ਟਕਰਾਅ ਵਾਲੇ ਖੇਤਰਾਂ ’ਚੋਂ ਫੌਜਾਂ ਦੀ ਵਾਪਸੀ ਸ਼ੁਰੂ
ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਤੋਂ ਸਾਜ਼ੋ-ਸਾਮਾਨ ਸਮੇਟਣਾ ਸ਼ੁਰੂ ਕੀਤਾ
* ਮਹੀਨੇ ਦੇ ਅਖੀਰ ਤੱਕ ਦੇਪਸਾਂਗ ਤੇ ਡੈਮਚੌਕ ਤੋਂ ਫੌਜਾਂ ਦੀ ਵਾਪਸੀ ਮੁਕੰਮਲ ਹੋਣ ਦੀ ਸੰਭਾਵਨਾ
* ਅਸਲ ਕੰਟਰੋਲ ਰੇਖਾ ’ਤੇ ਗਸ਼ਤ ਦੇ ਸਮਝੌਤੇ ਮਗਰੋਂ ਫੌਜਾਂ ਦੀ ਵਾਪਸੀ ਦਾ ਰਾਹ ਪੱਧਰਾ
ਨਵੀਂ ਦਿੱਲੀ, 25 ਅਕਤੂਬਰ
ਭਾਰਤ ਅਤੇ ਚੀਨ ਵਿਚਕਾਰ ਸਮਝੌਤੇ ਮਗਰੋਂ ਪੂਰਬੀ ਲੱਦਾਖ ’ਚ ਦੋ ਥਾਵਾਂ ਡੈਮਚੌਕ ਅਤੇ ਦੇਪਸਾਂਗ ਤੋਂ ਦੋਵੇਂ ਮੁਲਕਾਂ ਦੀਆਂ ਫੌਜਾਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਫੌਜ ਨੇ ਸਾਜ਼ੋ-ਸਾਮਾਨ ਆਪਣੇ ਇਲਾਕੇ ’ਚ ਲਿਜਾਣਾ ਆਰੰਭ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸਲ ਕੰਟਰੋਲ ਰੇਖਾ ਤੋਂ ਫੌਜ ਵਾਪਸ ਸੱਦਣ ਦਾ ਅਮਲ ਬੁੱਧਵਾਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਮਹੀਨੇ ਦੇ ਅਖੀਰ ਤੱਕ ਇਸ ਦੇ ਮੁਕੰਮਲ ਹੋਣ ਦੀ ਸੰਭਾਵਨਾ ਹੈ। ਭਾਰਤ ਨੇ 21 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਪਿਛਲੇ ਚਾਰ ਸਾਲਾਂ ਤੋਂ ਜਾਰੀ ਤਣਾਅ ਨੂੰ ਖ਼ਤਮ ਕਰਦਿਆਂ ਉਸ ਨੇ ਚੀਨ ਨਾਲ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਗਸ਼ਤ ਕਰਨ ਦਾ ਸਮਝੌਤਾ ਕੀਤਾ ਹੈ। ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਰੂਸ ’ਚ ਬਰਿੱਕਸ ਸਿਖਰ ਸੰਮੇਲਨ ਤੋਂ ਵੱਖ ਰਸਮੀ ਵਾਰਤਾ ਦਾ ਰਾਹ ਪੱਧਰਾ ਹੋਇਆ ਸੀ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਕਿਹਾ, ‘‘ਭਾਰਤ ਅਤੇ ਚੀਨ ਵਿਚਕਾਰ ਹਾਲੀਆ ਸਮਝੌਤੇ ਤਹਿਤ ਦੋਵੇਂ ਮੁਲਕਾਂ ਦੀਆਂ ਫੌਜਾਂ ਨੇ ਪਿਛਾਂਹ ਹਟਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ।’’ ਉਧਰ ਨਵੀਂ ਦਿੱਲੀ ’ਚ ਇਸ ਘਟਨਾਕ੍ਰਮ ਤੋਂ ਜਾਣੂ ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਫੌਜਾਂ ਨੇ ਦੇਪਸਾਂਗ ਅਤੇ ਡੈਮਚੌਕ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਦੋਵੇਂ ਥਾਵਾਂ ’ਤੇ ਹੀ ਭਾਰਤ ਅਤੇ ਚੀਨ ਦੀਆਂ ਫੌਜਾਂ ਆਹਮੋ-ਸਾਹਮਣੇ ਸਨ। ਭਾਰਤੀ ਫੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੋਵੇਂ ਇਲਾਕਿਆਂ ’ਚ ਫੌਜਾਂ ਵੱਲੋਂ ਬਣਾਏ ਗਏ ਟਿਕਾਣੇ ਵੀ ਉਖਾੜੇ ਜਾਣਗੇ ਅਤੇ ਵਾਹਨ ਤੇ ਹੋਰ ਸਾਜ਼ੋ-ਸਾਮਾਨ ਅਪਰੈਲ 2020 ਤੋਂ ਪਹਿਲਾਂ ਵਾਲੀ ਥਾਂ ’ਤੇ ਪਹੁੰਚਾਏ ਜਾਣਗੇ। ਅਧਿਕਾਰੀ ਨੇ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਫੌਜਾਂ ਇਸ ਮਗਰੋਂ ਅਸਲ ਕੰਟਰੋਲ ਰੇਖਾ ’ਤੇ ਆਪਣੇ ਆਪਣੇ ਇਲਾਕਿਆਂ ’ਚ ਗਸ਼ਤ ਮੁੜ ਤੋਂ ਸ਼ੁਰੂ ਕਰ ਸਕਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਜ਼ਾਨ ’ਚ ਬਰਿੱਕਸ ਸੰਮੇਲਨ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਗਸ਼ਤ ਲਈ ਕੀਤੇ ਗਏ ਸਮਝੌਤੇ ਦਾ ਸਵਾਗਤ ਕੀਤਾ ਸੀ। ਮੋਦੀ ਨੇ ਕਿਹਾ ਕਿ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨਾ ਦੋਵੇਂ ਮੁਲਕਾਂ ਦੀ ਤਰਜੀਹ ਅਤੇ ਆਪਸੀ ਭਰੋਸਾ ਦੁਵੱਲੇ ਸਬੰਧਾਂ ਦਾ ਆਧਾਰ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ-ਚੀਨ ਸਬੰਧ ਨਾ ਸਿਰਫ਼ ਦੋਵੇਂ ਮੁਲਕਾਂ ਦੇ ਲੋਕਾਂ ਸਗੋਂ ਆਲਮੀ ਸ਼ਾਂਤੀ, ਸਥਿਰਤਾ ਅਤੇ ਤਰੱਕੀ ਲਈ ਵੀ ਅਹਿਮ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਇਥੇ ਇਕ ਸਮਾਗਮ ਦੌਰਾਨ ਕਿਹਾ ਸੀ ਕਿ ਦੋਵੇਂ ਮੁਲਕ ਬਰਾਬਰੀ ਅਤੇ ਆਪਸੀ ਸੁਰੱਖਿਆ ਦੇ ਸਿਧਾਂਤਾਂ ’ਤੇ ਆਧਾਰਿਤ ਜ਼ਮੀਨੀ ਹਾਲਾਤ ਬਹਾਲ ਕਰਨ ’ਤੇ ਸਹਿਮਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਮਝੌਤੇ ’ਚ ਰਵਾਇਤੀ ਇਲਾਕਿਆਂ ’ਚ ਗਸ਼ਤ ਅਤੇ ਚਰਾਂਦਾਂ ਦੀ ਬਹਾਲੀ ਵੀ ਸ਼ਾਮਲ ਹਨ। -ਰਾਇਟਰਜ਼/ਏਐੱਨਆਈ
ਸਾਲ 2020 ਵਿੱਚ ਪੈਦਾ ਹੋਇਆ ਸੀ ਤਣਾਅ
ਭਾਰਤ ਅਤੇ ਚੀਨ ਵਿਚਕਾਰ ਸਾਲ 2020 ’ਚ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਉਸ ਸਮੇਂ ਤਣਾਅ ਪੈਦਾ ਹੋ ਗਿਆ ਸੀ ਜਦੋਂ ਚੀਨੀ ਫੌਜ ਨੇ ਭਾਰਤੀ ਇਲਾਕਿਆਂ ’ਚ ਗਸ਼ਤ ਸ਼ੁਰੂ ਕਰ ਦਿੱਤੀ ਸੀ। ਇਸ ਘਟਨਾ ਮਗਰੋਂ ਗਲਵਾਨ ਘਾਟੀ ’ਚ ਦੋਵੇਂ ਮੁਲਕਾਂ ਦੀ ਫੌਜ ਵਿਚਕਾਰ ਝੜਪ ਹੋਈ ਸੀ ਜਿਸ ’ਚ ਭਾਰਤ ਦੇ 20 ਜਵਾਨ ਹਲਾਕ ਹੋ ਗਏ ਸਨ। ਦੋਵੇਂ ਦੇਸ਼ਾਂ ਵਿਚਕਾਰ ਫੌਜੀ ਅਤੇ ਕੂਟਨੀਤਕ ਪੱਧਰ ’ਤੇ ਗੱਲਬਾਤ ਜਾਰੀ ਰਹੀ ਸੀ ਅਤੇ ਪੰਜ ਥਾਵਾਂ ਤੋਂ ਫੌਜ ਆਪਣੇ ਟਿਕਾਣਿਆਂ ’ਤੇ ਪਰਤ ਚੁੱਕੀ ਹੈ। -ਰਾਇਟਰਜ਼
ਸਮਝੌਤੇ ਮਗਰੋਂ ਫੌਜਾਂ ਦੀ ਵਾਪਸੀ ਦਾ ਮੁੱਢ ਬੱਝਾ: ਜਨਰਲ ਸੁਚਿੰਦਰ ਕੁਮਾਰ
ਊਧਮਪੁਰ:
ਫੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਐੱਮਵੀ ਸੁਚਿੰਦਰ ਕੁਮਾਰ ਨੇ ਕਿਹਾ ਕਿ ਫੌਜੀ ਅਤੇ ਕੂਟਨੀਤਕ ਪੱਧਰ ’ਤੇ ਵਾਰਤਾ ਨਾਲ ਭਾਰਤ-ਚੀਨ ’ਚ ਅਸਲ ਕੰਟਰੋਲ ਰੇਖਾ ’ਤੇ ਗਸ਼ਤ ਕਰਨ ਦੀ ਸਹਿਮਤੀ ਬਣੀ ਹੈ ਜਿਸ ਨਾਲ ਟਕਰਾਅ ਵਾਲੀਆਂ ਥਾਵਾਂ ਤੋਂ ਫੌਜਾਂ ਪਿੱਛੇ ਹਟਣ ਦਾ ਮੁੱਢ ਬੱਝਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੋਵੇਂ ਮੁਲਕਾਂ ਵਿਚਕਾਰ ਪੈਦਾ ਹੋਏ ਵਿਵਾਦਾਂ ਦੇ ਨਿਬੇੜੇ ’ਚ ਸਹਾਇਤਾ ਮਿਲੇਗੀ। ਲੈਫ਼ਟੀਨੈਂਟ ਜਨਰਲ ਨੇ ਕਿਹਾ ਕਿ ਉੱਤਰੀ ਸਰਹੱਦਾਂ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਮੁਹਿੰਮ ਜਾਰੀ ਹੈ। -ਪੀਟੀਆਈ
ਭਾਰਤ ਅਤੇ ਚੀਨ ਦੇ ਫੌਜੀ 30 ਤੋਂ ਮੁੜ ਸ਼ੁਰੂ ਕਰਨਗੇ ਗਸ਼ਤ
ਨਵੀਂ ਦਿੱਲੀ (ਅਜੈ ਬੈਨਰਜੀ):
ਭਾਰਤ ਅਤੇ ਚੀਨ ਨੇ ਇਸ ਮਹੀਨੇ ਦੇ ਅੰਤ ਵਿੱਚ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਨਏਸੀ) ਨਾਲ ਦੇਪਸਾਂਗ ਅਤੇ ਡੈਮਚੌਕ ਵਿੱਚ ਆਪਣੇ ਫੌਜੀਆਂ ਵੱਲੋਂ ਗਸ਼ਤ ਮੁੜ ਸ਼ੁਰੂ ਕਰਨ ਬਾਰੇ ਸਹਿਮਤੀ ਦੇ ਦਿੱਤੀ ਹੈ। ਇਹ ਗਸ਼ਤ 30 ਅਕਤੂਬਰ ਨੂੰ ਸ਼ੁਰੂ ਹੋ ਸਕਦੀ ਹੈ। ਇਸ ਤੋਂ ਪਹਿਲਾਂ ਦੋਵੇਂ ਦੇਸ਼ ਇੱਕ-ਦੂਜੇ ਦੇ ਗਸ਼ਤ ਰੂਟਾਂ ਨੂੰ ਰੋਕਣ ਲਈ ਬਣਾਏ ਗਏ ਅਸਥਾਈ ਢਾਂਚੇ ਨੂੰ ਹਟਾਉਣਗੇ। ਫੌਜ ਦੇ ਸੂਤਰਾਂ ਨੇ ਕਿਹਾ ਕਿ ਉਹ ਉਨ੍ਹਾਂ ਥਾਵਾਂ ’ਤੇ ਗਸ਼ਤ ਕਰਨਗੇ ਜਿੱਥੇ ਉਹ ਅਪਰੈਲ 2020 ਤੋਂ ਪਹਿਲਾਂ ਗਸ਼ਤ ਕਰਦੇ ਸਨ। ਇਸ ਤੋਂ ਇਲਾਵਾ ਦੋਵੇਂ ਦੇਸ਼ ਪੈਟਰੋਲਿੰਗ ਲਈ ਵੀ ਫੌਜੀਆਂ ਦੀ ਗਿਣਤੀ ਸੀਮਤ ਕਰਨਗੇ।