For the best experience, open
https://m.punjabitribuneonline.com
on your mobile browser.
Advertisement

ਸਿਗਰਟ ਪੀਣ ਤੋਂ ਰੋਕਣ ’ਤੇ ਨੌਜਵਾਨ ਨੂੰ ਰੇਲ ਗੱਡੀ ਤੋਂ ਸੁੱਟਿਆ

07:23 AM Jun 28, 2024 IST
ਸਿਗਰਟ ਪੀਣ ਤੋਂ ਰੋਕਣ ’ਤੇ ਨੌਜਵਾਨ ਨੂੰ ਰੇਲ ਗੱਡੀ ਤੋਂ ਸੁੱਟਿਆ
Advertisement

ਗੁਰਿੰਦਰ ਸਿੰਘ/ਨਿਖਿਲ ਭਾਰਦਵਾਜ
ਲੁਧਿਆਣਾ, 27 ਜੂਨ
ਜੰਮੂ ਤੋਂ ਅਹਿਮਦਾਬਾਦ ਜਾ ਰਹੇ ਨੌਜਵਾਨ ਨੂੰ ਰੇਲ ਗੱਡੀ ਵਿੱਚ ਸਵਾਰ ਤਿੰਨ ਯਾਤਰੀਆਂ ਨੇ ਸਿਰਫ਼ ਇਸ ਗੱਲ ’ਤੇ ਡੱਬੇ ਤੋਂ ਬਾਹਰ ਸੁੱਟ ਦਿੱਤਾ ਕਿਉਂਕਿ ਉਸ ਨੇ ਉਨ੍ਹਾਂ ਨੂੰ ਡੱਬੇ ਵਿੱਚ ਸਿਗਰਟ ਪੀਣ ਤੋਂ ਰੋਕਿਆ ਸੀ। ਗੰਭੀਰ ਸੱਟਾਂ ਲੱਗਣ ਕਾਰਨ ਨੌਜਵਾਨ ਦਾ ਕਮਰ ਤੋਂ ਹੇਠਲਾ ਹਿੱਸਾ ਪੂਰੀ ਤਰ੍ਹਾਂ ਨਕਾਰਾ ਹੋ ਗਿਆ। ਗਰਦਨ ’ਤੇ ਸੱਟਾਂ ਲੱਗਣ ਦੇ ਮੱਦੇਨਜ਼ਰ ਬੋਲ ਨਾ ਪਾਉਣ ਕਾਰਨ ਉਸ ਨੇ ਘਟਨਾ ਤੋਂ ਲਗਪਗ ਸਵਾ ਮਹੀਨੇ ਮਗਰੋਂ ਮੋਬਾਈਲ ’ਤੇ ਟਾਈਪ ਕਰ ਕੇ ਪੁਲੀਸ ਕੋਲ ਐੱਫਆਈਆਰ ਦਰਜ ਕਰਵਾਈ ਹੈ।
ਥਾਣਾ ਜੀਆਰਪੀ ਦੇ ਥਾਣੇਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗਰੇਟਰ ਕੈਲਾਸ਼ ਨਗਰ, ਜੰਮੂ ਵਾਸੀ ਪੀੜਤ ਨੌਜਵਾਨ ਤੁਸ਼ਾਰ ਠਾਕੁਰ (23) ਨੇ ਹੁਣ ਘਟਨਾ ਸਬੰਧੀ ਸ਼ਿਕਾਇਤ ਦਿੱਤੀ ਹੈ ਕਿਉਂਕਿ ਉਹ ਰੇਲ ਗੱਡੀ ਵਿੱਚੋਂ ਬਾਹਰ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਲਾਜ ਲਈ ਉਹ ਡੀਐੱਮਸੀ ਹਸਪਤਾਲ ਵਿੱਚ ਲੰਮਾ ਸਮੇਂ ਤੋਂ ਵੈਂਟੀਲੇਟਰ ’ਤੇ ਹੈ। ਉਸ ਦੇ ਮੂੰਹ ਤੇ ਗਰਦਨ ਵਿੱਚ ਭੋਜਨ ਅਤੇ ਸਾਹ ਦੀਆਂ ਨਾਲੀਆਂ ਲੱਗੀਆਂ ਹੋਣ ਕਾਰਨ ਉਹ ਬੋਲ ਨਹੀਂ ਸੀ ਸਕਦਾ। ਇਸ ਲਈ ਉਸਨੇ ਆਪਣਾ ਬਿਆਨ ਮੋਬਾਈਲ ’ਤੇ ਟਾਈਪ ਕਰ ਕੇ ਭੇਜਿਆ ਹੈ।ਬਿਆਨ ਵਿੱਚ ਤੁਸ਼ਾਰ ਠਾਕੁਰ ਨੇ ਦੱਸਿਆ ਕਿ ਉਹ 19 ਮਈ ਨੂੰ ਜੰਮੂ ਤੋਂ ਅਹਿਮਦਾਬਾਦ ਲਈ ਰੇਲ ਗੱਡੀ ’ਤੇ ਸਰਵਿਸ ਸਿਲੈਕਸ਼ਨ ਬੋਰਡ (ਐੱਸਐੱਸਬੀ) ਦੀ ਇੰਟਰਵਿਊ ਦੇਣ ਜਾ ਰਿਹਾ ਸੀ। ਰੇਲ ਗੱਡੀ ’ਤੇ ਡੱਬੇ ਵਿੱਚ ਕੁੱਝ ਨੌਜਵਾਨ ਸਿਗਰਟਨੋਸ਼ੀ ਕਰ ਰਹੇ ਸਨ। ਉਸ ਵੱਲੋਂ ਸਿਗਰਟ ਪੀਣ ਤੋਂ ਰੋਕੇ ਜਾਣ ਕਾਰਨ ਉਸ ਦੀ ਉਨ੍ਹਾਂ ਨਾਲ ਬਹਿਸ ਹੋ ਗਈ। ਬਾਅਦ ਵਿੱਚ ਮੁਲਜ਼ਮਾਂ ਨੇ ਉਸ ਨੂੰ ਧੱਕਾ ਦੇ ਕੇ ਡੱਬੇ ਵਿੱਚੋਂ ਬਾਹਰ ਸੁੱਟ ਦਿੱਤਾ।
ਇਸ ਹਾਦਸੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਡੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਹ ਲੰਮਾ ਸਮਾਂ ਵੈਂਟੀਲੇਟਰ ’ਤੇ ਰਿਹਾ ਅਤੇ ਹੁਣ ਹੋਸ਼ ਵਿਚ ਆਇਆ ਹੈ। ਥਾਣੇਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਸੀਸੀਟੀਵੀ ਫੁਟੇਜ ਦੀ ਮਦਦ ਲਈ ਜਾ ਰਹੀ ਹੈ।

Advertisement

ਪਰਿਵਾਰ ਨੇ ਇਲਾਜ ਲਈ ਸਰਕਾਰ ਤੋਂ ਮਦਦ ਮੰਗੀ

ਜੰਮੂ ਦੇ ਊਰਜਾ ਵਿਭਾਗ ਵਿੱਚ ਤਾਇਨਾਤ ਤੁਸ਼ਾਰ ਦੇ ਪਿਤਾ ਵਰਿੰਦਰ ਸਿੰਘ ਨੇ ਆਪਣੇ ਲੜਕੇ ਦੇ ਹੋਰ ਇਲਾਜ ਲਈ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਪੁੱਤਰ ਦੇ ਇਲਾਜ ’ਤੇ ਹੁਣ ਤੱਕ ਸੱਤ ਲੱਖ ਰੁਪਏ ਖਰਚ ਚੁੱਕੇ ਹਾਂ। ਔਸਤ ਆਮਦਨ ਹੋਣ ਕਾਰਨ ਮੈਂ ਆਪਣੇ ਲੜਕੇ ਦੇ ਇਲਾਜ ਦਾ ਹੋਰ ਖਰਚਾ ਨਹੀਂ ਝੱਲ ਸਕਦਾ।’’ ਉਨ੍ਹਾਂ ਕਿਹਾ, ‘‘ਸਰਕਾਰ ਤੁਸ਼ਾਰ ਦੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਬੈੱਡ ਦਾ ਪ੍ਰਬੰਧ ਕਰੇ ਜਾਂ ਇਲਾਜ ਲਈ ਵਿੱਤੀ ਸਹਾਇਤਾ ਦੇਵੇ।’’ ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਇਹ ਵੱਡੀ ਘਟਨਾ ਹੈ ਅਤੇ ਇਸ ਨੂੰ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਰੇਲ ਮੰਤਰਾਲੇ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਤੁਸ਼ਾਰ ਦਾ ਸੁਫ਼ਨਾ ਫੌਜ ਵਿੱਚ ਭਰਤੀ ਹੋਣਾ ਸੀ।

Advertisement
Author Image

sukhwinder singh

View all posts

Advertisement
Advertisement
×