ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੁਵਕ ਮੇਲਾ ਗਿੱਧੇ ਦੀ ਧਮਾਲ ਨਾਲ ਸਮਾਪਤ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 30 ਸਤੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਦਾ ਤਿੰਨ ਰੋਜ਼ਾ ‘ਬੀ’ ਜ਼ੋਨ ਦਾ ਜ਼ੋਨਲ ਯੁਵਕ ਮੇਲਾ ਅੱਜ ਦੇਰ ਸ਼ਾਮ ਨੂੰ ਲੋਕ ਨਾਚ ਗਿੱਧੇ ਅਤੇ ਗਰੁੱਪ ਡਾਂਸ ਨਾਲ ਸਮਾਪਤ ਹੋ ਗਿਆ। ‘ਏ’ ਡਿਵੀਜ਼ਨ ਵਿੱਚ ਸਵਾਮੀ ਸਵਤੰਤਰਾਨੰਦ ਮੈਮੋਰੀਅਲ ਕਾਲਜ ਦੀਨਾਨਗਰ ਅਤੇ ਬੀ ਡਿਵੀਜ਼ਨ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਯੁਵਕ ਮੇਲੇ ਦੇ ਜੇਤੂ ਬਣੇ ਹਨ। ਏ ਡਿਵੀਜ਼ਨ ਵਿੱਚ ਪਹਿਲਾ ਰਨਰਜ਼ਅੱਪ ਸਵਾਮੀ ਸਵਤੰਤਰਾਨੰਦ ਮੈਮੋਰੀਅਲ ਕਾਲਜ ਦੀਨਾਨਗਰ ਅਤੇ ਦੂਜਾ ਰਨਅਰਜ਼ਅੱਪ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾਨਗਰ ਅਤੇ ਤੀਜਾ ਰਨਅਰਜ਼ਅੱਪ ਆਰਆਰਐੱਮਕੇ ਆਰਿਆ ਮਹਿਲਾ ਮਹਾਵਿਦਿਆਲਿਆ ਐਲਾਨਿਆ ਗਿਆ। ਬੀ ਡਿਵੀਜ਼ਨ ਵਿੱਚ ਪਹਿਲਾ ਰਨਅਰਜ਼ਅੱਪ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਅਤੇ ਦੂਜਾ ਰਨਅਰਜ਼ਅੱਪ ਸਿੱਖ ਨੈਸ਼ਨਲ ਕਾਲਜ ਕਾਦੀਆਂ ਗੁਰਦਾਸਪੁਰ ਅਤੇ ਤੀਜਾ ਰਨਅਰਜ਼ਅੱਪ ਐੱਸਐੱਲ ਬਾਵਾ ਡੀ.ਏ.ਵੀ. ਕਾਲਜ ਬਟਾਲਾ ਰਿਹਾ। ਜੇਤੂਆਂ ਨੂੰ ਇਨਾਮ ਵੰਡਣ ਮੌਕੇ ਸੰਬੋਧਨ ਕਰਦਿਆਂ ਸ਼ਿਵ ਦਰਸ਼ਨ ਸਿੰਘ ਸੰਧੂ ਏ. ਸੀ. ਪੀ. ਵੈਸਟ ਅੰਮ੍ਰਿਤਸਰ ਨੇ ਕਿਹਾ ਕਿ ਇਹ ਯੁਵਕ ਮੇਲੇ ਨੌਜਵਾਨਾਂ ਵਿੱਚ ਊਰਜਾ ਦਾ ਕੰਮ ਕਰਦੇ ਹਨ।
ਉਨ੍ਹਾਂ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਨਾਲ ਨਾਲ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਵੀ ਕੰਮ ਕਰਨ ਲਈ ਪ੍ਰੇਰਿਆ। ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਜੇਤੂ ਕਾਲਜਾਂ ਦੇ ਵਿਦਿਆਰਥੀਆਂ ਨੂੰ ਟਰਾਫੀਆਂ ਪ੍ਰਦਾਨ ਕੀਤੀਆਂ ਅਤੇ ਆਪਣੇ ਸੰਬੋਧਨ ਵਿਚ ਜੇਤੂ ਵਿਦਿਆਰਥੀ ਕਲਾਕਾਰਾਂ ਦੀਆਂ ਟੀਮਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਕਲਾ ਦੀ ਪ੍ਰਸੰਸਾ ਕੀਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਗਿੱਧਾ, ਜਨਰਲ ਡਾਂਸ ਦੇ ਮੁਕਾਬਲੇ, ਵੈਸਟਰਨ ਵੋਕਲ (ਸੋਲੋ), ਵੈਸਟਰਨ ਗਰੁੱਪ ਸਾਂਗ, ਵੈਸਟਰਨ ਇੰਸਟਰੂਮੈਂਟਲ (ਸੋਲੋ) ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਯੁਵਕ ਮੇਲਿਆਂ ਦਾ ਆਯੋਜਨ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਸੁਯੋਗ ਅਗਵਾਈ ਵਿੱਚ ਕਰਵਾਇਆ ਗਿਆ ਸੀ।