ਰੂਸ ’ਚ ਫਸੇ ਨੌਜਵਾਨਾਂ ਦੀ ਘਰ ਵਾਪਸੀ ਦੀ ਆਸ ਬੱਝੀ
ਮੋਹਿਤ ਖੰਨਾ/ਅਕਾਂਕਸ਼ਾ ਐੱਨ ਭਾਰਦਵਾਜ
ਡਕਾਲਾ (ਪਟਿਆਲਾ)/ ਜਲੰਧਰ, 9 ਜੁਲਾਈ
ਯੂਕਰੇਨ ਨਾਲ ਜੰਗ ਲੜ ਰਹੇ ਰੂਸ ਵਿੱਚ ਫਸੇ 21 ਸਾਲਾ ਗੁਰਪ੍ਰੀਤ ਸਿੰਘ ਦੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਦਰਅਸਲ, ਰੂਸ ਦੀ ਫ਼ੌਜ ਵੱਲੋਂ ਲੜ ਰਹੇ ਸਾਰੇ ਭਾਰਤੀਆਂ ਨੂੰ ਛੱਡਣ ਤੇ ਉਨ੍ਹਾਂ ਦੀ ਵਾਪਸੀ ਯਕੀਨੀ ਬਣਾਉਣ ਦੇ ਐਲਾਨ ਮਗਰੋਂ ਕਈ ਨੌਜਵਾਨਾਂ ਦੇ ਪਰਿਵਾਰਾਂ ਦੀ ਚਿੰਤਾ ਘਟੀ ਹੈ। ਗੁਰਪ੍ਰੀਤ ਸਿੰਘ ਦੀ ਮਾਂ ਬਲਜਿੰਦਰ ਕੌਰ (41) ਅਤੇ ਪਿਤਾ ਨੈਬ ਸਿੰਘ (45) ਪਟਿਆਲਾ ਤੋਂ ਲਗਪਗ 30 ਕਿਲੋਮੀਟਰ ਦੂਰ ਸਥਿਤ ਪਿੰਡ ਡਕਾਲਾ ਵਿੱਚ ਇੱਕ ਕਮਰੇ ਵਾਲੇ ਘਰ ’ਚ ਰਹਿ ਰਹੇ ਹਨ। ਬਲਜਿੰਦਰ ਕੌਰ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਲਈ ਫਰਿਸ਼ਤੇ ਵਾਂਗ ਹਨ। ਜਦੋਂ ਪ੍ਰਧਾਨ ਮੰਤਰੀ ਨੇ ਰੂਸ ਵਿੱਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਬਾਰੇ ਆਖਿਆ ਤਾਂ ਉਹ ਆਪਣੇ ਪੁੱਤਰ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦੀ।’ ਨੈਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਏਕੜ ਜ਼ਮੀਨ ਹੈ ਤੇ ਗੁਰਪ੍ਰੀਤ ਸਾਲ 2023 ਵਿੱਚ ਰੁਜ਼ਗਾਰ ਲਈ ਸਪੇਨ ਗਿਆ ਸੀ। ਹਾਲਾਂਕਿ ਜਨਵਰੀ 2024 ਵਿੱਚ ਉਹ ਇਸ ਪ੍ਰਭਾਵ ਅਧੀਨ ਰੂਸ ਪੁੱਜ ਗਿਆ ਕਿ ਉੱਥੇ ਉਸ ਨੂੰ ਸੁਰੱਖਿਆ ਗਾਰਡ ਵਜੋਂ ਨੌਕਰੀ ਮਿਲਣੀ ਹੈ। ਉਨ੍ਹਾਂ ਕਿਹਾ, ‘ਜਦੋਂ ਸਾਨੂੰ ਪਤਾ ਲੱਗਾ ਕਿ ਸਾਡਾ ਪੁੱਤਰ ਚੋਖੀ ਆਮਦਨ ਕਮਾਏਗਾ ਤਾਂ ਅਸੀਂ ਬਹੁਤ ਖੁਸ਼ ਹੋਏ, ਪਰ ਜਲਦੀ ਹੀ ਇਹ ਖ਼ੁਸ਼ੀ ਇੱਕ ਡਰਾਉਣੇ ਸੁਪਨੇ ’ਚ ਬਦਲ ਗਈ ਜਦੋਂ ਗੁਰਪ੍ਰੀਤ ਨੇ ਉਨ੍ਹਾਂ ਨੂੰ ਦੱਸਿਆ ਕਿ ਸੁਰੱਖਿਆ ਗਾਰਡ ਦੀ ਬਜਾਇ ਉਸ ਨੂੰ ਤੇ ਕਈ ਹੋਰ ਪੰਜਾਬੀ ਨੌਜਵਾਨਾਂ ਨੂੰ ਜਬਰੀ ਰੂਸ ਦੀ ਫ਼ੌਜ ਵਿੱਚ ਭਰਤੀ ਕਰ ਕੇ ਯੂਕਰੇਨ ਦੀ ਫ਼ੌਜ ਨਾਲ ਲੜਨ ਲਈ ਭੇਜਿਆ ਜਾ ਰਿਹਾ ਹੈ।’ ਪਿੰਡ ਦੇ ਲੋਕ ਹੁਣ ਬੇਸਬਰੀ ਨਾਲ ਗੁਰਪ੍ਰੀਤ ਸਿੰਘ ਦੀ ਉਡੀਕ ਕਰ ਰਹੇ ਹਨ।
ਇਸ ਦੌਰਾਨ ਗੁਰਾਇਆ ਦੇ ਮਨਦੀਪ ਕੁਮਾਰ (31) ਦੇ ਭਰਾ ਜਗਦੀਪ ਕੁਮਾਰ ਦਾ ਆਖਣਾ ਹੈ ਕਿ ਉਨ੍ਹਾਂ ਦੇ ਮਨ ’ਚ ਭਾਵੇਂ ਲਗਾਤਾਰ ਮਾੜੇ ਖਿਆਲ ਆ ਰਹੇ ਹਨ, ਪਰ ਹੁਣ ਰੂਸ ਵੱਲੋਂ ਨੌਜਵਾਨਾਂ ਨੂੰ ਛੱਡਣ ਦੀ ਖ਼ਬਰ ਨਾਲ ਉਨ੍ਹਾਂ ਨੂੰ ਕੁਝ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮਨਦੀਪ ਅਸਲ ’ਚ ਮੁਲਕ ਵਾਪਸ ਮੁੜੇਗਾ, ਉਨ੍ਹਾਂ ਨੂੰ ਉਦੋਂ ਹੀ ਸੁੱਖ ਦਾ ਸਾਹ ਆਵੇਗਾ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਸ ਦਾ ਭਰਾ ਖੱਬੇ ਪੈਰ ਤੋਂ ਵਿਕਲਾਂਗ ਸੀ। ਮਨਦੀਪ ਦੇ ਪਰਿਵਾਰ ਨੂੰ ਉਸ ਨਾਲ ਗੱਲ ਕੀਤਿਆਂ ਲਗਪਗ 4 ਮਹੀਨੇ ਹੋ ਚੁੱਕੇ ਹਨ। ਜਗਦੀਪ ਨੇ ਦੱਸਿਆ ਕਿ ਉਸ ਦਾ ਭਰਾ ਪੈਸੇ ਕਮਾਉਣ ਲਈ ਆਰਮੀਨੀਆ ਗਿਆ ਸੀ, ਜਿੱਥੇ ਉਸਦਾ ਸੰਪਰਕ ਕਪੂਰਥਲਾ ਦੇ ਇੱਕ ਟਰੈਵਲ ਏਜੰਟ ਨਾਲ ਹੋਇਆ। ਉਨ੍ਹਾਂ ਦੱਸਿਆ ਕਿ ਜਦੋਂ ਮਨਦੀਪ ਰੂਸ ਪੁੱਜਾ ਤਾਂ ਉਸ ਨੂੰ ਫ਼ੌਜ ’ਚ ਭਰਤੀ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਮਨਦੀਪ ਨਾਲ ਗੱਲਬਾਤ ਹੋਈ ਹੁੰਦੀ ਤਾਂ ਸਥਿਤੀ ਵੱਖਰੀ ਹੋਣੀ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਬੀਤੀ 3 ਮਾਰਚ ਨੂੰ ਉਨ੍ਹਾਂ ਦੀ ਮਨਦੀਪ ਨਾਲ ਗੱਲ ਹੋਈ ਤਾਂ ਉਹ ਕਾਫ਼ੀ ਘਬਰਾਇਆ ਹੋਇਆ ਸੀ, ਜਿਸ ਮਗਰੋਂ ਉਨ੍ਹਾਂ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਉਸਨੇ ਕਿਹਾ ਕਿ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਇਹ ਮੁੱਦਾ ਸਰਕਾਰ ਕੋਲ ਚੁੱਕਿਆ। ਟੂਰਿਸਟ ਵੀਜ਼ਾ ’ਤੇ ਰੂਸ ਗਏ ਨਵਾਂ ਸ਼ਹਿਰ ਦੇ ਨਰੈਣ ਸਿੰਘ ਦਾ ਪਰਿਵਾਰ ਨੇ ਵੀ ਅਜਿਹੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ। ਉਸ ਦੀ ਭੈਣ ਗੁਰਵਿੰਦਰ ਕੌਰ (25) ਨੇ ਕਿਹਾ, ‘ਪਹਿਲਾਂ ਆ ਜਾਏ, ਫੇਰ ਅਸਲੀ ਖੁਸ਼ੀ ਹੋਏਗੀ।’ ਉਸ ਨੇ ਕਿਹਾ, ‘ਮੇਰੇ ਭਰਾ ਦੇ ਵਾਪਸ ਆਉਣ ਦੀ ਖ਼ਬਰ ਨਾਲ ਮੇਰੀ ਮਾਂ ਨੂੰ ਕੁਝ ਹੌਸਲਾ ਜ਼ਰੂਰ ਹੋਇਆ ਹੈ।’