21 ਕਿੱਲੋ ਭੁੱਕੀ ਸਣੇ ਕਾਬੂ; ਮੁਲਜ਼ਮ ਨੂੰ ਚਾਰ ਦਿਨ ਦੇ ਰਿਮਾਂਡ ’ਤੇ ਭੇਜਿਆ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 25 ਨਵੰਬਰ
ਸੀਆਈਏ-2 ਅੰਬਾਲਾ ਦੀ ਟੀਮ ਨੇ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਵਿਚ ਕਾਰਵਾਈ ਕਰਦੇ ਹੋਏ ਸੁਖਦੇਵ ਸਿੰਘ ਵਾਸੀ ਪਿੰਡ ਸਿੰਘਪੁਰਾ ਥਾਣਾ ਜ਼ੀਰਕਪੁਰ (ਮੁਹਾਲੀ) ਨੂੰ 20 ਕਿੱਲੋ 600 ਗਰਾਮ ਚੂਰਾ ਪੋਸਤ ਸਮੇਤ ਕਾਬੂ ਕਰਕੇ ਅਦਾਲਤ ਦੇ ਹੁਕਮਾਂ ’ਤੇ ਚਾਰ ਦਿਨ ਦੇ ਰਿਮਾਂਡ ’ਤੇ ਲਿਆ ਹੈ। ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਹੋਰ ਪੁੱਛ-ਗਿੱਛ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ 24 ਨਵੰਬਰ ਨੂੰ ਸੀਆਈਏ-2 ਅੰਬਾਲਾ ਨੂੰ ਸੂਚਨਾ ਮਿਲੀ ਸੀ ਕਿ ਸੁਖਦੇਵ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੰਮ ਕਰਦਾ ਹੈ ਅਤੇ ਕੈਂਟਰ ਵਿਚ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਲੈ ਕੇ ਦਿੱਲੀ ਤੋਂ ਪੰਜਾਬ ਵੱਲ ਜਾਂਦਿਆਂ ਅੰਬਾਲਾ ਛਾਉਣੀ ਦੇ ਥਾਣਾ ਪੜਾਓ ਖੇਤਰ ਵਿਚੋਂ ਲੰਘੇਗਾ। ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਐਨਐਚ-44 ’ਤੇ ਨਾਕਾਬੰਦੀ ਕੀਤੀ ਅਤੇ ਜਦੋਂ ਸ਼ੱਕੀ ਕੈਂਟਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 20 ਕਿੱਲੋ 600 ਗਰਾਮ ਚੂਰਾ ਪੋਸਤ ਬਰਾਮਦ ਹੋਇਆ। ਮੁਲਜ਼ਮ ਦੀ ਪਹਿਚਾਣ ਸੁਖਦੇਵ ਸਿੰਘ ਨਿਵਾਸੀ ਸਿੰਘਪੁਰਾ ਥਾਣਾ ਜ਼ੀਰਕਪੁਰ (ਮੋਹਾਲੀ) ਪੰਜਾਬ ਵਜੋਂ ਹੋਈ ਜਿਸ ਨੂੰ ਕੈਂਟਰ ਸਣੇ ਗ੍ਰਿਫ਼ਤਾਰ ਕਰਕੇ ਥਾਣਾ ਪੜਾਓ ਵਿਚ ਮਾਮਲਾ ਦਰਜ ਕੀਤਾ ਗਿਆ ਅਤੇ ਅੱਜ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦੇ ਰਿਮਾਂਡ ਤੇ ਲਿਆ ਹੈ।