ਡੀਐੱਸਪੀ ਬਿਕਰਮ ਬਰਾੜ ਦੀ ਗੈਂਗਸਟਰ ਗੋਲਡੀ ਬਰਾੜ ਨਾਲ ਫੋਨ ਕਾਲ ਰਿਕਾਰਡਿੰਗ ਵਾਇਰਲ
ਹਰਜੀਤ ਸਿੰਘ
ਡੇਰਾਬੱਸੀ, 30 ਦਸੰਬਰ
ਇੱਥੋਂ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਸਿੱਧੂ ਮੂਸੇਵਾਲਾ ਦਾ ਕਥਿਤ ਕਤਲ ਕਰਵਾਉਣ ਵਾਲੇ ਮੁੱਖ ਸਾਜ਼ਿਸ਼ਘਾੜੇ ਗੈਂਗਸਟਰ ਗੋਲਡੀ ਬਰਾੜ ਨਾਲ ਫੋਨ ’ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਂਝ ਇਹ ਕਾਲ ਰਿਕਾਰਡਿੰਗ ਪੁਰਾਣੀ ਜਾਪ ਰਹੀ ਹੈ ਜਿਸ ਵਿੱਚ ਗੋਲਡੀ ਬਰਾੜ ਨਾਲ ਡੀਐੱਸਪੀ ਬਰਾੜ ਦੀ ਕਾਫੀ ਗਰਮਾ-ਗਰਮੀ ਹੋ ਰਹੀ ਹੈ ਜਿਸ ਵਿੱਚ ਉਹ (ਗੋਲਡੀ) ਇਸ ਸਾਲ ਅਪਰੈਲ ਮਹੀਨੇ ਵਿੱਚ ਰੂਸ ਵਿੱਚ ਕਤਲ ਕੀਤੇ ਗਏ ਗੈਂਗਸਟਰ ਅਜੈ ਰਾਣਾ ਨੂੰ ਪੁਲੀਸ ਦਾ ਮੁਖ਼ਬਰ ਦੱਸ ਰਿਹਾ ਹੈ ਅਤੇ ਹੋਰ ਮੁਖ਼ਬਰਾਂ ਦਾ ਵੀ ਇਹੀ ਹਾਲ ਕਰਨ ਦਾ ਦਾਅਵਾ ਕਰ ਰਿਹਾ ਹੈ। ਦੂਜੇ ਪਾਸੇ ਡੀਐੱਸਪੀ ਵੀ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲੀਸ ਵੱਲੋਂ ਵਰਤੀ ਜਾ ਰਹੀ ਸਖ਼ਤੀ ਜਾਰੀ ਰੱਖਣ ਦੀ ਚਿਤਾਵਨੀ ਦੇ ਰਿਹਾ ਹੈ।
ਦਸ ਮਿੰਟ ਦੀ ਇਸ ਕਾਲ ਰਿਕਾਰਡਿੰਗ ਵਿੱਚ ਗੈਂਗਸਟਰ ਗੋਲਡੀ ਬਰਾੜ ਦਾਅਵਾ ਕਰ ਰਿਹਾ ਹੈ ਕਿ ਇਸ ਸਾਲ ਰੂਸ ਵਿੱਚ ਭੂਪੀ ਰਾਣਾ ਗਰੋਹ ਦੇ ਮੈਂਬਰ ਅਤੇ ਗੈਂਗਸਟਰ ਅਜੈ ਰਾਣਾ ਦਾ ਕਤਲ ਉਸ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਉਹ ਪੁਲੀਸ ਦੀ ਮੁਖ਼ਬਰੀ ਕਰ ਰਿਹਾ ਸੀ। ਡੀਐੱਸਪੀ ਨੇ ਕਾਲ ਰਿਕਾਰਡਿੰਗ ਵਿੱਚ ਦਾਅਵਾ ਕੀਤਾ ਕਿ ਪੁਲੀਸ ਨੂੰ ਅਜਿਹੇ ਮੁਖ਼ਬਰਾਂ ਦੀ ਲੋੜ ਨਹੀਂ ਸਗੋਂ ਪੁਲੀਸ ਆਪਣੇ ਦਮ ’ਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ। ਇਸ ਕਾਲ ਰਿਕਾਰਡਿੰਗ ਵਿਚ ਡੀਐੱਸਪੀ ਬਰਾੜ ਦੀ ਆਵਾਜ਼ ਦੀ ਪੁਸ਼ਟੀ ਹੋ ਗਈ ਹੈ ਪਰ ਹਾਲੇ ਇਹ ਪਤਾ ਨਹੀਂ ਲੱਗਿਆ ਕਿ ਇਹ ਕਾਲ ਕਦੋਂ ਦੀ ਹੈ ਅਤੇ ਇਸ ਨੂੰ ਕਿਸ ਨੇ ਵਾਇਰਲ ਕੀਤਾ ਹੈ।