ਨੈਕ ਨੇ ਖਾਲਸਾ ਕਾਲਜ ਨੂੰ ਦਿੱਤਾ ਸਰਵੋਤਮ ਗਰੇਡ
ਪੱਤਰ ਪ੍ਰੇਰਕ
ਅੰਮ੍ਰਿਤਸਰ, 30 ਸਤੰਬਰ
ਖਾਲਸਾ ਕਾਲਜ ਆਫ ਐਜੂਕੇਸ਼ਨ, ਜੀ.ਟੀ. ਰੋਡ ਨੂੰ ਨੈਸ਼ਨਲ ਅਸੈਸਮੈਂਟ ਅਤੇ ਅਕਰੀਡੀਟੇਸ਼ਨ ਕੌਂਸਲ ਵੱਲੋਂ ‘ਏ ++ ਗਰੇਡ’ ਨਾਲ ਨਿਵਾਜਿਆ ਗਿਆ। ਕੌਂਸਲ ਦੇ ਪ੍ਰਬੰਧ ਹੇਠ 1954 ’ਚ ਸਥਾਪਿਤ ਕੀਤਾ ਗਿਆ ਇਹ ਕਾਲਜ ‘ਏ++ ਗਰੇਡ’ ਹਾਸਲ ਕਰਨ ਵਾਲਾ ਉੱਤਰੀ ਭਾਰਤ ਦਾ ਪਹਿਲਾ ਐਜੂਕੇਸ਼ਨ ਕਾਲਜ ਬਣ ਗਿਆ ਹੈ। ਨੈਕ ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਹਰੇਕ ਪਹਿਲੂ ਨੂੰ ਘੋਖਣ, ਵਾਚਣ ਅਤੇ ਆਪਣੀ ਨਿਰੀਖਣ ਪ੍ਰੀਕਿਰਿਆ ਨੂੰ ਮੁਕੰਮਲ ਕਰਨ ਉਪਰੰਤ ਕਾਲਜ ਨੂੰ ਸਰਵੋਤਮ ਗਰੇਡ ਦਿੱਤਾ ਗਿਆ ਹੈ। ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਇਸ ਨਾਲ ਸਮੂੰਹ ਖਾਲਸਾ ਸੰਸਥਾਵਾਂ ਦਾ ਕੱਦ ਪੂਰੇ ਦੇਸ਼ ’ਚ ਹੋਰ ਉੱਚਾ ਹੋਇਆ ਹੈ। ਪ੍ਰਿੰ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ 3 ਵਾਰ ‘ਏ ਗ੍ਰੇਡ’ ਪ੍ਰਾਪਤ ਕਰਨ ਉਪਰੰਤ ਚੌਥੀ ਵਾਰ ਮੁਲਾਂਕਣ ਲਈ ਨਿਰਧਾਰਿਤ 3 ਮੈਬਰੀ ਨੈਕ ਟੀਮ ’ਚ ਇੰਡੀਅਨ ਇੰਸਟੀਚਿਊਟ ਆਫ ਟੀਚਰ ਐਜੂਕੇਸ਼ਨ ਦੇ ਉਪ ਕੁਲਪਤੀ ਡਾ. ਕਲਪੇਸ਼ ਕੁਮਾਰ ਪਾਠਕ ਨੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਮਹਾਰਾਸ਼ਟਰ ਪ੍ਰੋਫੈਸਰ (ਚੇਅਰਪਰਸਨ) ਡਾ. ਆਦਰਸ਼ ਲਤਾ ਸਿੰਘ ਨੇ ਮੈਂਬਰ ਕੋ-ਆਰਡੀਨੇਟਰ ਅਤੇ ਥ੍ਰੀਵਲੂਵਰ ਟੀਚਰ ਐਜੂਕੇਸ਼ਨ, ਤਾਮਿਲਨਾਡੂ ਪ੍ਰਿੰਸੀਪਲ ਡਾ. ਸਿਵਾ ਕੁਮਾਰ ਨੇ ਟੀਮ ਮੈਂਬਰ ਦੇ ਤੌਰ ’ਤੇ ਨੈਕ ਵੱਲੋਂ ਨਿਰਧਾਰਿਤ ਮਾਪਦੰਡਾਂ ਨੂੰ ਘੋਖਿਆ ਅਤੇ ਆਪਣੇ ਸੁਝਾਵਾਂ ਨਾਲ ਭਵਿੱਖ ’ਚ ਵਧੇਰੇ ਸੁਧਾਰਾਂ ਦੀ ਆਸ ਨਾਲ ਆਪਣੀ ਨਿਰੀਖਣ ਪ੍ਰੀਕਿਰਿਆ ਨੂੰ ਮੁਕੰਮਲ ਕਰਨ ਉਪਰੰਤ ਕਾਲਜ ਨੂੰ ਇਸ ਸਰਵੋਤਮ ਗਰੇਡ ਨਾਲ ਨਿਵਾਜਿਆ ਹੈ।