ਏਅਰ ਹੋਸਟੈੱਸ ਦੀਆਂ ਤਸਵੀਰਾਂ ਖਿੱਚਣ ਦੇ ਮਾਮਲੇ ’ਚ ਮਹਿਲਾ ਕਮਿਸ਼ਨ ਨੇ ਕਾਰਵਾਈ ਰਿਪੋਰਟ ਮੰਗੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਦਿੱਲੀ ਮਹਿਲਾ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਸਪਾਈਸਜੈੱਟ ਦੀ ਇੱਕ ਉਡਾਣ ਦੌਰਾਨ ਇਕ ਯਾਤਰੀ ਵੱਲੋਂ ਇੱਕ ਏਅਰ ਹੋਸਟੈੱਸ ਦੀਆਂ ਖਿੱਚੀਆਂ ਗਈਆਂ ਤਸਵੀਰਾਂ ਦੇ ਮਾਮਲੇ ਦਾ ਨੋਟਿਸ ਲਿਆ ਹੈ। ਮਹਿਲਾ ਕਮਿਸ਼ਨ ਵੱਲੋਂ ਇਸ ਸਬੰਧ ਵਿੱਚ ਦਿੱਲੀ ਪੁਲੀਸ ਤੇ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਡੀਸੀਡਬਲਯੂ ਦੀ ਚੇਅਰ ਪਰਸਨ ਸਵਾਤੀ ਮਾਲੀਵਾਲ ਨੇ ਨੋਟਿਸ ਦੀ ਕਾਪੀ ਸਾਂਝੀ ਕਰਦਿਆਂ ਟਵੀਟ ਕੀਤਾ ਹੈ ਕਿ ਦਿੱਲੀ ਤੋਂ ਮੁੰਬਈ ਜਾਣ ਵਾਲੀ ਉਡਾਣ ਵਿੱਚ ਇੱਕ ਯਾਤਰੀ ਨੇ ਗੁਪਤ ਰੂਪ ਵਿੱਚ ਫਲਾਈਟ ਅਟੈਂਡੈਂਟ ਤੇ ਹੋਰ ਔਰਤਾਂ ਦੀਆਂ ਵੀਡੀਓਜ਼ ਤੇ ਇਤਰਾਜ਼ਯੋਗ ਤਸਵੀਰਾਂ ਖਿੱਚੀਆਂ ਹਨ। ਇਸ ਸਬੰਧੀ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਵੀ ਵਾਇਰਲ ਹੋਈ ਹੈ। ਇਹ ਗੰਭੀਰ ਮਾਮਲਾ ਹੈ, ਜਿਸ ਬਾਰੇ ਉਹ ਪੁਲੀਸ ਤੇ ਡੀਜੀਸੀਏ ਨੂੰ ਨੋਟਿਸ ਜਾਰੀ ਕਰ ਰਹੇ ਹਨ। ਮਾਲੀਵਾਲ ਨੇ ਕਿਹਾ, ‘ਜੇਕਰ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਤਾਂ ਇਸ ਦਾ ਕਾਰਨ ਦੱਸਿਆ ਜਾਵੇ ਅਤੇ ਮਾਮਲੇ ਸਬੰਧੀ ਕੀਤੀ ਗਈ ਕਾਰਵਾਈ ਦੀ ਰਿਪੋਰਟ ਪੇਸ਼ ਕੀਤੀ ਜਾਵੇ।’ ਜ਼ਿਕਰਯੋਗ ਹੈ ਕਿ ਇਹ ਘਟਨਾ 16 ਅਗਸਤ ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਨੰਬਰ 157 ’ਤੇ ਵਾਪਰੀ ਦੱਸੀ ਜਾ ਰਹੀ ਹੈ। ਨੋਟਿਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਕਤ ਯਾਤਰੀ ਦੇ ਮੋਬਾਈਲ ਫੋਨ ਦੀ ਜਾਂਚ ਕਰਨ ’ਤੇ ਜਹਾਜ਼ ’ਚ ਸਵਾਰ ਔਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਮਿਲੀਆਂ ਹਨ। ਨੋਟਿਸ ਵਿੱਚ ਮਾਲੀਵਾਲ ਨੇ ਮਾਮਲੇ ਵਿੱਚ ਦਰਜ ਕੀਤੀ ਐਫਆਈਆਰ ਦੀ ਕਾਪੀ ਅਤੇ 23 ਅਗਸਤ ਤੱਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਵੇਰਵੇ ਮੰਗੇ ਹਨ।