ਨੌਜਵਾਨ ਨੇ ਖ਼ੁਦ ਨੂੰ ਗੋਲੀ ਮਾਰੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਕਤੂਬਰ
ਇੱਥੇ ਬੀਤੀ ਦੇਰ ਰਾਤ ਇੱਕ ਨੌਜਵਾਨ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ (32) ਪੁੱਤਰ ਗੁਰਦਰਸ਼ਨ ਸਿੰਘ ਵਾਸੀ ਨੌਰਥ ਈਸਟ ਕਲੋਨੀ ਬਠਿੰਡਾ ਵਜੋਂ ਹੋਈ ਹੈ। ਹਰਪਾਲ ਸਿੰਘ ਪੰਜਾਬ ਪੁਲੀਸ ਦੇ ਸੇਵਾਮੁਕਤ ਥਾਣੇਦਾਰ ਦਾ ਜਵਾਈ ਸੀ ਅਤੇ ਆਪਣੀ ਪਤਨੀ ਨਾਲ ਪਟਿਆਲਾ ਦੇ ਦਰਸ਼ਨ ਨਗਰ ਵਿੱਚ ਰਹਿ ਰਿਹਾ ਸੀ। ਹਰਪਾਲ ਪ੍ਰਾਈਵੇਟ ਨੌਕਰੀ ਕਰਦਾ ਸੀ ਪਰ ਵਿਦੇਸ਼ ਜਾਣ ਦਾ ਇੱਛੁਕ ਸੀ ਅਤੇ ਜੱਦੋ-ਜਹਿਦ ਕਰਨ ਦੇ ਬਾਵਜੂਦ ਗੱਲ ਨਾ ਬਣਨ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਭਾਵੇਂ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਪਰ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਬੀਤੀ ਰਾਤ ਜਦੋਂ ਹਰਪਾਲ ਆਪਣੀ ਕਰੂਜ ਕਾਰ ਵਿੱਚ ਇਕੱਲਾ ਜਾ ਰਿਹਾ ਸੀ ਤਾਂ ਕਰੀਬ 10 ਤੋਂ 11 ਵਜੇ ਦੇ ਦਰਮਿਆਨ ਉਸ ਨੇ ਲੀਲਾ ਭਵਨ ਅਤੇ ਖੰਡਾ ਚੌਕ ਵਿਚਾਲੇ ਪੈਂਦੇ ਲਹਿਲ ਚੌਕ ਨੇੜੇ ਚੱਲਦੀ ਕਾਰ ਵਿੱਚ ਹੀ 32 ਬੋਰ ਦੇ ਲਾਇਸੈਂਸੀ ਪਿਸਤੌਲ ਨਾਲ ਸੱਜੀ ਪੁੜਪੁੜੀ ’ਚ ਗੋਲੀ ਮਾਰ ਲਈ, ਜਿਸ ਮਗਰੋਂ ਕਾਰ ਥੋੜ੍ਹੀ ਦੂਰ ਜਾਣ ਉਪਰੰਤ ਡਿਵਾਈਡਰ ਵਿਚ ਵੱਜ ਕੇ ਰੁਕ ਗਈ। ਕਿਸੇ ਰਾਹਗੀਰ ਤੋਂ ਸੂਚਨਾ ਮਿਲਣ ’ਤੇ ਥਾਣਾ ਸਿਵਲ ਲਾਈਨ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਬੀਰ ਸਿੰਘ ਚਾਹਲ ਪੁਲੀਸ ਟੀਮ ਸਣੇ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਨੰਬਰ ਟਰੇਸ ਕਰਕੇ ਹਰਪਾਲ ਦੀ ਪਤਨੀ ਨੂੰ ਮੌਕੇ ’ਤੇ ਬੁਲਾਇਆ। ਭਾਵੇਂ ਅਸਲ ਸਥਿਤੀ ਪੋਸਟ ਮਾਰਟਮ ਰਿਪੋਰਟ ਤੋਂ ਸਪੱਸ਼ਟ ਹੋਵੇਗੀ, ਪਰ ਕਾਰ ਵਿੱਚੋਂ ਮਿਲੀ ਬੋਤਲ ਤੋਂ ਪੁਲੀਸ ਅੰਦਾਜ਼ਾ ਲਾ ਰਹੀ ਹੈ ਕਿ ਗੋਲੀ ਮਾਰਨ ਤੋਂ ਪਹਿਲਾਂ ਹਰਪਾਲ ਸਿੰਘ ਨੇ ਤਕਰੀਬਨ ਪੌਣੀ ਬੋਤਲ ਸ਼ਰਾਬ ਪੀਤੀ ਸੀ। ਕਾਰ ਵਿੱਚੋਂ ਜਾਂ ਘਰੋਂ ਪੁਲੀਸ ਨੂੰ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਪੁਲੀਸ ਨੇ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਹੈ, ਜਿਸ ਦੀ ਥਾਣਾ ਮੁਖੀ ਇੰਸਪੈਕਟਰ ਅੰਮ੍ਰਿਤਬੀਰ ਚਾਹਲ ਨੇ ਪੁਸ਼ਟੀ ਕੀਤੀ ਹੈ।