For the best experience, open
https://m.punjabitribuneonline.com
on your mobile browser.
Advertisement

ਮੀਂਹ ਕਾਰਨ ਚੱਕੀ ਦਰਿਆ ’ਚ ਪਾਣੀ ਦਾ ਪੱਧਰ ਵਧਿਆ

08:42 AM Jul 07, 2023 IST
ਮੀਂਹ ਕਾਰਨ ਚੱਕੀ ਦਰਿਆ ’ਚ ਪਾਣੀ ਦਾ ਪੱਧਰ ਵਧਿਆ
ਪਠਾਨਕੋਟ ਦੇ ਚੱਕੀ ਦਰਿਆ ਵਿਚ ਆਏ ਪਾਣੀ ਦੇ ਉਛਾਲ ਦਾ ਦ੍ਰਿਸ਼। (ਸੱਜੇ) ਖੱਡੀ ਖੱਡ ਵਿੱਚ ਰੁਡ਼ੇ ਬਜ਼ੁਰਗ ਨੂੰ ਬਾਹਰ ਕੱਢਦੇ ਹੋਏ ਨੌਜਵਾਨ।
Advertisement

ਐੱਨਪੀ ਧਵਨ
ਪਠਾਨਕੋਟ, 6 ਜੁਲਾਈ
ਪਠਾਨਕੋਟ ਅਤੇ ਪਹਾੜੀ ਖੇਤਰਾਂ ਵਿੱਚ ਹੋਈ ਮੋਹਲੇਧਾਰ ਬਾਰਿਸ਼ ਨਾਲ ਚੱਕੀ ਦਰਿਆ ਅਤੇ ਹੋਰ ਨਦੀ, ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ। ਪਠਾਨਕੋਟ ਦੇ ਲਮੀਨੀ ਸਥਿਤ ਖੱਡੀ ਖੱਡ ’ਤੇ ਬਣੇ ਕਾਜਵੇਅ ਤੋਂ ਲੰਘ ਰਹੇ ਪਾਣੀ ਦੀ ਲਪੇਟ ਵਿੱਚ ਇੱਕ 75 ਸਾਲਾ ਬਜ਼ੁਰਗ ਆ ਗਿਆ ਤੇ ਉਸ ਦਾ ਸੰਤੁਲਨ ਵਿਗੜਨ ਨਾਲ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਸਕੂਟੀ ਸਣੇ ਰੁੜ੍ਹ ਗਿਆ ਪਰ ਕੁਝ ਨੌਜਵਾਨਾਂ ਨੇ ਤੁਰੰਤ ਛਾਲਾਂ ਮਾਰ ਕੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਤੇ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਇਥੇ ਹਸਪਤਾਲ ਦੇ ਡਾਕਟਰਾਂ ਨੇ ਮੁੱਢਲਾ ਇਲਾਜ ਕਰਨ ਬਾਅਦ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਇਸੇ ਤਰ੍ਹਾਂ ਖਾਨਪੁਰ-ਮਾਧੋਪੁਰ ਸੜਕ ’ਤੇ ਪੈਂਦੇ ਚੋਅ ਵਿੱਚ ਵੀ ਪਾਣੀ ਦਾ ਉਛਾਲ ਆ ਗਿਆ। ਸੜਕ ’ਤੇ ਪਾਣੀ ਆਉਣ ਕਾਰਨ ਕਰੀਬ ਦੋ ਘੰਟੇ ਲਈ ਆਵਾਜਾਈ ਪ੍ਰਭਾਵਿਤ ਰਹੀ। ਅੰਮ੍ਰਿਤਸਰ ਜ਼ਿਲ੍ਹੇ ਅੰਦਰ ਭਰਵੀਂ ਬਰਸਾਤ ਹੋਣ ਕਾਰਨ ਪਾਣੀ ਦੀ ਮੰਗ ਘਟ ਗਈ ਹੈ, ਜਿਸ ਨਾਲ ਰਣਜੀਤ ਸਾਗਰ ਡੈਮ ਤੋਂ ਬਿਜਲੀ ਦਾ ਉਤਪਾਦਨ ਘਟਾ ਦਿੱਤਾ ਗਿਆ ਹੈ ਅਤੇ ਮਾਧੋਪੁਰ ਤੋਂ ਨਿਕਲਦੀਆਂ ਨਹਿਰਾਂ ਵਿੱਚ ਵੀ ਪਾਣੀ ਅੱਗੇ ਭੇਜਣਾ ਘਟਾ ਦਿੱਤਾ। ਜਦੋਂਕਿ ਚੱਕੀ ਦਰਿਆ ਵਿੱਚ ਪਾਣੀ 12 ਹਜ਼ਾਰ ਕਿਊਸਿਕ ਤੋਂ ਵੱਧ ਆਉਣ ਕਾਰਨ ਕਾਫੀ ਉਛਾਲ ਰਿਹਾ ਪਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋ ਸਕਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚਮੇਰਾ ਪ੍ਰਾਜੈਕਟ ਦੀ ਤਰਫੋਂ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ 14 ਹਜ਼ਾਰ 952 ਕਿਊਸਿਕ ਪਾਣੀ ਦੀ ਆਮਦ ਹੋਣ ਨਾਲ ਝੀਲ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਸ਼ਾਮ ਨੂੰ 6 ਵਜੇ ਝੀਲ ਵਿੱਚ ਪਾਣੀ ਦਾ ਲੈਵਲ 512.90 ਮੀਟਰ ਦਰਜ ਕੀਤਾ ਗਿਆ। ਡੈਮ ਦੇ 4 ਯੂਨਿਟਾਂ ਵਿੱਚੋਂ ਸਿਰਫ ਇੱਕ ਹੀ ਯੂਨਿਟ ਚਲਾ ਕੇ 185 ਮੈਗਾਵਾਟ ਬਿਜਲੀ ਉਤਪਾਦਨ ਤਿਆਰ ਕੀਤਾ ਜਾ ਰਿਹਾ ਹੈ। ਮਾਧੋਪੁਰ ਹੈੱਡਵਰਕਸ ਦੇ ਉਪ-ਮੰਡਲ ਅਫਸਰ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਭਰਵੀਂ ਬਾਰਿਸ਼ ਹੋਣ ਨਾਲ ਹੇਠਾਂ ਮੈਦਾਨੀ ਇਲਾਕੇ ਵਿੱਚ ਪਾਣੀ ਦੀ ਮੰਗ ਘੱਟ ਗਈ ਹੈ।

Advertisement

ਦੂਜੇ ਦਿਨ ਪਏ ਮੀਂਹ ਕਾਰਨ ਗੁਰੂ ਨਗਰੀ ਜਲ-ਥਲ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਲਗਾਤਾਰ ਦੂਜੇ ਦਿਨ ਪਏ ਮੀਂਹ ਕਾਰਨ ਸ਼ਹਿਰ ਵਿਚ ਮੁੜ ਜਲ-ਥਲ ਹੋ ਗਈ ਹੈ। ਅੱਜ ਦੁਪਹਿਰ ਵੇਲੇ ਸੰਘਣੇ ਬੱਦਲ ਆਏ ਅਤੇ ਹਨੇਰਾ ਹੋ ਗਿਆ, ਜਿਸ ਤੋਂ ਬਾਅਦ ਲਗਭਗ ਇੱਕ ਘੰਟਾ ਤੇਜ਼ ਬਾਰਿਸ਼ ਹੋਈ। ਕੱਲ੍ਹ ਵੀ ਸ਼ਹਿਰ ਵਿੱਚ ਭਾਰੀ ਮੀਂਹ ਪਿਆ ਸੀ, ਜਿਸ ਕਾਰਨ ਟੇਲਰ ਰੋਡ ਅਤੇ ਕੁਝ ਹੋਰ ਇਲਾਕਿਆਂ ਵਿੱਚ ਅਜੇ ਮੀਂਹ ਦੇ ਪਾਣੀ ਦੀ ਨਿਕਾਸੀ ਨਹੀਂ ਹੋਈ ਸੀ ਤੇ ਅੱਜ ਮੁੜ ਭਾਰੀ ਮੀਂਹ ਪੈਣ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਹੋਰ ਪਾਣੀ ਭਰ ਗਿਆ ਹੈ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਅੱਜ ਇੱਥੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੀਂਹ ਪੈਣ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਮੀਂਹ ਦੇ ਕਾਰਨ ਹੈਰੀਟੇਜ ਸਟਰੀਟ, ਲਾਰੈਂਸ ਰੋਡ, ਟੇਲਰ ਰੋਡ, ਐਲੀਵੇਟਿਡ ਰੋਡ, ਸਮੇਤ ਹੋਰ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਇਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਖਾਸ ਕਰ ਕੇ ਦੋ ਪਹੀਆ ਵਾਹਨ ਸਵਾਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਮੁਤਾਬਕ ਭਲਕੇ ਸ਼ੁੱਕਰਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਇਸ ਦੌਰਾਨ ਖੇਤੀਬਾੜੀ ਵਿਭਾਗ ਨੇ ਲਗਾਤਾਰ ਪੈ ਰਹੇ ਮੀਂਹ ਫ਼ਸਲ ਲਈ ਲਾਹੇਵੰਦ ਦੱਸੇ ਹਨ।

Advertisement
Tags :
Author Image

sukhwinder singh

View all posts

Advertisement
Advertisement
×