ਬਟੂਆ
ਅਜੀਤ ਖੰਨਾ
ਮੇਰਾ ਸਕੂਲ ਘਰ ਤੋਂ ਕੁਝ ਵਿੱਥ ਉੱਤੇ ਪੈਂਦਾ ਸੀ ਜੋ ਸ਼ਹਿਰ ਦੀ ਮੁੱਖ ਜੀਟੀਬੀ ਮਾਰਕੀਟ ਦੇ ਬਿਲਕੁਲ ਨਾਲ ਲੱਗਦਾ ਸੀ। ਜਦੋਂ ਕੋਈ ਮੈਨੂੰ ਬਾਹਰੋਂ ਮਿਲਣ ਆਉਂਦਾ ਤਾਂ ਮੈਂ ਅਕਸਰ ਉਸ ਬੰਦੇ ਨੂੰ ਘਰ ਬੁਲਾਉਣ ਦੀ ਬਜਾਏ ਮਾਰਕੀਟ ’ਚ ਮਿਲਣ ਦਾ ਸਮਾਂ ਦੇ ਦਿੰਦਾ ਸਾਂ। ਮੈਨੂੰ ਹੁੰਦਾ ਸੀ ਕਿ ਬਾਹਰੋਂ ਆਉਣ ਵਾਲਾ ਵਿਅਕਤੀ ਘਰ ਲੱਭਣ ਲਈ ਕਿੱਥੇ ਖੱਜਲ-ਖੁਆਰ ਹੁੰਦਾ ਫਿਰੇਗਾ। ਉੱਥੇ ਚਾਹ ਪਾਣੀ ਪਿਆਉਣਾ ਵੀ ਸੌਖਾ ਹੁੰਦਾ ਸੀ।
ਇਹ ਗੱਲ ਚਾਰ ਕੁ ਵਰ੍ਹੇ ਪੁਰਾਣੀ ਹੈ। ਮੇਰਾ ਇੱਕ ਦੋਸਤ ਕਿਸੇ ਕੰਮ ਲਈ ਲਹਿਰਾਗਾਗਾ ਤੋਂ ਮੈਨੂੰ ਮਿਲਣ ਆਇਆ। ਸ਼ਾਮ ਦਾ ਵਕਤ ਸੀ। ਮੈਂ ਉਸ ਨੂੰ ਮਾਰਕੀਟ ਤੋਂ ਚਾਹ ਪਾਣੀ ਪਿਆਇਆ। ਉਸ ਨਾਲ ਗੱਲਾਂ ਬਾਤਾਂ ਕੀਤੀਆਂ। ਇੰਨੇ ਨੂੰ ਹਲਕਾ ਹਲਕਾ ਮੀਂਹ ਪੈਣ ਲੱਗਿਆ। ਮੈਂ ਘਰੋਂ ਪੈਦਲ ਆਇਆ ਸਾਂ ਜਿਸ ਕਰ ਕੇ ਮੈਂ ਉਸ ਨੂੰ ਕਿਹਾ ਕਿ ਆਪਣੀ ਕਾਰ ’ਤੇ ਮੈਨੂੰ ਮੇਰੇ ਘਰ ਨੇੜੇ ਛੱਡ ਦੇਵੇ। ਉਹ ਮੈਨੂੰ ਘਰ ਛੱਡਣ ਲਈ ਚੱਲ ਪਿਆ। ਮੇਰੇ ਲੋਅਰ ਤੇ ਟੀ-ਸ਼ਰਟ ਪਾਈ ਹੋਈ ਸੀ। ਜੇਬ ’ਚ ਇੱਕ ਪਾਸੇ ਬਟੂਆ ਸੀ। ਮੋਬਾਈਲ ਨੂੰ ਮੀਂਹ ਤੋਂ ਬਚਾਉਣ ਲਈ ਦੂਜੀ ਜੇਬ ’ਚ ਪਾ ਲਿਆ। ਜਦੋਂ ਉਸ ਨੇ ਮੈਨੂੰ ਘਰ ਕੋਲ ਕਾਰ ’ਚੋਂ ਉਤਾਰਿਆ ਤਾਂ ਮੈਂ ਕਾਹਲੀ ਕਾਹਲੀ ਘਰ ਨੂੰ ਚੱਲ ਪਿਆ, ਜਿੱਥੇ ਉਹ ਮੈਨੂੰ ਛੱਡ ਕੇ ਗਿਆ ਸੀ, ਉੱਥੋਂ ਮੇਰੇ ਘਰ ਦਾ ਫ਼ਾਸਲਾ ਮਸਾਂ ਅੱਧਾ ਕਿਲੋਮੀਟਰ ਹੋਵੇਗਾ। ਕਾਰ ’ਚੋਂ ਉਤਰ ਕੇ ਮੈਂ ਮੀਂਹ ਤੋਂ ਬਚਣ ਲਈ ਕਾਹਲੇ ਕਦਮੀਂ ਘਰ ਨੂੰ ਚੱਲ ਪਿਆ। ਘਰ ਅੱਪੜ ਕੇ ਮੈਂ ਆਪਣਾ ਲੋਅਰ ਬਦਲਿਆ ਤਾਂ ਉਸ ਵਿੱਚੋਂ ਬਟੂਆ ਕੱਢਣ ਲੱਗਾ। ਬਟੂਆ ਨਾ ਮਿਲਿਆ। ਮੈਂ ਉਸੇ ਵਕਤ ਪੁੱਠੇ ਪੈਰੀਂ ਉਸੇ ਰਾਹ ਬਟੂਆ ਲੱਭਣ ਤੁਰ ਪਿਆ। ਤਰਕਾਲਾਂ ਦਾ ਵੇਲਾ ਸੀ। ਮੀਂਹ ਕਰਕੇ ਹਨੇਰਾ ਥੋੜ੍ਹਾ ਜ਼ਿਆਦਾ ਸੀ। ਖ਼ੈਰ! ਜਿੱਥੇ ਮੇਰਾ ਦੋਸਤ ਮੈਨੂੰ ਛੱਡ ਕੇ ਗਿਆ ਸੀ, ਮੈਂ ਉੱਥੋਂ ਤੱਕ ਬਟੂਆ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਬਟੂਆ ਨਾ ਮਿਲਿਆ। ਇਸ ਕਰਕੇ ਮੈਨੂੰ ਕਾਫ਼ੀ ਚਿੰਤਾ ਲੱਗ ਗਈ ਕਿਉਂਕਿ ਉਸ ਵਿੱਚ ਮੇਰੇ ਬੈਂਕ ਦੇ ਏਟੀਐਮ ਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਬੈਂਕਾਂ ਦੇ ਏਟੀਐਮ ਕਾਰਡ ਮੈਂ ਰਾਤ ਨੂੰ ਹੀ ਬਲਾਕ ਕਰ ਦਿੱਤੇ ਸਨ ਪਰ ਸਵੇਰੇ ਉੱਠ ਕੇ ਮੈਂ ਸਭ ਤੋਂ ਪਹਿਲਾਂ ਬੈਂਕ ਗਿਆ। ਏਟੀਐੱਮ ਕਾਰਡ ਬਣਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ’ਚ ਹੌਲੀ ਹੌਲੀ ਮੈਂ ਸਾਰੇ ਕਾਰਡ ਬਣਵਾ ਲਏ। ਇਸ ਕੰਮ ਵਾਸਤੇ ਮੇਰਾ ਇੱਕ-ਡੇਢ ਮਹੀਨਾ ਲੱਗ ਗਿਆ। ਕਾਰਡ ਅਤੇ ਹੋਰ ਦਸਤਾਵੇਜ਼ ਬਣ ਕੇ ਘਰ ਆਉਣ ਪਿੱਛੋਂ ਸੁਖ ਦਾ ਸਾਹ ਆਇਆ।
ਤਕਰੀਬਨ ਦੋ ਕੁ ਮਹੀਨੇ ਬਾਅਦ ਇੱਕ ਦਿਨ ਮੈਂ ਤੇ ਮੇਰੀ ਪਤਨੀ ਸ਼ਾਮ ਵੇਲੇ ਕੋਠੇ ਉੱਤੇ ਸੈਰ ਕਰ ਰਹੇ ਸਾਂ। ਇੱਕ ਔਰਤ ਤੇ ਦੋ ਨੌਜਵਾਨ ਮੇਰੇ ਗੇਟ ’ਤੇ ਖਲੋ ਕੇ ਮੈਨੂੰ ਆਵਾਜ਼ਾਂ ਦੇ ਰਹੇ ਸਨ। ਵੇਖਿਆ ਤਾਂ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਮੇਰੇ ਨੰਦ ਸਿੰਘ ਐਵੇਨਿਊ ’ਚ ਨਾਲ ਦੀ ਗਲੀ ਵਾਲਾ ਸੀ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸਾਂ। ਦੂਜੇ ਨੂੰ ਵੀ ਥੋੜ੍ਹਾ ਜਾਣਦਾ ਸਾਂ। ਉਨ੍ਹਾਂ ਨਾਲ ਆਈ ਔਰਤ ਨੂੰ ਆਉਂਦੇ ਜਾਂਦੇ ਕਈ ਵਾਰ ਵੇਖਿਆ ਸੀ ਪਰ ਉਸ ਤੋਂ ਬਹੁਤਾ ਵਾਕਫ਼ ਨਹੀਂ ਸਾਂ। ਉਨ੍ਹਾਂ ਮੈਨੂੰ ਥੱਲੇ ਆਉਣ ਨੂੰ ਕਿਹਾ। ਥੱਲੇ ਆ ਕੇ ਅਸੀਂ ਘਰ ਦਾ ਗੇਟ ਖੋਲ੍ਹਿਆ ਤੇ ਉਨ੍ਹਾਂ ਨੂੰ ਅੰਦਰ ਆਉਣ ਲਈ ਕਿਹਾ। ਉਨ੍ਹਾਂ ਨੂੰ ਡਰਾਇੰਗ ਰੂਮ ’ਚ ਬਿਠਾ ਕੇ ਚਾਹ ਪਾਣੀ ਪੁੱਛਿਆ। ਉਸ ਪਿੱਛੋਂ ਮੈਂ ਉਨ੍ਹਾਂ ਦੇ ਆਉਣ ਦਾ ਮਕਸਦ ਪੁੱਛਿਆ। ਉਨ੍ਹਾਂ ਦੱਸਿਆ ਕਿ ਉਹ ਮੇਰਾ ਬਟੂਆ ਦੇਣ ਆਏ ਸਨ, ਜੋ ਉਸ ਔਰਤ ਨੂੰ ਲੱਭਿਆ ਸੀ। ਮੈਂ ਹੈਰਾਨ ਸੀ ਕਿ ਬਟੂਏ ਗੁਆਚੇ ਨੂੰ ਤਾਂ ਦੋ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਹੁਣ ਕਿਵੇਂ ਮਿਲਿਆ? ਮੈਨੂੰ ਇਹ ਗੱਲ ਜਾਣਨ ਦੀ ਉਤਸੁਕਤਾ ਸੀ। ਇਸ ਲਈ ਮੈਂ ਉਨ੍ਹਾਂ ਨੂੰ ਮੁੜ ਪੁੱਛਿਆ ਕਿ ਤੁਹਾਨੂੰ ਇਹ ਬਟੂਆ ਕਿੱਥੋਂ ਮਿਲਿਆ? ਉਸ ਔਰਤ ਨੇ ਦੱਸਿਆ ਕਿ ਇਹ ਬਟੂਆ ਉਸ ਨੂੰ ਡੇਢ ਦੋ ਮਹੀਨੇ ਪਹਿਲਾਂ ਹੀ ਮੀਂਹ ਵਾਲੇ ਇੱਕ ਦਿਨ ਨੰਦ ਸਿੰਘ ਐਵੇਨਿਊ ਦੇ ਸਾਈਨ ਬੋਰਡ ਕੋਲੋਂ ਮਿਲਿਆ ਸੀ। ਉਹ ਕਹਿਣ ਲੱਗੀ, ‘‘ਮੈਂ ਇਸ ਵਿੱਚ ਤੁਹਾਡੀ ਫੋਟੋ ਵੇਖੀ, ਪਰ ਮੈਂ ਇਹ ਬਟੂਆ ਆਪਣੇ ਘਰ ਲਿਜਾ ਕੇ ਰੱਖ ਦਿੱਤਾ।’’ ਮੈਂ ਉਸ ਔਰਤ ਨੂੰ ਕਿਹਾ, ‘‘ਤੁਸੀਂ ਹਰ ਦੂਜੇ ਤੀਜੇ ਦਿਨ ਗਲੀ ’ਚੋਂ ਲੰਘਦੇ ਹੋ? ਤੁਸੀਂ ਇਸ ਬਾਰੇ ਉਦੋਂ ਕਿਉਂ ਨਹੀਂ ਦੱਸਿਆ? ਉਹ ਕਹਿਣ ਲੱਗੀ, ‘‘ਮੈਂ ਸੋਚਿਆ ਬਈ ਕੋਈ ਨਹੀਂ। ਕਿਸੇ ਦਿਨ ਦੇ ਆਵਾਂਗੀ।’’ ਮੈਂ ਹੈਰਾਨ ਹੋਇਆ ਸੋਚ ਰਿਹਾ ਸਾਂ ਕਿ ਹੁਣ ਕੀ ਫ਼ਾਇਦਾ, ਹੁਣ ਤਾਂ ਮੈਂ ਸਾਰੇ ਕਾਰਡ ਵਗੈਰਾ ਬਣਵਾ ਲਏ ਤੇ ਬਟੂਆ ਵੀ ਨਵਾਂ ਖਰੀਦ ਲਿਆ ਹੈ। ਉਹ ਚੁੱਪ ਰਹੀ। ਮੈਂ ਬਟੂਆ ਫੜਿਆ ਤੇ ਉਸ ਵਿਚਲੇ ਪੈਸੇ ਉਸ ਔਰਤ ਨੂੰ ਦੇ ਦਿੱਤੇ। ਉਹ ਖ਼ੁਸ਼ ਹੋ ਗਈ। ਬੇਸ਼ੱਕ ਸਾਨੂੰ ਬਟੂਆ ਮਿਲਣ ਦੀ ਬਾਹਲੀ ਖ਼ੁਸ਼ੀ ਨਹੀਂ ਹੋਈ ਪਰ ਉਸ ਔਰਤ ਦੀ ਇਮਾਨਦਾਰੀ ਵੇਖ ਕੇ ਮਨ ਬਹੁਤ ਖ਼ੁਸ਼ ਹੋਇਆ। ਨਹੀਂ ਤਾਂ ਅਜੋਕੇ ਸਮੇਂ ਵਿੱਚ ਲੱਭੀ ਚੀਜ਼ ਤੇ ਖ਼ਾਸ ਕਰ ਪੈਸਿਆਂ ਵਾਲਾ ਬਟੂਆ ਕੌਣ ਮੋੜਦਾ ਹੈ!
ਮੈਂ ਤੇ ਮੇਰੀ ਪਤਨੀ ਨੇ ਹੱਥ ਜੋੜ ਕੇ ਉਨ੍ਹਾਂ ਤਿੰਨਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਗੇਟ ਤੱਕ ਛੱਡ ਗਏ। ਅਸਲ ’ਚ ਮੈਂ ਬਾਅਦ ਵਿੱਚ ਸਮਝਿਆ ਕਿ ਕਸੂਰ ਉਸ ਔਰਤ ਦਾ ਨਹੀਂ ਸਗੋਂ ਉਸ ਦੀ ਅਨਪੜ੍ਹਤਾ ਦਾ ਸੀ ਜਿਸ ਕਾਰਨ ਉਸ ਨੂੰ ਬਟੂਏ ਵਿਚਲੇ ਕਾਰਡਾਂ ਦੀ ਮਹੱਤਤਾ ਦਾ ਪਤਾ ਨਹੀਂ ਸੀ।
ਸੰਪਰਕ: 85448-54669