ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸਾਂ ਦੀ ਦੁਨੀਆ

06:53 AM Dec 22, 2023 IST

ਸਤਪਾਲ ਨੰਗਲ

ਸੜਕੀ ਸਫ਼ਰ ਦਾ ਜਿਹੜਾ ਰੂਪ ਅੱਜ ਅਸੀਂ ਵੇਖਦੇ ਹਾਂ, ਇਹ ਸਦਾ ਅਜਿਹਾ ਨਹੀਂ ਰਿਹਾ। ਅੱਜ ਸੜਕਾਂ ਅਤੇ ਆਵਾਜਾਈ ਦੇ ਸਾਧਨਾਂ ਦੇ ਅਜੋਕੇ ਰੂਪ ਨੇ ਪਿੰਡਾਂ ਅਤੇ ਸ਼ਹਿਰਾਂ ਦਾ ਰਹਿਣ-ਸਹਿਣ ਹੀ ਬਦਲ ਦਿੱਤਾ ਹੈ। ਲੋਕਾਂ ਕੋਲ ਆਵਾਜਾਈ ਦੇ ਨਿੱਜੀ ਸਾਧਨ ਬਹੁਤ ਹੋ ਗਏ ਹਨ। ਇਸ ਕਰਕੇ ਪਹਿਲਾਂ ਵਰਗੇ ਮਾਸੂਮਮੀਅਤ ਅਤੇ ਸਿੱਧਰੀ ਜਿਹੀ ਸੋਚ ਵਾਲੇ ਲੋਕ ਬੱਸ ਦੇ ਸਫ਼ਰ ਵਿਚ ਬਹੁਤ ਘੱਟ ਮਿਲਦੇ ਹਨ। ਪੈਂਤੀ-ਚਾਲੀ ਸਾਲ ਪਹਿਲਾਂ ਵਾਲਾ ਮਾਹੌਲ ਹੁਣ ਨਾਲੋਂ ਬਹੁਤ ਵੱਖਰਾ ਸੀ। ਬੱਸ ਦੇ ਸਫ਼ਰ ਦੀਆਂ ਸੁਭਾਵਿਕ ਅਤੇ ਸਿੱਧ-ਪੱਧਰੀਆਂ ਗੱਲਾਂ ਸਾਡੇ ਸਾਰਿਆਂ ਦੇ ਸਫ਼ਰ ਦਾ ਹਿੱਸਾ ਬਣਦੀਆਂ ਹਨ। ਕਿਸੇ ਲਈ ਇਹ ਸਾਧਾਰਨ, ਪਰ ਕਿਸੇ ਲਈ ਮਨੋਰੰਜਨ ਜਾਂ ਊਰਜਾਮਈ ਹੁੰਦੀਆਂ ਹਨ।
ਪਿਛਲੇ ਦਿਨੀਂ ਮੈਂ ਜਲੰਧਰ ਤੋਂ ਨਵਾਂ ਸ਼ਹਿਰ ਆਉਣ ਲਈ ਬੱਸ ਵਿਚ ਬੈਠਾ ਸੀ। ਬੱਸ ਹਾਲੇ ਤੁਰੀ ਨਹੀਂ ਸੀ। ਇਕ ਬਾਈ-ਤੇਈ ਕੁ ਸਾਲ ਦਾ ਨੌਜਵਾਨ ਮੇਰੇ ਨਾਲ ਵਾਲੀ ਖ਼ਾਲੀ ਸੀਟ ਵੇਖ ਕੇ ਪੁੱਛਣ ਲੱਗਾ, ‘‘ਅੰਕਲ, ਇਹ ਸੀਟ ਖ਼ਾਲੀ ਹੈ?’’ ਮੇਰੇ ਹਾਂ ਕਹਿਣ ਉੱਤੇ ਉਹ ਲੜਕਾ ਸੀਟ ਉੱਪਰ ਬੈਠ ਗਿਆ। ਬਹਿੰਦੇ ਸਾਰ ਹੀ ਉਹ ਟੂਟੀਆਂ ਜਿਹੀਆ ਕੰਨਾਂ ਵਿਚ ਫਸਾ ਕੇ ਆਪਣੇ ਫੋਨ ’ਤੇ ਮਗਨ ਹੋ ਗਿਆ। ਤਕਰੀਬਨ ਅੱਸੀ ਪ੍ਰਤੀਸ਼ਤ ਸਵਾਰੀਆਂ ਆਪਣੇ-ਆਪਣੇ ਫੋਨ ਨਾਲ ਮਗਨ ਸਨ। ਕਿਸੇ ਨੇ ਕਿਸੇ ਨਾਲ ਗੱਲ ਕਰਨੀ ਤਾਂ ਇਕ ਪਾਸੇ, ਕਿਸੇ ਵੱਲ ਵੇਖਣ ਦੀ ਵੀ ਵਿਹਲ ਨਹੀਂ ਸੀ। ਮੇਰੀ ਸੋਚ ਅੱਜ ਤੋਂ ਵੀਹ-ਪੰਝੀ ਸਾਲ ਪਿੱਛੇ ਚਲੀ ਗਈ। ਬੱਸਾਂ ਦਾ ਮਾਹੌਲ ਕਿੰਨਾ ਮੋਹ ਅਤੇ ਅਪਣੱਤ ਵਾਲਾ ਹੁੰਦਾ ਸੀ। ਇਕ ਘਟਨਾ ਅੱਜ ਵੀ ਮੈਨੂੰ ਯਾਦ ਹੈ।
ਬੱਸ ਦਾ ਕੰਡਕਟਰ ਟਿਕਟਾਂ ਕੱਟਦਾ ਕੱਟਦਾ ਇਕ ਬਜ਼ੁਰਗ ਮਾਈ ਕੋਲ ਆਇਆ। ਮਾਤਾ ਨੇ ਆਪਣਾ ਥਾਂ-ਪਤਾ ਦੱਸ ਕੇ ਟਿਕਟ ਲਈ ਪੈਸੇ ਫੜਾ ਦਿੱਤੇ। ਕੰਡਕਟਰ ਨੇ ਮਾਤਾ ਨੂੰ ਬਕਾਇਆ ਤਾਂ ਮੋੜ ਦਿੱਤਾ, ਪਰ ਟਿਕਟ ਨਾ ਦਿੱਤੀ। ਪਹਿਲਾਂ ਤਾਂ ਮਾਤਾ ਚੁੱਪ ਸੀ, ਪਰ ਜਦੋਂ ਕੰਡਕਟਰ ਦੋ-ਤਿੰਨ ਵਾਰ ਟਿਕਟ ਦਿੱਤੇ ਬਗੈਰ ਲੰਘਦਾ ਰਿਹਾ ਤਾਂ ਮਾਤਾ ਨੇ ਟਿਕਟ ਮੰਗੀ। ਕੰਡਕਟਰ ਬੇਧਿਆਨਾ ਜਿਹਾ ਰਿਹਾ। ਮਾਤਾ ਨੇ ਹੁਣ ਫਿਰ ਟਿਕਟ ਮੰਗੀ। ‘‘ਮਾਤਾ, ਤੈਂ ਟਿਕਟ ਦਾ ਝੱਗਾ ਸਮਾਉਣੈ?’’ ਕੰਡਕਟਰ ਖਿੱਝ ਕੇ ਬੋਲਿਆ। ‘‘ਲੱਗਦਿਆ ਝੱਗੇ ਦਿਆ, ਜੇ ਕੋਈ ਅਫ਼ਸਰ ਚਿੱਕ ਕਰਨ ਆ ਗਿਆ?’’ ‘‘ਸਾਨੂੰ ਪਤਾ ਹੁੰਦੈ ਕਿਹਦੀ ਟਿਕਟ ਰਹਿੰਦੀ ਹੈ।’’ ਕਹਿੰਦਿਆ ਕੰਡਕਟਰ ਨੇ ਮਾਤਾ ਨੂੰ ਟਿਕਟ ਫੜਾ ਦਿੱਤੀ।
ਇਕ ਵਾਰ ਨਕੋਦਰ ਤੋਂ ਜਲੰਧਰ ਆ ਰਹੇ ਸੀ ਤਾਂ ਰਸਤੇ ਵਿਚ ਪੇਂਡੂ ਅੱਡੇ ’ਤੇ ਬੱਸ ਰੁਕੀ। ਚਾਰ-ਪੰਜ ਸਵਾਰੀਆਂ ਉਤਰੀਆਂ ਅਤੇ ਚਾਰ-ਪੰਜ ਹੀ ਹੋਰ ਚੜ੍ਹ ਗਈਆਂ। ਕੰਡਕਟਰ ਨੇ ਵਿਸਲ ਦਿੱਤੀ। ਬੱਸ ਤੁਰੀ ਤਾਂ ਥੋੜ੍ਹੀ ਦੇਰ ਬਾਅਦ ਇਕ ਬੰਦਾ ਉੱਠ ਕੇ ਰੌਲਾ ਪਾਉਣ ਲੱਗਾ। ‘‘ਬੱਸ ਰੋਕਿਓ! ਬੱਸ ਰੋਕਿਓ!। ਸਾਡੇ ਬੰਦੇ ਬੱਸ ਚੜ੍ਹਨ ਤੋਂ ਰਹਿ ਗਏ ਐ।’’ ‘‘ਚੱਲ ਰਹਿਣ ਦੇ ਹੁਣ। ਉਹ ਅਗਲੀ ਬੱਸ ਆ ਜਾਣਗੇ।’’ ਕੰਡਕਟਰ ਨੇ ਸੁਭਾਵਕ ਹੀ ਕਿਹਾ। ‘‘ਨਹੀਂ, ਨਹੀਂ! ਜਾਣਾ ਤਾਂ ਉਹਨੀ ਐ। ਮੈਂ ਤਾਂ ਉਨ੍ਹਾਂ ਨੂੰ ਬੱਸ ਚੜ੍ਹਾਉਣ ਆਇਆ ਸੀ।’’ ‘‘ਕਰ ਲਓ ਗੱਲ। ਰੋਕ ਦੇ ਯਾਰ ਬਿੱਕਰਾ। ਆ ਜਾਂਦੇ ਐ ਸਵਾਰੀਆਂ ਚੜ੍ਹਾਉਣ ਚਾਹ ਪੀਤਿਆਂ ਬਗੈਰ ਹੀ।’’ ਉਹ ਬੰਦਾ ਦੋ ਬੈਗ ਫੜ ਕੇ ਬਿਨਾਂ ਕਿਸੇ ਅੱਡੇ ਤੋਂ ਉਤਰ ਗਿਆ।
ਕੁਝ ਘਟਨਾਵਾਂ ਨੇ ਸੁਭਾਵਿਕ ਹੀ ਹੋਣਾ ਹੁੰਦਾ ਹੈ। ਇਹ ਸਾਰੀਆਂ ਬੱਸ ਸਫ਼ਰ ਦਾ ਅੰਗ ਬਣ ਜਾਂਦੀਆਂ ਹਨ। ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਆ ਰਿਹਾ ਸੀ। ਰਸਤੇ ਵਿਚ ਅਚਾਨਕ ਹੀ ਇਕ ਤੀਹ-ਪੈਂਤੀ ਕੁ ਸਾਲ ਦਾ ਨੌਜਵਾਨ ਮੁੰਡਾ ਆਪਣੀ ਸੀਟ ਦੇ ਇਕ ਪਾਸੇ ਨੂੰ ਲੁੜਕ ਗਿਆ। ਉਸ ਨੂੰ ਕੋਈ ਦੌਰਾ ਪੈ ਗਿਆ ਸੀ। ਕੰਡਕਟਰ ਨੇ ਵਿਸਲ ਮਾਰ ਕੇ ਬੱਸ ਰੁਕਵਾ ਲਈ। ਕੁਦਰਤੀ ਹੀ ਸੜਕ ਦੇ ਨਾਲ ਲੱਗਦੇ ਦੋ-ਤਿੰਨ ਘਰ ਸਨ। ਇੱਕ ਘਰ ਤੋਂ ਮੰਜਾ ਮੰਗਵਾਇਆ ਗਿਆ। ਨੌਜਵਾਨ ਮੁੰਡੇ ਨੂੰ ਮੰਜੇ ਦੇ ਉੱਪਰ ਲਿਟਾ ਦਿੱਤਾ ਗਿਆ। ਇਕ ਬਜ਼ੁਰਗ ਮਾਤਾ ਆਪਣੇ ਸਿਰ ਦੇ ਦੁਪੱਟੇ ਨਾਲ ਉਸ ਮੁੰਡੇ ਨੂੰ ਹਵਾ ਝੱਲਣ ਲੱਗ ਪਈ। ਮਾਤਾ ਦੀਆਂ ਅੱਖਾਂ ਵਿਚ ਮੋਹ ਦੇ ਹੰਝੂ ਆ ਗਏ। ‘‘ਵੇ ਪੁੱਤਾ! ਤੈਨੂੰ ਨਾ ਕੁਝ ਹੋਵੇ। ਤੇਰੀ ਮਾਂ ਤਾਂ ਤੈਨੂੰ ਉਡੀਕਦੀ ਹੋਣੀ ਐ।’’ ਮਾਤਾ ਦੇ ਹੱਥ ਵਾਹਿਗੁਰੂ ਵੱਲ ਜੁੜੇ ਹੋਏ ਸਨ ਅਤੇ ਕੰਡਕਟਰ-ਡਰਾਈਵਰ ਕਿਸੇ ਵੀ ਸਵਾਰੀ ਨੂੰ ਕਾਹਲੀ ਨਹੀਂ ਸੀ। ਸਗੋਂ ਸਾਰੇ ਹੀ ਫ਼ਿਕਰਮੰਦ ਸਨ। ਦਸ-ਪੰਦਰਾਂ ਮਿੰਟ ਬਾਅਦ ਉਹ ਨੌਜਵਾਨ ਉੱਠ ਕੇ ਬੈਠ ਗਿਆ। ਫਿਰ ਆਪ ਹੀ ਬੱਸ ਵੱਲ ਨੂੰ ਤੁਰ ਪਿਆਂ। ਸਭ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ।
ਪਿਛਲੇ ਸਾਲ ਦੀ ਹੀ ਗੱਲ ਹੈ। ਆਪਣੇ ਦੋਸਤ ਦੀ ਖ਼ਬਰਸਾਰ ਲੈ ਕੇ ਫਗਵਾੜਾ ਤੋਂ ਨਵਾਂ ਸ਼ਹਿਰ ਦੀ ਬੱਸ ਫੜੀ। ਬੰਗੇ ਤੋਂ ਬਜ਼ੁਰਗ ਮਾਵਾਂ ਬੱਸ ਚੜ੍ਹੀਆਂ। ਉਨ੍ਹਾਂ ਦੀਆਂ ਟਿਕਟਾਂ ਨਵੇਂ ਸ਼ਹਿਰ ਦੀਆਂ ਸਨ। ਬੱਸ ਅਜੇ ਨਵਾਂ ਸ਼ਹਿਰ ਤੋਂ ਉਰਲੇ ਪਾਸੇ ਹੀ ਸੀ। ਕੰਡਕਟਰ ਨੂੰ ਕਹਿਣ ਲੱਗੀਆਂ, ‘‘ਵੇ ਪੁੱਤ! ਸਾਨੂੰ ਅੱਡੇ ਤੋਂ ਬਾਹਰ-ਬਾਹਰ ਚੌਂਕ ਵਿਚ ਉਤਾਰ ਦੇਈਂ ਜਿੱਥੇ ਕੁ ਉਹ ਕਿਤਾਬ ਵਾਲਾ ਭਾਈ ਖੜ੍ਹਾ।’’ ‘‘ਕਿਤਾਬ ਵਾਲਾ ਭਾਈ ਕੌਣ?’’ ਕੰਡਕਟਰ ਨੇ ਪੁੱਛਿਆ। ਕੋਲੋਂ ਇਕ ਪੜ੍ਹਿਆ ਲਿਖਿਆ ਨੌਜਵਾਨ ਬੋਲਿਆ, ‘‘ਮੇਰਾ ਖਿਆਲ ਇਹ ਡਾ. ਅੰਬੇਡਕਰ ਚੌਂਕ ਦੀ ਗੱਲ ਕਰਦੀਆਂ।’’ ‘‘ਕਿਤਾਬ ਵਾਲਾ ਭਾਈ!’’ ਕਹਿੰਦਾ ਹੋਇਆ ਕੰਡਕਟਰ ਹੱਸਣ ਲੱਗ ਪਿਆ।
ਸੰਪਰਕ: 94631-19610

Advertisement

Advertisement