ਡੀਏਵੀ ਗਰਲਜ਼ ਕਾਲਜ ਦਾ ਯੁਵਕ ਮੇਲਾ ਯਾਦਗਾਰੀ ਹੋ ਨਿੱਬੜਿਆ
ਦੇਵਿੰਦਰ ਸਿੰਘ
ਯਮੁਨਾਨਗਰ, 22 ਨਵੰਬਰ
ਡੀਏਵੀ ਗਰਲਜ਼ ਕਾਲਜ ਵਿੱਚ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਦਾ ਸਮਾਪਤੀ ਸਮਾਗਮ ਯਾਦਗਾਰੀ ਹੋ ਨਿੱਬੜਿਆਂ। ਯਮੁਨਾਨਗਰ ਦੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਯੁਵਕ ਮੇਲੇ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਤੇ ਸਾਕਾਰਾਤਮਕ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਪ੍ਰਤੀ ਆਪਣਾ ਫਰਜ਼ ਪਛਾਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਨਾ ਸਿਰਫ਼ ਵਿਅਕਤੀ ਦਾ ਜੀਵਨ ਬਰਬਾਦ ਕਰਦਾ ਹੈ ਸਗੋਂ ਸਮਾਜ ਅਤੇ ਦੇਸ਼ ਨੂੰ ਵੀ ਕਮਜ਼ੋਰ ਕਰਦਾ ਹੈ। ਆਈਟੀਆਈ ਯਮੁਨਾਨਗਰ ਦੇ ਪ੍ਰਿੰਸੀਪਲ ਦੀਪੇਸ਼ ਮਹਿੰਦਰੂ ਨੇ ਕਿਹਾ ਕਿ ਯੁਵਕ ਉਤਸਵ ਵਰਗੇ ਪ੍ਰੋਗਰਾਮ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹਨ, ਜਿੱਥੇ ਉਹ ਆਪਣੀ ਪ੍ਰਤਿਭਾ ਨੂੰ ਪਛਾਣ ਸਕਦੇ ਹਨ ਅਤੇ ਆਪਣੇ ਹੁਨਰ ਨੂੰ ਨਿਖਾਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਜ਼ਿਲ੍ਹੇ ਭਰ ਦੇ ਨੌਜਵਾਨਾਂ ਨੇ ਵੱਖ-ਵੱਖ ਸੱਭਿਆਚਾਰਕ, ਵਿੱਦਿਅਕ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਪਤੀ ਸਮਾਗਮ ਵਿੱਚ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸਾਰਿਆਂ ਦਾ ਮਨ ਮੋਹ ਲਿਆ।
ਵਿਧਾਇਕ ਅਰੋੜਾ ਨੇ ਕਿਹਾ ਕਿ ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ, ਯੁਵਕ ਵਿਕਾਸ ਵਿਭਾਗ ਅਤੇ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਕਰਵਾਇਆ ਗਿਆ। ਇਹ ਸਮਾਗਮ ਨਾ ਸਿਰਫ਼ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦਾ ਮੰਚ ਬਣਿਆ ਸਗੋਂ ਸਮਾਜ ਵਿੱਚ ਜਾਗਰੂਕਤਾ ਅਤੇ ਸਕਾਰਾਤਮਕਤਾ ਦਾ ਸੁਨੇਹਾ ਦੇਣ ਵਾਲਾ ਵੀ ਬਣਿਆ ਹੈ। ਜ਼ਿਲ੍ਹਾ ਯੁਵਾ ਅਧਿਕਾਰੀ ਯਮੁਨਾਨਗ ਓਮਕਾਰ ਸਵਾਮੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਊਰਜਾ ਅਤੇ ਉਤਸ਼ਾਹ ਬੇਅੰਤ ਹੈ। ਇਸ ਊਰਜਾ ਨੂੰ ਸਹੀ ਦਿਸ਼ਾ ’ਚ ਚਲਾ ਕੇ ਅਸੀਂ ਸਮਾਜ ਅਤੇ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲਿਜਾ ਸਕਦੇ ਹਾਂ।
ਇਸ ਮੌਕੇ ਐੱਨਐੱਸਐੱਸ ਦੇ ਜ਼ਿਲ੍ਹਾ ਕੋਆਰਡੀਨੇਟਰ ਅਨੁਜ ਕੁਮਾਰ, ਆਈਟੀਆਈ ਸਢੌਰਾ ਦੇ ਪ੍ਰਿੰਸੀਪਲ ਅਸ਼ਵਨੀ ਕੁਮਾਰ, ਪਲੇਸਮੈਂਟ ਅਫਸਰ ਪਵਨ ਕੰਬੋਜ, ਆਈਟੀਆਈ ਛਛਰੌਲੀ ਦੇ ਪ੍ਰਿੰਸੀਪਲ ਰਾਮ ਕੁਮਾਰ ਧੀਮਾਨ, ਆਈਟੀਆਈ ਸਰਸਵਤੀ ਨਗਰ ਦੇ ਭੁਪਿੰਦਰ ਕੰਬੋਜ, ਆਈਟੀਆਈ ਨਾਚਰੌਨ ਦੇ ਪ੍ਰਿੰਸੀਪਲ ਸਤੀਸ਼ ਜੱਜ, ਸਢੌਰਾ ਦੇ ਗਰੁੱਪ ਇੰਸਟ੍ਰਕਟਰ ਰਵਿੰਦਰ ਕੁਮਾਰ ਅਤੇ ਸਢੌਰਾ ਦੇ ਜੂਨੀਅਰ ਪਲੇਸਮੈਂਟ ਅਧਿਕਾਰੀ ਹਾਜ਼ਰ ਸਨ।
ਯੁਵਕ ਮੇਲੇ ’ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਅੱਜ ਆਰੀਆ ਕੰਨਿਆ ਕਾਲਜ ਵਿੱਚ ਖੇਤਰੀ ਯੁਵਕ ਤੇ ਅੰਤਰ-ਖੇਤਰੀ ਯੁਵਕ ਮੇਲੇ ’ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਦੀ ਪ੍ਰਿੰਸੀਪਲ ਆਰਤੀ ਤਰੇਹਨ ਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਲਾਲ ਗੁਪਤਾ ਤੇ ਮੈਂਬਰਾ ਵੱਲੋਂ ਸਨਮਾਨਿਤ ਕੀਤਾ ਗਿਆ। ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਇਹ ਯੁਵਕ ਮੇਲਾ ਆਰਕੇਐੱਸਡੀ ਕਾਲਜ ਕੈਥਲ ਵਿੱਚ ਕਰਵਾਇਆ ਗੀਆ ਸੀ, ਜਿਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ 19 ਕਲਾਵਾਂ ਹਿੱਸਾ ਲਿਆ ਸੀ। ਕਾਲਜ ਦੀ ਪ੍ਰਿੰਸੀਪਲ ਆਰਤੀ ਤਰੇਹਨ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੇ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਪ੍ਰੇਰਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਲਾਲ ਗੁਪਤਾ ਨੇ ਵਿਦਿਆਰਥਣਾਂ ਦੀ ਜਿੱਤ ਦਾ ਸਿਹਰਾ ਪ੍ਰਿੰਸੀਪਲ ਤੇ ਕੈਪਟਨ ਡਾ. ਜੋਤੀ ਸ਼ਰਮਾ ਨੂੰ ਦਿੱਤਾ। ਵਿਦਿਆਰਥਣਾਂ ਨੇ ਰੰਗੋਲੀ ਮੁਕਾਬਲੇ ’ਚੋਂ ਪਹਿਲਾ, ਮਹਿੰਦੀ ਲਾਈਟ ਵੋਕਲ ਇੰਡੀਅਨ, ਲੋਕ ਗੀਤ ਆਨ ਦੀ ਸਪਾਟ ਫੋਟੋਗਰਾਫੀ ਵੈਸਟਰਨ ਇੰਸਟਰੂਮੈਂਟ ਵਿੱਚੋਂ ਦੂਜਾ ਸਥਾਨ ਤੇ ਰੀਚੂਅਲ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਖਜ਼ਾਨਚੀ ਵਿਸ਼ਣੂ ਭਗਵਾਨ ਗੁਪਤਾ, ਵਾਈਸ ਪ੍ਰਧਾਨ ਕੁਲਦੀਪ ਕੁਮਾਰ ਗੁਪਤਾ ਤੇ ਕਾਲਜ ਦੀ ਸਾਬਕਾ ਪ੍ਰਿੰਸੀਪਲ ਰਮਨ ਕਾਂਤਾ ਤੇ ਮਹਿੰਦਰ ਕਾਂਸਲ ਨੇ ਜੇਤੂਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਯੁਵਾ ਉਤਸਵ ਸੀਮਿਤੀ ਦੇ ਮੈਂਬਰ ਸੰਤੋਸ਼, ਡਾ. ਸਵਰਿਤੀ ਸ਼ਰਮਾ, ਰਜਨੀ ਧਵਨ, ਨਮਰਤਾ, ਪੂਜਾ, ਮਮਤਾ, ਸ਼ਿਵਾਨੀ ਸ਼ਰਮਾ, ਸਿਮਰਨਜੀਤ ਕੌਰ, ਮਹੇਸ਼ ਧੀਮਾਨ ਡਾ. ਰਾਗਨੀ ਮਿਸ਼ਰਾ, ਰਾਧਿਕਾ ਗੁਪਤਾ, ਕੈਪਟਨ ਜੋਤੀ ਸ਼ਰਮਾ ਆਦਿ ਮੌਜੂਦ ਸਨ।