨੇ ਸਮਾਜ ਨੂੰ ਸੇਧ ਦਿੱਤੀ। ਸੀਜੇਆਈ ਵਜੋਂ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਆਪਣੇ ਘਰ ਵਿਚ ਰੱਖੀ ਗਣੇਸ਼ ਪੂਜਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ ਕਰਕੇ ਉਹ ਵਿਵਾਦਾਂ ਵਿਚ ਵੀ ਘਿਰੇ। ਜਸਟਿਸ ਚੰਦਰਚੂੜ ਨੂੰ ਅਰਥਪੂਰਨ ਬਿਆਨਾਂ ਲਈ ਜਾਣਿਆ ਜਾਂਦਾ ਹੈ ਤੇ ਉਨ੍ਹਾਂ ਕਾਨੂੰਨੀ ਵਿਰਾਸਤ ਦੇ ਬਿਰਤਾਂਤ ’ਤੇ ਛਾਪ ਛੱਡੀ। ਜਸਟਿਸ ਚੰਦਰਚੂੜ, ਜਿਨ੍ਹਾਂ ਦਾ ਆਮ ਕਰਕੇ ਡੀਵਾਈਸੀ ਵਜੋਂ ਹਵਾਲਾ ਦਿੱਤਾ ਜਾਂਦਾ ਹੈ, ਦਾ ਅੱਜ ਕੋਰਟ ਵਿਚ ਆਖਰੀ ਦਿਨ ਸੀ। ਪਹਿਲਾਂ ਉਨ੍ਹਾਂ ਲੰਮਾ ਸਮਾਂ ਵਕੀਲ ਵਜੋਂ, ਸੁਪਰੀਮ ਕੋਰਟ ਦੇ ਜੱਜ ਵਜੋਂ ਤੇ ਮਗਰੋਂ ਦੇਸ਼ ਦੀ ਨਿਆਂਪਾਲਿਕਾ ਦੇ ਮੁਖੀ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਪੰਜ ਸੌ ਤੋਂ ਵੱਧ ਫੈਸਲੇ ਲਿਖੇ, ਜਿਨ੍ਹਾਂ ਵਿਚੋਂ ਕਈਆਂ ਦੀ ਤਾਰੀਫ਼ ਕੀਤੀ ਗਈ। ਡੀਵਾਈਸੀ ਆਪਣੇ ਪਿਤਾ ਵਾਈ.ਵੀ.ਚੰਦਰਚੂੜ, ਜਿਨ੍ਹਾਂ 1978 ਤੋਂ 1985 ਦਰਮਿਆਨ ਸਭ ਤੋਂ ਵੱਧ ਸਮਾਂ ਦੇਸ਼ ਦੇ ਸੀਜੇਆਈ ਵਜੋਂ ਸੇਵਾਵਾਂ ਨਿਭਾਈਆਂ, ਦੀਆਂ ਪੈੜਾਂ ਉੱਤੇ ਹੀ ਤੁਰੇ। ਇਹ ਪਹਿਲਾ ਮੌਕਾ ਹੈ ਜਦੋਂ ਪਿਉ-ਪੁੱਤ ਦੇਸ਼ ਦੀ ਸਿਖਰਲੀ ਕੋਰਟ ਦੇ ਸਿਖਰਲੇ ਅਹੁਦੇ ਉੱਤੇ ਬੈਠੇ ਹਨ। ਚੰਦਰਚੂੜ ਨੇ ਦਿੱਲੀ ਦੇ ਸੇਂਟ ਸਟੀਫ਼ਨ ਕਾਲਜ ਤੇ ਕੈਂਪਸ ਲਾਅ ਸੈਂਟਰ ਵਿਚ ਪੜ੍ਹਾਈ ਕੀਤੀ। ਮਗਰੋਂ ਐੱਲਐੱਲਐੱਮ ਕੀਤੀ ਤੇ ਹਾਰਵਰਡ ਲਾਅ ਕਾਲਜ ਤੋਂ ਡਾਕਟਰੇਟ ਕੀਤੀ। ਉਹ 9 ਨਵੰਬਰ 2022 ਨੂੰ ਚੀਫ਼ ਜਸਟਿਸ ਬਣੇ। ਉਨ੍ਹਾਂ ਵੱਲੋਂ ਲਿਖੇ ਫੈਸਲੇ ਅਕਸਰ ਲੰਮੇ ਹੁੰਦੇ ਤੇ ਇਨ੍ਹਾਂ ਵਿਚ ਲਗਪਗ ਹਰੇਕ ਪਹਿਲੂ ਸ਼ਾਮਲ ਹੁੰਦਾ। ਇਹ ਫੈਸਲੇ ਵਿਦਵਤਾ ਤੇ ਨਿਆਂ ਪ੍ਰਵੀਣਤਾ ਦਾ ਮਿਸ਼ਰਨ ਸਨ ਅਤੇ ਭਵਿੱਖ ਦੇ ਫੈਸਲਿਆਂ ਅਤੇ ਕਾਨੂੰਨ ਦਾ ਅਧਿਐਨ ਕਿਵੇਂ ਕੀਤਾ ਜਾਂਦਾ ਹੈ, ਲਈ ਮਿਸਾਲ ਹਨ। ਚੰਦਰਚੂੜ ਕਈ ਸੰਵਿਧਾਨਕ ਬੈਂਚਾਂ ਦਾ ਵੀ ਹਿੱਸਾ ਰਹੇ ਤੇ ਵਿਵਾਦਿਤ ਅਯੁੱਧਿਆ ਜ਼ਮੀਨ ਕੇਸ ਸਣੇ ਕਈ ਮੀਲਪੱਥਰ ਫੈਸਲੇ ਲਿਖੇ। ਉਨ੍ਹਾਂ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ ਦਾ ਘੇਰਾ ਵਧਾਉਣ ਬਾਰੇ ਵੀ ਫੈਸਲਾ ਦਿੱਤਾ। -ਪੀਟੀਆਈ

Advertisement
Author Image

joginder kumar

View all posts

Advertisement