For the best experience, open
https://m.punjabitribuneonline.com
on your mobile browser.
Advertisement

ਭੱਟੀਆਂ ਰਜਬਾਹੇ ਵਿੱਚ ਤਿੰਨ ਦਹਾਕਿਆਂ ਤੋਂ ਨਹੀਂ ਆਇਆ ਪਾਣੀ

10:15 AM Jun 26, 2024 IST
ਭੱਟੀਆਂ ਰਜਬਾਹੇ ਵਿੱਚ ਤਿੰਨ ਦਹਾਕਿਆਂ ਤੋਂ ਨਹੀਂ ਆਇਆ ਪਾਣੀ
ਭੱਟੀਆਂ ਰਜਬਾਹੇ ਦੀ ਸਫ਼ਾਈ ਕਰਦੇ ਹੋਏ ਮਜ਼ਦੂਰ।
Advertisement

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 25 ਜੂਨ
ਇੱਥੋਂ ਨੇੜਲੇ ਪਿੰਡ ਜਾਗੋਵਾਲ ਬਾਂਗਰ ਅਤੇ ਭੱਟੀਆਂ ਦੇ ਰਕਬੇ ਨੂੰ ਨਹਿਰੀ ਪਾਣੀ ਦੇਣ ਵਾਲੇ ਬੰਦ ਪਏ ਰਜਬਾਹੇ ਨੂੰ ਚਾਲੂ ਕਰਨ ਦਾ ਵਾਅਦਾ ਵਫ਼ਾ ਨਾ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਸਬੰਧੀ ਸਰਪੰਚ ਲਖਵਿੰਦਰਜੀਤ ਸਿੰਘ ਭੱਟੀਆਂ, ਕਿਸਾਨ ਮਨੋਹਰ ਸਿੰਘ, ਨਿਰਮਲ ਸਿੰਘ, ਅਜੀਤ ਸਿੰਘ, ਕੁਲਵੰਤ ਸਿੰਘ ਸੈਰ, ਗੁਰਮੇਜ ਸਿੰਘ ਅਤੇ ਕੁਲਦੀਪ ਸਿੰਘ ਫ਼ੌਜੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚੋਂ ਨਹਿਰ ਅੱਪਰਬਾਰੀ ਦੁਆਬ ਗੁਜ਼ਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਲੋੜੀਂਦਾ ਨਹਿਰੀ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਦੇ ਵਾਹੀਯੋਗ ਰਕਬੇ ਨੂੰ ਨਹਿਰੀ ਪਾਣੀ ਦੇਣ ਵਾਲਾ ਭੱਟੀਆਂ ਰਜਬਾਹਾ ਪਿਛਲੇ ਤਿੰਨ ਦਹਾਕਿਆਂ ਤੋਂ ਬੰਦ ਪਿਆ ਹੈ। ਨਹਿਰੀ ਵਿਭਾਗ ਵੱਲੋਂ ਇਸ ਬੰਦ ਕੱਚੇ ਰਜਬਾਹੇ ਦੀ ਕਰੀਬ ਦੋ ਸਾਲ ਪਹਿਲਾਂ ਮੁਰੰਮਤ ਕੀਤੀ ਗਈ ਸੀ। ਵਿਭਾਗ ਦੇ ਅਫ਼ਸਰਾਂ ਨੇ ਦੱਸਿਆ ਸੀ ਕਿ ਰਜਬਾਹੇ ਦੀ ਮੁਰੰਮਤ ਲਈ 13 ਲੱਖ ਰੁਪਏ ਦੀ ਗਰਾਂਟ ਮਿਲ ਗਈ ਹੈ। ਉਨ੍ਹਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਬਹੁਤ ਜਲਦ ਇਹ ਰਜਬਾਹਾ ਮੁਰੰਮਤ ਕਰ ਕੇ ਚਾਲੂ ਕਰ ਦਿੱਤਾ ਜਾਵੇਗਾ ਪਰ ਇਸ ਸਾਲ ਵੀ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਰਜਵਾਹੇ ਵਿੱਚ ਹਾਲੇ ਤੱਕ ਪਾਣੀ ਨਹੀਂ ਆਇਆ। ਇਸ ਸਬੰਧੀ ਐੱਸਡੀਓ ਪ੍ਰਦੀਪ ਕਿਹਾ ਕਿ ਰਜਬਾਹੇ ਨੂੰ ਹੋਰ ਡੂੰਘਾ ਕਰਨ ਦੀ ਲੋੜ ਹੈ ਤੇ ਛੇਤੀ ਹੀ ਇਸ ਨੂੰ ਡੂੰਘਾ ਕਰਨ ਤੋਂ ਬਾਅਦ ਚਾਲੂ ਕਰ ਦਿੱਤਾ ਜਾਵੇ। ਇਸ ਮੌਕੇ ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇ ਪਾਣੀ ਚਾਲੂ ਕਰਨ ਦਾ ਕੰਮ 20-25 ਦਿਨ ਲਈ ਹੋਰ ਪੱਛੜ ਗਿਆ ਤਾਂ ਕਿਸਾਨਾਂ ਨੂੰ ਨਹਿਰੀ ਪਾਣੀ ਦਾ ਬਹੁਤਾ ਫ਼ਾਇਦਾ ਨਹੀਂ ਮਿਲ ਸਕੇਗਾ।

Advertisement

ਕੰਗ ਟੇਲ ਤੱਕ ਪਾਣੀ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ

ਪੱਖੋਕੇ ਰਾਜਬਾਹੇ ਵਿੱਚ ਉੱਗੇ ਬੂਟੇ ਦਿਖਾਉਂਦੇ ਹੋਏ ਕਿਸਾਨ।

ਤਰਨ ਤਾਰਨ (ਪੱਤਰ ਪ੍ਰੇਰਕ): ਜਮਹੂਰੀ ਕਿਸਾਨ ਸਭਾ ਦੀ ਬਾਠ ਪਿੰਡ ਇਕਾਈ ਦੇ ਆਗੂ ਚਰਨਜੀਤ ਸਿੰਘ ਬਾਠ ਅਤੇ ਬਲਦੇਵ ਸਿੰਘ ਪੰਡੋਰੀ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਇਕ ਲਿਖਤੀ ਸ਼ਿਕਾਇਤ ਦੇ ਕੇ ਪੱਖੋਕੇ ਰਜਬਾਹੇ ਤੋਂ ਕੰਗ ਟੇਲ ਤੱਕ ਨਹਿਰੀ ਪਾਣੀ ਨਾ ਆਉਣ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਹੈ। ਚਰਨਜੀਤ ਸਿੰਘ ਅਤੇ ਬਲਦੇਵ ਸਿੰਘ ਨੇ ਕਿਹਾ ਕਿ ਇਲਾਕੇ ਅੰਦਰ ਰਜਬਾਹਿਆਂ ਤੇ ਨਹਿਰਾਂ ਆਦਿ ਦੀ ਖਲਾਈ ਨਾ ਹੋਣ ਕਾਰਨ ਜਦੋਂ ਪਾਣੀ ਛੱਡਿਆ ਜਾਦਾ ਹੈ ਤਾਂ ਸੂਏ ਟੁੱਟ ਜਾਦੇ ਹਨ ਜਿਸ ਕਰਕੇ ਪਾਣੀ ਖੇਤਾਂ ਤੱਕ ਨਹੀਂ ਪਹੁੰਚਦਾ। ਉਨ੍ਹਾਂ ਕਿਹਾ ਕਿ ਝੋਨਾ ਦੇ ਸੀਜ਼ਨ ਦੌਰਾਨ ਖੇਤਾਂ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਹੈ ਪਰ ਅਜੇ ਤੱਕ ਕੰਗ ਟੇਲ ਤੱਕ ਪਾਣੀ ਨਹੀਂ ਆ ਰਿਹਾ। ਆਗੂਆਂ ਦੱਸਿਆ ਕਿ ਨਹਿਰੀ ਅਧਿਕਾਰੀਆਂ ਵੱਲੋਂ ਮੋਘਿਆਂ ਦਾ ਲੈਵਲ ਠੀਕ ਨਾ ਰੱਖਣ ਕਾਰਨ ਟੇਲ ਤੱਕ ਪਾਣੀ ਨਹੀਂ ਪੁੱਜ ਰਿਹਾ। ਆਗੂਆਂ ਮੰਗ ਕੀਤੀ ਕਿ ਕੰਗ ਟੇਲ ਤੱਕ ਪਾਣੀ ਪੁੱਜਦਾ ਕੀਤਾ ਜਾਵੇ|

Advertisement
Author Image

sukhwinder singh

View all posts

Advertisement
Advertisement
×