ਆੜ੍ਹਤੀਆਂ ਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਝੋਨੇ ਦੀ ਖਰੀਦ ਪ੍ਰਭਾਵਿਤ ਹੋਣ ਦਾ ਖ਼ਦਸ਼ਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਸਤੰਬਰ
ਪੰਜਾਬ ਵਿੱਚ ਭਾਵੇਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਪਰ ਆੜ੍ਹਤੀਆਂ, ਮੰੰਡੀ ਲੇਬਰ ਅਤੇ ਰਾਈਸ ਮਿੱਲਰਾਂ ਵੱਲੋਂ ਕੀਤੇ ਹੜਤਾਲ ਦੇ ਐਲਾਨ ਕਾਰਨ ਖਰੀਦ ਪ੍ਰਬੰਧ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਝੋਨੇ ਦੇ ਸੀਜ਼ਨ ਦੌਰਾਨ ਅਨਾਜ ਮੰਡੀਆਂ ’ਚ ਆੜ੍ਹਤੀਆਂ, ਮੰਡੀ ਮਜ਼ਦੂਰਾਂ ਅਤੇ ਰਾਈਸ ਮਿੱਲਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਇਹ ਤਿੰਨੋਂ ਧਿਰਾਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੋਂ ਖਫ਼ਾ ਹਨ। ਜੇਕਰ ਆੜ੍ਹਤੀਆਂ, ਮਜ਼ਦੂਰਾਂ ਅਤੇ ਰਾਈਸ ਮਿੱਲਰਾਂ ਦੀਆਂ ਮੰਗਾਂ-ਮਸਲਿਆਂ ਦੇ ਹੱਲ ਬਾਰੇ ਸਰਕਾਰ ਵਲੋਂ ਕੋਈ ਹਾਂ-ਪੱਖੀ ਹੁੰਗਾਰਾ ਭਰਦਿਆਂ ਇਨ੍ਹਾਂ ਧਿਰਾਂ ਨੂੰ ਸੰਤੁਸ਼ਟ ਨਾ ਕੀਤਾ ਗਿਆ ਤਾਂ ਝੋਨੇ ਦੇ ਖਰੀਦ ਪ੍ਰਬੰਧ ਪ੍ਰਭਾਵਿਤ ਹੋ ਸਕਦੇ ਸਨ। ਸਥਾਨਕ ਅਨਾਜ ਮੰਡੀ ’ਚ ਗੱਲਬਾਤ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ਿਸ਼ਨ ਕੁਮਾਰ, ਅਮਰਜੀਤ ਸਿੰਘ, ਕਮਲ ਨਰੇਸ਼, ਕੇਵਲ ਗੁਪਤਾ ਤੇ ਬਲਵੰਤ ਸਿੰਘ ਆਦਿ ਨੇ ਦੱਸਿਆ ਕਿ ਏਪੀਐੱਮਸੀ ਐਕਟ ਅਨੁਸਾਰ ਪੰਜਾਬ ਮੰਡੀਬੋਰਡ ਵਲੋਂ ਮੰਡੀਆਂ ਵਿਚ ਵਿਕਣ ਵਾਲੀ ਫਸਲ ’ਤੇ ਆੜ੍ਹਤ 2.5 ਫੀਸਦੀ ਮਿਲ ਰਹੀ ਸੀ ਜੋ ਕਿ ਸਾਲ 2018-19 ਤੋਂ 46 ਰੁਪਏ ਪ੍ਰਤੀ ਕੁਇੰਟਲ ਫਿਕਸ ਕਰ ਦਿੱਤੀ ਗਈ। ਆੜ੍ਹਤ 2.5 ਫੀਸਦੀ ਮਿਲਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਪਿਛਲੇ ਸਾਲ 2023-24 ਵਿਚ ਕਣਕ ਆੜ੍ਹਤੀਆਂ ਰਾਹੀਂ ਡਗਰੂ ’ਚ ਅਡਾਨੀ ਸਾਇਲੋ ਵਿੱਚ ਖਰੀਦੀ ਗਈ ਸੀ, ਉਸ ਦੀ ਆੜ੍ਹਤ 23 ਰੁਪਏ ਪ੍ਰਤੀ ਕੁਇੰਟਲ ਹੀ ਐੱਫਸੀਆਈ ਵੱਲੋਂ ਦਿੱਤੀ ਗਈ ਜਦੋਂ ਕਿ ਪੰਜਾਬ ਦੀਆਂ ਖਰੀਦ ਏਜੰਸੀਆਂ ਵਲੋਂ 46 ਰੁਪਏ ਆੜ੍ਹਤ ਦਿੱਤੀ ਗਈ। ਪਿਛਲੀ ਬਕਾਇਆ ਆੜ੍ਹਤ ਤੇ ਆਉਣ ਵਾਲੇ ਸੀਜ਼ਨ ਵਿਚ ਆੜ੍ਹਤੀਆਂ ਨੂੰ ਪੂਰੀ ਆੜ੍ਹਤ ਦੇਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਵੀ ਅਨੇਕਾਂ ਮੰਗਾਂ ਹਨ ਜੋ ਕਿ ਲਟਕ ਰਹੀਆਂ ਹਨ। ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਆੜ੍ਹਤੀਆਂ ਵਲੋਂ 1 ਅਕਤੂਬਰ ਤੋਂ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਹੈ। ਅਨਾਜ ਮੰਡੀ ਮਜ਼ਦੂਰ ਯੂਨੀਅਨ ਸੰਗਰੂਰ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਨੇ ਦੱਸਿਆ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਤੁਲੀ ਦੇ ਸੱਦੇ ’ਤੇ ਪਹਿਲੀ ਅਕਤੂਬਰ ਤੋਂ ਮੁਕੰਮਲ ਹੜਤਾਲ ਕੀਤੀ ਜਾਵੇਗੀ ਅਤੇ ਮੰਡੀਆਂ ਵਿਚ ਕੋਈ ਕੰਮਕਾਜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਮੁੱਖ ਮੰਤਰੀ ਪੰਜਾਬ ਵਲੋਂ ਐਲਾਨ ਕੀਤਾ ਸੀ ਕਿ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਦੇ ਰੇਟ ਵਿਚ 25 ਫੀਸਦੀ ਵਾਧਾ ਕੀਤਾ ਜਾਵੇਗਾ ਪਰ ਅਜੇ ਤੱਕ ਇਹ ਵਾਧਾ ਨਹੀਂ ਕੀਤਾ ਗਿਆ।
ਇਸ ਤੋਂ ਇਲਾਵਾ ਰਾਈਸ ਮਿੱਲਰਜ਼ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਦੱਸਿਆ ਕਿ ਸਮੁੱਚੇ ਰਾਈਸ ਮਿੱਲਰਜ਼ ਵਲੋਂ ਆਉਣ ਵਾਲੇ ਝੋਨੇ ਦੇ ਸੀਜ਼ਨ 2024-25 ਦਾ ਪੂਰਨ ਤੌਰ ’ਤੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਕੇਂਦਰ ਸਰਕਾਰ ਵਲੋਂ ਪਿਛਲੇ ਸਾਲਾਂ ਦੌਰਾਨ ਚੌਲ ਦੀ ਮਿਲਿੰਗ ਦਾ ਸਟਾਕ ਨਹੀਂ ਚੁੱਕਿਆ ਗਿਆ ਜਿਸ ਕਾਰਨ ਪੰਜਾਬ ਦੇ ਗੋਦਾਮ ਨੱਕੋ-ਨੱਕ ਭਰੇ ਪਏ ਹਨ।