ਨੌਜਵਾਨ ਦੀ ਭੇਤ-ਭਰੀ ਹਾਲਤ ਵਿੱਚ ਮੌਤ
ਪੱਤਰ ਪ੍ਰੇਰਕ
ਭਵਾਨੀਗੜ੍ਹ, 27 ਮਾਰਚ
ਸ਼ਹਿਰ ਦੇ ਅਜੀਤ ਨਗਰ ਦੇ ਵਸਨੀਕ ਇੱਕ ਨੌਜਵਾਨ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਪੁਲੀਸ ਵੱਲੋਂ ਮਾਪਿਆਂ ਦੀ ਸ਼ਿਕਾਇਤ ’ਤੇ ਇੱਕ ਔਰਤ ਸਮੇਤ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਕਾਲਾ ਰਾਮ ਨੇ ਭਵਾਨੀਗੜ੍ਹ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪੁੱਤਰ ਕੈਲਾਸ਼ ਕੁਮਾਰ ਨੂੰ ਜੀਤੀ ਵੱਲੋਂ ਪੁਰਾਣੇ ਬੱਸ ਸਟੈਂਡ ’ਤੇ ਉਨ੍ਹਾਂ ਦੇ ਖੋਖੇ ’ਤੇ ਬੁਲਾਇਆ ਗਿਆ। ਕੁੱਝ ਸਮੇਂ ਬਾਅਦ ਜਦੋਂ ਉਹ ਆਪ ਖੋਖੇ ’ਤੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਕੈਲਾਸ਼ ਕੁਮਾਰ ਨੂੰ ਜੀਤੀ ਅਤੇ ਉਸ ਨਾਲ ਰਹਿੰਦੀ ਇੱਕ ਔਰਤ ਬਬਲੀ ਨਾਭਾ ਵੱਲ ਆਪਣੇ ਨਾਲ ਲੈ ਗਏ ਹਨ। ਉਸ ਨੇ ਆਪਣੇ ਪੁੱਤਰ ਕੈਲਾਸ਼ ਕੁਮਾਰ ਨੂੰ ਫੋਨ ਕੀਤਾ ਜੋ ਉਸ ਨੇ ਨਹੀਂ ਚੁੱਕਿਆ। ਇਸ ਉਪਰੰਤ ਉਹ ਆਪਣੀ ਪਤਨੀ ਨੀਲਮ ਨੂੰ ਨਾਲ ਲੈ ਕੇ ਜੀਤੀ ਦੇ ਘਰ ਪਹੁੰਚੇ ਜਿੱਥੇ ਜੀਤੀ ਦੀ ਮਾਤਾ ਨੇ ਉਸ ਨਾਲ ਫੋਨ ’ਤੇ ਗੱਲ ਕਰਵਾਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜੀਤੀ ਨੇ ਦੱਸਿਆ ਕਿ ਕੈਲਾਸ਼ ਉਨ੍ਹਾਂ ਨਾਲ ਹੈ ਤੇ ਉਹ ਨਾਭਾ ਕੈਂਚੀਆਂ ਵਾਲੇ ਸ਼ਮਸ਼ਾਨਘਰ ਦੇ ਪਾਸ ਹਨ। ਜਦੋਂ ਉਹ ਸ਼ਮਸ਼ਾਨਘਰ ਪਹੁੰਚੇ ਤਾਂ ਕੈਲਾਸ਼ ਕੁਮਾਰ ਉੱਥੇ ਬੇਸੁੱਧ ਹਾਲਤ ਵਿੱਚ ਬੈਂਚ ’ਤੇ ਪਿਆ ਸੀ। ਉਨ੍ਹਾਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਜੀਤੀ ਅਤੇ ਬਬਲੀ ਨੇ ਕੈਲਾਸ਼ ਕੁਮਾਰ ਨੂੰ ਕਿਸੇ ਕਿਸਮ ਦੀ ਗਲਤ ਦਵਾਈ ਦੇ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਤੱਕ ਦੋਵੇਂ ਪੁਲੀਸ ਗ੍ਰਿਫ਼ਤ ਤੋਂ ਬਾਹਰ ਹਨ।
ਧੂਰੀ: ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦੀ ਮੌਤ
ਧੂਰੀ (ਹਰਦੀਪ ਸਿੰਘ ਸੋਢੀ): ਥਾਣਾ ਸਦਰ ਧੂਰੀ ਦੀ ਪੁਲੀਸ ਨੇ ਇੱਕ ਨੌਜਵਾਨ ਨੂੰ ਜਬਰੀ ਘਰੋਂ ਚੁੱਕ ਕੇ ਲਿਜਾਣ ਅਤੇ ਉਸਦੀ ਕੁੱਟਮਾਰ ਕਰ ਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਹੇਠ ਇੱਕ ਅਣਪਛਾਤੇ ਸਮੇਤ ਚਾਰ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ। ਲੰਘੇ ਦਿਨ ਇਸ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ਮਗਰੋਂ ਪੁਲੀਸ ਵੱਲੋਂ ਕੇਸ ’ਚ ਆਈਪੀਸੀ ਦੀ ਧਾਰਾ 302 ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਸਦਰ ਧੂਰੀ ਦੇ ਐੱਸਐੱਚਓ ਜਗਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਪੀਜੀਆਈ ਚੰਡੀਗੜ੍ਹ ਤੋਂ ਉਕਤ ਨੌਜਵਾਨ ਦੇ ਦਾਖਲ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ, ਪ੍ਰੰਤੂ ਨੌਜਵਾਨ ਦੇ ਅਨਫਿੱਟ ਹੋਣ ਕਾਰਨ ਉਸਦੀ ਮਾਤਾ ਦੇ ਬਿਆਨਾਂ ’ਤੇ ਅਮਨਪ੍ਰੀਤ ਸਿੰਘ ਉਰਫ ਵਿੱਕੀ, ਹਰਮਨਜੋਤ ਸਿੰਘ ਉਰਫ ਸੰਘਾ, ਇੰਦਰਜੀਤ ਸਿੰਘ ਵਾਸੀਆਨ ਪਿੰਡ ਦੋਹਲਾ ਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਮੌਤ ਹੋ ਜਾਣ ਤੋਂ ਬਾਅਦ ਪੁਲੀਸ ਵੱਲੋਂ ਕੇਸ ’ਚ ਕਤਲ ਦੀ ਧਾਰਾ ਦਾ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਅਤੇ ਨਾਮਜ਼ਦ ਤਿੰਨੋਂ ਮੁਲਜ਼ਮ ਪੁਲੀਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਗ੍ਰਿਫ਼ਤਾਰ ਕਰ ਲਏ ਹਨ।