ਨਵੀਂ ਸੰਸਦ ਦੀ ਸੁਰੱਖਿਆ ਵਿੱਚ ਲੱਗੀ ਸੰਨ੍ਹ
* ਦੋ ਵਿਅਕਤੀ ਦਰਸ਼ਕ ਗੈਲਰੀ ’ਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ’ਚ ਹੋਏ ਦਾਖ਼ਲ
* ਗੈਸ ਕੈਨਿਸਟਰਾਂ ਨਾਲ ਛੱਡਿਆ ਧੂੰਆਂ, ਇਕ ਮਹਿਲਾ ਸਣੇ ਦੋ ਜਣਿਆਂ ਵੱਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ
ਨਵੀਂ ਦਿੱਲੀ, 13 ਦਸੰਬਰ
ਦੇਸ਼ ਦੀ ਸੰਸਦ ਉੱਤੇ 2001 ਵਿੱਚ ਹੋਏ ਦਹਿਸ਼ਤੀ ਹਮਲੇ ਦੀ ਬਰਸੀ ਮੌਕੇ ਅੱਜ ਨਵੀਂ ਸੰਸਦੀ ਇਮਾਰਤ ਵਿੱਚ ਉਦੋਂ ਵੱਡੀ ਸੁਰੱਖਿਆ ਸੰਨ੍ਹ ਲੱਗ ਗਈ ਜਦੋਂ ਸਿਫ਼ਰ ਕਾਲ ਦੌਰਾਨ ਦੋ ਵਿਅਕਤੀ ਪਬਲਿਕ ਗੈਲਰੀ ਵਿਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿੱਚ ਦਾਖ਼ਲ ਹੋ ਗਏ। ਸੰਸਦ ਮੈਂਬਰਾਂ ਨੇ ਹਾਲਾਂਕਿ ਦੋਵਾਂ ਨੂੰ ਕਾਬੂ ਕਰ ਲਿਆ ਪਰ ਇਸ ਤੋਂ ਪਹਿਲਾਂ ਦੋਵਾਂ ਨੇ ਛੋਟੇ ਕੈਨਿਸਟਰਾਂ ਵਿਚੋਂ ਪੀਲਾ ਧੂੰਆਂ ਛੱਡਿਆ ਤੇ ਨਾਅਰੇਬਾਜ਼ੀ ਕੀਤੀ। ਠੀਕ ਉਸੇ ਵੇਲੇ ਦੋ ਹੋਰ ਵਿਅਕਤੀਆਂ, ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਸੀ, ਨੇ ਸੰਸਦ ਦੇ ਬਾਹਰ ਕੈਨਿਸਟਰਾਂ ਵਿਚੋਂ ਰੰਗਦਾਰ ਗੈਸ ਸਪਰੇਅ ਕੀਤੀ ਤੇ ‘ਤਾਨਾਸ਼ਾਹੀ ਨਹੀਂ ਚਲੇਗੀ’, ‘ਭਾਰਤ ਮਾਤਾ ਕੀ ਜੈ’ ਤੇ ‘ਜੈ ਭੀਮ ਜੈ ਭਾਰਤ’ ਦੇ ਨਾਅਰੇ ਵੀ ਲਾਏ। ਸੁਰੱਖਿਆ ਬਲਾਂ ਨੇ ਇਨ੍ਹਾਂ ਚਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਵਿਰੋਧੀ ਧਿਰਾਂ ਨੇ ਸਪੀਕਰ ਓਮ ਬਿਰਲਾ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਦੌਰਾਨ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਫ਼ਿਕਰ ਜਤਾਇਆ।
ਲੋਕ ਸਭਾ ਦੀ ਘਟਨਾ ਵਿੱਚ ਸ਼ਾਮਲ ਦੋ ਵਿਅਕਤੀਆਂ ਦੀ ਪਛਾਣ ਸਾਗਰ ਸ਼ਰਮਾ ਤੇ ਮਨੋਰੰਜਨ ਵਜੋਂ ਹੋਈ ਹੈ। ਸ਼ਰਮਾ ਵਿਜ਼ਿਟਰ ਗੈਲਰੀ ਵਿੱਚ ਮੈਸੂਰੂ ਤੋਂ ਲੋਕ ਸਭਾ ਮੈਂਬਰ ਪ੍ਰਤਾਪ ਸਿਮ੍ਹਾ ਦੇ ਮਹਿਮਾਨ ਵਜੋਂ ਆਇਆ ਸੀ। ਘੁਸਪੈਠ ਮਗਰੋਂ ਸੰਸਦੀ ਅਹਾਤੇ ਵਿੱਚ ਵਿਜ਼ਿਟਰਾਂ ਦਾ ਦਾਖ਼ਲਾ ਰੋਕ ਦਿੱਤਾ ਗਿਆ। ਜਿਨ੍ਹਾਂ ਵਿਅਕਤੀਆਂ ਕੋਲ ਅੱਜ ਦੇ ਦਿਨ ਲਈ ਵੈਧ ਵਿਜ਼ਿਟਰ ਪਾਸ ਸਨ ਉਨ੍ਹਾਂ ਨੂੰ ਰਿਸੈਪਸ਼ਨ ਖੇਤਰ ਵਿਚੋਂ ਹੀ ਮੋੜ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਹਾਲ ਦੀ ਘੜੀ ਉਨ੍ਹਾਂ ਕੋਲ ਵਿਜ਼ਿਟਰਾਂ ਦੇ ਦਾਖ਼ਲੇ ’ਤੇ ‘ਪਾਬੰਦੀ’ ਸਬੰਧੀ ਕੋਈ ਲਿਖਤੀ ਹਦਾਇਤਾਂ ਨਹੀਂ ਹਨ। ਆਮ ਕਰਕੇ ਵਿਜ਼ਿਟਰ ਪਾਸ ਦੋ ਘੰਟਿਆਂ ਲਈ ਜਾਰੀ ਕੀਤੇ ਜਾਂਦੇ ਹਨ। ਉਂਜ ਘੁਸਪੈਠ ਦੀ ਇਸ ਘਟਨਾ ਤੋਂ ਪਹਿਲਾਂ ਅੱਜ ਦਿਨੇ ਕੁਝ ਸੰਸਦ ਮੈਂਬਰਾਂ ਦੀਆਂ ਪਤਨੀਆਂ ਨੇ ਨਵੀਂ ਸੰਸਦੀ ਇਮਾਰਤ ਦਾ ਦੌਰਾ ਕੀਤਾ ਸੀ। ਸਦਨ ਵਿਚ ਮੌਜੂਦ ਕਈ ਸੰਸਦ ਮੈਂਬਰਾਂ ਮੁਤਾਬਕ ਇਹ ਦੋਵੇਂ ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਪਬਲਿਕ ਗੈਲਰੀ ’ਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿੱਚ ਦਾਖਲ ਹੋਏ। ਇਨ੍ਹਾਂ ਵਿਚੋਂ ਇਕ ਨੂੰ ਸਦਨ ਦੇ ਬੈਂਚ ’ਤੇ ਛਾਲਾਂ ਮਾਰਦਿਆਂ ਜਦੋਂਕਿ ਦੂਜੇ ਨੂੰ ਉਸ ਦੇ ਪਿੱਛੇ ਪਿੱਛੇ ਗੈਲਰੀ ’ਚੋਂ ਲਮਕਦਿਆਂ ਦੇਖਿਆ ਗਿਆ।
ਭਾਜਪਾ ਮੈਂਬਰ ਰਾਜੇਂਦਰ ਅਗਰਵਾਲ, ਜੋ ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਸਨ, ਨੇ ਲੋਕ ਸਭਾ ਚੈਂਬਰ ਦਾ ਇਕ ਹਿੱਸਾ ਪੀਲੇ ਰੰਗ ਦੇ ਧੂੰਏਂ ਨਾਲ ਭਰਨ ਕਰਕੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਸਦਨ ਮੁੜ ਜੁੜਿਆ ਤਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ, ‘‘ਦੋ ਘੁਸਪੈਠੀਆਂ ਨੂੰ ਸੰਸਦ ਦੇ ਅੰਦਰੋਂ ਤੇ ਦੋ ਨੂੰ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਸਾਰਾ ਸਾਮਾਨ ਜ਼ਬਤ ਕਰ ਲਿਆ ਗਿਆ ਹੈ...ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।’’ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਲਾਉਣ ਵਾਲੇ ਪ੍ਰਦਰਸ਼ਨਕਾਰੀ ਕਿਸ ਜਥੇਬੰਦੀ ਨਾਲ ਸਬੰਧਤ ਹਨ, ਭਾਵੇਂ ਇਸ ਬਾਰੇ ਫੌਰੀ ਕੁਝ ਪਤਾ ਨਹੀਂ ਲੱਗ ਸਕਿਆ, ਪਰ ਅਮਰੀਕਾ ਅਧਾਰਿਤ ਖਾਲਿਸਤਾਨੀ ਦਹਿਸ਼ਤਗਰਦ ਗੁਰਪਤਵੰਤ ਸਿੰਘ ਪੰਨੂ ਨੇ ਅਜੇ ਪਿਛਲੇ ਦਿਨੀਂ ਇਕ ਵੀਡੀਓ ਜਾਰੀ ਕਰਕੇ ਭਾਰਤ ਦੀ ਸੰਸਦ ’ਤੇ 13 ਦਸੰਬਰ ਜਾਂ ਇਸ ਤੋਂ ਬਾਅਦ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਬਿਰਲਾ ਨੇ ਇਸ ਮਸਲੇ ਨਾਲ ਜੁੜੇ ਫਿਕਰਾਂ ਨੂੰ ਮੁਖਾਤਬਿ ਹੋਣ ਲਈ ਮਗਰੋਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ ਬੈਠਕ ਵੀ ਕੀਤੀ।
ਲੋਕ ਸਭਾ ਚੈਂਬਰ ਵਿੱਚ ਘੁਸਪੈਠ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਾਲੇ ਸੰਸਦ ਮੈਂਬਰਾਂ ਨੇ ਕਿਹਾ, ‘‘ਇਨ੍ਹਾਂ ਵਿਚੋਂ ਇਕ ਕਹਿ ਰਿਹਾ ਸੀ ਕਿ ਮੈਂ ਦੇਸ਼ ਭਗਤ ਹਾਂ ਤੇ ਇਥੇ ਰੋਸ ਪ੍ਰਗਟਾਉਣ ਲਈ ਆਇਆ ਹਾਂ।’’ ਕਈ ਲੋਕ ਸਭਾ ਮੈਂਬਰਾਂ ਨੇ ਇਨ੍ਹਾਂ ਘੁਸਪੈਠੀਆਂ ਨੂੰ ਸੁਰੱਖਿਆ ਅਮਲੇ ਦੇ ਹਵਾਲੇ ਕਰਨ ਤੋਂ ਪਹਿਲਾਂ ਇਨ੍ਹਾਂ ਦੀ ਭੁਗਤ ਵੀ ਸੰਵਾਰੀ। ਜੇਡੀਯੂ ਮੈਂਬਰ ਰਾਮਪ੍ਰੀਤ ਮੰਡਲ ਨੇ ਕਿਹਾ ਕਿ ਘੁਸਪੈਠੀਆਂ ਨੇ ਆਪਣੇ ਬੂਟਾਂ ਵਿੱਚ ਗੈਸ ਕੈਨਿਸਟਰ ਲੁਕਾਏ ਹੋਏ ਸਨ ਤੇ ਉਨ੍ਹਾਂ ਲੋਕ ਸਭਾ ਚੈਂਬਰ ਵਿੱਚ ਪੀਲੇ ਰੰਗ ਦੀ ਗੈਸ ਸਪਰੇਅ ਕੀਤੀ। ਮੰਡਲ, ਜੋ ਇਕ ਘੁਸਪੈਠੀਏ ਦੇ ਬਹੁਤ ਕਰੀਬ ਸੀ, ਨੇ ਕਿਹਾ ਕਿ ਆਰਐੱਲਪੀ ਮੈਂਬਰ ਹਨੂਮਾਨ ਬੈਨੀਵਾਲ ਤੇ ਹੋਰਨਾਂ ਮੈਂਬਰਾਂ ਨੇ ਉਸ ਨੂੰ ਕਾਬੂ ਕੀਤਾ। ਮੰਡਲ ਨੇ ਕਿਹਾ, ‘‘ਇਨ੍ਹਾਂ ਵਿਚੋਂ ਇਕ ‘ਤਾਨਾਸ਼ਾਹੀ ਨਹੀਂ ਚਲੇਗੀ’ ਦੇ ਨਾਅਰੇ ਲਾ ਰਿਹਾ ਸੀ।’’ ਟੀਐੱਮਸੀ ਆਗੂ ਸੁਦੀਪ ਬੰਧੋਪਾਧਿਆਏ ਨੇ ਕਿਹਾ, ‘‘ਅਚਾਨਕ ਸਦਨ ਵਿੱਚ ਖਲਬਲੀ ਮਚ ਗਈ। ਇਕ ਵਿਅਕਤੀ ਸਦਨ ਵਿੱਚ ਇਕ ਤੋਂ ਦੂਜੇ ਬੈਂਚ ’ਤੇ ਛਾਲਾਂ ਮਾਰਦਾ ਨਜ਼ਰ ਆਇਆ। ਇਹ ਬਹੁਤ ਬੇਚੈਨ ਕਰਨ ਵਾਲੇ ਪਲ ਸਨ, ਕੁਝ ਵੀ ਹੋ ਸਕਦਾ ਸੀ। ਮੈਂ ਸੋਚਿਆ, ਜੇ ਉਸ ਦੀ ਜੇਬ ਵਿਚ ਬੰਬ ਜਾਂ ਕੁਝ ਹੋਰ ਵਿਸਫੋਟਕ ਹੁੰਦਾ? ਇਹ ਬਹੁਤ ਗੰਭੀਰ ਸੁਰੱਖਿਆ ਕੁਤਾਹੀ ਹੈ।’’ ਲੋਕ ਸਭਾ ਮੈਂਬਰ ਦਾਨਿਸ਼ ਅਲੀ ਨੇ ਕਿਹਾ, ‘‘ਦੋ ਵਿਅਕਤੀਆਂ ਨੇ ਜਨਤਕ ਗੈਲਰੀ ’ਚੋਂ ਛਾਲ ਮਾਰੀ, ਧੂੰਆਂ ਸੀ ਤੇ ਹਰ ਕੋਈ ਭੱਜ ਰਿਹਾ ਸੀ। ਕੁਝ ਸੰਸਦ ਮੈਂਬਰਾਂ ਤੇ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਫੜ ਲਿਆ। ਇਨ੍ਹਾਂ ਵਿਚੋਂ ਇਕ ਦੀ ਪਛਾਣ ਸਾਗਰ ਵਜੋਂ ਹੋਈ ਹੈ। ਉਹ ਮੈਸੂਰੂ ਤੋਂ ਸੰਸਦ ਮੈਂਬਰ ਪ੍ਰਤਾਪ ਸਿਮ੍ਹਾ ਦਾ ਮਹਿਮਾਨ ਸੀ।’’ ਅਲੀ ਨੇ ਕਿਹਾ, ‘‘ਇਹ ਵੱਡੀ ਸੁਰੱਖਿਆ ਕੁਤਾਹੀ ਹੈ। ਅੱਜ ਸੰਸਦ ’ਤੇ ਹਮਲੇ ਦੀ ਬਰਸੀ ਸੀ। ਇਹ ਜਾਂਚ ਦਾ ਵਿਸ਼ਾ ਹੈ।’’ ਕਾਂਗਰਸੀ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਦੋ ਵਿਅਕਤੀਆਂ ਨੇ ਕੈਨਿਸਟਰ ਕੱਢੇ ਜਿਨ੍ਹਾਂ ਵਿਚੋਂ ਪੀਲਾ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਕਿਹਾ, ‘‘ਇਹ ਧੂੰਆਂ ਜ਼ਹਿਰੀਲਾ ਹੋ ਸਕਦਾ ਸੀ। ਇਹ ਵੱਡੀ ਸੁਰੱਖਿਆ ਕੁਤਾਹੀ ਹੈ।’’ ਡੀਐੱਮਕੇ ਮੈਂਬਰ ਡੀ.ਐੱਨ.ਵੀ.ਸੈਂਤਿਲ ਕੁਮਾਰ ਨੇ ਐਕਸ ’ਤੇ ਕਿਹਾ, ‘‘ਉਹ ਸਦਨ ਦੇ ਐਨ ਵਿਚਾਲੇ ਖੁੱਲ੍ਹੀ ਥਾਂ ਵੱਲ ਵਧ ਰਹੇ ਸਨ ਤੇ ਉਨ੍ਹਾਂ ਦੇ ਹੱਥਾਂ ਵਿੱਚ ਸਟਿੱਕਸ ਸਨ ਜਿਸ ’ਚੋਂ ਧੂੰਆਂ ਨਿਕਲ ਰਿਹਾ ਸੀ। ਸੁਰੱਖਿਆ ਨਾਲ ਸਮਝੌਤਾ ਹੋਇਆ ਹੈ।’’
ਭਾਜਪਾ ਮੈਂਬਰ ਰਾਜੇਂਦਰ ਅਗਰਵਾਲ ਨੇ ਕਿਹਾ, ‘‘ਯਕੀਨੀ ਤੌਰ ’ਤੇ ਚੋਰਮੋਰੀ ਹੈ। ਪਹਿਲਾਂ ਮੈਨੂੰ ਲੱਗਿਆ ਕੋਈ ਵਿਅਕਤੀ ਸ਼ਾਇਦ ਹੇਠਾਂ ਡਿੱਗਿਆ ਹੈ, ਪਰ ਜਦੋਂ ਦੂਜੇ ਵਿਅਕਤੀ ਨੇ ਛਾਲ ਮਾਰ ਕੇ ਹੇਠਾਂ ਆਉਣਾ ਸ਼ੁਰੂ ਕੀਤਾ, ਅਸੀਂ ਸਾਰੇ ਖ਼ਬਰਦਾਰ ਹੋ ਗਏ।’’ ਟੀਐੱਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਕਿਹਾ, ‘‘ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀਆਂ ਤਕਰੀਰਾਂ ਦਿੰਦੇ ਹਨ, ਪਰ ਸੰਸਦ ਦੀ ਸੁਰੱਖਿਆ ਬਰਕਰਾਰ ਨਹੀਂ ਰੱਖ ਸਕਦੇ। ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ।’’ ਕਾਂਗਰਸ ਆਗੂ ਗੌਰਵ ਗੋਗੋਈ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਦੋ ਨੌਜਵਾਨਾਂ ਨੂੰ ਸੰਸਦ ਦੀ ਗੈਲਰੀ ਵਿੱਚ ਗੈਸ ਕੈਨਿਸਟਰਾਂ ਵਿਚੋਂ ਪੀਲੇ ਰੰਗ ਦਾ ਧੂੰਆਂ ਕੱਢਦੇ ਦੇਖਿਆ। ਸੰਸਦ ਮੈਂਬਰਾਂ ਨੇ ਭੱਜ ਕੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ। ਇਕ ਵਿਅਕਤੀ ਨਾਅਰੇ ਮਾਰ ਰਿਹਾ ਸੀ। ਇਸ ਘਟਨਾ ਨੇ ਨਵੀਂ ਸੰਸਦੀ ਇਮਾਰਤ ਦੀ ਸੁਰੱਖਿਆ ਨਾਲ ਜੁੜੇ ਇਕ ਹੋਰ ਪਹਿਲੂ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।’’ ਸੰਸਦ ਦੇ ਬਾਹਰ ਦੋ ਵਿਅਕਤੀਆਂ, ਜਿਨ੍ਹਾਂ ਵਿਚ ਇਕ ਮਹਿਲਾ ਵੀ ਸੀ, ਨੇ ਹੱਥਾਂ ਵਿੱਚ ਗੈਸ ਕੈਨਿਸਟਰ, ਜਿਸ ਵਿਚੋਂ ਰੰਗਦਾਰ ਧੂੰਆ ਨਿਕਲ ਰਿਹਾ ਸੀ, ਫੜ ਕੇ ‘ਤਾਨਾਸ਼ਾਹੀ ਨਹੀਂ ਚਲੇਗੀ‘, ‘ਭਾਰਤ ਮਾਤਾ ਕੀ ਜੈ’ ਤੇ ‘ਜੈ ਭੀਮ ਜੈ ਭਾਰਤ’ ਦੇ ਨਾਅਰੇ ਲਾਏ ਸਨ। ਉਂਜ ਇਸ ਘਟਨਾ ਮਗਰੋਂ ਸੰਸਦ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਸਪੀਕਰ ਓਮ ਬਿਰਲਾ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਦੌਰਾਨ ਵਿਰੋਧੀ ਧਿਰਾਂ ਨੇ ਸੁਰੱਖਿਆ ’ਚ ਵੱਡੀ ਕੁਤਾਹੀ ਦੇ ਮੁੱਦੇ ’ਤੇ ਫਿਕਰ ਜ਼ਾਹਿਰ ਕਰਦੇ ਹੋਏ ਮਾਮਲੇ ਦੀ ਜਾਂਚ ਤੇ ਨਵੀਂ ਸੰਸਦੀ ਇਮਾਰਤ ਵਿੱਚ ਸਖ਼ਤ ਸੁਰੱਖਿਆ ਉਪਰਾਲੇ ਲਾਗੂ ਕਰਨ ’ਤੇ ਜ਼ੋਰ ਦਿੱਤਾ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਇਹ ਗੱਲ ਜਨਤਕ ਤੌਰ ’ਤੇ ਪਤਾ ਸੀ ਕਿ ਇਕ ਦਹਿਸ਼ਤੀ ਜਥੇਬੰਦੀ 13 ਦਸੰਬਰ ਨੂੰ ਸੰਸਦ ’ਤੇ ਹਮਲਾ ਕੀਤੇ ਜਾਣ ਦੀਆਂ ਵਿਉਂਤਾਂ ਘੜ ਰਹੀ ਹੈ ਤੇ ਇਹ ਜਾਣਕਾਰੀ ਸਰਕਾਰ ਕੋਲ ਵੀ ਉਪਲਬਧ ਸੀ। ਚੌਧਰੀ ਨੇ ਕਿਹਾ, ‘‘ਇਸ ਦੇ ਬਾਵਜੂਦ ਸੁਰੱਖਿਆ ’ਚ ਕੁਤਾਹੀ ਹੋਈ? ਡੀਐੱਮਕੇ ਦੇ ਤਿਰੁਚੀ ਸ਼ਿਵਾ ਨੇ ਕਿਹਾ ਕਿ ਦਰਸ਼ਕ ਗੈਲਰੀ ਵਿਚੋਂ ਲੋਕ ਸਭਾ ਚੈਂਬਰ ਵਿੱਚ ਛਾਲ ਮਾਰਨ ਵਾਲਿਆਂ ਨੂੰ ਕੋਈ ਸੱਟ ਫੇਟ ਨਹੀਂ ਲੱਗੀ, ‘ਇੰਜ ਲੱਗਦੈ ਜਿਵੇਂ ਉਹ ਸਿਖਲਾਈਯਾਫ਼ਤਾ ਸਨ।’’ ਟੀਐੱਮਸੀ ਦੇ ਸੁਦੀਪ ਬੰਧੋਪਾਧਿਆਏ ਨੇ ਕਿਹਾ, ‘ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇਨ੍ਹਾਂ ਨੂੰ ਵਿਜ਼ਿਟਰ ਪਾਸ ਦਿਵਾਉਣ ’ਚ ਮਦਦ ਕਰਨ ਵਾਲਿਆਂ ਖਿਲਾਫ਼ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ।’ -ਪੀਟੀਆਈ
ਸੰਸਦ ਨੇੜਲਾ ਇਲਾਕਾ ਕਿਲੇ ’ਚ ਤਬਦੀਲ
ਨਵੀਂ ਦਿੱਲੀ: ਸੰਸਦ ਦੇ ਅੰਦਰ ਤੇ ਬਾਹਰ ਇਕੋ ਸਮੇਂ ਹੋਈ ਦੋਹਰੀ ਸੁਰੱਖਿਆ ਕੁਤਾਹੀ ਮਗਰੋਂ ਦਿੱਲੀ ਪੁਲੀਸ ਦੇ ਕਮਿਸ਼ਨਰ ਸੰਜੈ ਅਰੋੜਾ ਨੇ ਸੰਸਦ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਘਟਨਾ ਤੋਂ ਫੌਰੀ ਮਗਰੋਂ ਪੁਲੀਸ ਤੇ ਨੀਮ ਫੌਜੀ ਬਲਾਂ ਦੀ ਤਾਇਨਾਤੀ ਨਾਲ ਸੰਸਦ ਨੇੇੜਲੇ ਇਲਾਕੇ ਨੂੰ ਕਿਲ੍ਹੇ ਵਿਚ ਤਬਦੀਲ ਕਰ ਦਿੱਤਾ ਗਿਆ। ਅਧਿਕਾਰੀਆਂ ਮੁਤਾਬਕ ਇਨ੍ਹਾਂ ਦੋਵਾਂ ਮਾਮਲਿਆਂ ਦੀ ਜਾਂਚ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੂੰ ਸੌਂਪੀ ਗਈ ਹੈ। ਫੋਰੈਂਸਿਕ ਟੀਮਾਂ ਨੇ ਸੰਸਦ ਦਾ ਦੌਰਾ ਕਰਕੇ ਸਾਇੰਟੀਫਿਕ ਤੇ ਫਿਜ਼ੀਕਲ ਸਬੂਤ ਇਕੱਤਰ ਕੀਤੇ। ਸੰਸਦ ਦੇ ਬਾਹਰੋਂ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਨੀਲਮ (42) ਵਾਸੀ ਹਿਸਾਰ ਤੇ ਅਮੋਲ ਸ਼ਿੰਦੇ (25) ਵਾਸੀ ਲਾਤੂਰ (ਮਹਾਰਾਸ਼ਟਰ) ਵਜੋਂ ਹੋਈ ਹੈ। ਪੁਲੀਸ ਨੇ ਮਗਰੋਂ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ’ਚ ਲਏ ਜਾਣ ਮੋਕੇ ਮਹਿਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦਾ ਕਿਸੇ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ ਤੇ ਉਹ ਵਿਦਿਆਰਥੀ ਹਨ। ਮਹਿਲਾ ਨੇ ਕਿਹਾ, ‘‘ਮੇਰਾ ਨਾਮ ਨੀਲਮ ਹੈ। ਭਾਰਤ ਸਰਕਾਰ ਸਾਨੂੰ ਦਬਾਉਣਾ ਚਾਹੁੰਦੀ ਹੈ; ਜਦੋਂ ਅਸੀਂ ਆਪਣੇ ਹੱਕਾਂ ਲਈ ਆਵਾਜ਼ ਚੁੱਕਦੇ ਹਾਂ, ਸਾਨੂੰ ਕੁੱਟਿਆ ਤੇ ਜੇਲ੍ਹਾਂ ਵਿੱਚ ਸੁੱਟਿਆ ਜਾਂਦਾ ਹੈ। ਸਾਡੇ ਖਿਲਾਫ਼ ਬੇਲੋੜੀ ਤਾਕਤ ਵਰਤੀ ਜਾਂਦੀ ਹੈ। ਸਾਡਾ ਸਬੰਧ ਕਿਸੇ ਜਥੇਬੰਦੀ ਨਾਲ ਨਹੀਂ। -ਪੀਟੀਆਈ
ਭਵਿੱਖੀ ਰਣਨੀਤੀ ਲਈ ‘ਇੰਡੀਆ’ ਗੱਠਜੋੜ ਦੀ ਬੈਠਕ ਅੱਜ
ਨਵੀਂ ਦਿੱਲੀ: ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਵਿਰੋਧੀ ਪਾਰਟੀਆਂ ਵੀਰਵਾਰ ਨੂੰ ਬੈਠਕ ਕਰਕੇ ‘ਸੰਸਦੀ ਸੁਰੱਖਿਆ ’ਚ ਸੰਨ੍ਹ’ ਦੇ ਮੁੱਦੇ ਨੂੰ ਲੈ ਕੇ ਭਵਿੱਖੀ ਰਣਨੀਤੀ ਬਾਰੇ ਵਿਚਾਰ ਚਰਚਾ ਕਰਨਗੀਆਂ। ਵਿਰੋਧੀ ਧਿਰਾਂ ਵੱਲੋਂ ਇਸ ਮੁੱਦੇ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣ ਬਾਰੇ ਵੀ ਵਿਚਾਰ ਕੀਤਾ ਜਾ ਰਿਹੈ। ਟੀਐੱਮਸੀ ਆਗੂ ਸੁਦੀਪ ਬੰਧੋਪਾਧਿਆਏ ਨੇ ਕਿਹਾ ਕਿ ਵਿਰੋਧੀ ਧਿਰਾਂ ਵੀਰਵਾਰ ਸਵੇਰੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਬੈਠਕ ਕਰਨਗੀਆਂ। ਤ੍ਰਿਣਮੂਲ ਕਾਂਗਰਸ ਨੇ ਸੰਸਦ ’ਚ ਘੁਸਪੈਠ ਦੀ ਘਟਨਾ ਦੀ ਮਹੂਆ ਮੋਇਤਰਾ ਕੇਸ ਨਾਲ ਤੁਲਨਾ ਕਰਦੇ ਹੋਏ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮ੍ਹਾ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ। -ਪੀਟੀਆਈ
ਸੁਰੱਖਿਆ ਸੰਨ੍ਹ ’ਚ 6 ਵਿਅਕਤੀਆਂ ਦੇ ਸ਼ਾਮਲ ਹੋਣ ਦਾ ਸ਼ੱਕ
ਨਵੀਂ ਦਿੱਲੀ: ਦਿੱਲੀ ਪੁਲੀਸ ਨੂੰ ਸ਼ੱਕ ਹੈ ਕਿ ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ਵਿੱਚ ਲੱਗੀ ਸੰਨ੍ਹ ਦੀ ਘਟਨਾ ਵਿੱਚ ਚਾਰ ਵਿਅਕਤੀਆਂ ਦੇ ਨਾਲ ਦੋ ਹੋਰ ਲੋਕ ਸ਼ਾਮਲ ਸਨ। ਪੁਲੀਸ ਇਨ੍ਹਾਂ ਚਾਰ ਵਿਅਕਤੀਆਂ ਨੂੰ ਪਹਿਲਾਂ ਹੀ ਹਿਰਾਸਤ ’ਚ ਲੈ ਚੁੱਕੀ ਹੈ ਜਦੋਂਕਿ ਪੰਜਵੇਂ ਮੁਲਜ਼ਮ ਨੂੰ ਗੁਰੂਗ੍ਰਾਮ ਤੋਂ ਕਾਬੂ ਕੀਤਾ ਗਿਆ ਹੈ। ਪੁਲੀਸ ਵਿਚਲੇ ਸੂਤਰਾਂ ਦਾ ਦਾਅਵਾ ਹੈ ਕਿ ਘੁਸਪੈਠ ਦੀ ਇਸ ਘਟਨਾ ਵਿਚ ਕੁੱਲ ਛੇ ਵਿਅਕਤੀ ਸ਼ਾਮਲ ਸਨ, ਜੋ ਇਕ ਦੂਜੇ ਨੂੰ ਜਾਣਦੇ ਸਨ ਤੇ ਗੁਰੂਗ੍ਰਾਮ ਦੇ ਇਕ ਘਰ ਵਿਚ ਰਹਿ ਰਹੇ ਸਨ। ਅਮੋਲ ਸ਼ਿੰਦੇ ਤੇ ਨੀਲਮ ਨੂੰ ਸੰਸਦ ਦੇ ਬਾਹਰੋਂ ਅਤੇ ਸਾਗਰ ਸ਼ਰਮਾ ਤੇ ਮਨੋਰੰਜਨ ਡੀ ਨੂੰ ਲੋਕ ਸਭਾ ਚੈਂਬਰ ਦੇ ਅੰਦਰੋਂ ਹਿਰਾਸਤ ਵਿੱਚ ਲਿਆ ਗਿਆ। ਦੋ ਹੋਰਨਾਂ ਦੀ ਪਛਾਣ ਲਲਿਤ ਤੇ ਵਿਸ਼ਾਲ ਵਜੋਂ ਦੱਸੀ ਗਈ ਹੈ। ਪੁਲੀਸ ਨੇ ਵਿਸ਼ਾਲ ਨੂੰ ਗੁਰੂਗ੍ਰਾਮ ਤੋਂ ਹਿਰਾਸਤ ਵਿਚ ਲੈਣ ਦਾ ਦਾਅਵਾ ਕੀਤਾ ਹੈ ਜਦੋਂਕਿ ਲਲਿਤ ਨੂੰ ਕਾਬੂ ਕਰਨ ਲਈ ਪੁਲੀਸ ਟੀਮਾਂ ਵੱਖ ਵੱਖ ਥਾਵਾਂ ’ਤੇ ਭੇਜੀਆਂ ਗਈਆਂ ਹਨ। ਸੂਤਰਾਂ ਨੇ ਕਿਹਾ, ‘‘ਉਪਰੋਕਤ ਪੰਜ ਮੁਲਜ਼ਮ ਵਿਸ਼ਾਲ ਦੀ ਗੁਰੂਗ੍ਰਾਮ ਸਥਿਤ ਰਿਹਾਇਸ਼ ’ਤੇ ਰੁਕੇ ਸਨ। ਯੋਜਨਾ ਮੁਤਾਬਕ ਇਹ ਸਾਰੇ ਛੇ ਜਣੇ ਸੰਸਦ ਦੇ ਅੰਦਰ ਜਾਣਾ ਚਾਹੁੰਦੇ ਸੀ, ਪਰ ਸਿਰਫ਼ ਦੋ ਜਣਿਆਂ ਨੂੰ ਹੀ ਪਾਸ ਮਿਲੇ।’’ ਸਾਰੇ ਮੁਲਜ਼ਮ ਪਿਛਲੇ ਚਾਰ ਸਾਲਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਇਕ ਦੂਜੇ ਦੇ ਸੰਪਰਕ ਵਿੱਚ ਸਨ। -ਪੀਟੀਆਈ
ਸਪੀਕਰ ਓਮ ਬਿਰਲਾ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ
ਨਵੀਂ ਦਿੱਲੀ: ਸਪੀਕਰ ਓਮ ਬਿਰਲਾ ਨੇ ਦੋ ਵਿਅਕਤੀਆਂ ਵੱਲੋਂ ਦਰਸ਼ਕ ਗੈਲਰੀ ’ਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿੱਚ ਘੁਸਪੈਠ ਕਰਨ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਬਿਰਲਾ ਨੇ ਘੁਸਪੈਠੀਆਂ ਨੂੰ ਕਾਬੂ ਕਰਨ ਵਿੱਚ ਦਿਖਾਈ ਫੁਰਤੀ ਲਈ ਲੋਕ ਸਭਾ ਮੈਂਬਰਾਂ, ਸੁਰੱਖਿਆ ਅਮਲੇ, ਚੈਂਬਰ ਸਟਾਫ ਤੇ ਮਾਰਸ਼ਲਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 2001 ਵਿੱਚ ਵੀ ਕੇਂਦਰੀ ਨੀਮ ਫੌਜੀ ਬਲਾਂ ਤੇ ਹੋਰਨਾਂ ਸੁਰੱਖਿਆ ਕਰਮੀਆਂ ਨੇ ਆਪਣੇ ਸਾਂਝੇ ਯਤਨਾਂ ਨਾਲ ਸੰਸਦ ’ਤੇ ਦਹਿਸ਼ਤੀ ਹਮਲੇ ਨੂੰ ਨਾਕਾਮ ਕੀਤਾ ਸੀ। ਬਿਰਲਾ ਨੇ ਸ਼ਾਮੀਂ ਚਾਰ ਵਜੇ ਦੇ ਕਰੀਬ ਸਦਨ ਮੁੜ ਜੁੜਨ ’ਤੇ ਕਿਹਾ, ‘‘ਇਹ ਘਟਨਾ ਚਿੰਤਾ ਦਾ ਵਿਸ਼ਾ ਹੈ ਤੇ ਅਸੀਂ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਂਗੇ। ਜਾਂਚ ਦੀਆਂ ਲੱਭਤਾਂ ਮੁਤਾਬਕ ਭਵਿੱਖੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਸੰਸਦ ਦੇ ਮੌਜੂਦਾ ਸੁਰੱਖਿਆ ਪ੍ਰਬੰਧ ਦੀ ਵਿਸਥਾਰਿਤ ਸਮੀਖਿਆ ਕੀਤੀ ਜਾਵੇਗੀ। ਬਿਰਲਾ ਨੇ ਕਿਹਾ, ‘‘ਸਾਰੇ ਸੰਸਦ ਮੈਂਬਰਾਂ ਦੀ ਵੀ ਇਹੀ ਮੰਗ ਹੈ। ਮੈਂਬਰਾਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਵਿਚਾਰ ਵਟਾਂਦਰੇ ਮਗਰੋਂ ਸੁਰੱਖਿਆ ਉਪਰਾਲਿਆਂ ਵਿਚ ਕੀਤੇ ਜਾਣ ਵਾਲੇ ਸਾਰੇ ਸੁਧਾਰਾਂ ਦੀ ਸਮੀਖਿਆ ਕੀਤੀ ਜਾਵੇਗੀ।’’ ਇਸ ਮਗਰੋਂ ਬਿਰਲਾ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਦੋ ਵਜੇ ਜਦੋਂ ਸਦਨ ਮੁੜ ਜੁੜਿਆ ਤਾਂ ਮੈਂਬਰਾਂ ਨੇ ਸੁਰੱਖਿਆ ਕੁਤਾਹੀ ਦੇ ਮੁੱਦੇ ’ਤੇ ਬੋਲਣ ਲਈ ਪ੍ਰਵਾਨਗੀ ਮੰਗੀ। ਬਿਰਲਾ ਨੇ ਕਿਹਾ ਕਿ ਸਦਨ ਵਿੱਚ ਇਸ ਮੁੱਦੇ ’ਤੇ ਚਰਚਾ ਕਰਨਾ ਠੀਕ ਨਹੀਂ ਹੋਵੇਗਾ। ਸਪੀਕਰ ਨੇ ਕਿਹਾ ਕਿ ਲੋਕ ਸਭਾ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦਿੱਲੀ ਪੁਲੀਸ ਨੂੰ ਵੀ ਜਾਂਚ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ, ‘‘ਇਹ ਘਟਨਾ ਸਿਫ਼ਰ ਕਾਲ ਦੌਰਾਨ ਹੋਈ। ਅਸੀਂ ਧੂੰਏਂ ਨੂੰ ਲੈ ਕੇ ਚਿੰਤਤ ਸੀ...ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਆਮ ਧੂੰਆਂ ਸੀ ਤੇ ਇਸ ਦਾ ਮਕਸਦ ਸਨਸਨੀ ਫੈਲਾਉਣਾ ਸੀ।’’ ਸਦਨ ਨੇ ਪੋਸਟ ਆਫਿਸ ਬਿੱਲ 2023 ’ਤੇ ਚਰਚਾ ਵੀ ਕੀਤੀ। -ਪੀਟੀਆਈ
ਔਜਲਾ ਨੇ ਕਾਬੂ ਕੀਤਾ ਘੁਸਪੈਠੀਆ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸੁਰੱਖਿਆ ’ਚ ਸੰਨ੍ਹ ਲਾ ਕੇ ਲੋਕ ਸਭਾ ਚੈਂਬਰ ਵਿੱਚ ਦਾਖਲ ਹੋਏ ਸ਼ਖ਼ਸ ਨੂੰ ਸਭ ਤੋਂ ਪਹਿਲਾਂ ਕਾਬੂ ਕਰਨ ਵਾਲੇ ਸੰਸਦ ਮੈਂਬਰਾਂ ਵਿੱਚ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਸਨ। ਸ੍ਰੀ ਔਜਲਾ ਨੇ ਕਿਹਾ ਕਿ ਉਹ ਸਿਫਰ ਕਾਲ ਦੌਰਾਨ ਬੋਲ ਕੇ ਹਟੇ ਹੀ ਸਨ ਕਿ ਇੰਨੇ ਨੂੰ ਸਦਨ ਵਿਚ ਰੌਲਾ ਪੈ ਗਿਆ। ਸਭਨਾਂ ਦਾ ਧਿਆਨ ਸਪੀਕਰ ਵੱਲ ਸੀ। ਉਨ੍ਹਾਂ ਕਿਹਾ, ‘‘ਇਸ ਦੌਰਾਨ ਮੈਂ ਪਿੱਛੇ ਘੁੰਮ ਕੇ ਦੇਖਿਆ ਤਾਂ ਇਕ ਬੰਦਾ ਸਦਨ ਦੀ ਇਕ ਮੇਜ਼ ਤੋਂ ਦੂਜੀ ’ਤੇ ਛਾਲਾਂ ਮਾਰ ਰਿਹਾ ਸੀ। ਮੈਂ ਉਸ ਵੱਲ ਭੱਜਿਆ ਕਿ ਇੰਨੇ ਨੂੰ ਉਸ ਵਿਅਕਤੀ ਨੇ ਆਪਣੇ ਬੂਟ ਵਿਚੋਂ ਕੈਨਿਸਟਰ ਕੱਢਿਆ ਤੇ ਚਲਾ ਦਿੱਤਾ। ਕੈਨਿਸਟਰ ’ਚੋਂ ਪੀਲੇ ਰੰਗ ਦਾ ਧੂੰਆਂ ਨਿਕਲ ਰਿਹਾ ਸੀ। ਇਸ ਦੌਰਾਨ ਹਨੂਮਾਨ ਬੈਨੀਵਾਲ ਤੇ ਮਲੂਕ ਨਾਗਰ ਵੀ ਉਥੇ ਪੁੱਜ ਗਏ। ਸਾਡੀ ਉਸ ਨਾਲ ਖਿੱਚ ਧੂਹ ਹੋਈ। ਅਸੀਂ ਉਸ ਨੂੰ ਢਾਹ ਲਿਆ ਤੇ ਮੈਂ ਉਸ ਦੇ ਹੱਥੋਂ ਕੈਨਿਸਟਰ ਖੋਹ ਲਿਆ। ਇੰਨੇ ਨੂੰ ਹੋਰ ਸੰਸਦ ਮੈਂਬਰ ਵੀ ਉਥੇ ਆ ਗਏ ਤੇ ਅਸੀਂ ਉਸ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਤੇ ਕੈਨਿਸਟਰ ਸਦਨ ਵਿਚੋਂ ਬਾਹਰ ਸੁੱਟ ਦਿੱਤਾ। ਔਜਲਾ ਨੇ ਕਿਹਾ ਕਿ ਕੈਨਿਸਟਰ ਖੋਹਣ ਮੌਕੇ ਗਰਮ ਸੀ, ਜਿਸ ਦਾ ਸੇਕ ਉਹ ਹੁਣ ਤੱਕ ਮਹਿਸੂਸ ਕਰ ਰਹੇ ਹਨ।’’ ਔਜਲਾ ਨੇ ਕਿਹਾ ਕਿ ਸੁਰੱਖਿਆ ’ਚ ਸੰਨ੍ਹ ਬਹੁਤ ਗੰਭੀਰ ਮਸਲਾ ਹੈ ਤੇ ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਘਟਨਾ ਪਿੱਛੇ ਕਿਸੇ ਵੱਡੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਖਾਮੋਸ਼ ਬੈਠੇ ਦੋਵਾਂ ਵਿਅਕਤੀਆਂ ਨੇ ‘ਚਾਣਚੱਕ’ ਕਾਰਵਾਈ ’ਚ ਵਿਘਨ ਪਾਇਆ: ਚਸ਼ਮਦੀਦ
ਨਵੀਂ ਦਿੱਲੀ: ਦਰਸ਼ਕ ਗੈਲਰੀ ਵਿੱਚ ਬੈਠੇ ਵਿਜ਼ਿਟਰਾਂ ਨੇ ਕਿਹਾ ਕਿ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿੱਚ ਦਾਖ਼ਲ ਹੋਣ ਵਾਲੇ ਦੋਵੇਂ ਪ੍ਰਦਰਸ਼ਨਕਾਰੀ ਪਹਿਲਾਂ ਚੁੱਪਚਾਪ ਬੈਠੇ ਸਨ ਤੇ ਉਨ੍ਹਾਂ ‘ਚਾਣਚੱਕ’ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਇਆ। ਇਸ ਪੂਰੀ ਘਟਨਾ ਦੇ ਚਸ਼ਮਦੀਦਾਂ ਨੇ ਕਿਹਾ ਕਿ ‘ਸੁਰੱਖਿਆ ’ਚ ਸੰਨ੍ਹ’ ਲੱਗਣ ਮੌਕੇ ਲੋਕ ਸਭਾ ਦੀ ਦਰਸ਼ਕ ਗੈਲਰੀ ਵਿੱਚ 30 ਤੋਂ 40 ਦੇ ਕਰੀਬ ਵਿਜ਼ਿਟਰ ਬੈਠੇ ਸਨ। ਇਕ ਚਸ਼ਮਦੀਦ ਨੇ ਕਿਹਾ ਕਿ ਸੰਸਦ ਦੇ ਅੰਦਰ ਪੰਜ ਪਰਤੀ ਸੁਰੱਖਿਆ ਦੇ ਬਾਵਜੂਦ ਅਜਿਹੀ ਘਟਨਾ ਦਾ ਵਾਪਰਨਾ ਹੈਰਾਨੀਜਨਕ ਹੈ। ਸੰਸਦ ਦੇ ਬਾਹਰ ਇਕ ਚਸ਼ਮਦੀਦ ਨਰਾਇਣ ਸਵਾਮੀ ਨੇ ਦਾਅਵਾ ਕੀਤਾ ਕਿ ਦਾਖ਼ਲਾ ਪਾਸ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਲੋਕ ਸਭਾ ਦੀ ਦਰਸ਼ਕ ਗੈਲਰੀ ਵਿੱਚ ਨਹੀਂ ਜਾਣ ਦਿੱਤਾ ਗਿਆ। -ਪੀਟੀਆਈ
ਸੰਸਦੀ ਪਾਸ ਲਈ ਤਿੰਨ ਮਹੀਨਿਆਂ ਤੋਂ ਐੱਮਪੀ ਦਫਤਰ ਦੇ ਗੇੜੇ ਲਾ ਰਿਹਾ ਸੀ ਮੁਲਜ਼ਮ
ਨਵੀਂ ਦਿੱਲੀ/ਮੈਸੂਰੂ: ਸੂਤਰਾਂ ਦੀ ਮੰਨੀਏ ਤਾਂ ਲੋਕ ਸਭਾ ਚੈਂਬਰ ਵਿੱਚ ਛਾਲ ਮਾਰਨ ਵਾਲੇ ਦੋ ਮੁਲਜ਼ਮ ਵਿਚੋਂ ਇਕ ਮਨੋਰੰਜਨ ਡੀ. ਪਿਛਲੇ ਤਿੰਨ ਮਹੀਨਿਆਂ ਤੋਂ ਐੱਮਪੀ ਪ੍ਰਤਾਪ ਸਿਮ੍ਹਾ ਦੇ ਦਫ਼ਤਰ ਦੇ ਚੱਕਰ ਲਾ ਰਿਹਾ ਸੀ। ਉਹ ਮੈਸੂਰੂ ਹਲਕੇ ਨਾਲ ਹੀ ਸਬੰਧਤ ਸੀ ਤੇ ਉਹ ਐੱਮਪੀ ਨੂੰ ਮਿਲਣ ਲਈ ਅਕਸਰ ਉਨ੍ਹਾਂ ਦੇ ਦਫ਼ਤਰ ਆਉਂਦਾ ਸੀ। ਸੂਤਰਾਂ ਮੁਤਾਬਕ ਮਨੋਰੰਜਨ ਡੀ. ਨੇ ਸਹਿ-ਮੁਲਜ਼ਮ ਸਾਗਰ ਸ਼ਰਮਾ ਨੂੰ ਐੱਮਪੀ ਦਫ਼ਤਰ ਵਿੱਚ ਆਪਣੇ ਦੋਸਤ ਵਜੋਂ ਮਿਲਾਇਆ ਸੀ ਤੇ ਨਵੀਂ ਸੰਸਦ ਦੇਖਣ ਦੇ ਬਹਾਨੇ ਪਾਸ ਲਏ ਸਨ। ਬੁੱਧਵਾਰ ਨੂੰ ਸਿਮ੍ਹਾ ਦੇ ਹੁਕਮਾਂ ’ਤੇ ਤਿੰਨ ਪਾਸ ਜਾਰੀ ਕੀਤੇ ਗਏ ਸਨ। ਐੱਮਪੀ ਨੇੜਲੇ ਸੂਤਰਾਂ ਨੇ ਕਿਹਾ ਕਿ ਇਕ ਮਹਿਲਾ, ਜੋ ਆਪਣੇ ਬੱਚੇ ਨਾਲ ਆਈ ਸੀ, ਨੂੰ ਪਾਸ ਉੱਤੇ ਬੱਚੇ ਦਾ ਨਾਮ ਨਾ ਹੋਣ ਕਰਕੇ ਵਾਪਸ ਮੁੜਨਾ ਪਿਆ। ਇਸ ਮਹਿਲਾ ਦਾ ਦੋਵਾਂ ਮੁਲਜ਼ਮਾਂ ਨਾਲ ਕੋਈ ਸਬੰਧ ਨਹੀਂ ਹੈ। ਉਧਰ ਸਿਮ੍ਹਾ ਦੇ ਦਫ਼ਤਰ ਨੇ ਸੰਸਦ ਮੈਂਬਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਐੱਮਪੀ’ਜ਼ ਅਕਸਰ ਆਪਣੇ ਹਲਕੇ ਦੇ ਲੋੋਕਾਂ ਦੀਆਂ (ਸੰਸਦੀ ਕਾਰਵਾਈ ਦੇਖਣ ਦੀਆਂ) ਅਪੀਲਾਂ ਨੂੰ ਸਵੀਕਾਰ ਕਰਦੇ ਹਨ। ਇਸ ਦੌਰਾਨ ਮਨੋਰੰਜਨ ਡੀ. ਦੇ ਪਿਤਾ ਦੇਵਰਾਜ ਗੌੜਾ ਨੇ ਕਿਹਾ ਕਿ ਉਸ ਦਾ ਪੁੱਤਰ ਇਮਾਨਦਾਰ ਅਤੇ ਹਮੇਸ਼ਾ ਸੱਚ ਨਾਲ ਖੜ੍ਹਨ ਵਾਲਾ ਹੈ। ਉਨ੍ਹਾਂ ਕਿਹਾ, ‘‘ਇਹ ਸਮਝਣਾ ਬਹੁਤ ਮੁਸ਼ਕਲ ਹੈ ਕਿ ਉਸ (ਪੁੱਤਰ) ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ। ਮੇਰੇ ਪੁੱਤਰ ਨੇ 2016 ਵਿਚ ਇੰਜਨੀਅਰਿੰਗ ’ਚ ਗਰੈਜੂਏਸ਼ਨ ਕੀਤੀ ਸੀ ਤੇ ਉਹ ਖੇਤੀਬਾੜੀ ਦਾ ਕੰਮ ਦੇਖ ਰਿਹਾ ਸੀ। ਉਸ ਨੇ ਦਿੱਲੀ ਤੇ ਬੰਗਲੂਰੂ ਵਿਚ ਵੀ ਕੁਝ ਫਰਮਾਂ ’ਚ ਕੰਮ ਕੀਤਾ ਹੈ।’’ -ਪੀਟੀਆਈ
ਸ਼ਾਹ ਦੋਵੇਂ ਸਦਨਾਂ ਵਿੱਚ ਆ ਕੇ ਬਿਆਨ ਦੇਣ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਲੋਕ ਸਭਾ ਵਿੱਚ ‘ਗੰਭੀਰ ਸੁਰੱਖਿਆ ਕੁਤਾਹੀ’ ਨੂੰ ਲੈ ਕੇ ਸਰਕਾਰ ਤੋਂ ਜਵਾਬ ਮੰਗੇ ਹਨ। ਪਾਰਟੀ ਨੇ ਕਿਹਾ ਕਿ ਘਟਨਾ ਤੋਂ ਸਾਫ਼ ਹੈ ਕਿ ‘ਲੋੜੀਂਦੀ ਚੌਕਸੀ ਨਹੀਂ ਵਰਤੀ ਗਈ।’ ਪਾਰਟੀ ਪ੍ਰਧਾਨ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ ਕਿ ਸੰਸਦ ਦੀ ਸੁਰੱਖਿਆ ਵਿੱਚ ਸੰਨ੍ਹ ਬਹੁਤ ਗੰਭੀਰ ਮਸਲਾ ਹੈ। ਖੜਗੇ ਨੇ ਕਿਹਾ, ‘‘ਅਸੀਂ ਮੰਗ ਕਰਦੇ ਹਾਂ ਕਿ ਗ੍ਰਹਿ ਮੰਤਰੀ ਦੋਵਾਂ ਸਦਨਾਂ ਵਿੱਚ ਆ ਕੇ ਇਸ ਬਾਰੇ ਬਿਆਨ ਦੇਣ। ਸਵਾਲ ਹੈ ਕਿ ਇੰਨਾ ਵੱਡਾ ਸੁਰੱਖਿਆ ਵਿਭਾਗ ਹੋਣ ਦੇ ਬਾਵਜੂਦ ਦੋ ਲੋਕ ਅੰਦਰ ਕਿਵੇਂ ਆਏ ਤੇ ਉਨ੍ਹਾਂ ਉਥੇ ਕੈਨਿਸਟਰ ’ਚੋਂ ਗੈਸ ਕਿਵੇਂ ਛੱਡੀ।’’ ਖੜਗੇ ਨੇ ਲਿਖਿਆ, ‘‘ਅਸੀਂ ਅੱਜ ਸ਼ਹੀਦ ਦਿਹਾੜੇ ਮੌਕੇ 22 ਸਾਲ ਪਹਿਲਾਂ ਸੰਸਦ ’ਤੇ ਹਮਲੇ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਬਹਾਦਰ ਸੁਰੱਖਿਆ ਅਮਲੇ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਸ ਨੂੰ ਬਹੁਤ ਗੰਭੀਰਤਾ ਨਾਲ ਲਏਗੀ। ਅਸੀਂ ਇਸ ਪੂਰੀ ਘਟਨਾ ਦੀ ਮੁਕੰਮਲ ਜਾਂਚ ਦੀ ਮੰਗ ਕਰਦੇ ਹਾਂ। ਅਸੀਂ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਕਾਮਨਾ ਕੀਤੀ ਹੈ।’’ ਏਆਈਸੀਸੀ ਜਨਰਲ ਸਕੱਤਰ ਕੇੇ.ਸੀ.ਵੇਣੂਗੋਪਾਲ ਨੇ ਵੀ ਸੰਸਦ ਵਿੱਚ ਸੁਰੱਖਿਆ ਪ੍ਰਬੰਧ ’ਤੇ ਮੁਕੰਮਲ ਨਜ਼ਰਸਾਨੀ ਦੀ ਮੰਗ ਕੀਤੀ। ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ, ‘‘ਅਸੀਂ ਮੰਨਦੇ ਹਾਂ ਕਿ ਇਹ ਹਮਲਾ ਸਾਲ 2001 ਵਿੱਚ ਹੋਏ ਦਹਿਸ਼ਤੀ ਹਮਲੇ ਵਰਗਾ ਨਹੀਂ ਹੈ, ਪਰ ਸੁਰੱਖਿਆ ’ਚ ਸੰਨ੍ਹ ਤੋਂ ਇਹ ਸਾਬਤ ਹੁੰਦਾ ਹੈ ਕਿ ਲੋੜੀਂਦੀ ਚੌਕਸੀ ਨਹੀਂ ਵਰਤੀ ਗਈ।’’ -ਪੀਟੀਆਈ