For the best experience, open
https://m.punjabitribuneonline.com
on your mobile browser.
Advertisement

ਗੋਦੀ ਦਾ ਨਿੱਘ

08:17 AM Mar 30, 2024 IST
ਗੋਦੀ ਦਾ ਨਿੱਘ
Advertisement

ਰਾਮ ਸਰੂਪ ਜੋਸ਼ੀ

ਅੱਜ ਤੋਂ ਲਗਭਗ ਪੰਝੀ ਸਾਲ ਪਹਿਲਾਂ ਦੀ ਗੱਲ ਹੈ। ਮੇਰੇ ਵੱਡੇ ਪੁੱਤਰ ਨੂੰ ਨੌਕਰੀ ਮਿਲ ਗਈ ਸੀ ਅਤੇ ਉਹ ਮੁਹਾਲੀ ਰਹਿਣ ਲੱਗਾ ਸੀ। ਉਸ ਨੂੰ ਨੌਕਰੀ ਮਿਲਣ ਦੀ ਪ੍ਰਸੰਨਤਾ ਸੀ ਪਰ ਅਸੀਂ ਦੋਵੇਂ ਪਤੀ ਪਤਨੀ ਘਰੋਂ ਦੂਰ ਰਹਿੰਦੇ ਪੁੱਤਰ ਤੇ ਨੂੰਹ ਦੀ ਘਾਟ ਮਹਿਸੂਸ ਕਰਕੇ ਓਦਰੇ ਓਦਰੇ ਰਹਿੰਦੇ ਸਾਂ। ਸਭ ਤੋਂ ਛੋਟਾ ਵੀ ਆਉਣ-ਜਾਣ ਦੀ ਖੇਚਲ ਤੋਂ ਬਚਣ ਲਈ ਬਹੁਤਾ ਕਰ ਕੇ ਉਨ੍ਹਾਂ ਕੋਲ ਹੀ ਅਟਕਣ ਲੱਗਿਆ। ਹਫ਼ਤਾ ਭਰ ਉਨ੍ਹਾਂ ਲਈ ਨਿੱਕ-ਸੁੱਕ ਇੱਕਠਾ ਕਰਕੇ ਹਰ ਐਤਵਾਰ ਨੂੰ ਉਨ੍ਹਾਂ ਨੂੰ ਦੇਣ ਜਾਣ ਦਾ ਪ੍ਰੋਗਰਾਮ ਹੁੰਦਾ। ਕਿਸੇ ਝੋਲੇ ’ਚ ਮੱਕੀ ਦਾ ਆਟਾ, ਕਿਸੇ ’ਚ ਕਣਕ ਦਾ ਅਤੇ ਦਾਲਾਂ ਦੇ ਪੈਕੇਟ ਤੇ ਦੁੱਧ ਦੀਆਂ ਬੋਤਲਾਂ ਵੀ ਹੁੰਦੀਆਂ ਸਨ। ਵਿਹੜੇ ’ਚ ਲਾਈ ਪਿਉਂਦੀ ਬੇਰੀ ਦੇ ਮੋਟੇ ਮੋਟੇ ਮਿੱਠੇ ਬੇਰ ਅਤੇ ਸਰ੍ਹੋਂ ਦਾ ਸਾਗ ਵੀ ਲੈ ਜਾਂਦੇ। ਸਾਰਾ ਸਾਮਾਨ ਸਕੂਟਰ ਦੇ ਅੱਗੇ ਰੱਖ ਅਤੇ ਪਿੱਛੇ ਬੰਨ੍ਹ ਕੇ ਵੀ ਬਾਕੀ ਰਹਿੰਦੇ ਸਾਮਾਨ ਨੂੰ ਮੇਰੀ ਪਤਨੀ ਫੜ ਕੇ ਬੈਠ ਜਾਂਦੀ। ਸਕੂਟਰ ’ਤੇ ਆਉਂਦਿਆਂ ਕਈ ਵਾਰ ਆਪਣੇ ਬੱਚਿਆਂ ਨੂੰ ਚੋਗ ਦਿੰਦੇ ਪੰਛੀਆਂ ਦਾ ਖ਼ਿਆਲ ਆਉਂਦਾ ਅਤੇ ਮਨ ਮੁਹਾਲੀ ਪੁੱਜ ਜਾਂਦਾ। ਸੋਚਾਂ ਦੀ ਲੜੀ ਉਦੋਂ ਟੁੱਟਦੀ ਜਦੋਂ ਸਕੂਟਰ ਦੀ ਪਿਛਲੀ ਸੀਟ ’ਤੇ ਬੈਠੀ ਪਤਨੀ ਕੋਈ ਗੱਲ ਪੁੱਛਣ ਜਾਂ ਦੱਸਣ ਲੱਗਦੀ। ਅਸੀਂ ਖਰੜ ਪਹੁੰਚ ਕੇ ਸਕੂਟਰ ਬੱਸ ਅੱਡੇ ਨੇੜੇ ਆਪਣੇ ਮਿੱਤਰ ਦੀ ਦੁਕਾਨ ’ਤੇ ਖੜ੍ਹਾ ਕਰ ਕੇ ਸੀ.ਟੀ.ਯੂ. ਦੀ ਲੋਕਲ ਬੱਸ ਫੜ ਲੈਂਦੇ ਸਾਂ। ਅੱਜ ਵੀ ਇਸੇ ਤਰ੍ਹਾਂ ਕੀਤਾ। ਬੱਸ ਵਿੱਚ ਭੀੜ ਸੀ। ਕੁਝ ਸਵਾਰੀਆਂ ਸੀਟ ਨਾ ਮਿਲਣ ਕਾਰਨ ਖੜ੍ਹੀਆਂ ਵੀ ਸਨ। ਸਾਡੇ ਕੋਲ ਸਾਮਾਨ ਦੇ ਭਰੇ ਝੋਲੇ ਹੋਣ ਕਾਰਨ ਖੜ੍ਹ ਕੇ ਸਫ਼ਰ ਕਰਨਾ ਕੁਝ ਔਖਾ ਲੱਗਦਾ ਸੀ। ਲਾਗੇ ਦੀ ਤਿੰਨ ਸਵਾਰੀਆਂ ਵਾਲੀ ਸੀਟ ’ਤੇ ਤਿੰਨ ਬੀਬੀਆਂ ਬੈਠੀਆਂ ਸਨ। ਮੈਂ ਬੇਨਤੀ ਕੀਤੀ, ‘‘ਥੋੜ੍ਹੀ ਜਿਹੀ ਥਾਂ ਦੇ ਦਿਉ ਤਾਂ ਜੁ ਮੇਰੀ ਪਤਨੀ ਵੀ ਬੈਠ ਸਕੇ।’’ ਉਨ੍ਹਾਂ ਨੇ ਝੱਟ ਥਾਂ ਬਣਾ ਦਿੱਤੀ ਅਤੇ ਪਤਨੀ ਨੇ ਬੈਠ ਕੇ ਸਾਰੇ ਥੈਲੇ ਬੱਸ ਦੇ ਫਰਸ਼ ’ਤੇ ਰੱਖ ਦਿੱਤੇ। ਬੱਸ ਦਾਊਂ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਰੁਕ ਗਈ ਅਤੇ ਇੱਕ ਹੋਰ ਗੱਭਰੂ ਬੱਸ ਵਿੱਚ ਚੜ੍ਹ ਗਿਆ। ਨਵੇਂ ਆਏ ਗੱਭਰੂ ਨੇ ਉੱਚੀ ਆਵਾਜ਼ ਵਿੱਚ ਕਿਹਾ, ‘‘ਸਭ ਆਪੋ ਆਪਣੀਆਂ ਟਿਕਟਾਂ ਹੱਥਾਂ ਵਿੱਚ ਫੜ ਲਓ।’’ ਉਸ ਨੇ ਕੰਡਕਟਰ ਤੋਂ ਇੱਕ ਫਾਰਮ ਜਿਹਾ ਲੈ ਕੇ ਉਸ ਨਾਲ ਟਿਕਟਾ ਦਾ ਮਿਲਾਨ ਕਰਨ ਸ਼ੁਰੂ ਕਰ ਦਿੱਤਾ।
ਮੇਰੇ ਕੋਲ ਆ ਕੇ ਉਸ ਨੇ ਪੁੱਛਿਆ, ‘‘ਕਿੱਥੋਂ ਚੜ੍ਹੇ ਹੋ, ਦੂਜੀ ਸਵਾਰੀ ਕਿਹੜੀ ਹੈ?” ਲਾਗਲੀ ਸੀਟ ’ਤੇ ਬੈਠੀ ਆਪਣੀ ਪਤਨੀ ਵੱਲ ਇਸ਼ਾਰਾ ਕਰਕੇ ਮੈਂ ਕਿਹਾ, “ਦੂਜੀ ਸਵਾਰੀ ਇਹ ਹੈ ਅਤੇ ਅਸੀਂ ਖਰੜ ਤੋਂ ਚੜ੍ਹੇ ਹਾਂ।” ਮੇਰੀ ਆਵਾਜ਼ ਸੁਣ ਕੇ ਉਹ ਕੁਝ ਹਲੂਣਿਆ ਜਿਹਾ ਗਿਆ ਅਤੇ ਮੇਰੇ ਵੱਲ ਬੜੇ ਗਹੁ ਨਾਲ ਤੱਕ ਕੇ ਉਸ ਨੇ ਕੰਡਕਟਰ ਨੂੰ ਆਪਣੇ ਕੋਲ ਸੱਦਿਆ। ਮੇਰੀਆਂ ਦੋਵੇਂ ਟਿਕਟਾਂ ਉਸ ਨੂੰ ਦੇ ਕੇ ਆਖਣ ਲੱਗਾ, ‘‘ਫੜ ਇਹ ਟਿਕਟਾਂ ਅਤੇ ਇਨ੍ਹਾਂ ਦੇ ਪੈਸੇ ਵਾਪਸ ਕਰਦੇ।” ਮੈਂ ਹੈਰਾਨ ਹੋ ਕੇ ਪੁੱਛਿਆ, ‘‘ਪਰ ਕਿਉਂ? ਮੈਂ ਮੁਫ਼ਤ ਸਫ਼ਰ ਨਹੀਂ ਕਰਨਾ।’’ ਇਹ ਪੈਸੇ ਮੈਂ ਆਪਣੇ ਖਾਤੇ ਵਿੱਚ ਪਾ ਲਵਾਂਗਾ। ਮੈਂ ਤੁਹਾਡਾ ਬਹੁਤ ਰਿਣ ਦੇਣਾ ਹੈ। ਕੁਝ ਭਾਰ ਹਲਕਾ ਹੋਵੇਗਾ ਤੇ ਮੈਨੂੰ ਖ਼ੁਸ਼ੀ ਮਿਲੇਗੀ।” ‘‘ਪਰ ਮੈਂ ਤਾਂ ਤੁਹਾਨੂੰ ਜਾਣਦਾ ਪਛਾਣਦਾ ਵੀ ਨਹੀਂ।’’ ‘‘ਮੈਂ ਤਾਂ ਪਛਾਣਦਾ ਹਾਂ- ਲੰਬੀ ਗੱਲ ਹੈ, ਠਹਿਰ ਕੇ ਦੱਸਾਂਗਾ।’’
‘‘ਤੁਸੀਂ ਕਿੱਥੇ ਉਤਰਨਾ ਹੈ ਅਤੇ ਉਤਰ ਕੇ ਕਿੱਥੇ ਜਾਣਾ ਹੈ?’’ ਉਹ ਇੱਕੋ ਸਾਹ ਇਹ ਕੁਝ ਕਹਿ ਗਿਆ। ਮੈਂ ਕਿਹਾ, ‘‘ਅਸੀਂ ਫਰੈਂਕੋ ਹੋਟਲ ਕੋਲ ਉਤਰਨਾ ਹੈ। ਉੱਥੋਂ ਨੇੜੇ ਹੀ ਮੇਰੇ ਬੱਚੇ ਰਹਿੰਦੇ ਹਨ। ਇਹ ਸਾਰਾ ਨਿੱਕ-ਸੁੱਕ ਉਨ੍ਹਾਂ ਨੂੰ ਦੇਣ ਆਏ ਹਾਂ।”
‘‘ਮੈਂ ਵੀ ਤੁਹਾਡੇ ਨਾਲ ਹੀ ਉਤਰਾਂਗਾ ਤੇ ਇਹ ਸਾਰਾ ਸਾਮਾਨ ਆਪ ਚੁੱਕ ਕੇ ਤੁਹਾਨੂੰ ਘਰ ਛੱਡਣ ਜਾਵਾਂਗਾ। ਉੱਥੇ ਬੈਠ ਕੇ ਮੈਂ ਤੁਹਾਨੂੰ ਸਭ ਕੁਝ ਦੱਸਾਂਗਾ ਕਿ ਮੈਂ ਕੌਣ ਹਾਂ ਅਤੇ ਅੱਜ ਅਚਾਨਕ ਮਿਲ ਕੇ ਮੇਰੀ ਚਿਰੋਕਣੀ ਇੱਛਾ ਕਿਉਂ ਪੂਰੀ ਹੋਈ ਹੈ। ਮੈਨੂੰ ਅਜਿਹਾ ਕਰਨ ਤੋਂ ਰੋਕਣਾ ਨਾ।” ਇਹ ਕਹਿ ਕੇ ਉਹ ਅਗਲੀਆਂ ਸਵਾਰੀਆਂ ਦੀਆਂ ਟਿਕਟਾਂ ਚੈੱਕ ਕਰਨ ਲੱਗਿਆ। ਮੈਂ ਹੈਰਾਨੀ ਤੇ ਖ਼ੁਸ਼ੀ ਭਰੀ ਡੂੰਘੀ ਸੋਚ ਵਿੱਚ ਡੁੱਬ ਗਿਆ। ਬੱਸ ਫਰੈਂਕੋ ਹੋਟਲ ਦੀਆਂ ਲਾਈਟਾਂ ਕੋਲ ਪੁੱਜੀ। ਅਸੀਂ ਉਤਰਨ ਲੱਗੇ ਤਾਂ ਉਹ ਚੈੱਕਰ ਵੀ ਨਾਲ ਹੀ ਉਤਰ ਆਇਆ। ਮੱਲੋਜ਼ੋਰੀ ਉਸ ਨੇ ਸਾਥੋਂ ਸਾਮਾਨ ਦੇ ਭਰੇ ਝੋਲੇ ਫੜ ਲਏ ਅਤੇ ਸਾਡੇ ਨਾਲ ਨਾਲ ਤੁਰਨ ਲੱਗਾ। ਘਰ ਥੋੜ੍ਹੀ ਹੀ ਦੂਰ ਸੀ। ਅਸੀਂ ਕੁਝ ਮਿੰਟਾਂ ਵਿੱਚ ਹੀ ਘਰ ਪਹੁੰਚ ਗਏ। ਸਾਮਾਨ ਰੱਖ ਕੇ ਅਤੇ ਚਾਹ ਦੇ ਦੋ ਕੱਪਾਂ ਲਈ ਕਹਿ ਕੇ ਮੈਂ ਤੇ ਚੈੱਕਰ ਵੱਖਰੇ ਕਮਰੇ ਵਿੱਚ ਬੈਠ ਗਏ।
ਮੇਰੇ ਗੋਡੀ ਹੱਥ ਲਾ ਕੇ ਉਹ ਕਹਿਣ ਲੱਗਾ, ‘‘ਸਰ, ਮੈਂ ਸੁਰਜੀਤ (ਅਸਲ ਨਾਂ ਨਹੀਂ) ਸੋਤਲ ਪਿੰਡ ਤੋਂ ਹਾਂ। ਤੁਸੀਂ ਸਾਡੇ ਪਿੰਡ ਦੇ ਸਕੂਲ ਵਿੱਚ ਨਵੇਂ ਨਵੇਂ ਆਏ ਸੀ, ਤੁਹਾਥੋਂ ਪਹਿਲਾਂ ਇੱਕੋ ਅਧਿਆਪਕ ਜੀ ਪੰਜ ਜਮਾਤਾਂ ਸਾਂਭਦੇ ਸਨ। ਉਹ ਚੌਥੀ ਪੰਜਵੀਂ ਨੂੰ ਆਪ ਪੜ੍ਹਾਉਂਦੇ ਸਨ। ਸਾਨੂੰ ਪਹਿਲੀ ਦੂਜੀ ਵਾਲਿਆਂ ਨੂੰ ਤਾਂ ਫੱਟੀਆਂ ਲਿਖਣ ਜਾਂ ਪਾਠ ਯਾਦ ਕਰਨ ਲਈ ਕਹਿ ਦਿੰਦੇ। ਕਦੇ ਕਦੇ ਚੌਥੀ ਜਾਂ ਪੰਜਵੀਂ ਵਾਲਾ ਕੋਈ ਮੁੰਡਾ ਸਾਡਾ ਅਧਿਆਪਕ ਬਣ ਜਾਂਦਾ ਸੀ। ਸਾਡੇ ਮਾਂ-ਪਿਉ ਵੀ ਵਧੇਰੇ ਕਰਕੇ ਅਨਪੜ੍ਹ ਹੀ ਸਨ ਅਤੇ ਉਹ ਪਿੰਡ ਦੇ ਕਿਸਾਨਾਂ ਨਾਲ ਸੀਰੀ ਰਲ਼ੇ ਹੋਏ ਸਨ। ਉਹ ਮੂੰਹ ਹਨੇਰੇ ਆਪਣੇ ਕੰਮ ਉੱਤੇ ਚਲੇ ਜਾਂਦੇ ਅਤੇ ਪਹਿਰ ਰਾਤ ਗਈ ਘਰ ਪਰਤਦੇ ਸਨ। ਉਨ੍ਹਾਂ ਦੇ ਜਾਣ ਅਤੇ ਘਰ ਮੁੜਨ ਵੇਲੇ ਦੋਵੇਂ ਸਮੇਂ ਅਸੀਂ ਸੁੱਤੇ ਹੁੰਦੇ। ਇਸੇ ਕਰ ਕੇ ਮਾਵਾਂ ਵੀ ਸਾਨੂੰ ਸਕੂਲ ਜਾਣ ਲਈ ਤੋਰਨ ਦਾ ਤਰੱਦਦ ਤਾਂ ਕਰਦੀਆਂ ਅਤੇ ਇਸ ਤੋਂ ਅੱਗੇ ਕਦੇ ਕੋਈ ਪੁੱਛਗਿੱਛ ਨਾ ਕਰਦੀਆਂ। ਅਸੀਂ ਝੋਲਾ ਫੱਟੀ ਚੁੱਕ ਕੇ ਘਰੋਂ ਤੁਰਦੇ ਹੁੰਦੇ। ਜੀਅ ਕਰਦਾ ਤਾਂ ਸਕੂਲ ਜਾ ਵੜਦੇ, ਜੀਅ ਕਰਦਾ ਝੋਲਾ ਫੱਟੀ ਸਕੂਲ ’ਚ ਰੱਖ ਕੇ ਨਦੀ ’ਚ ਖੇਡਣ ਤੁਰ ਜਾਂਦੇ। ਸਕੂਲ ਵਿੱਚ ਛੁੱਟੀ ਦੀ ਘੰਟੀ ਵੱਜਦੀ ਤਾਂ ਸਾਮਾਨ ਚੁੱਕ ਕੇ ਘਰ ਜਾ ਵੜਦੇ। ਘਰ ਵਾਲੇ ਤਾਂ ਸਾਡੇ ਹਰ ਰੋਜ਼ ਸਕੂਲ ਜਾਣ ਦੇ ਭੁਲੇਖੇ ਵਿੱਚ ਹੀ ਖ਼ੁਸ਼ ਸਨ।
ਫੇਰ ਇੱਕ ਦਿਨ ਤੁਸੀਂ ਆ ਗਏ ਅਤੇ ਸਾਡੀ ਪਹਿਲੀ ਜਮਾਤ ਤੁਹਾਨੂੰ ਮਿਲ ਗਈ। ਆਜ਼ਾਦ ਪੰਛੀ ਪਿੰਜਰੇ ਪੈ ਗਏ। ਹਰ ਰੋਜ਼ ਹਾਜ਼ਰੀ ਲੱਗਣ ਲੱਗੀ ਅਤੇ ਗ਼ੈਰਹਾਜ਼ਰਾਂ ਦੇ ਘਰ ਸੁਨੇਹੇ ਪਹੁੰਚਣ ਲੱਗੇ। ਸਕੂਲ ਅਤੇ ਘਰ ਦੇ ਤਾਲਮੇਲ ਨੇ ਸਾਨੂੰ ਕੁੜਿੱਕੀ ਵਿੱਚ ਫਸਾ ਲਿਆ ਅਤੇ ਸਕੂਲ ਜਾਣਾ ਮਜਬੂਰੀ ਬਣ ਗਿਆ। ਫੱਟੀਆਂ ਉੱਤੇ ਗਾਜਣੀ ਮਲ ਕੇ ਅਸੀਂ ਤੁਹਾਡੇ ਕੋਲ ਲੈ ਜਾਂਦੇ। ਗਿੱਲੀ ਗਾਜਣੀ ਉੱਤੇ ਤੁਸੀਂ ਕਲਮ ਨਾਲ ਓ ਅ ਉੱਕਰ ਦਿੰਦੇ ਅਤੇ ਦੂਜੇ ਪਾਸੇ ਦਸ ਤੱਕ ਦੀ ਗਿਣਤੀ। ਫੱਟੀ ਸੁੱਕ ਜਾਣ ’ਤੇ ਉਨ੍ਹਾਂ ਅੱਖਰਾਂ ਅਤੇ ਹਿੰਦਸਿਆਂ ਉੱਤੇ ਅਸੀਂ ਕਲਮ ਨਾਲ ਸਿਆਹੀ ਫੇਰਦੇ। ਕਲਮਾਂ ਘੜ ਕੇ ਦੇਣ ਲਈ ਤੁਸੀਂ ਕਿਲਕਾਂ ਅਤੇ ਸਿਆਹੀ ਦੀਆਂ ਪੁੜੀਆਂ ਵੀ ਰੱਖੀਆਂ ਹੋਈਆਂ ਸਨ। ਇਨ੍ਹਾਂ ਮੁਫ਼ਤ ਮਿਲਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਸਕੂਲ ਪ੍ਰਤੀ ਸਾਡੇ ਮਨ ਵਿੱਚ ਅਪਣੱਤ ਜਿਹੀ ਪੈਦਾ ਕਰ ਦਿੱਤੀ।
ਛੁੱਟੀ ਹੋਣ ਤੋਂ ਕੁਝ ਸਮਾਂ ਪਹਿਲਾਂ ਹਰ ਰੋਜ਼ ਹੀ ਕਈ ਤਰ੍ਹਾਂ ਦੀਆਂ ਖੇਡਾਂ ਕਰਾਈਆਂ ਜਾਣ ਲੱਗੀਆਂ। ਦੌੜਾਂ, ਰੱਸੀ ਟੱਪਾ, ਕੋਟਲਾ ਛਪਾਕੀ ਆਦਿ ਨਿੱਤ ਦਾ ਕੰਮ ਬਣ ਗਿਆ। ਸ਼ਨਿੱਚਰਵਾਰ ਨੂੰ ਅੱਧੀ ਛੁੱਟੀ ਪਿੱਛੋਂ ਸਕੂਲ ਦੇ ਆਲੇ-ਦੁਆਲੇ ਤੱਕ ਦੀ ਸਫ਼ਾਈ ਕਰਾਈ ਜਾਂਦੀ ਅਤੇ ਫੇਰ ਸਾਰੀਆਂ ਜਮਾਤਾਂ ਦੀ ਮੀਟਿੰਗ ਹੁੰਦੀ। ਬੱਚੇ ਕਿਤਾਬਾਂ ਵਿੱਚੋਂ ਗੀਤ ਤੇ ਕਵਿਤਾਵਾਂ ਸੁਣਾਉਂਦੇ ਅਤੇ ਕਈ ਤਾਂ ਲਾਊਡ ਸਪੀਕਰ ਉੱਤੇ ਵੱਜਦੇ ਗੀਤ ਵੀ ਸੁਣਾਉਂਦੇ। ਖੇਡਾਂ ਅਤੇ ਗੀਤ ਸੰਗੀਤ ਵਿੱਚ ਵਧੀਆ ਰਹਿਣ ਵਾਲਿਆਂ ਦੀ ਪ੍ਰਸ਼ੰਸਾ ਕੀਤੀ ਜਾਂਦੀ। ਸਾਡੇ ਸਾਰਿਆਂ ਦੇ ਮਨ ਵਿੱਚ ਇਹ ਪ੍ਰਸ਼ੰਸਾ ਪ੍ਰਾਪਤ ਕਰਨ ਦੀ ਲਾਲਸਾ ਨੇ ਜੀਵਨ ਹੀ ਬਦਲ ਦਿੱਤਾ। ਸਕੂਲ ਤੋਂ ਭਗੌੜੇ ਰਹਿਣ ਵਾਲੇ, ਹਰ ਰੋਜ਼ ਸਕੂਲ ਆਉਣ ਲੱਗੇ। ਇਸ ਤਰ੍ਹਾਂ ਕਹੋ ਕਿ ਜੀਵਨ ਦੀ ਲੀਹੋਂ ਲੱਥੀ ਗੱਡੀ ਨੂੰ ਤੁਹਾਡੇ ਪਿਆਰ ਭਰੇ ਵਰਤਾਉ ਨੇ ਮੁੜ ਲੀਹ ’ਤੇ ਚੜ੍ਹਾ ਦਿੱਤਾ ਸੀ। ਕਦੇ ਕਦੇ ਤੁਸੀਂ ਪੜ੍ਹਾਈ ਵਿੱਚ ਕੀਤੀ ਅਣਗਹਿਲੀ ਜਾਂ ਅਨਮੋਲ ਇੱਲਤ ਲਈ ਡਾਂਟਦੇ ਵੀ ਅਤੇ ਸਜ਼ਾ ਵੀ ਦੇ ਦਿੰਦੇ। ਪਰ ਫੇਰ ਕੁਝ ਸਮੇਂ ਪਿੱਛੋਂ ਹੀ ਕੋਲ ਬੁਲਾ ਕੇ ਗੋਦੀ ’ਚ ਲੈਕੇ ਪੁਚਕਾਰਦੇ ਤੇ ਮੁੜ ਗ਼ਲਤੀ ਨਾ ਕਰਨ ਲਈ ਪ੍ਰੇਰਦੇ। ਤੁਹਾਡੀ ਗੋਦੀ ਦੇ ਇਸ ਨਿੱਘ ਨੂੰ ਭਾਵੇਂ ਬਿਆਨਿਆ ਨਹੀਂ ਜਾ ਸਕਦਾ ਪਰ ਅੱਖਾਂ ਮੀਟ ਕੇ ਅੰਤਰ ਧਿਆਨ ਹੋ ਹੁਣ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਨਿੱਘ ਨੇ ਜੀਵਨ ਨੂੰ ਅੱਗੇ, ਹੋਰ ਅੱਗੇ ਵਧਣ ਦਾ ਉਤਸ਼ਾਹ ਤੇ ਹਿੰਮਤ ਬਖ਼ਸ਼ੀ ਅਤੇ ਅਸੀਂ ਕਿੰਨੇ ਜਣੇ ਪੜ੍ਹ ਲਿਖ ਕੇ ਨੌਕਰੀਆਂ ’ਤੇ ਲੱਗਣ ਯੋਗ ਹੋ ਸਕੇ। ਤੁਸੀਂ ਮੇਰੇ ਡੇਢ ਰੁਪਏ ਦੀ ਗੱਲ ਕਰਦੇ ਹੋ ਤੇ ਆਪਣਾ ਅਣਮੋਲ ਯੋਗਦਾਨ ਭੁੱਲ ਗਏ ਹੋ ਪਰ ਅਸੀਂ ਤਾਂ ਕਦੇ ਨਹੀਂ ਭੁੱਲ ਸਕਦੇ।’’ ਗੱਲ ਖ਼ਤਮ ਕਰਕੇ ਉਹ ਹੱਥ ਬੰਨ੍ਹ ਕੇ ਖੜ੍ਹਾ ਹੋ ਗਿਆ ਅਤੇ ਮੈਨੂੰ ਪਤਾ ਹੀ ਨਾ ਲੱਗਿਆ ਕਿ ਮੈਂ ਕਦੋਂ ਉਸ ਨੂੰ ਗਲਵੱਕੜੀ ’ਚ ਲੈ ਲਿਆ।

Advertisement

ਸੰਪਰਕ: 94173-00018

Advertisement

Advertisement
Author Image

sukhwinder singh

View all posts

Advertisement