ਹਾਦਸੇ ਵਿੱਚ ਜ਼ਖਮੀ ਮਹਿਲਾ ਦੀ ਇਲਾਜ ਦੌਰਾਨ ਮੌਤ
ਪੀ.ਪੀ ਵਰਮਾ
ਪੰਚਕੂਲਾ, 29 ਸਤੰਬਰ
ਪੰਚਕੂਲਾ-ਸ਼ਿਮਲਾ ਕੌਮੀ ਮਾਰਗ ’ਤੇ ਸੂਰਜਪੁਰ ਨੇੜੇ ਬਾਈਕ ਦੀ ਟੱਕਰ ਲੱਗਣ ਕਾਰਨ ਜ਼ਖ਼ਮੀ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਉਸ ਦੀ ਬੇਟੀ ਅਜੇ ਵੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪੁਲੀਸ ਨੇ ਔਰਤ ਦੇ ਪਤੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਭਰਤ ਸਿੰਘ ਵਾਸੀ ਲੇਬਰ ਕਲੋਨੀ ਰਾਮਪੁਰ ਸਿਉੜੀ ਨੇ ਦੱਸਿਆ ਕਿ ਉਸ ਦੀ ਪਤਨੀ ਰਾਮਸ੍ਰੀ ਘਰ ਵਿੱਚ ਮਨਿਆਰੀ ਦੀ ਦੁਕਾਨ ਚਲਾਉਂਦੀ ਹੈ। ਬੀਤੇ ਦਿਨ ਉਹ ਆਪਣੀ ਪਤਨੀ ਅਤੇ ਧੀ ਨਾਲ ਪੰਚਕੂਲਾ-ਸ਼ਿਮਲਾ ਨੈਸ਼ਨਲ ਹਾਈਵੇਅ ਦੇ ਕੋਲ ਮਿਲਿਆ ਸੀ। ਉਹ ਸ਼ਿਵ ਮੰਦਰ ’ਚ ਮੱਥਾ ਟੇਕ ਕੇ ਘਰ ਪਰਤ ਰਹੇ ਸਨ। ਉਹ ਸੜਕ ਦੇ ਕਿਨਾਰੇ ਬਣੇ ਕੱਚੇ ਰਸਤੇ ’ਤੇ ਚੱਲ ਰਹੇ ਸਨ। ਇਸ ਦੌਰਾਨ ਪੰਚਕੂਲਾ ਤੋਂ ਆਏ ਤੇਜ਼ ਰਫ਼ਤਾਰ ਮੋਟਕਸਾਈਕਲ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਪਤਨੀ ਅਤੇ ਬੇਟੀ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਸੈਕਟਰ-6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਦੋਂਕਿ ਉਸ ਦੀ ਬੇਟੀ ਨੂੰ ਅਪਰੇਸ਼ਨ ਲਈ ਹਸਪਤਾਲ ’ਚ ਹੀ ਰੱਖਿਆ ਗਿਆ। ਦੂਸਰੇ ਦਿਨ ਅਚਾਨਕ ਉਸ ਦੀ ਪਤਨੀ ਤਬੀਅਤ ਖਰਾਬ ਹੋ ਗਈ ਤੇ ਜਦੋਂ ਤੱਕ ਉਹ ਉਸ ਨੂੰ ਦੁਬਾਰਾ ਹਸਪਤਾਲ ਲੈ ਗਏ ਤਾਂ ਡਾਕਟਰਾਂ ਨੇ ਰਾਮਸ੍ਰੀ ਨੂੰ ਮ੍ਰਿਤਕ ਐਲਾਨ ਦਿੱਤਾ।