For the best experience, open
https://m.punjabitribuneonline.com
on your mobile browser.
Advertisement

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ...

08:31 AM May 12, 2024 IST
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
Advertisement

ਸਾਡੇ ਸਾਰਿਆਂ ਲਈ 11 ਮਈ ਦੀ ਸਵੇਰ ਬਹੁਤ ਹੀ ਉਦਾਸ ਅਤੇ ਦੁਖਦਾਈ ਖ਼ਬਰ ਲੈ ਕੇ ਆਈ। ਪੀਲੇ ਪੱਤਿਆਂ ’ਤੇ ਹੌਲੀ ਹੌਲੀ ਪੱਬ ਧਰ ਕੇ ਤੁਰਨ ਵਾਲੇ ਸਾਡੇ ਹਰਮਨਪਿਆਰੇ ਸ਼ਾਇਰ ਸੁਰਜੀਤ ਪਾਤਰ ਇਸ ਫਾਨੀ ਦੁਨੀਆ ਤੋਂ ਵਿਦਾ ਹੋ ਗਏ। ਇੱਕ ਵਾਰ ਤਾਂ ਯਕੀਨ ਹੀ ਨਹੀਂ ਆਇਆ ਕਿ ਉਹ ਸਾਡੇ ਦਰਮਿਆਨ ਨਹੀਂ ਰਹੇ ਕਿਉਂਕਿ ਉਹ ਲਗਾਤਾਰ ਸਾਹਿਤਕ, ਸੱਭਿਆਚਾਰਕ ਅਤੇ ਅਕਾਦਮਿਕ ਗਤੀਵਿਧੀਆਂ ’ਚ ਭਾਗ ਲੈ ਰਹੇ ਸਨ।
ਸੁਰਜੀਤ ਪਾਤਰ ਨੇ ਵਿਦਿਆਰਥੀ ਜੀਵਨ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਅਖ਼ੀਰ ਤੱਕ ਲਿਖਦੇ ਰਹੇ। ਉਨ੍ਹਾਂ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਅਤੇ ਸ਼ੇਅਰ ਪੰਜਾਬੀ ਪਾਠਕਾਂ ਨੂੰ ਮੂੰਹ-ਜ਼ੁਬਾਨੀ ਯਾਦ ਹਨ। ਉਨ੍ਹਾਂ ਦੇ ਸ਼ੇਅਰਾਂ ਵਿੱਚ ਜ਼ਿੰਦਗੀ ਧੜਕਦੀ ਹੈ, ‘ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ’ ਲਿਖਣ ਵਾਲੇ ਸੁਰਜੀਤ ਪਾਤਰ ਭਾਵੇਂ ਜਿਸਮਾਨੀ ਤੌਰ ’ਤੇ ਸਾਡੇ ਵਿੱਚ ਨਹੀਂ ਰਹੇ ਪਰ ‘ਪਾਣੀ ਨੇ ਮੇਰੇ ਗੀਤ, ਮੈਂ ਪਾਣੀ ’ਤੇ ਲੀਕ ਹਾਂ’ ਲਿਖ ਕੇ ਉਨ੍ਹਾਂ ਜੋ ਲਕੀਰ ਪੰਜਾਬੀ ਸਾਹਿਤ ਦੇ ਸੀਨੇ ਉੱਤੇ ਖਿੱਚੀ, ਉਹ ਸਲਾਮਤ ਹੀ ਨਹੀਂ ਰਹੇਗੀ ਸਗੋਂ ਸਮੇਂ ਦੇ ਨਾਲ-ਨਾਲ ਹੋਰ ਵੀ ਡੂੰਘੀ ਹੁੰਦੀ ਚਲੀ ਜਾਵੇਗੀ।
ਸੁਰਜੀਤ ਪਾਤਰ ਦੀ ਸਮੁੱਚੀ ਸ਼ਖ਼ਸੀਅਤ ਬਹੁਤ ਪੁਰਸਕੂਨ ਅਤੇ ਪੁਰਖਲੂਸ ਸੀ। ਜਿਸ ਕਿਸੇ ਨੂੰ ਵੀ ਮਿਲਦੇ, ਬਹੁਤ ਨਿੱਘ ਤੇ ਅਪਣੱਤ ਨਾਲ ਮਿਲਦੇ। ਉਹ ਜਦੋਂ ਆਪਣੀ ਰਚਨਾ ਖ਼ੁਦ ਸੁਣਾਉਂਦੇ ਤਾਂ ਉਨ੍ਹਾਂ ਦੀ ਆਵਾਜ਼ ਵਿਚਲੀ ਲਰਜ਼ਿਸ਼ ਅਤੇ ਸ਼ੇਅਰਾਂ ਦੇ ਅਰਥ ਮਨਾਂ ਵਿੱਚ ਹੋਰ ਵੀ ਡੂੰਘੇ ਉਤਰ ਜਾਂਦੇ। ਵਰਿ੍ਹਆਂ ਪਹਿਲਾਂ ਉੱਘੇ ਪੰਜਾਬੀ ਲੇਖਕ ਗੁਲਜ਼ਾਰ ਸਿੰਘ ਸੰਧੂ ਦੇ ਘਰ ਸਜੀ ਇੱਕ ਮਹਿਫਿਲ ਵਿੱਚ ਸੁਰਜੀਤ ਪਾਤਰ ਤਾਂ ਸਨ ਹੀ ਪਰ ਨਾਲ ਉਨ੍ਹਾਂ ਦੀ ਜੀਵਨ-ਸਾਥਣ ਭੁਪਿੰਦਰ ਕੌਰ ਵੀ ਸਨ। ਪਾਤਰ ਹੋਰਾਂ ਤਾਂ ਗੀਤਾਂ, ਗ਼ਜ਼ਲਾਂ ਦੀ ਛਹਿਬਰ ਲਾਉਣੀ ਹੀ ਸੀ ਪਰ ਉਸ ਦਿਨ ਭੁਪਿੰਦਰ ਹੋਰਾਂ ਨੇ ਵੀ ਉਨ੍ਹਾਂ ਦਾ ਖ਼ੂਬ ਸਾਥ ਦਿੱਤਾ। ਉਸ ਵੇਲੇ ਦੋਹਾਂ ਨੇ ਜੋ ਸਮਾਂ ਬੰਨ੍ਹਿਆ, ਉਹ ਕਮਾਲ ਸੀ। ਸੁਣਨ ਵਾਲਿਆਂ ’ਤੇ ਇੱਕ ਰੂਹਾਨੀਅਨ ਦੀ ਕੈਫੀਅਤ ਤਾਰੀ ਸੀ। ਜੀਅ ਚਾਹੁੰਦਾ ਸੀ ਕਿ ਇਹ ਵਕਤ ਇੱਥੇ ਹੀ ਰੁਕ ਜਾਵੇ। ਮੇਰੇ ਮਨ ਅੰਦਰ ਉਸ ਸੁਰਮਈ ਸ਼ਾਮ ਦੇ ਉਹ ਖ਼ੂਬਸੂਰਤ ਪਲ ਅੱਜ ਵੀ ਓਵੇਂ ਹੀ ਫਰੀਜ਼ ਹਨ।
ਸੁਰਜੀਤ ਪਾਤਰ ਆਪਣੀਆਂ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਰਾਹੀਂ ਹਮੇਸ਼ਾ ਸਾਡੇ ਚੇਤਿਆਂ ’ਚ ਵਸੇ ਰਹਿਣਗੇ। ਭਾਵੇਂ ਉਨ੍ਹਾਂ ਵਾਰਤਕ ਵੀ ਲਿਖੀ ਪਰ ਜੋ ਲਿਖੀ, ਕਵਿਤਾ ਦੇ ਮੁਹਾਵਰੇ ਵਿੱਚ ਹੀ ਲਿਖੀ। ਪੰਜਾਬੀ ਕਵਿਤਾ ਅਤੇ ਖ਼ਾਸ ਕਰ ਕੇ ਗ਼ਜ਼ਲ ਨੂੰ ਉਨ੍ਹਾਂ ਬਹੁਤ ਬੁਲੰਦੀਆਂ ’ਤੇ ਪਹੁੰਚਾਇਆ। ਉਨ੍ਹਾਂ ਕੁਦਰਤ ਬਾਰੇ ਵੀ ਲਿਖਿਆ, ਸਮਾਜਿਕ ਸਰੋਕਾਰਾਂ ਬਾਰੇ ਵੀ ਟਿੱਪਣੀਆਂ ਕੀਤੀਆਂ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਸਮੇਂ-ਸਮੇਂ ਪਾਠਕਾਂ ਦੇ ਸਨਮੁੱਖ ਰੱਖਿਆ। ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹ ਕੇ ਲਗਦੈ ਕਿ ਉਨ੍ਹਾਂ ਕੋਲ ਪੰਜਾਬੀ ਸੱਭਿਆਚਾਰ, ਸਮਾਜ ਅਤੇ ਭਾਸ਼ਾ ਦੀ ਬਹੁਤ ਡੂੰਘੇਰੀ ਸਮਝ ਸੀ ਤੇ ਆਪਣੇ ਵਿਸ਼ਿਆਂ ਦੀ ਪੇਸ਼ਕਾਰੀ ਲਈ ਲੋੜੀਂਦੀ ਸੁਹਜਾਤਮਿਕਤਾ ਵੀ। ਉਨ੍ਹਾਂ ਦੇ ਸ਼ੇਅਰਾਂ ਦੀ ਡੂੰਘਾਈ ਉਨ੍ਹਾਂ ’ਚ ਡੂੰਘੇ ਉਤਰਿਆਂ ਹੀ ਪਕੜ ’ਚ ਆਉਂਦੀ ਹੈ। ਉਨ੍ਹਾਂ ਦੇ ਸੈਂਕੜੇ ਅਜਿਹੇ ਸ਼ੇਅਰਾਂ ਦੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਮਿਸਾਲ ਵਜੋਂ ਇੱਕ ਨਿੱਕੇ ਜਿਹੇ ਸ਼ੇਅਰ ’ਚ ਵਾਤਾਵਰਨ ਜਿਹੇ ਗੰਭੀਰ ਮੁੱਦੇ ਨੂੰ ਉਨ੍ਹਾਂ ਕਿਸ ਸ਼ਿੱਦਤ ਨਾਲ ਛੋਹਿਆ ਹੈ: ‘ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ/ ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ।’
ਸੁਰਜੀਤ ਪਾਤਰ ਨੇ ਆਪਣੇ ਜੀਵਨ-ਕਾਲ ਦੌਰਾਨ ਬਹੁਤ ਸਾਰੀਆਂ ਲਹਿਰਾਂ ਦੇਖੀਆਂ ਪਰ ਕਿਸੇ ਲਹਿਰ ਦਾ ਵਹਾਅ ਵੀ ਏਨਾ ਤੇਜ਼ ਨਹੀਂ ਸੀ ਕਿ ਉਨ੍ਹਾਂ ਦੇ ਕਾਵਿਕ ਧਰਾਤਲ ਨੂੰ ਵਹਾਅ ਕੇ ਲੈ ਜਾਂਦਾ। ਉਨ੍ਹਾਂ ਸਮਕਾਲੀ ਸਮਿਆਂ ਦੇ ਸੱਚ ਨੂੰ ਬਹੁਤ ਡੂੰਘਾਈ ਨਾਲ ਸਮਝਣ ਅਤੇ ਬਾਰੀਕੀ ਨਾਲ ਚਿੱਤਰਣ ਦੀ ਲਗਾਤਾਰ ਕੋਸ਼ਿਸ਼ ਕੀਤੀ। ਸਾਡੇ ਕਾਨੂੰਨੀ ਢਾਂਚੇ ਉੱਤੇ ਉਨ੍ਹਾਂ ਦੀ ਸਟੀਕ ਟਿੱਪਣੀ ਦੇਖੋ:
ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ/ ਫ਼ੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ/ ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ/ ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ।
ਇਉਂ ਹੀ ਬਦੇਸ਼ੀਂ ਤੁਰ ਗਏ ਪੰਜਾਬੀ ਪੁੱਤਰਾਂ ਦੇ ਦਰਦ ਨੂੰ ਉਨ੍ਹਾਂ ਇਉਂ ਪੇਸ਼ ਕੀਤੈ: ‘ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ/ ਬਾਕੀ ਕਬਰਾਂ ਦੇ ਰੁਖ ਹੇਠ ਜਾ ਬਹਿਣਗੇ’।
‘ਪੰਜਾਬੀ ਟ੍ਰਿਬਿਊਨ’ ਨੇ ਹਮੇਸ਼ਾ ਉਨ੍ਹਾਂ ਦੀਆਂ ਰਚਨਾਵਾਂ ਨੂੰ ਛਾਪ ਕੇ ਬਹੁਤ ਮਾਣ ਮਹਿਸੂਸ ਕੀਤਾ ਹੈ। ਅੱਜ 12 ਮਈ ਦਾ ਐਤਵਾਰੀ ਅੰਕ ਉਨ੍ਹਾਂ ਨੂੰ ਸਮਰਪਿਤ ਕਰ ਕੇ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ।

Advertisement

- ਅਰਵਿੰਦਰ ਜੌਹਲ

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ...

ਉਜਲੇ ਸ਼ੀਸ਼ੇ ਸਨਮੁਖ

ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ
ਮੈਲੇ ਮਨ ਵਾਲੇ ਮੁਜਰਿਮ ਨੂੰ ਇਸ ਮੌਤੇ ਨਾ ਮਾਰ
ਚੰਨ ਏਕਮ ਦਾ, ਫੁੱਲ ਗੁਲਾਬ ਦਾ, ਸਾਜ਼ ਦੇ ਕੰਬਦੇ ਤਾਰ
ਕਿੰਨੇ ਖ਼ੰਜਰ ਅੱਖਾਂ ਸਾਂਹਵੇਂ ਲਿਸ਼ਕਣ ਵਾਰੋ ਵਾਰ

ਦਿਲ ਨੂੰ ਬੋਝਲ ਜਿਹੀਆਂ ਲੱਗਣ ਤੇਰੀਆਂ ਕੋਮਲ ਯਾਦਾਂ
ਪੱਥਰਾਂ ਕੋਲੋਂ ਚੁੱਕ ਨਾ ਹੁੰਦਾ ਹੁਣ ਫੁੱਲਾਂ ਦਾ ਭਾਰ
ਲੱਖਾਂ ਗੀਤਾਂ ਦੇ ਲਈ ਖੁੱਲ੍ਹੇ ਮੁਕਤੀ ਦਾ ਦਰਵਾਜ਼ਾ
ਦਿਲ ਵਿਚ ਕੋਈ ਐਸੀ ਖੁੱਭੇ ਚਾਨਣ ਦੀ ਤਲਵਾਰ

ਪੱਥਰ ਹੇਠਾਂ ਅੰਕੁਰ ਤੜਪੇ, ਹਰ ਅੰਕੁਰ ਵਿਚ ਫੁੱਲ
ਪੱਥਰ ਵਿਚ ਤਰੇੜਾਂ ਪਾ ਗਈ ਹਿੰਸਕ ਰੁੱਤ ਬਹਾਰ
ਮਿੱਟੀ ਉੱਤੇ, ਫੁੱਲ ਦੇ ਉੱਤੇ, ਤੇ ਸ਼ਾਇਰ ਦੇ ਦਿਲ ’ਤੇ
ਇਕ ਮੋਈ ਤਿਤਲੀ ਦਾ ਹੁੰਦਾ ਵੱਖੋ ਵੱਖਰਾ ਭਾਰ

ਚੜ੍ਹਦਾ ਚੰਦ, ਸਮੁੰਦਰ, ਵਜਦਾ ਸਾਜ਼ ਤੇ ਤੇਰੀ ਯਾਦ
ਮੈਂ ਵੀ ਸ਼ਾਮਲ ਹੋ ਜਾਵਾਂ ਤਾਂ ਚੀਜ਼ਾਂ ਹੋਵਣ ਚਾਰ
ਲੇਟੇ ਲੇਟੇ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਨੇ ਲੋਕ
ਰੋਜ਼ ਤਕਾਲੀਂ ਛਪ ਜਾਂਦਾ ਹੈ ਇਕ ਨੀਲਾ ਅਖ਼ਬਾਰ
(‘ਹਵਾ ਵਿਚ ਲਿਖੇ ਹਰਫ਼’ ’ਚੋਂ)
* * *

ਮੈਂ ਰਾਹਾਂ ’ਤੇ ਨਹੀਂ ਤੁਰਦਾ

ਮੈਂ ਰਾਹਾਂ ’ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ

ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ

ਜੁ ਲੋ ਮੱਥੇ ’ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖ਼ਤ ’ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ

ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ

ਅਸਾਨੂੰ ਰੀਤ ਤੋਂ ਵਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ
ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ

ਜੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ

ਉਦੋਂ ਤਕ ਤੂੰ ਹੈਂ ਸਾਡੀ ਹਿੱਕ ਦੇ ਵਿਚ ਮਹਿਫ਼ੂਜ਼ ਮਰ ਕੇ ਵੀ
ਜਦੋਂ ਤਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ

ਫ਼ਕੀਰਾਂ ਦੇ ਸੁਖ਼ਨ, ਕੁਛ ਯਾਰ, ਕੁਛ ਤਾਰੀਖ਼ ਦੇ ਮੰਜ਼ਰ
ਜਦੋਂ ਮੈਂ ਜ਼ਖ਼ਮ ਖਾ ਲੈਨਾਂ, ਮੇਰੀ ਖ਼ਾਤਰ ਪਨਾਹ ਬਣਦੇ

ਮੈਂ ਇਕ ਗੱਲ ਜਾਣਦਾਂ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ
ਉਹ ਜਿਹੜੀ ਲਿਸ਼ਕ ਉਠਦੀ ਹੈ ਜਦੋਂ ਸਭ ਰੁਖ਼ ਸਿਆਹ ਬਣਦੇ

ਕਦੀ ਦਰਿਆ ਇਕੱਲਾ ਤੈ ਨਹੀਂ ਕਰਦਾ ਦਿਸ਼ਾ ਅਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਗ ਹੀ ਰਲ ਮਿਲ ਕੇ ਰਾਹ ਬਣਦੇ

ਅਚਨਚੇਤੀ ਕਿਸੇ ਬਿੰਦੂ ’ਚੋਂ ਚਸ਼ਮਾ ਫੁੱਟ ਪੈਂਦਾ ਹੈ
ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਹਮਖਾਹ ਬਣਦੇ

ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ-ਬਿੰਦੂ ਹਾਂ, ਮੈਂ ਕੀ ਹਾਂ
ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾਹ ਬਣਦੇ

ਇਹ ਤੁਰਦਾ ਕੌਣ ਹੈ, ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ
ਇਹ ਸੋਚਾਂ ਦਾ ਸਫ਼ਰ ਹੈ ਜਿਸ ਲਈ ਸੀਨੇ ਹੀ ਰਾਹ ਬਣਦੇ

ਜਦੋਂ ਤਕ ਲਫ਼ਜ਼ ਜਿਊਂਦੇ ਨੇ, ਸੁਖ਼ਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ

ਹਮੇਸ਼ਾ ਲੋਚਿਆ ਬਣਨਾ, ਤੁਹਾਡੇ ਪਿਆਰ ਦੇ ਪਾਤਰ
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ
(‘ਸੁਰਜ਼ਮੀਨ’ ਵਿਚੋਂ)
* * *

ਕੋਈ ਡਾਲੀਆਂ ’ਚੋਂ ਲੰਘਿਆ

ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ।

ਪੈੜਾਂ ਤੇਰੀਆਂ ’ਤੇ ਦੂਰ ਦੂਰ ਤੀਕ ਮੇਰੇ ਪੱਤੇ,
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ।

ਪਿਆ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ,
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ।

ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ,
ਐਵੇਂ ਲੰਘ ਜਾਨੈਂ ਪਾਣੀ ਕਦੇ ਵਾ ਬਣ ਕੇ।

ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ,
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣ ਕੇ।
(‘ਹਵਾ ਵਿਚ ਲਿਖੇ ਹਰਫ਼’ ਵਿਚੋਂ)
* * *

ਬਲਦਾ ਬਿਰਖ ਹਾਂ

ਬਲਦਾ ਬਿਰਖ ਹਾਂ, ਖ਼ਤਮ ਹਾਂ, ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ

ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ ਮੈਂ ਪਾਣੀ ’ਤੇ ਲੀਕ ਹਾਂ

ਜਿਸ ਨਾਲੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ
ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ

ਅੱਗ ਦਾ ਸਫ਼ਾ ਹੈ ਉਸ ’ਤੇ ਮੈਂ ਫੁੱਲਾਂ ਦੀ ਸਤਰ ਹਾਂ
ਉਹ ਬਹਿਸ ਕਰ ਰਹੇ ਨੇ ਗ਼ਲਤ ਹਾਂ ਕਿ ਠੀਕ ਹਾਂ
(‘ਹਵਾ ਵਿਚ ਲਿਖੇ ਹਰਫ਼ ਵਿਚੋਂ)
* * *

ਕੁਝ ਕਿਹਾ ਤਾਂ...

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ

ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ
ਫ਼ੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ

ਯਾਰ ਮੇਰੇ ਜੁ ਇਸ ਆਸ ’ਤੇ ਮਰ ਗਏ
ਕਿ ਮੈਂ ਓਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ
ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ

ਜੋ ਬਦੇਸਾਂ ’ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ ਪਰਤਣਗੇ ਅਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁਖ ਹੇਠ ਜਾ ਬਹਿਣਗੇ

ਕੀ ਇਹ ਇਨਸਾਫ਼ ਹਉਮੈਂ ਦੇ ਪੁੱਤ ਕਰਨਗੇ
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ
ਜੋ ਸਲੀਬਾਂ ’ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ

ਇਹ ਜੁ ਰੰਗਾਂ ’ਚ ਚਿਤਰੇ ਨੇ ਖੁਰ ਜਾਣਗੇ
ਇਹ ਜੁ ਮਰਮਰ ’ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਓਹੀ ਹਮੇਸ਼ਾ ਲਿਖੇ ਰਹਿਣਗੇ

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ’ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ ’ਚ ਵੀ ਦੀਵੇ ਬੁਝੇ ਰਹਿਣਗੇ
(‘ਹਵਾ ਵਿਚ ਲਿਖੇ ਹਰਫ਼’ ਵਿਚੋਂ)
* * *

ਸੁੰਨੇ ਸੁੰਨੇ ਰਾਹਾਂ ਵਿਚ

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ,
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ।

ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ।
ਕੱਚੀਆਂ ਸੀ ਕੰਧਾਂ ਉਹਦਾ ਥੋੜਾ ਜਿਹਾ ਦਰ ਸੀ।
ਅੰਮੀ ਮੇਰੀ ਚਿੰਤਾ ਸੀ ਬਾਪੂ ਮੇਰਾ ਡਰ ਸੀ।
ਓਦੋਂ ਮੇਰੀ ਅਉਧ ਯਾਰੋ ਐਵੇਂ ਫੁੱਲ ਭਰ ਸੀ।

ਜਦੋਂ ਦਾ ਅਸਾਡੇ ਨਾਲ ਖ਼ੁਸ਼ੀਆਂ ਨੂੰ ਵੈਰ ਏ।

ਦੋਦਲੀ ਦਸੂਤੀ ਫੁੱਲ ਪਾਉਣ ਭੈਣਾਂ ਮੇਰੀਆਂ।
ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ।
ਕੰਧਾਂ ਨਾਲੋਂ ਉੱਚੀਆਂ ਧਰੇਕਾਂ ਹੋਈਆਂ ਤੇਰੀਆਂ।
ਤੋਰ ਡੋਲੀ ਤੋਰ ਹੁਣ ਕਾਹਦੀਆਂ ਨੇ ਦੇਰੀਆਂ।

ਸਾਹ ਲੈ ਲੋਕਾ ਹਾਲੇ ਮੇਰੀ ਲੇਖਾਂ ਨਾਲ ਕੈੜ ਏ।

ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ।
ਸੂਰਜ ਦੇ ਚੜ੍ਹਨ ’ਚ ਹਾਲੇ ਬੜੀ ਦੇਰ ਸੀ।
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ।
ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ।

ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ।

ਕਿੱਥੋਂ ਦਿਆਂ ਪੰਛੀਆਂ ਨੂੰ ਕਿੱਥੋਂ ਚੋਗਾ ਲੱਭਿਆ।
ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ।
ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ।
ਡੂੰਘਾ ਮੇਰੀ ਹਿੱਕ ’ਚ ਤਰੰਗਾ ਗਿਆ ਗੱਡਿਆ।

ਝੁਲ ਓ ਤਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ।

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ,
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ।
(‘ਬਿਰਖ ਅਰਜ਼ ਕਰੇ’ ਵਿਚੋਂ)
* * *

ਲੱਗੀ ਨਜ਼ਰ ਪੰਜਾਬ ਨੂੰ

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ, ਏਹਦੇ ਸਿਰ ਤੋਂ ਵਾਰੋ।

ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ।
ਲੱਗੀ ਨਜ਼ਰ ਪੰਜਾਬ ਨੂੰ, ਏਹਦੀ ਨਜ਼ਰ ਉਤਾਰੋ।

ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ।
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ।

ਪਹਿਲੀ ਭਰਵੀਂ ਫ਼ਸਲ, ਇਨ੍ਹਾਂ ਦੀ ਓਦੋਂ ਲੱਗੀ।
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ।

ਤੇ ਫਿਰ ਅਗਲੀ ਫ਼ਸਲ ਦੇ, ਬੀ ਗਏ ਖਿਲਾਰੇ।
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ।

ਵੱਢਣ ਵਾਲੇ ਕੌਣ ਸਨ, ਇਹ ਭੇਤ ਨ ਲੱਗਾ।
ਪਰ ਬੇਦੋਸ਼ਾ ਖ਼ੂਨ ਤਾਂ, ਪੱਗਾਂ ਸਿਰ ਲੱਗਾ।

ਓਹੀ ਛਿੱਟੇ ਖ਼ੂਨ ਦੇ, ਬਣ ਗਏ ਬਹਾਨਾ।
ਸਾਡੀ ਪੱਗ ਨੂੰ ਪੈ ਗਿਆ, ਆਪਣਾ ਬੇਗਾਨਾ।

ਜਿੱਥੋਂ ਤਕ ਛਾਂ ਤਖ਼ਤ ਦੀ, ਅੱਗਾਂ ਹੀ ਅੱਗਾਂ।
ਚੌਕ-ਚੁਰਾਹੇ ਸੜਦੀਆਂ, ਪੱਗਾਂ ਹੀ ਪੱਗਾਂ।

ਪੱਤੇ ਬੂਟੇ ਡੋਡੀਆਂ, ਫੁੱਲਾਂ ਦੀਆਂ ਲੜੀਆਂ।
ਸਭ ਕੁਝ ਅੱਗ ਵਿਚ ਸੜ ਗਿਆ, ਮਿਰਚਾਂ ਨਾ ਸੜੀਆਂ।

ਉਹ ਮਿਰਚਾਂ ਜ਼ਹਿਰੀਲੀਆਂ, ਏਹਦੇ ਸਿਰ ਤੋਂ ਵਾਰੋ।
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ।

ਅੱਗ ਪਿਤਰਾਂ ਦੀ ਜੀਭ ਹੈ, ਓਹਦੀ ਭੇਟਾ ਚਾੜ੍ਹੋ।
ਉਹ ਪਿਤਰਾਂ ਦਾ ਬੀਜਿਆ, ਬੀਤੇ ਸੰਗ ਸਾੜੋ।

ਲੱਗੀ ਨਜ਼ਰ ਪੰਜਾਬ ਨੂੰ, ਏਹਦੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ, ਏਹਦੇ ਸਿਰ ਤੋਂ ਵਾਰੋ।
(‘ਬਿਰਖ ਅਰਜ਼ ਕਰੇ’ ਵਿਚੋਂ’)
* * *

ਹੁਣ ਘਰਾਂ ਨੂੰ ਪਰਤਣਾ

ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ

ਕੌਣ ਪਹਿਚਾਣੇਗਾ ਸਾਨੂੰ
ਮੱਥੇ ਉੱਤੇ ਮੌਤ ਦਸਖ਼ਤ ਕਰ ਗਈ ਹੈ
ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ
ਸ਼ੀਸ਼ੇ ਵਿਚੋਂ ਹੋਰ ਕੋਈ ਝਾਕਦਾ ਹੈ
ਅੱਖਾਂ ਵਿਚ ਕੋਰੀ ਲਿਸ਼ਕ ਹੈ
ਕਿਸੇ ਢੱਠੇ ਘਰ ਦੀ ਛੱਤ ’ਚੋਂ
ਆਉਂਦੀ ਹੋਈ ਲੋਅ ਜਿਹੀ

ਡਰ ਜਾਏਗੀ ਮੇਰੀ ਮਾਂ
ਮੇਰਾ ਪੁੱਤਰ ਮੇਰੇ ਤੋਂ ਵੱਡੀ ਉਮਰ ਦਾ
ਕਿਹੜੇ ਸਾਧੂ ਦਾ ਸਰਾਪ
ਕਿਸ ਸ਼ਰੀਕਣ ਚੰਦਰੀ ਦੇ ਟੂਣੇ ਟਾਮਣ ਨਾਲ ਹੋਇਆ
ਡਰ ਜਾਏਗੀ ਮੇਰੀ ਮਾਂ
ਹੁਣ ਘਰਾਂ ਨੂੰ ਪਰਤਣਾ ਚੰਗਾ ਨਹੀਂ ਹੈ

ਏਨੇ ਡੁੱਬ ਚੁੱਕੇ ਨੇ ਸੂਰਜ
ਏਨੇ ਮਰ ਚੁੱਕੇ ਖ਼ੁਦਾ
ਜਿਉਂਦੀ ਮਾਂ ਨੂੰ ਵੇਖ ਕੇ
ਆਪਣੇ ਜਾਂ ਓਸਦੇ ਪ੍ਰੇਤ ਹੋਵਣ ਦਾ ਹੋਏਗਾ ਤੌਖ਼ਲਾ

ਜਦ ਕੋਈ ਬੇਲੀ ਪੁਰਾਣਾ ਮਿਲੇਗਾ
ਬਹੁਤ ਯਾਦ ਆਵੇਗਾ ਆਪਣੇ ਅੰਦਰੋਂ
ਚਿਰਾਂ ਦਾ ਮਰ ਚੁੱਕਿਆ ਮੋਹ
ਰੋਣ ਆਵੇਗਾ ਤੇ ਫਿਰ ਆਵੇਗਾ ਯਾਦ
ਅੱਥਰੂ ਤਾਂ ਮੇਰੇ ਦੂਜੇ ਕੋਟ ਦੀ ਜੇਬੀ ’ਚ ਰੱਖੇ ਰਹਿ ਗਏ

ਜਦੋਂ ਚਾਚੀ ਈਸਰੀ
ਸਿਰ ਪਲੋਸੇਗੀ ਅਸੀਸਾਂ ਨਾਲ ਮੇਰਾ
ਕਿਸ ਤਰ੍ਹਾਂ ਦੱਸਾਂਗਾ ਮੈਂ
ਏਸ ਸਿਰ ਵਿਚ ਕਿਸ ਤਰ੍ਹਾਂ ਦੇ ਛੁਪੇ ਹੋਏ ਨੇ ਖ਼ਿਆਲ:

ਆਪਣੀ ਹੀ ਲਾਸ਼ ਢੋਂਦਾ ਆਦਮੀ
ਪਤੀ ਦੇ ਸੱਜਰੇ ਸਿਵੇ ’ਤੇ ਮਾਸ ਰਿੰਨ੍ਹਦੀ ਰੰਨ
ਕੋਈ ਹੈਮਲਿਟ ਦੀ ਮਾਂ
ਸਰਦੀਆਂ ਵਿਚ ਬੰਦਿਆਂ ਦੇ ਸਿਵੇ ਸੇਕਣ ਵਾਲਾ ਰੱਬ

ਜਿਨ੍ਹਾਂ ਅੱਖਾਂ ਨਾਲ ਦੇਖੇ ਨੇ ਦੁਖਾਂਤ
ਕਿਸ ਤਰ੍ਹਾਂ ਮੇਲਾਂਗਾ ਅੱਖਾਂ
ਆਪਣੇ ਬਚਪਨ ਦੀ ਮੈਂ ਤਸਵੀਰ ਨਾਲ
ਆਪਣੇ ਨਿੱਕੇ ਵੀਰ ਨਾਲ

ਸ਼ਾਮ ਨੂੰ ਜਦ ਮੜ੍ਹੀ ’ਤੇ ਦੀਵਾ ਬਲੇਗਾ
ਗੁਰਦੁਆਰੇ ਸੰਖ ਵੱਜੇਗਾ
ਉਹ ਬਹੁਤ ਆਵੇਗਾ ਯਾਦ
ਉਹ ਕਿ ਜਿਹੜਾ ਮਰ ਗਿਆ ਹੈ
ਉਹ ਕਿ ਜਿਸ ਦੀ ਮੌਤ ਦਾ
ਇਸ ਭਰੀ ਨਗਰੀ ’ਚ ਬਸ ਮੈਨੂੰ ਪਤਾ ਹੈ

ਜੇ ਕਿਸੇ ਨੇ ਹੁਣ ਮੇਰੇ ਮਨ ਦੀ ਤਲਾਸ਼ੀ ਲੈ ਲਈ
ਬਹੁਤ ਰਹਿ ਜਾਵਾਂਗਾ ’ਕੱਲਾ
ਕਿਸੇ ਦੁਸ਼ਮਣ ਦੇਸ਼ ਦੇ ਜਾਸੂਸ ਵਾਂਗ
ਹੁਣ ਘਰਾਂ ਵਿਚ ਵੱਸਣਾ ਸੌਖਾ ਨਹੀਂ ਹੈ
ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ
ਸ਼ੀਸ਼ੇ ਵਿਚੋਂ ਹੋਰ ਕੋਈ ਝਾਕਦਾ ਹੈ।
(‘ਹਨੇਰੇ ਵਿਚ ਸੁਲਗਦੀ ਵਰਣਮਾਲਾ’ ਵਿਚੋਂ)
* * *

ਬੁੱਢੀ ਜਾਦੂਗਰਨੀ ਆਖਦੀ ਹੈ

ਤੇਰਾ ਵੀ ਨਾਮ ਰੱਖਾਂਗੇ
ਤੇਰੀ ਛਾਤੀ ’ਤੇ ਵੀ ਖ਼ੰਜਰ ਜਾਂ ਤਗ਼ਮਾ ਧਰ ਦਿਆਂਗੇ
ਜੀਣ ਜੋਗਾ ਤਾਂ ਹੋ
ਤੇਰੀ ਵੀ ਹੱਤਿਆ ਕਰ ਦਿਆਂਗੇ

ਮੈਂ ਬੁੱਢੀ ਜਾਦੂਗਰਨੀ ਬੜੇ ਮੰਤਰ ਜਾਣਦੀ ਹਾਂ।

ਮੈਂ ਜਿਹੜੀ ਹਿੱਕ ’ਤੇ ਤਗ਼ਮਾ ਸਜਾਇਆ ਹੈ
ਓਹੀ ਹਿੱਕ ਘੜੀ ਬਣ ਕੇ ਰਹਿ ਗਈ ਹੈ
ਮੈਂ ਜਿਸ ਬੰਦੇ ਦੇ ਗਲ਼ ਵਿਚ ਹਾਰ ਪਾਇਆ ਹੈ
ਓਹੀ ਬੁੱਤ ਬਣ ਗਿਆ ਹੈ

ਮੈਂ ਜਿਸਨੂੰ ਅਪਣਾ ਪੁੱਤਰ ਆਖਿਆ ਹੈ
ਉਸੇ ਨੂੰ ਅਪਣੀ ਮਾਂ ਦਾ ਨਾਮ ਭੁੱਲਿਆ ਹੈ
ਮੈਂ ਜਿਹੜੇ ਹੱਥ ਨੂੰ ਅਪਣੇ ਹੱਥ ’ਚ ਲੈ ਕੇ ਘੁੱਟਿਆ ਹੈ
ਓਹੀ ਹੱਥ ਰੁੱਖ ਦੀ ਟਹਿਣੀ ਹੋ ਗਿਆ ਹੈ
ਤੇ ਹਰ-ਤਰਫ਼ੀ ਹਵਾ ਵਿਚ ਡੋਲਿਆ ਹੈ

ਮੇਰਾ ਢਿੱਡ ਹੱਸਦਾ ਹੈ: ਸ਼ੀਸ਼ਾ ਝੂਠ ਕਹਿੰਦਾ ਹੈ
ਜਾਦੂਗਰਨੀਆਂ ਤਾਂ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ

ਹਿੱਕਾਂ ਦੀ ਕਿਸਮ ਹੁੰਦੀ ਹੈ
ਕੋਈ ਹਿੱਕ ਸਿਰਫ਼ ਤਗ਼ਮੇ ਨਾਲ ਠਰਦੀ ਹੈ
ਕੋਈ ਹਿੱਕ ਕੋਸਿਆਂ ਦੁੱਧਾਂ ਦੇ ਨਗ਼ਮੇ ਨਾਲ ਠਰਦੀ ਹੈ
ਤੇ ਜਿਹੜੀ ਬਾਕੀ ਬਚਦੀ ਹੈ
ਉਸ ਲਈ ਮੇਰਿਆਂ ਹੱਥਾਂ ’ਚ ਬੱਸ ਖ਼ੰਜਰ ਹੀ ਬਚਦਾ ਹੈ

ਤੂੰ ਐਵੇਂ ਮਾਣ ਨਾ ਕਰ
ਤੂੰ ਐਵੇਂ ਕਾਹਲਾ ਨਾ ਪੈ
ਤੇਰੀ ਹਿੱਕ ਦੀ ਕਿਸਮ ਵੀ ਬੁੱਝ ਲਵਾਂਗੇ
ਤੇ ਤੇਰੇ ਹਾਣ ਦੀ ਤੈਨੂੰ ਵੀ ਹੋਣੀ ਵਰ ਦਿਆਂਗੇ
ਜੀਣ ਜੋਗਾ ਤਾਂ ਹੋ
ਤੇਰੀ ਵੀ ਹੱਤਿਆ ਕਰ ਦਿਆਂਗੇ।
(‘ਹਨੇਰੇ ਵਿਚ ਸੁਲਗਦੀ ਵਰਣਮਾਲਾ’ ਵਿਚੋਂ)
* * *

ਘੜੀ

ਸਫ਼ਰੋਂ ਖੁੰਝੀ ਗੇੜ ਅੜੀ ਹੈ
ਅਪਣੀ ਉਮਰ ਅਜੀਬ ਘੜੀ ਹੈ
ਜਾਣਾ ਕਿਤੇ ਨਹੀਂ ਹੈ ਇਸਨੇ
ਐਵੇਂ ਤਿੱਖੀ ਚਾਲ ਫੜੀ ਹੈ

ਘਰ ਦਫ਼ਤਰ ਤਨਖ਼ਾਹ ਤਰੱਕੀ
ਰੋਟੀ ਸਰਵਿਸ ਕੱਚੀ ਪੱਕੀ
ਚਿੱਠੀਆਂ ਤਾਰਾਂ ਤੇ ਅਖ਼ਬਾਰਾਂ
ਨਿੱਕੀਆਂ ਨਿੱਕੀਆਂ ਜਿੱਤਾਂ ਹਾਰਾਂ
ਇਕ ਦੋ ਗਿਆਰਾਂ ਬਾਰਾਂ ਦੀ ਥਾਂ
ਇਹ ਨੇ ਇਸ ਘੜੀ ਦੇ ਹਿੰਸੇ

ਮੁੜ ਮੁੜ ਕੱਢੇ ਓਹੀ ਗੇੜੇ
ਹੋਰ ਨਾ ਕੋਈ ਪੈਂਡਾ ਇਸਦਾ
ਇਹ ਬੱਸ ਅਪਣੀ ਅਉਧ ਨਿਬੇੜੇ

ਮਰ ਚੁੱਕਿਆਂ ਨੇ ਇਸ ਨੂੰ ਏਸੇ ਰਾਹੇ ਪਾਇਆ
ਭੂਤ-ਪ੍ਰੇਤਾਂ ਡਾਇਲ ਇਸਦਾ ਖ਼ੂਬ ਬਣਾਇਆ

ਇਕ ਦਿਨ ਏਦਾਂ ਤੁਰਦੀ ਤੁਰਦੀ
ਘਸ ਘਸ ਝਰੀਆਂ ਪੁਰਜ਼ੇ ਫੰਧਰ
ਅਪਣੇ ਹੀ ਦੰਦਿਆਂ ਦੇ ਅੰਦਰ
ਅੜ ਜਾਵੇਗੀ
ਆਸ ਤਮ੍ਹਾ ਦੀ ਚਾਬੀ ਹੁੰਦਿਆਂ
ਇਕ ਹਿੰਸੇ ’ਤੇ
ਜਾਂ ਕੁਝ ਹਿੰਸਿਆਂ ਦੇ ਵਿਚਕਾਰੇ
ਖੜ੍ਹ ਜਾਵੇਗੀ

ਚੰਗਾ ਹੈ ਮੁਕਤੀ ਹੋਵੇਗੀ
ਹੁਣ ਵੀ ਕੇਸ ਮੁਹਿੰਮ ਚੜ੍ਹੀ ਹੈ
ਸਫ਼ਰੋਂ ਖੁੰਝੀ ਗੇੜ-ਅੜੀ ਹੈ
ਜਾਣਾ ਕਿਤੇ ਨਹੀਂ ਹੈ ਇਸ ਨੇ
ਐਵੇਂ ਤਿੱਖੀ ਚਾਲ ਫੜੀ ਹੈ।
(‘ਹਨੇਰੇ ਵਿਚ ਸੁਲਗਦੀ ਵਰਣਮਾਲਾ’ ਵਿਚੋਂ)
* * *

ਆਇਆ ਨੰਦ ਕਿਸ਼ੋਰ

ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
ਨਾਲ ਬਥੇਰੇ ਹੋਰ

ਰਾਮ ਕਲੀ ਵੀ ਨਾਲ ਸੀ
ਸੁਘੜ ਲੁਗਾਈ ਓਸ ਦੀ

ਲੁਧਿਆਣੇ ਦੇ ਕੋਲ ਹੀ
ਇਕ ਪਿੰਡ ਬਾੜੇਵਾਲ ਵਿਚ
ਜੜ੍ਹ ਲੱਗੀ ਤੇ ਪੁੰਗਰੀ
ਰਾਮ ਕਾਲੀ ਦੀ ਕੁੱਖ ’ਚੋਂ
ਜਨਮੀ ਬੇਟੀ ਓਸ ਦੀ
ਨਾਂ ਧਰਿਆ ਸੀ ਮਾਧੁਰੀ

ਕੱਲ੍ਹ ਮੈਂ ਦੇਖੀ ਮਾਧੁਰੀ
ਓਸੇ ਪਿੰਡ ਸਕੂਲ ਵਿੱਚ
ਗੁੱਤਾਂ ਬੰਨ੍ਹ ਕੇ ਰਿਬਨ ਵਿਚ
ਸੋਹਣੀ ਪੱਟੀ ਪੋਚ ਕੇ
ਊੜਾ ਐੜਾ ਲਿਖ ਰਹੀ

ਊੜਾ ਐੜਾ ਲਿਖ ਰਹੀ
ਬੇਟੀ ਨੰਦ ਕਿਸ਼ੋਰ ਦੀ

ਕਿੰਨਾ ਗੂੜ੍ਹਾ ਸਾਕ ਹੈ
ਅੱਖਰਾਂ ਦਾ ਤੇ ਰਿਜ਼ਕ ਦਾ

ਏਸੇ ਪਿੰਡ ਦੇ ਲਾਡਲੇ
ਪੋਤੇ ਅੱਛਰ ਸਿੰਘ ਦੇ
ਆਪਣੇ ਪਿਓ ਦੀ ਕਾਰ ਵਿਚ
ਬਹਿ ਲੁਧਿਆਣੇ ਆਂਵਦੇ
ਕੌਨਵੇਂਟ ਵਿੱਚ ਪੜ੍ਹ ਰਹੇ
ਏ ਬੀ ਸੀ ਡੀ ਸਿੱਖਦੇ

ਏ ਬੀ ਸੀ ਡੀ ਸਿੱਖਦੇ
ਪੋਤੇ ਅੱਛਰ ਸਿੰਘ ਦੇ

ਕਿੰਨਾ ਗੂੜ੍ਹਾ ਸਾਕ ਹੈ
ਅੱਖਰ ਅਤੇ ਅਕਾਂਖਿਆ...

ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ।
(‘ਲਫ਼ਜ਼ਾਂ ਦੀ ਦਰਗਾਹ’ ਵਿਚੋਂ)

Advertisement
Author Image

sukhwinder singh

View all posts

Advertisement
Advertisement
×