ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਟੂਆ

09:32 PM Jun 29, 2023 IST

ਸ਼ਮਸ਼ੀਲ ਸਿੰਘ ਸੋਢੀ

Advertisement

ਨੰਬਰਦਾਰ ਸਰਦਾਰ ਬਖ਼ਤਾਵਰ ਸਿੰਘ ਦੀ ਖੁੱਲ੍ਹੀ-ਡੁੱਲ੍ਹੀ ਹਵੇਲੀ ਦੀ ਬਾਹਰਲੀ ਬੈਠਕ ਵਿੱਚ ਪਿੰਡ ਵਾਲਿਆਂ ਵਾਸਤੇ ਚਾਰ-ਪੰਜ ਕੁਰਸੀਆਂ ਹਮੇਸ਼ਾਂ ਲੱਗੀਆਂ ਦਿਸਦੀਆਂ ਸਨ। ਬੈਠਕ ਵਿੱਚ ਪਿੰਡ ਦੇ ਲੋਕਾਂ ਵਾਸਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਪਾਣੀ ਦੀ ਟੈਂਕੀ ਵਿੱਚ ਬਰਫ਼ ਪਈ ਰਹਿੰਦੀ। ਨੰਬਰਦਾਰ ਨੇ ਇਸ ਨਿਵੇਕਲੀ ਸੇਵਾ ਸਬੰਧੀ ਸੁਖਵੰਤ ਨਾਂ ਦਾ ਇੱਕ ਨੌਕਰ ਵੀ ਰੱਖਿਆ ਹੋਇਆ ਸੀ ਜਿਹੜਾ ਨੰਬਰਦਾਰ ਸਾਹਿਬ ਨੂੰ ਮਿਲਣ ਆਏ ਲੋਕਾਂ ਲਈ ਪਾਣੀ ਪਿਆਉਣ ਦੇ ਨਾਲ-ਨਾਲ ਹਵੇਲੀ ਦੀ ਬੈਠਕ ਨਾਲ ਲੱਗਦੀ ਛੋਟੀ ਜਿਹੀ ਰਸੋਈ ਵਿੱਚ ਚਾਹ ਪਾਣੀ ਦਾ ਪ੍ਰਬੰਧ ਵੀ ਕਰਦਾ ਸੀ।

ਅੱਜ ਨੰਬਰਦਾਰ ਬਖ਼ਤਾਵਰ ਸਿੰਘ ਦਾ ਇਕਲੌਤਾ ਮੁੰਡਾ ਰਾਜਿੰਦਰ ਸਿੰਘ ਇਸੇ ਬਾਹਰਲੀ ਬੈਠਕ ਵਿੱਚ ਬਣੀ ਅਲਮਾਰੀ ਵਿਚਲੇ ਖ਼ਾਨੇ ਦੀ ਨੁੱਕਰ ‘ਚ ਰੱਖੇ ਛੋਟੇ ਜਿਹੇ ਸੰਦੂਕ ਵਿੱਚੋਂ ਆਪਣੇ ਬਾਪੂ ਵਾਲੇ ਹਰੇ ਰੰਗ ਦੇ ਬਟੂਏ ਨੂੰ ਬਾਹਰ ਕੱਢ ਕੇ ਉਸ ਵਿੱਚ ਸੰਭਾਲ ਕੇ ਰੱਖੀ ਆਪਣੇ ਬਾਪੂ ਬੇਬੇ ਜੀ ਦੀ ਤਸਵੀਰ ਨੂੰ ਗਹੁ ਨਾਲ ਵੇਖ ਰਿਹਾ ਸੀ। ਉਸ ਨੂੰ ਉਹ ਪਲ ਯਾਦ ਆ ਰਿਹਾ ਸੀ ਜਦੋਂ ਉਹ ਨਿੱਕੇ ਹੁੰਦਿਆਂ ਬਾਪੂ ਤੋਂ ਕਦੇ ਕਦਾਈਂ ਜੇਬ ਖਰਚ ਮੰਗਦਾ। ਬਾਪੂ ਉਸ ਨੂੰ ਜੇਬ ਖਰਚ ਚਾਈਂ-ਚਾਈਂ ਦਿੰਦਾ ਅਤੇ ਬਾਪੂ ਕੋਲੋਂ ਪੈਸੇ ਮੰਗਦਿਆਂ ਵੇਖ ਰਾਜਿੰਦਰ ਦੀ ਮਾਂ ਬੜੀ ਖ਼ੁਸ਼ੀ ਮਹਿਸੂਸ ਕਰਦੀ। ਰੱਬ ਦਾ ਸ਼ੁਕਰ ਮਨਾਉਂਦਿਆਂ ਉਹ ਅਕਸਰ ਸੋਚਦੀ ਕਿ ਉਹਦਾ ਲਾਡਲਾ ਪੁੱਤਰ ਵੱਡਾ ਹੋ ਕੇ ਵੀ ਇਸੇ ਤਰ੍ਹਾਂ ਆਗਿਆਕਾਰੀ ਰਹੇ। ਇਸ ਯਾਦ ਤੋਂ ਬਾਹਰ ਆ ਉਹ ਬਟੂਆ ਬੈਠਕ ਵਿੱਚ ਡਾਹੇ ਮੇਜ਼ ਉੱਤੇ ਰੱਖ ਕੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਹਵੇਲੀ ਵਿੱਚ ਨਹਾਉਣ ਜਾ ਰਿਹਾ ਸੀ। ਅਚਾਨਕ ਉਨ੍ਹਾਂ ਦੀ ਹਵੇਲੀ ਵਿੱਚ ਕੰਮ ਕਰਦਾ ਨੌਕਰ ਸੁਖਵੰਤ ਬੋਲਿਆ, ”ਬਾਈ ਜੀ! ਆਪ ਜੀ ਦੇ ਸਕੂਲ ਮੁਖੀ ਨਰਿੰਦਰ ਰਾਏ ਤੁਹਾਡਾ ਪਤਾ ਲੈਣ ਆਏ ਨੇ। ਉਹ ਬਾਹਰ ਖੜ੍ਹੇ ਨੇ।” ਸੁਖਵੰਤ ਦੀ ਗੱਲ ਸੁਣ ਕੇ ਰਾਜਿੰਦਰ ਸਿੰਘ ਬੋਲਿਆ, ”ਸੁਖਵੰਤ, ਇਹ ਚਾਬੀ ਚੱਕ ਅਤੇ ਉਨ੍ਹਾਂ ਨੂੰ ਅੰਦਰ ਬੁਲਾ ਲੈ। ਉਨ੍ਹਾਂ ਲਈ ਚਾਹ ਪਾਣੀ ਦਾ ਪ੍ਰਬੰਧ ਵੀ ਕਰ।” ਸੁਖਵੰਤ ਨੇ ਰਾਜਿੰਦਰ ਸਿੰਘ ਦੇ ਸਕੂਲ ਮੁਖੀ ਨੂੰ ”ਸਤਿ ਸ੍ਰੀ ਅਕਾਲ” ਬੁਲਾ ਕੇ ਬਾਹਰਲੀ ਬੈਠਕ ਵਿੱਚ ਬੈਠਣ ਲਈ ਕਿਹਾ। ਕੁਝ ਚਿਰ ਮਗਰੋਂ ਰਜਿੰਦਰ ਸਿੰਘ ਵਾਪਸ ਬੈਠਕ ਵੱਲ ਆਇਆ। ਰਾਜਿੰਦਰ ਸਿੰਘ ਸਰਕਾਰੀ ਸਕੂਲ ਵਿੱਚ ਮਾਸਟਰ ਵਜੋਂ ਨੌਕਰੀ ਕਰ ਰਿਹਾ ਸੀ। ਸਕੂਲ ਦਾ ਮੁਖੀ ਉਸ ਦੇ ਕਾਫ਼ੀ ਦਿਨਾਂ ਤੋਂ ਬਿਮਾਰ ਰਹਿੰਦਿਆਂ ਛੁੱਟੀ ‘ਤੇ ਹੋਣ ਕਰਕੇ ਉਸ ਪ੍ਰਤੀ ਫ਼ਿਕਰਮੰਦ ਹੁੰਦਿਆਂ ਪਤਾ ਲੈਣ ਆਇਆ ਸੀ। ਰਾਜਿੰਦਰ ਸਿੰਘ ਨੇ ਬੜੇ ਸਤਿਕਾਰ ਨਾਲ ਸਕੂਲ ਮੁਖੀ ਨੂੰ ਜੀ ਆਇਆਂ ਕਿਹਾ।

Advertisement

ਗੱਲਾਂ ਕਰਦਿਆਂ ਕੁਝ ਚਿਰ ਬੀਤਿਆ ਸੀ ਕਿ ਸੁਖਵੰਤ ਚਾਹ ਅਤੇ ਬਿਸਕੁਟ ਲੈ ਆਇਆ। ਗੱਲਾਂ ਕਰਦਿਆਂ ਕਰਦਿਆਂ ਸਕੂਲ ਮੁਖੀ ਦੀ ਨਿਗ੍ਹਾ ਬੈਠਕ ਵਿੱਚ ਇੱਕ ਕੋਨੇ ‘ਤੇ ਪਈ। ਉਸ ਨੇ ਛੋਟੇ ਜਿਹੇ ਮੇਜ਼ ‘ਤੇ ਪਏ ਕਾਫ਼ੀ ਪੁਰਾਣੇ ਬਟੂਏ ਬਾਰੇ ਰਾਜਿੰਦਰ ਨੂੰ ਪੁੱਛਿਆ, ”ਰਾਜਿੰਦਰ ਜੀ! ਜੇਕਰ ਬੁਰਾ ਨਾ ਮੰਨੋ ਤਾਂ ਇੱਕ ਗੱਲ ਪੁੱਛਾਂ?” ਸਕੂਲ ਮੁਖੀ ਦੀ ਗੱਲ ਸੁਣ ਕੇ ਰਾਜਿੰਦਰ ਬੋਲਿਆ, ”ਸਰ! ਤੁਸੀਂ ਉਮਰ ‘ਚ ਵੱਡੇ ਹੋਣ ਸਦਕਾ ਮੇਰੇ ਪਿਤਾ ਵਰਗੇ ਹੋ। ਜੋ ਪੁੱਛਣਾ ਚਾਹੁੰਦੇ ਹੋ ਬੇਝਿਜਕ ਪੁੱਛੋ।” ਰਾਜਿੰਦਰ ਦਾ ਜਵਾਬ ਸੁਣ ਕੇ ਸਕੂਲ ਮੁਖੀ ਬੋਲਿਆ, ”ਰਾਜਿੰਦਰ! ਆਹ ਸਾਹਮਣੇ ਮੇਜ਼ ‘ਤੇ ਫਟਿਆ ਪੁਰਾਣਾ ਹਰੇ ਰੰਗ ਦਾ ਬਟੂਆ ਪਿਆ ਹੈ। ਲੱਗਦਾ ਬੜਾ ਸੰਭਾਲ ਕੇ ਰੱਖਿਆ ਏ ਤੂੰ।” ਸਕੂਲ ਮੁਖੀ ਦਾ ਸੁਆਲ ਸੁਣ ਕੇ ਰਾਜਿੰਦਰ ਬੋਲਿਆ, ”ਹਾਂ ਜੀ ਸਰ! ਇਹ ਬਟੂਆ ਮੇਰੇ ਬਾਪੂ ਜੀ ਦੀ ਨਿਸ਼ਾਨੀ ਹੈ ਅਤੇ ਮੈਨੂੰ ਬਾਪੂ ਜੀ ਦੀ ਯਾਦ ਨੂੰ ਸੰਭਾਲ ਕੇ ਰੱਖਦਿਆਂ ਸਕੂਨ ਮਿਲਦਾ ਹੈ।” ਸਕੂਲ ਮੁਖੀ ਨੇ ਗੱਲ ਅੱਗੇ ਤੋਰਦਿਆਂ ਕਿਹਾ, ”ਰਾਜਿੰਦਰ! ਕੀ ਮੈਂ ਇਸ ਬਟੂਏ ਨੂੰ ਵੇਖ ਸਕਦਾ ਹਾਂ?” ਇਹ ਸੁਣ ਕੇ ਰਾਜਿੰਦਰ ਨੇ ਸਕੂਲ ਮੁਖੀ ਨੂੰ ਬਟੂਆ ਫੜਾ ਦਿੱਤਾ। ਉਸ ਨੇ ਬਟੂਆ ਖੋਲ੍ਹ ਕੇ ਦੇਖਿਆ ਤਾਂ ਇਸ ਵਿੱਚ ਰਾਜਿੰਦਰ ਦੇ ਬਾਪੂ ਬੇਬੇ ਨਾਲ ਉਸ ਦੀ ਬਚਪਨ ਵਾਲੀ ਤਸਵੀਰ ਸੀ। ਤਸਵੀਰ ਵੇਖ ਕੇ ਰਾਜਿੰਦਰ ਭਾਵੁਕ ਹੁੰਦਿਆਂ ਬੋਲਿਆ, ”ਸਰ! ਮੈਂ ਇਹ ਤਸਵੀਰ ਇਸ ਲਈ ਸੰਭਾਲ ਕੇ ਇਸੇ ਬਟੂਏ ਵਿੱਚ ਰੱਖੀ ਹੈ ਤਾਂ ਜੋ ਬਾਪੂ ਬੇਬੇ ਹਮੇਸ਼ਾਂ ਮੇਰੇ ਰਾਹ ਦਸੇਰੇ ਬਣੇ ਰਹਿਣ। ਇਸ ਸਦਕਾ ਮੈਂ ਜ਼ਿੰਦਗੀ ਵਿੱਚ ਹਿੰਮਤੀ ਬਣ ਕੇ ਆਪਣੇ ਬਾਪੂ ਵਾਂਗੂੰ ਜਿਉਂਦਿਆਂ ਅਤੇ ਪਰਿਵਾਰ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਂਦਿਆਂ ਜ਼ਿੰਦਗੀ ਦਾ ਪੈਂਡਾ ਤੈਅ ਕਰ ਇਸ ਰੰਗਲੀ ਦੁਨੀਆਂ ਵਿੱਚੋਂ ਰੁਖ਼ਸਤ ਹੋ ਜਾਵਾਂ!” ਰਾਜਿੰਦਰ ਨੂੰ ਚੁੱਪ ਕਰਾਉਂਦਿਆਂ ਸਕੂਲ ਮੁਖੀ ਨੇ ਉਸ ਨੂੰ ਚੰਗੀ ਸਿਹਤਯਾਬੀ ਦਾ ਆਸ਼ੀਰਵਾਦ ਦਿੱਤਾ। ਉਸ ਨੂੰ ਜਲਦੀ ਠੀਕ ਹੋ ਸਕੂਲ ਜੁਆਇੰਨ ਕਰਨ ਨੂੰ ਕਹਿੰਦਿਆਂ ਵਿਦਾ ਲਈ। ਰਾਜਿੰਦਰ ਦੇ ਘਰ ਤੋਂ ਵਾਪਸ ਜਾਂਦਿਆਂ ਸਕੂਲ ਮੁਖੀ ਨੂੰ ਉਹ ਸਮਾਂ ਯਾਦ ਆਇਆ ਜਦੋਂ ਰਾਜਿੰਦਰ ਸਿੰਘ ਆਪਣੇ ਮਾਪਿਆਂ ਦੀ ਬੇਜੋੜ ਸਖ਼ਤ ਮਿਹਨਤ ਦੇ ਬਲਬੂਤੇ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਪਿੰਡ ਤੋਂ ਵੀਹ ਕਿਲੋਮੀਟਰ ਦੂਰ ਸਥਿਤ ਪਿੰਡ ਦੇ ਸਰਕਾਰੀ ਸਕੂਲ ਵਿੱਚ ਸਰਕਾਰੀ ਮਾਸਟਰ ਵਜੋਂ ਨੌਕਰੀ ਕਰਨ ਲਈ ਆਪਣੇ ਮਾਪਿਆਂ ਨਾਲ ਆ ਹਾਜ਼ਰ ਹੋਇਆ ਸੀ। ਸਕੂਲ ਵਿੱਚ ਹਾਜ਼ਰੀ ਦੇਣ ਸਮੇਂ ਦਾ ਦ੍ਰਿਸ਼ ਅਤੇ ਹੋਰ ਗੱਲਾਂ ਯਾਦ ਕਰਦਿਆਂ ਸਕੂਲ ਮੁਖੀ ਸੋਚ ਰਿਹਾ ਸੀ ਕਿ ਅੱਜ ਦੇ ਜ਼ਮਾਨੇ ਵਿੱਚ ਵੀ ਰਾਜਿੰਦਰ ਵਰਗੇ ਸਰਵਣ ਹੈਗੇ ਨੇ। ਨੌਕਰੀ ਕਰਦਿਆਂ ਹਰ ਮਹੀਨੇ ਜਦੋਂ ਵੀ ਤਨਖ਼ਾਹ ਰਾਜਿੰਦਰ ਦੇ ਖ਼ਾਤੇ ਵਿੱਚ ਆਉਂਦੀ ਤਾਂ ਉਹ ਬੈਂਕ ‘ਚੋਂ ਕਢਵਾ ਕੇ ਤਨਖ਼ਾਹ ਆਪਣੇ ਬਾਪੂ ਦੀ ਤਲੀ ‘ਤੇ ਧਰਦਾ। ਉਸ ਦੇ ਬਾਪੂ ਦੇ ਚਿਹਰੇ ਦੀ ਖ਼ੁਸ਼ੀ ਦੇਖਣ ਵਾਲੀ ਹੁੰਦੀ।

ਰਾਜਿੰਦਰ ਸਿੰਘ ਜਦੋਂ ਬਾਪੂ ਜੀ ਤੋਂ ਆਪਣੇ ਜੇਬ ਖ਼ਰਚ ਲਈ ਮੰਗ ਕਰਦਾ ਤਾਂ ਬਾਪੂ ਅਕਸਰ ਕਿਹਾ ਕਰਦਾ, ”ਪੁੱਤਰਾ! ਹੁਣ ਇਹ ਤਨਖ਼ਾਹ ਤੂੰ ਆਪਣੀ ਘਰਵਾਲੀ ਨੂੰ ਦੇ ਦਿਆ ਕਰ। ਹੁਣ ਮੈਨੂੰ ਇਸ ਜ਼ਿੰਮੇਵਾਰੀ ਤੋਂ ਮੁਕਤ ਕਰ ਯਾਰ।” ਇਹ ਸਭ ਕੁਝ ਸੁਣ ਅੱਗੋਂ ਰਾਜਿੰਦਰ ਸਿੰਘ ਦੀ ਘਰਵਾਲੀ ਕਹਿੰਦੀ, ”ਬਾਪੂ ਜੀ! ਭਾਵੇਂ ਸਾਡੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ ਪਰ ਮੈਨੂੰ ਅਤੇ ਰਾਜਿੰਦਰ ਜੀ ਨੂੰ ਤੁਹਾਡੇ ਹੱਥੋਂ ਹੀ ਜੇਬ ਖ਼ਰਚ ਲੈਣਾ ਮਨਜ਼ੂਰ ਹੈ। ਵੱਡਿਆਂ ਦੁਆਰਾ ਦਿੱਤੇ ਪੈਸਿਆਂ ਵਿੱਚ ਬਰਕਤ ਹੁੰਦੀ ਹੈ ਜਿਸ ਵਿੱਚ ਰੱਬ ਅਸੀਸਾਂ ਦੇਣ ਲਈ ਆਪ ਬਹੁੜਦਾ ਹੈ। ਇਸ ਲਈ ਭਾਵੇਂ ਮੈਂ ਅਤੇ ਰਾਜਿੰਦਰ ਦੋਵੇਂ ਕਮਾਉਂਦੇ ਹਾਂ ਪਰ ਇਸ ਕਮਾਈ ਨੂੰ ਸਾਂਭਣ ਦੇ ਹੱਕਦਾਰ ਤੁਸੀਂ ਹੋ ਅਸੀਂ ਨਹੀਂ। ਇਹ ਤੁਹਾਡਾ ਆਸ਼ੀਰਵਾਦ ਹੀ ਹੈ ਜਿਸ ਕਰਕੇ ਅਸੀਂ ਕੁਝ ਕਮਾਉਣ ਦੇ ਯੋਗ ਹੋਏ ਹਾਂ।”

ਆਪਣੀ ਨੂੰਹ ਰਾਣੋ ਦੇ ਮੂੰਹੋਂ ਇਹ ਸਤਿਕਾਰ ਭਰੇ ਸ਼ਬਦ ਸੁਣ ਕੇ ਰਾਜਿੰਦਰ ਸਿੰਘ ਦੇ ਬਾਪੂ ਜੀ ਬੜੇ ਖ਼ੁਸ਼ ਹੋਇਆ ਕਰਦੇ ਸਨ ਅਤੇ ਅਕਸਰ ਅਸੀਸਾਂ ਦਿੰਦਿਆਂ ਆਖਦੇ, ”ਰਾਣੋ! ਧੰਨ ਨੇ ਉਹ ਮਾਪੇ ਜਿਨ੍ਹਾਂ ਤੇਰੇ ਵਰਗੀ ਗੁਣੀ ਧੀ ਸਾਡੇ ਖ਼ਾਨਦਾਨ ਦੀ ਨੂੰਹ ਬਣਾਈ।” ਰਾਣੋ ਵੀ ਆਪਣੇ ਸਹੁਰੇ ਦੇ ਮੂੰਹੋਂ ਆਪਣੇ ਮਾਪਿਆਂ ਦੀ ਤਾਰੀਫ਼ ਦੇ ਬੋਲ ਸੁਣ ਕੇ ਰੱਬ ਦਾ ਸ਼ੁਕਰ ਮਨਾਇਆ ਕਰਦੀ ਕਿ ਉਸ ਨੂੰ ਸਹੁਰਾ ਪਰਿਵਾਰ ਉਸ ਦੇ ਆਪਣੇ ਮਾਪਿਆਂ ਵਰਗਾ ਮਿਲਿਆ ਹੈ। ਅਸਲ ਵਿੱਚ ਰਾਜਿੰਦਰ ਸਿੰਘ ਦਾ ਬਾਪੂ ਇਕੱਲਾ ਨੰਬਰਦਾਰ ਹੀ ਨਹੀਂ ਸੀ ਸਗੋਂ ਦੁਨਿਆਵੀਂ ਤੌਰ ‘ਤੇ ਹਰ ਵਰਗ ਦੇ ਦੁੱਖ-ਸੁੱਖ ਨੂੰ ਸਮਝਣ ਵਾਲਾ ਇਖਲਾਕੀ ਬੰਦਾ ਸੀ। ਸਾਰੇ ਪਿੰਡ ਵਿੱਚ ਤਾਂ ਕੀ ਆਸ-ਪਾਸ ਦੇ ਪਿੰਡਾਂ ਵਿੱਚ ਵੀ ਨੰਬਰਦਾਰ ਬਖ਼ਤਾਵਰ ਸਿੰਘ ਦੀ ਆਪਣੇ ਵਧੀਆ ਸਲੀਕੇ ਕਾਰਨ ਬਹੁਤ ਇੱਜ਼ਤ ਸੀ। ਨਾਲ ਦੇ ਪਿੰਡਾਂ ਵਿੱਚੋਂ ਵੀ ਲੋਕ ਸਰਕਾਰੇ ਦਰਬਾਰੇ ਕੰਮਾਂ ਲਈ ਉਸ ਕੋਲੋਂ ਸਲਾਹ ਮਸ਼ਵਰਾ ਲੈਣ ਅਕਸਰ ਆਉਂਦੇ ਸਨ। ਜਦੋਂ ਵੀ ਨੰਬਰਦਾਰ ਕੋਲ ਕੋਈ ਸੱਜਣ ਕੰਮ ਕਰਵਾਉਣ ਆਉਂਦਾ ਤਾਂ ਅਕਸਰ ਉਸ ਦੇ ਪੁੱਤਰ ਅਤੇ ਨੂੰਹ ਦੀ ਤਾਰੀਫ਼ ਜ਼ਰੂਰ ਕਰਦਾ ਆਖਦਾ, ”ਬਾਈ! ਰੱਬ ਨੂੰਹ ਪੁੱਤਰ ਦੇਵੇ ਤਾਂ ਤੇਰੇ ਨੂੰਹ ਪੁੱਤ ਵਰਗੇ ਦੇਵੇ ਜਿਹੜੇ ਅੱਜ ਦੇ ਜ਼ਮਾਨੇ ਵਿੱਚ ਵੀ ਆਗਿਆਕਾਰੀ ਨੇ।”

ਇੱਧਰ ਜਦੋਂ ਵੀ ਰਾਜਿੰਦਰ ਸਿੰਘ ਅਤੇ ਉਸ ਦੀ ਪਤਨੀ ਰਾਣੋ ਨੇ ਸ਼ਹਿਰੋਂ ਕੁਝ ਖ਼ਰੀਦ ਕੇ ਲਿਆਉਣਾ ਹੁੰਦਾ ਤਾਂ ਰਾਜਿੰਦਰ ਆਪਣੀ ਪਤਨੀ ਸਾਹਮਣੇ ਬਾਪੂ ਜੀ ਤੋਂ ਖ਼ਰਚ ਵਾਸਤੇ ਪੈਸੇ ਮੰਗਦਾ ਅਤੇ ਬਾਪੂ ਜੀ ਲਈ ਵੀ ਕੁਝ ਲੋੜੀਂਦੀ ਵਸਤੂ ਲਿਆਉਣ ਲਈ ਪੁੱਛਦਾ। ਬਾਪੂ ਜੀ ਬੜੇ ਠਰ੍ਹੰਮੇ ਨਾਲ ਉਸ ਦੀ ਸਵਰਗਵਾਸੀ ਬੇਬੇ ਦੀ ਤਸਵੀਰ ਵੇਖ ਕੇ ਅੱਖਾਂ ਭਰਦੇ ਆਖਦੇ, ”ਪੁੱਤਰਾ! ਅੱਜ ਤੇਰੀ ਬੇਬੇ ਜਿਉਂਦੀ ਹੁੰਦੀ ਤਾਂ ਬੜੀ ਖ਼ੁਸ਼ ਹੁੰਦੀ ਇਹ ਸਭ ਵੇਖ ਕੇ। ਪਰ ਅਫ਼ਸੋਸ! ਉਸ ਨੂੰ ਤਾਂ ਰੱਬ ਨੇ ਤੇਰੇ ਜਨਮ ਵੇਲੇ ਹੀ ਮੈਥੋਂ ਖੋਹ ਲਿਆ ਸੀ। ਤੇਰੇ ਵਿਆਹ ਦੇ ਚਾਅ ਉਸ ਨੇ ਖ਼ੂਬ ਮਨਾਉਣੇ ਸੀ।” ਬਾਪੂ ਜੀ ਦੀਆਂ ਅੱਖਾਂ ਪੂੰਝਦਿਆਂ ਰਾਣੋ ਬੋਲੀ, ”ਬਾਪੂ ਜੀ! ਭਾਵੇਂ ਮੈਂ ਆਪਣੀ ਸੱਸ ਨੂੰ ਨਹੀਂ ਵੇਖਿਆ ਪਰ ਇਹ ਤਸਵੀਰ ਇੰਝ ਲੱਗਦੀ ਹੈ ਜਿਵੇਂ ਕਹਿ ਰਹੀ ਹੋਵੇ, ‘ਰਾਣੋ ਧੀਏ! ਜੇਕਰ ਕੋਈ ਤਕਲੀਫ਼ ਹੈ ਤਾਂ ਦੱਸ! ਮੈਂ ਤੇਰੇ ਬਾਪੂ ਨੂੰ ਕਹਿ ਦਿੰਦੀ ਹਾਂ ਕਿ ਮੇਰੀ ਧੀ ਰਾਣੋ ਨੂੰ ਕਿਸੇ ਨੇ ਕੁਝ ਕਿਹਾ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਊ’।”

ਰਾਣੋ ਦੀ ਇਹ ਗੱਲ ਸੁਣ ਕੇ ਬਾਪੂ ਜੀ ਚੁੱਪ ਹੋ ਕੇ ਆਸਮਾਨ ਵੱਲ ਝਾਤ ਮਾਰ ਕੇ ਚੁੱਪ ਹੋ ਗਏ ਅਤੇ ਕਹਿਣ ਲੱਗੇ, ”ਧੀਏ! ਮੈਨੂੰ ਸਭ ਪਤਾ ਹੈ ਕਿ ਤੂੰ ਅਤੇ ਰਾਜਿੰਦਰ ਮੇਰਾ ਇੰਨਾ ਧਿਆਨ ਰੱਖਦੇ ਹੋ ਤਾਂ ਜੋ ਮੈਨੂੰ ਇਕਲਾਪਾ ਕਦੇ ਵੀ ਮਹਿਸੂਸ ਨਾ ਹੋਵੇ। ਮੈਨੂੰ ਤਾਂ ਰੱਬ ਦੀ ਦਿੱਤੀ ਦੋ ਵਕਤ ਦੀ ਰੁੱਖੀ ਮਿੱਸੀ, ਸਰੀਰ ਢੱਕਣ ਲਈ ਕੱਪੜਾ ਤੇ ਸਿਰ ‘ਤੇ ਛੱਤ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਚਾਹੀਦਾ।” ਇਹ ਸੁਣ ਕੇ ਰਾਜਿੰਦਰ ਆਪਣੇ ਬਾਪੂ ਜੀ ਨੂੰ ਕਹਿੰਦਾ, ”ਬਾਪੂ ਜੀ! ਤੁਸੀਂ ਘਰ ਦੀਆਂ ਜ਼ਿੰਮੇਵਾਰੀਆਂ ਦਾ ਫ਼ਿਕਰ ਨਾ ਕਰਿਆ ਕਰੋ ਅਤੇ ਆਰਾਮ ਕਰਿਆ ਕਰੋ। ਅਸੀਂ ਸਾਰੀਆਂ ਜ਼ਿੰਮੇਵਾਰੀਆਂ ਸਾਂਭ ਲਵਾਂਗੇ, ਤੁਸੀਂ ਚਿੰਤਾ ਨਾ ਕਰਿਆ ਕਰ ਅਤੇ ਐਸ਼ ਕਰੋ। ਬੱਸ ਤੁਸੀਂ ਸਾਡੇ ਰਾਹ ਦਸੇਰੇ ਬਣ ਕੇ ਸਾਡੇ ਕੰਨ ਮਰੋੜਨੇ ਨਾ ਭੁੱਲਣਾ ਕਿਉਂਕਿ ਸਾਡੇ ਸਹੀ ਤੁਰਦੇ ਰਹਿਣ ਲਈ ਤੁਹਾਡੀਆਂ ਅੱਖਾਂ ਦੀ ਘੂਰ ਬੜੀ ਲਾਜ਼ਮੀ ਹੈ। ਹਾਂ ਸੱਚ ਬਾਪੂ ਜੀ ਤੁਹਾਡੀ ਦਵਾਈ ਵੀ ਮੁੱਕਣ ਆਲੀ ਹੈ। ਉਹ ਵੀ ਕੁਲਦੀਪ ਡਾਕਟਰ ਤੋਂ ਲੈ ਆਵਾਂਗੇ।”

ਇਹ ਕਹਿ ਰਾਜਿੰਦਰ ਅਤੇ ਉਸ ਦੀ ਵਹੁਟੀ ਸਕੂਟਰ ‘ਤੇ ਬੈਠ ਸ਼ਹਿਰ ਨੂੰ ਤੁਰ ਗਏ। ਇੱਧਰ ਨੂੰਹ ਪੁੱਤ ਦੇ ਸ਼ਹਿਰ ਜਾਣ ਮਗਰੋਂ ਰਾਜਿੰਦਰ ਦਾ ਬਾਪੂ ਆਪਣੀ ਵਹੁਟੀ ਦੀ ਤਸਵੀਰ ਮੂਹਰੇ ਖਲੋਤਾ ਗੱਲਾਂ ਕਰਦਾ ਬੋਲਿਆ, ”ਬੀਰੋ! ਧੰਨ ਤਾਂ ਤੂੰ ਜੋ ਜਾਣ ਲੱਗੀ ਮੇਰੀ ਝੋਲੀ ਆਗਿਆਕਾਰੀ ਪੁੱਤਰ ਪਾ ਗਈ। ਮੈਂ ਰੱਬ ਕੋਲੋਂ ਇਹੀ ਮੰਗਦਾ ਹਾਂ ਕਿ ਤੂੰ ਹਰ ਜਨਮ ਮੇਰੀ ਪਤਨੀ ਹੋਵੇਂ ਅਤੇ ਰਾਜਿੰਦਰ ਵਰਗਾ ਆਗਿਆਕਾਰ ਪੁੱਤਰ ਹੀ ਮਿਲੇ।” ਆਥਣ ਵੇਲੇ ਨੰਬਰਦਾਰ ਦੇ ਨੂੰਹ-ਪੁੱਤ ਘਰ ਆਏ ਤਾਂ ਰਾਜਿੰਦਰ ਦੀ ਪਤਨੀ ਨੇ ਹੱਥ ਵਿੱਚ ਫੜੇ ਲਿਫ਼ਾਫ਼ੇ ਬਾਪੂ ਜੀ ਨੂੰ ਫੜਾਉਂਦਿਆਂ ਕਿਹਾ, ”ਬਾਪੂ ਜੀ! ਆਹ ਤੁਹਾਡੇ ਲਈ ਰੰਗਦਾਰ ਕੁੜਤਾ ਅਤੇ ਚਿੱਟੇ ਪਜਾਮੇ ਦਾ ਕੱਪੜਾ ਲਿਆਂਦਾ ਹੈ। ਇਸ ਨਾਲ ਮਾਵੇ ਵਾਲੀ ਭੂਰੀ ਪੱਗ ਅਤੇ ਚਮੜੇ ਦੀ ਕਾਲੀ ਜੁੱਤੀ ਵੀ ਲਿਆਂਦੀ ਹੈ। ਆਹ ਤੁਹਾਡੀ ਦਵਾਈ ਵਾਲਾ ਲਿਫ਼ਾਫ਼ਾ ਵੀ ਹੈਗਾ।” ਨੂੰਹ-ਪੁੱਤ ਦੁਆਰਾ ਲਿਆਂਦੇ ਕੱਪੜੇ, ਪੱਗ ਅਤੇ ਜੁੱਤੀ ਵਾਲਾ ਲਿਫ਼ਾਫ਼ਾ ਵੇਖ ਕੇ ਬਾਪੂ ਜੀ ਮਨ ਹੀ ਮਨ ਖ਼ੁਸ਼ ਹੋਏ। ਇਸ ਤੋਂ ਬਾਅਦ ਰਾਜਿੰਦਰ ਬੋਲਿਆ, ”ਬਾਪੂ ਜੀ! ਅੱਜ ਹੀ ਪਿੰਡ ਵਾਲੇ ਗੁਰਮੁਖ ਸਿੰਘ ਦਰਜੀ ਨੂੰ ਕੁੜਤਾ ਪਜਾਮਾ ਸਿਉਣ ਲਈ ਦੇ ਆਉ। ਸਾਡੀ ਟੌਹਰ ਕੀ ਕਰਨੀ, ਜੇਕਰ ਤੁਸੀਂ ਚੱਜ ਦਾ ਕੱਪੜਾ ਨਾ ਪਾਇਆ ਅਤੇ ਪੈਰ ਵਿੱਚ ਸੋਹਣੀ ਜਿਹੀ ਜੁੱਤੀ ਨਾ ਪਾਈ।”

ਪੁੱਤਰ ਦੇ ਮੂੰਹੋਂ ਚਾਅ ਭਰੀਆਂ ਗੱਲਾਂ ਸੁਣ ਕੇ ਬਾਪੂ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਆ ਗਏ। ਬਾਪੂ ਬੋਲਿਆ, ”ਪੁੱਤਰਾ! ਤੇਰੇ ਵਰਗਾ ਪੁੱਤ ਰੱਬ ਹਰ ਜਨਮ ਵਿੱਚ ਸਾਰਿਆਂ ਨੂੰ ਮਿਲੇ।” ਬਾਪੂ ਦੀਆਂ ਅੱਖਾਂ ਪੂੰਝਦਾ ਰਾਜਿੰਦਰ ਬੋਲਿਆ, ”ਬਾਪੂ ਜੀ! ਅੱਜ ਮੈਂ ਜੋ ਵੀ ਹਾਂ ਇਹ ਸਿਰਫ਼ ਤੁਹਾਡੇ ਕਰਕੇ ਹੀ ਹਾਂ। ਬੇਬੇ ਮਗਰੋਂ ਤੁਸੀਂ ਹੀ ਮੈਨੂੰ ਮਾਂ ਅਤੇ ਬਾਪ ਬਣ ਕੇ ਪਾਲਿਆ, ਸਾਂਭਿਆ, ਪੜ੍ਹਾਇਆ ਅਤੇ ਲਿਖਾਇਆ। ਜੇਕਰ ਤੁਸੀਂ ਮੈਨੂੰ ਸਹੀ ਰਸਤਾ ਨਾ ਦਿਖਾਇਆ ਹੁੰਦਾ ਤਾਂ ਸ਼ਾਇਦ ਮੈਂ ਵੀ ਨਸ਼ੇ ਦੀ ਦਲਦਲ ਵਿੱਚ ਫਸ ਕੇ ਜਾਂ ਹੱਥ ਵਿੱਚ ਹਥਿਆਰ ਫੜ ਕੇ ਖ਼ਾਨਦਾਨ ਦੀ ਬਦਨਾਮੀ ਕਰਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡਣੀ। ਮੈਂ ਜਿੰਨੇ ਮਰਜ਼ੀ ਜਨਮ ਲੈ ਲਵਾਂ ਪਰ ਤੁਹਾਡੀ ਮਿਹਨਤ ਦਾ ਮੁੱਲ ਕਦੇ ਨਹੀਂ ਮੋੜ ਸਕਦਾ।” ਰਾਜਿੰਦਰ ਅਤੇ ਬਾਪੂ ਦੀਆਂ ਭਾਵੁਕ ਗੱਲਾਂ ਸੁਣ ਕੇ ਰਾਣੋ ਬੋਲੀ, ”ਬਾਪੂ ਜੀ! ਤੁਸੀਂ ਸਾਡੀ ਸ਼ਾਨ ਹੋ। ਤੁਹਾਡੀਆਂ ਅੱਖਾਂ ਵਿੱਚ ਹੰਝੂ ਬਿਲਕੁਲ ਨਹੀਂ ਫੱਬਦੇ। ਮੈਨੂੰ ਉਹ ਦਿਨ ਯਾਦ ਹੈ ਜਦੋਂ ਮੈਂ ਇਸ ਘਰ ਵਿੱਚ ਆਪਣੇ ਬਾਬਲ ਦੇ ਵਿਹੜੇ ਤੋਂ ਡੋਲੀ ਵਿੱਚ ਬਹਿ ਕੇ ਆਉਣਾ ਸੀ। ਤੁਸੀਂ ਮੇਰੇ ਬਾਬਲ ਅੱਗੇ ਝੋਲੀ ਅੱਡ ਕੇ ਕਿਹਾ ਸੀ, ‘ਸਰਦਾਰ ਨਿਰੰਜਨ ਸਿੰਘ ਜੀ! ਅੱਜ ਤੋਂ ਇਹ ਤੁਹਾਡੀ ਧੀ ਨਹੀਂ ਬਲਕਿ ਮੇਰੇ ਘਰ ਵਿੱਚ ਚਾਨਣ ਫੈਲਾਉਣ ਵਾਲੀ ਨੂੰਹ ਦੇ ਰੂਪ ਵਿੱਚ ਮੇਰੀ ਧੀ ਹੋਵੇਗੀ’।”

ਆਪਣੀ ਨੂੰਹ ਦੇ ਮੂੰਹੋਂ ਇਹ ਸ਼ਬਦ ਸੁਣਦਿਆਂ ਬਾਪੂ ਫਿਰ ਭਾਵੁਕ ਹੁੰਦਿਆਂ ਬੋਲਿਆ, ”ਧੀਏ! ਧੰਨ ਨੇ ਉਹ ਮਾਪੇ ਜਿਨ੍ਹਾਂ ਤੇਰੇ ਵਰਗੀ ਧੀ ਮੇਰੀ ਝੋਲੀ ਵਿੱਚ ਪਾਈ।” ਬਾਪੂ ਦੇ ਬੋਲ ਸੁਣ ਕੇ ਰਾਣੋ ਬੋਲੀ, ”ਬਾਪੂ ਜੀ! ਏਸ ਉਮਰੇ ਤੁਹਾਡੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਚੰਗੇ ਨਹੀਂ ਲੱਗਦੇ। ਤੁਹਾਡੀ ਉਮਰ ਆਰਾਮ ਕਰਨ ਦੀ ਐ ਨਾ ਕਿ ਭਾਵੁਕ ਹੁੰਦਿਆਂ ਹੰਝੂ ਵਹਾਉਣ ਦੀ। ਐਵੇਂ ਨਾ ਬਾਹਲ਼ਾ ਸੋਚਿਆ ਕਰੋ।” ਗੱਲਾਂ ਕਰਦਿਆਂ ਪਤਾ ਨਹੀਂ ਲੱਗਿਆ ਕਿ ਕਦੋਂ ਆਥਣ ਦਾ ਵੇਲਾ ਹੋ ਗਿਆ ਅਤੇ ਵਿੰਹਦਿਆਂ-ਵਿੰਹਦਿਆਂ ਆਸਮਾਨ ਵਿੱਚ ਚਾਰੇ ਪਾਸੇ ਲਿਸ਼ਕੋਰਾਂ ਮਾਰਦੇ ਤਾਰੇ ਨਜ਼ਰ ਆਉਣ ਲੱਗੇ। ਅਜਿਹਾ ਕੁਦਰਤੀ ਨਜ਼ਾਰਾ ਵੇਖ ਕੇ ਬਾਪੂ ਜੀ, ਰਾਜਿੰਦਰ ਅਤੇ ਰਾਣੋ ਨਿੰਮਾ ਜਿਹਾ ਮੁਸਕਰਾਉਂਦੇ ਪ੍ਰਤੀਤ ਹੋਏ। ਰੋਟੀ ਖਾਣ ਮਗਰੋਂ ਵਿਹੜੇ ਵਿੱਚ ਹੀ ਬਾਪੂ ਜੀ ਦੇ ਨਾਲ-ਨਾਲ ਰਾਜਿੰਦਰ ਤੇ ਰਾਣੋ ਵੀ ਮੰਜਾ ਡਾਹ ਕੇ ਲੇਟਦਿਆਂ ਦੁੱਖ-ਸੁੱਖ ਸਾਂਝੇ ਕਰਨ ਲੱਗੇ। ਇਸ ਦੌਰਾਨ ਇਹ ਪਤਾ ਹੀ ਨਹੀਂ ਲੱਗਿਆ ਕਿ ਤਿੰਨਾਂ ਦੀ ਅੱਖ ਕਦੋਂ ਲੱਗ ਗਈ।

ਅਗਲੇ ਦਿਨ ਸਵੇਰੇ ਹੀ ਕੁੱਕੜ ਦੀ ਬਾਂਗ ਸੁਣ ਕੇ ਰਾਜਿੰਦਰ ਤੇ ਰਾਣੋ ਜਾਗ ਕੇ ਬਹਿ ਗਏ, ਪਰ ਬਾਪੂ ਜੀ ਉਵੇਂ ਹੀ ਮੰਜੇ ‘ਤੇ ਲੇਟੇ ਰਹੇ। ਇੱਧਰ ਬਾਪੂ ਜੀ ਨੂੰ ਪ੍ਰੇਸ਼ਾਨ ਨਾ ਕਰਨ ਬਾਰੇ ਸੋਚ ਕੇ ਉਨ੍ਹਾਂ ਨੂੰ ਸੁੱਤਿਆਂ ਛੱਡ ਕੇ ਦੋਵੇਂ ਚੁੱਪ-ਚਾਪ ਘਰ ਦੇ ਕੰਮ-ਕਾਰ ਵਿੱਚ ਜੁਟ ਗਏ। ਲਗਭਗ ਇੱਕ ਡੇਢ ਘੰਟੇ ਬਾਅਦ ਚਾਹ ਪੀਣ ਲਈ ਰਾਣੋ ਨੇ ਆਵਾਜ਼ ਮਾਰੀ ਤਾਂ ਬਾਪੂ ਜੀ ਨਾ ਉੱਠੇ। ਬਾਪੂ ਜੀ ਨੂੰ ਇਸ ਤਰ੍ਹਾਂ ਆਵਾਜ਼ ਦੇਣ ‘ਤੇ ਨਾ ਉੱਠਣ ਕਰਕੇ ਦੋਵੇਂ ਘਬਰਾ ਗਏ ਅਤੇ ਉਨ੍ਹਾਂ ਨੂੰ ਕਿਸੇ ਅਣਹੋਣੀ ਗੱਲ ਦਾ ਖ਼ਤਰਾ ਜਾਪਿਆ। ਅਚਾਨਕ ਮੱਚੀ ਹਫ਼ੜਾ-ਦਫੜੀ ਵਿੱਚ ਪਿੰਡ ਦਾ ਸਿਆਣਾ ਡਾਕਟਰ ਹਰਨਾਮ ਸਿੰਘ ਸੱਦਿਆ ਗਿਆ। ਹਰਨਾਮ ਸਿੰਘ ਨੇ ਬਾਪੂ ਦੀ ਨਬਜ਼ ਵੇਖਦਿਆਂ ਮਾਯੂਸ ਹੋ ਆਖਿਆ, ”ਰਾਜਿੰਦਰ ਪੁੱਤ! ਤੇਰਾ ਬਾਪੂ ਤੇਰੀ ਬੇਬੇ ਕੋਲ ਪੱਕੇ ਤੌਰ ‘ਤੇ ਉਡਾਰੀ ਮਾਰ ਗਿਆ।” ਡਾਕਟਰ ਦੇ ਮੂੰਹੋਂ ਨਿਕਲੇ ਇਨ੍ਹਾਂ ਸ਼ਬਦਾਂ ਨੇ ਵਿਹੜੇ ਵਿੱਚ ਚੀਕ ਚਿਹਾੜਾ ਪਾ ਦਿੱਤਾ। ਰਾਜਿੰਦਰ ਅਤੇ ਰਾਣੋ ਭੁੱਬਾਂ ਮਾਰ ਉੱਚੀ -ਉੱਚੀ ਰੋਣ ਲੱਗੇ। ਬਾਪੂ ਜੀ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਿੰਡ ਵਾਲਿਆਂ ਤੱਕ ਪਹੁੰਚੀ ਤਾਂ ਇੰਝ ਲੱਗਿਆ ਜਿਵੇਂ ਖ਼ੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਹੋਵੇ। ਘਰ ਵਿੱਚ ਬੜੀ ਭੀੜ ਹੋ ਗਈ। ਇੱਧਰ ਰਾਜਿੰਦਰ ਨੇ ਬਾਪੂ ਜੀ ਦੀ ਮੌਤ ਬਾਰੇ ਆਪਣੇ ਸਕੂਲ ਮੁਖੀ ਨੂੰ ਸੂਚਨਾ ਦਿੱਤੀ ਗਈ। ਕੁਝ ਚਿਰ ਬਾਅਦ ਸਕੂਲ ਮੁਖੀ ਆਪਣੇ ਸਕੂਲ ਦੇ ਅਧਿਆਪਕ ਸਾਥੀਆਂ ਨਾਲ ਅਫ਼ਸੋਸ ਕਰਨ ਪੁੱਜਾ। ਜਿਉਂ ਹੀ ਬਾਪੂ ਦੀ ਦੇਹ ਨੂੰ ਇਸ਼ਨਾਨ ਕਰਵਾਉਣ ਦੀ ਤਿਆਰੀ ਹੋਣ ਲੱਗੀ ਤਾਂ ਅਚਾਨਕ ਬਾਪੂ ਜੇਬ ਵਿੱਚੋਂ ਹਰੇ ਰੰਗ ਦਾ ਬਟੂਆ ਧਰਤੀ ‘ਤੇ ਡਿੱਗ ਪਿਆ ਅਤੇ ਇਸ ਵਿੱਚੋਂ ਰਾਜਿੰਦਰ ਦੇ ਬਾਪੂ ਬੇਬੇ ਦੀ ਤਸਵੀਰ ਵੀ ਬਾਹਰ ਆ ਗਈ। ਹਰਜੀਤੇ ਸਰਪੰਚ ਨੇ ਰਾਜਿੰਦਰ ਨੂੰ ਬਟੂਆ ਫੜ੍ਹਾਇਆ ਤਾਂ ਉਹ ਬਟੂਆ ਹੱਥ ਵਿੱਚ ਲੈ ਕੇ ਧਰਤੀ ‘ਤੇ ਡਿੱਗੀ ਬਾਪੂ ਬੇਬੇ ਦੀ ਤਸਵੀਰ ਨੂੰ ਫੜ ਧਾਹਾਂ ਮਾਰ ਰੋਂਦਿਆਂ ਆਖਣ ਲੱਗਾ, ”ਬਾਪੂ! ਵਾਪਸ ਆ ਜਾ। ਪਹਿਲਾਂ ਬੇਬੇ ਛੱਡ ਗਈ ਸੀ ਅਤੇ ਅੱਜ ਤੂੰ ਵੀ ਵਿਹੜਾ ਸੁੰਨਾ ਕਰ ਚੱਲਿਐਂ। ਆਹ ਵੇਖ ਸਾਰਾ ਪਿੰਡ ਤੈਨੂੰ ਆਵਾਜ਼ਾਂ ਮਾਰ ਰਿਹਾ ਹੈ।” ਰਾਜਿੰਦਰ ਨੂੰ ਰੋਂਦਿਆਂ ਦੇਖ ਰਾਣੋ ਵੀ ਉੱਚੀ ਉੱਚੀ ਧਾਹਾਂ ਮਾਰਦਿਆਂ ਬੋਲੀ, ”ਬਾਪੂ! ਸਾਨੂੰ ਇੱਕਲਿਆਂ ਛੱਡ ਕਿਹੜੇ ਅਣਜਾਣ ਰਾਹਾਂ ‘ਤੇ ਤੁਰ ਗਿਐਂ। ਲੱਗਦਾ ਤੈਨੂੰ ਮੇਰੀ ਆਵਾਜ਼ ਸੁਣਾਈ ਨਹੀਂ ਦਿੰਦੀ ਜੋ ਉੱਠਣ ਦਾ ਨਾਮ ਨਹੀਂ ਲੈਂਦਾ। ਸਾਨੂੰ ਕੀਹਦੇ ਸਹਾਰੇ ਛੱਡ ਗਿਐਂ ਤੂੰ!” ਇਸ ਗਮਗੀਨ ਮਾਹੌਲ ਵਿੱਚ ਸਾਰਿਆਂ ਦੀ ਅੱਖਾਂ ਵਿੱਚੋਂ ਬਾਪੂ ਦੀਆਂ ਗੱਲਾਂ ਚੇਤੇ ਕਰਦਿਆਂ ਵਹਿ ਰਹੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਅੱਜ ਬਾਪੂ ਦੀਆਂ ਸਿਫ਼ਤਾਂ ਕਰਦਿਆਂ ਮੌਕੇ ‘ਤੇ ਮੌਜੂਦ ਲੋਕਾਂ ਦੀ ਜ਼ੁਬਾਨ ਨਹੀਂ ਥੱਕਦੀ ਸੀ।

ਬਾਪੂ ਨੂੰ ਜਹਾਨੋਂ ਰੁਖ਼ਸਤ ਹੋਇਆਂ ਕਾਫ਼ੀ ਅਰਸਾ ਹੋ ਗਿਆ, ਪਰ ਰਾਜਿੰਦਰ ਨੇ ਬਾਪੂ ਵਾਲਾ ਹਰੇ ਰੰਗ ਦਾ ਬਟੂਆ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਸੀ। ਉਸ ਇਸ ਬਟੂਏ ‘ਚ ਰੱਖੀ ਬਾਪੂ ਅਤੇ ਬੇਬੇ ਦੀ ਫੋਟੋ ਇਹੀ ਆਖਦੀ ਜਾਪਦੀ, ”ਪੁੱਤ! ਅਸੀਂ ਭਾਵੇਂ ਤੇਰੇ ਕੋਲ ਨਾ ਹੋ ਕੇ ਲੰਮੀਆਂ ਵਾਟਾਂ ਦੇ ਪਾਂਧੀ ਹੋ ਗਏ ਪਰ ਸਾਡਾ ਅਸ਼ੀਰਵਾਦ ਸਦਾ ਤੇਰੇ ਅਤੇ ਰਾਣੋ ਦੇ ਨਾਲ ਐ!”

ਸੰਪਰਕ: 80545-00154

Advertisement
Tags :
ਬਟੂਆ