For the best experience, open
https://m.punjabitribuneonline.com
on your mobile browser.
Advertisement

ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ...

10:53 AM Jun 05, 2024 IST
ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ
ਸੁਰਜੀਤ ਪਾਤਰ ਦੀ ਯਾਦ ਵਿੱਚ ਕਰਵਾਏ ਸਮਾਗਮ ਦੀ ਝਲਕ
Advertisement

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਜੂਨ ਮਹੀਨੇ ਦੀ ਮੀਟਿੰਗ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਕਵੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਅਤੇ ਜੂਨ 1984 ਦੇ ਪਹਿਲੇ ਹਫ਼ਤੇ ਵਾਪਰੇ ਇਤਿਹਾਸਕ ਦੁਖਾਂਤ ਨੂੰ ਸਮਰਪਿਤ ਰਹੀ। ਮੀਟਿੰਗ ਪ੍ਰਧਾਨ ਜਸਵੀਰ ਸਿੰਘ ਸਿਹੋਤਾ, ਡਾ. ਜੋਗਾ ਸਿੰਘ ਸਹੋਤਾ ਅਤੇ ਗੁਰਦੀਸ਼ ਕੌਰ ਗਰੇਵਾਲ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ‘ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ... ਵਰਗੇ ਸੁਰਜੀਤ ਪਾਤਰ ਦੇ ਸਿਰਜੇ ਭਾਵਪੂਰਤ ਬੋਲਾਂ ਨੂੰ ਦੁਹਰਾ ਕੇ ਸਭਾ ਦੀ ਸਕੱਤਰ ਗੁਰਚਰਨ ਥਿੰਦ ਨੇ ਪਾਤਰ ਨੂੰ ਆਸ਼ਾ ਭਰਪੂਰ ਬੋਲਾਂ ਦਾ ਰਚੇਤਾ, ਸਹਿਜਮੱਤੀ ਸ਼ਖ਼ਸੀਅਤ ਦਾ ਮਾਲਕ, ਆਪਣੇ ਨਰਮ ਬੋਲਾਂ ਨਾਲ ਹਰੇਕ ਨੂੰ ਸੌਖੇ ਹੀ ਮਿਲ ਸਕਣ ਵਾਲਾ ਵਿਅਕਤੀ ਆਖ ਸਤਿਕਾਰਿਆ ਅਤੇ ਨਾਲ ਹੀ ਚਾਰ ਦਹਾਕੇ ਪਹਿਲਾਂ ਸਿੱਖੀ ਦੇ ਧਾਰਮਿਕ ਸਥਾਨ ’ਤੇ ਵਾਪਰੇ ਦੁਖਾਂਤ ਦੇ ਫਲਸਰੂਪ ਪੰਜਾਬ ਤੇ ਪੰਜਾਬੀਆਂ ਦੀ ਦੁਰਗਤੀ ਨੂੰ ਯਾਦ ਕਰਦਿਆਂ ਉਸ ਕਾਲੇ ਦੌਰ ਦਾ ਅੱਖੀਂ ਡਿੱਠਾ ਹਾਲ ਸਾਂਝਾ ਕੀਤਾ।
ਉਪਰੰਤ ਜਸਵੰਤ ਸਿੰਘ ਸੇਖੋਂ ਅਤੇ ਅਮਨਪ੍ਰੀਤ ਸਿੰਘ ਨੇ ਰਲ ਕੇ ਲੇਖਕ ਦੀ ਕਲਮ ਦੀ ਉਸਤਤ ਕਰਦਿਆਂ, ‘ਘੋਰ ਕਾਲੀਆਂ ਰਾਤਾਂ ਨੂੰ ਉਹ ਬਖ਼ਸ਼ਣ ਸਦਾ ਉਜਾਲੇ’, ‘ਸੱਚ ਕਹਿਣ ਤੋਂ ਨਹੀਂ ਡੋਲਿਆ ਦੇਖਿਆ ਨੇੜੇ ਹੋ ਕੇ’ ਬੋਲਾਂ ਨਾਲ ਉਸ ਦੇ ਸਮਾਜ ਲਈ ਸਾਰਥਿਕ ਯੋਗਦਾਨ ਨੂੰ ਕਵੀਸ਼ਰੀ ਦੇ ਰੂਪ ਵਿੱਚ ਗਾਇਆ। ਬਲਵਿੰਦਰ ਬਰਾੜ ਨੇ ਪੰਜਾਬ ਯੂਨੀਵਰਸਿਟੀ ਵਿੱਚ ਦਲੀਪ ਕੌਰ ਟਿਵਾਣਾ, ਪ੍ਰੇਮ ਪ੍ਰਕਾਸ਼ ਤੇ ਹੋਰ ਬਹੁਤ ਸਾਰੇ ਲੇਖਕਾਂ ਸਮੇਤ ਸੁਰਜੀਤ ਪਾਤਰ ਨਾਲ ਮਿਲਣ ਦੇ ਮੌਕਿਆਂ ਦਾ ਬੜੇ ਭਾਵਪੂਰਤ ਸ਼ਬਦਾਂ ਵਿੱਚ ਵਰਣਨ ਕਰਦਿਆਂ ਕਿਹਾ ਕਿ ‘ਜਿਵੇਂ ਫ਼ਸਲ ਪੱਕੀ ਤੋਂ ਖੇਤ ਵੱਢਿਆ ਜਾਂਦਾ ਹੈ ਤਾਂ ਸਿੱਲਾ ਚੁੱਗਣ ਵਾਲੀਆਂ ਵੀ ਪੰਜ ਸੱਤ ਸੇਰ ਦਾਣੇ ਬਣਾ ਲੈਂਦੀਆਂ ਹਨ। ਮੈਨੂੰ ਲੱਗਦਾ ਹੈ ਕਿ ਉਹ ਸਾਰੇ ਚਲੇ ਗਏ ਤੇ ਮੈਂ ਉਨ੍ਹਾਂ ਦੇ ਰਾਹੀਂ ਕੁਝ ਨਾ ਕੁਝ ਸੰਭਾਲ ਲਿਆ।’ ਉਨ੍ਹਾਂ ਸੁਰਜੀਤ ਪਾਤਰ ਦੇ ਬੋਲ ਕਿ ‘ਜਦੋਂ ਕਵਿਤਾ ਅਜੇ ਲਿਖੀ ਨਹੀਂ ਹੁੰਦੀ ਤਾਂ ਕਵਿਤਾ ਮੇਰੀ ਪਕੜ ਵਿੱਚ ਹੁੰਦੀ ਹੈ ਤੇ ਜਦੋਂ ਕਵਿਤਾ ਲਿਖ ਲਈ ਜਾਂਦੀ ਹੈ ਤਾਂ ਮੈਂ ਕਵਿਤਾ ਦੀ ਪਕੜ ਵਿੱਚ ਹੁੰਦਾ ਹਾਂ’ ਨੂੰ ਯਾਦ ਕਰਦਿਆਂ ਕਿਹਾ ਕਿ ਪਾਸ਼ ਦੀ ਕਵਿਤਾ ਵਿਦਰੋਹ ਦੀ ਕਵਿਤਾ ਹੈ ਤੇ ਸੁਰਜੀਤ ਪਾਤਰ ਦੀ ਕਵਿਤਾ ਰੋਹ ਦੀ ਕਵਿਤਾ ਹੈ। ਉਨ੍ਹਾਂ ਜੂਨ ’84 ਦੇ ਦੁਖਾਂਤ ਬਾਰੇ ਕਿਹਾ ਕਿ ‘ਇਹ ਸਿੱਖ ਇਤਿਹਾਸ ਦੀ ਛਾਤੀ ’ਤੇ ਉੱਠਿਆ ਛਾਲਾ ਹੈ ਜੋ ਹਮੇਸ਼ਾ ਰਿਸਦਾ ਰਹੇਗਾ।’
ਅਮਨਪ੍ਰੀਤ ਸਿੰਘ ਨੇ ‘ਲੜਦਾ ਲੜਦਾ ਥੱਕ ਗਿਆਂ ਹੁਣ ਸੌਣਾ ਚਾਹੁੰਨਾ, ਬੁੱਕਲ ਤੇਰੀ ਵਿੱਚ ਮਾਏ ਮੈਂ ਸੌਣਾ ਚਾਹੁੰਨਾ’ ਬੋਲਾਂ ਨਾਲ ਹਾਜ਼ਰੀ ਲਵਾਈ। ਡਾ. ਜੋਗਾ ਸਿੰਘ ਨੇ ਕਿਹਾ ਕਿ ਸੁਰਜੀਤ ਪਾਤਰ ਦਾ ਕਹਿਣਾ ਸੀ ਕਿ ਉਹ ਸੰਗੀਤਕਾਰ ਬਣਨਾ ਚਾਹੁੰਦੇ ਸਨ। ਸੰਗੀਤ ਉਨ੍ਹਾਂ ਦੇ ਡੀਐੱਨਏ ਵਿੱਚ ਸੀ ਇਸੇ ਕਰਕੇ ਉਹ ਕਵੀ ਦੇ ਨਾਲ ਨਾਲ ਵਧੀਆ ਗਾਇਕ ਵੀ ਸਨ। ਉਨ੍ਹਾਂ ਆਪਣੀ ਸੁਰੀਲੀ ਆਵਾਜ਼ ਵਿੱਚ ਸੁਖਵਿੰਦਰ ਅੰਮ੍ਰਿਤ ਦੀ ਲਿਖੀ ਗ਼ਜ਼ਲ ‘ਮੇਰੇ ਹਰ ਗ਼ਮ ਵਿੱਚ ਖ਼ੁਸ਼ੀ ਵੀ ਸ਼ਰੀਕ ਸੀ, ਸ਼ਾਇਦ ਕਿ ਜਿੰਦ ਮੇਰੀ ਨੂੰ ਤੇਰੀ ਉਡੀਕ ਸੀ’ ਸੁਣਾਈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਬੰਧ ਵਿੱਚ ਉਨ੍ਹਾਂ ‘ਕਿਉਂ ਧੜਕਦਾਂ ਏ ਕਾਤਲ ਲੈ ਹੱਸ ਕੇ ਜਾਨ ਮੇਰੀ, ਉਬਲਾਂ ਮੈਂ ਦੇਗ ਅੰਦਰ ਇਸ ਵਿੱਚ ਹੈ ਸ਼ਾਨ ਮੇਰੀ’ ਗੀਤ ਆਪਣੀ ਸੁਰੀਲੀ ਸੁਰ ਵਿੱਚ ਗਾਏ। ਸਰਦੂਲ ਸਿੰਘ ਲੱਖਾ ਨੇ ‘ਮੇਰਾ ਪਿੰਡ’ ਸਿਰਲੇਖ ਹੇਠ ਪੰਜਾਬ ਦੇ ਪਿੰਡਾਂ ਦੀ ਤਰਾਸਦੀ ਦਰਸਾਉਂਦੀ ਆਪਣੀ ਰਚਨਾ ‘ਮੇਰੇ ਪਿੰਡ ਨਾ ਆਈਂ ਸੋਹਣਿਆ ਜਿੱਥੇ ਤੂੰ ਆਉਂਦਾ ਹੁੰਦਾ ਸੀ’ ਅਤੇ ‘ਤਾਰੇ’ ਤੇ ‘ਪੰਛੀ’ ਨਾਂ ਦੀਆਂ ਦੋ ਹੋਰ ਰਚਨਾਵਾਂ ਪੇਸ਼ ਕੀਤੀਆਂ। ਜਸਵੰਤ ਸਿੰਘ ਕਪੂਰ ਨੇ ਵੀ ਦੁਖਦ ਸਮਿਆਂ ਦੀਆਂ ਯਾਦਾਂ ਸਾਝੀਆਂ ਕੀਤੀਆਂ।
ਗੁਰਨਾਮ ਕੌਰ ਨੇ ਪਹਿਲੇ ਘੱਲੂਘਾਰੇ ਤੋਂ ਲੈ ਕੇ 1984 ਦੇ ਘੱਲੂਘਾਰੇ ਤੱਕ ਦੇ ਜ਼ੋਖਮਾਂ ਭਰੇ ਇਤਿਹਾਸ ਦਾ ਵਰਣਨ ‘ਕਦੇ ਚਰਖੜੀਆਂ ਤੋਂ ਬਾਅਦ ਕਦੇ ਆਰਿਆਂ ਤੋਂ ਬਾਅਦ, ਪੰਥ ਉੱਠਦਾ ਏ ਘੱਲੂਘਾਰਿਆਂ ਤੋਂ ਬਾਅਦ’ ਬੋਲਾਂ ਨਾਲ ਕੀਤਾ। ਸਰਬਜੀਤ ਉੱਪਲ ਨੇ ਸੁਰਜੀਤ ਪਾਤਰ ਦੀ ਇੱਕ ਕਵਿਤਾ ਨਾਲ ਹਾਜ਼ਰੀ ਲਵਾਈ। ਗੁਰਦੀਸ਼ ਗਰੇਵਾਲ ਨੇ ਸੁਰਜੀਤ ਪਾਤਰ ਨਾਲ ਆਪਣੀਆਂ ਸਾਂਝਾਂ ਨੂੰ ਯਾਦ ਕੀਤਾ ਅਤੇ ਆਪਣੀ ਕਿਤਾਬ ‘ਸਰਘੀ ਦਾ ਸੂਰਜ’ ਦੇ ਕਵਰ ਲਈ ਪਾਤਰ ਦੇ ਲਿਖੇ ਸ਼ਬਦ ਪੜ੍ਹ ਕੇ ਸੁਣਾਏ ਅਤੇ ਉਨ੍ਹਾਂ ਲਈ ਲਿਖੇ ਆਪਣੇ ਸ਼ਰਧਾਂਜਲੀ ਬੋਲ ‘ਪਾਤਰ ਸਾਹਿਬ ਦੀ ਮੈਂ ਅੜੀਓ ਕੀ ਕੀ ਸਿਫ਼ਤ ਸੁਣਾਵਾਂ, ਰੱਬੀ ਗੁਣ ਦਾਤੇ ਨੇ ਦਿੱਤੇ ਉਨ੍ਹਾਂ ਦੇ ਗੁਣ ਗਾਵਾਂ’ ਸੁਣਾਏ। ਦਰਸ਼ਨ ਸਿੰਘ ਨੇ ਪਾਤਰ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਕੁਝ ਪਲਾਂ ਦੇ ਮੇਲ ਦਾ ਜ਼ਿਕਰ ਕੀਤਾ ਅਤੇ ਗ਼ਜ਼ਲ ਪੇਸ਼ ਕੀਤੀ।
ਡਾ. ਸੁਖਵਿੰਦਰ ਸਿੰਘ ਥਿੰਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਐੱਮ.ਐੱਸ. ਰੰਧਾਵਾ ਵੇਲੇ ਪ੍ਰੋ. ਮੋਹਨ ਸਿੰਘ ਦੁਆਰਾ ਸੁਰਜੀਤ ਪਾਤਰ ਨੂੰ ਭਾਸ਼ਾ ਤੇ ਸੱਭਿਆਚਾਰ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਲਿਆਉਣ ਬਾਰੇ ਦੱਸਿਆ ਅਤੇ ਉਨ੍ਹਾਂ ਦੇ ਜੀਵਨ ਦੀਆਂ ਯਾਦਗਾਰੀ ਗੱਲਾਂ ਦੀ ਸਾਂਝ ਪਾਈ। ਕਪੂਰਥਲਾ ਜ਼ਿਲ੍ਹੇ ਦੇ ਲੋਹੀਆਂ ਪਿੰਡ ਦੇ ਜੰਮਪਲ ਨਾਟਕਕਾਰ ਸ਼ੁੁਭੇਂਧੂ ਸ਼ਰਮਾ ਨੇ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਸਰਹਿੰਦ ਦੇ ਸੂਬੇਦਾਰ ਅਤੇ ਉਸ ਦੇ ਅਹਿਲਕਾਰ ਦਿਲਾਵਰ ਦਰਮਿਆਨ ਹੋਏ ਵਾਰਤਾਲਾਪ ਦਾ ਦ੍ਰਿਸ਼ ਨਾਟਕੀ ਰੂਪ ਵਿੱਚ ਪੇਸ਼ ਕਰ ਕੇ ਕਮਾਲ ਕਰ ਦਿੱਤਾ। ਗੁਰਮੀਤ ਸਿੰਘ ਤੰਬੜ ਨੇ 1984 ਦੇ ਦੁਖਾਂਤ ਨੂੰ ਕੌਮ ਦੀ ਨਸਲਕੁਸ਼ੀ ਆਖ ਕੇ ਉਸ ਦੌਰ ਦੇ ਅੱਖੀਂ ਡਿੱਠੇ ਤੇ ਹੰਢਾਏ ਦੁਖਾਂਤ ਨੂੰ ਬਿਆਨਿਆ। ਪ੍ਰੀਤਸਾਗਰ ਸਿੰਘ ਨੇ ‘ਆਨੰਦਪੁਰ ਦੇ ਜੰਮਿਆ ਨੂੰ ਦੱਸ ਕਦੋਂ ਤੂੰ ਆਪਣਾ ਮੰਨਿਆ ਏ’ ਬੋਲਾਂ ਨਾਲ ਆਪਣਾ ਰੋਹ ਪ੍ਰਗਟਾਇਆ। ਜਗਦੇਵ ਸਿੰਘ ਸਿੱਧੂ ਨੇ ਆਖਿਆ ਕਿ ਸੁਰਜੀਤ ਪਾਤਰ ਦੇ ਸੋਗ ਵਿੱਚ ਖਲੋਤੇ ਬ੍ਰਿਖ ਵੀ ਸ਼ਾਮਲ ਹਨ ਕਿਉਂਕਿ ਉਹ ਬ੍ਰਿਖਾਂ ਦੇ ਅਹਿਸਾਸਾਂ ਦਾ ਰਚੇਤਾ ਸੀ। ਪ੍ਰਧਾਨ ਜਸਵੀਰ ਸਿਹੋਤਾ ਨੇ ‘ਚਾਨਣ ਕਰਦਾਂ ਰਹੀਂ ਮਾਲਕਾ ਜ਼ਿੰਦਗੀ ’ਚ ਕਦੇ ਨਾ ਰਾਤ ਹੋਵੇ’ ਸ਼ਬਦਾਂ ਨਾਲ ਸੁਰਜੀਤ ਪਾਤਰ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਅਤੇ ਆਪਣੀ ਰਚਨਾ ਸਾਂਝੀ ਕੀਤੀ। ਅੰਤ ਵਿੱਚ ਗੁਰਚਰਨ ਕੌਰ ਥਿੰਦ ਨੇ ਪਾਤਰ ਦੀ ਅੰਤਮ ਕਵਿਤਾ, ‘ਜੀਵਨ ਦੀਆਂ ਸ਼ਾਮਾਂ ਪੈ ਗਈਆਂ, ਕਈ ਗੱਲਾਂ ਦਿਲ ਵਿੱਚ ਰਹਿ ਗਈਆਂ। ਕਈ ਕੰਮ ਅਣਕੀਤੇ ਰਹਿ ਗਏ ਨੇ...’ ਸੁਣਾਈ’ ਅਤੇ ਮੀਟਿੰਗ ਦੀ ਸਮਾਪਤੀ ਕੀਤੀ।
ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ

Advertisement

Advertisement
Author Image

joginder kumar

View all posts

Advertisement
Advertisement
×