ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ਾਂਤਮਈ ਸਿਰੇ ਚੜ੍ਹੀ
ਹਰਿਆਣਾ ਵਿਧਾਨ ਸਭਾ ਚੋਣਾਂ
ਪ੍ਰਭੂ ਦਿਆਲ
ਸਿਰਸਾ, 5 ਅਕਤੂਬਰ
ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਵੋਟਿੰਗ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਜ਼ਿਲ੍ਹਾ ਸਿਰਸਾ ਦੇ ਪੰਜ ਵਿਧਾਨ ਸਭਾ ਹਲਕਿਆਂ ਸਿਰਸਾ, ਡੱਬਵਾਲੀ, ਕਾਲਾਂਵਾਲੀ, ਏਲਨਾਬਾਦ ਅਤੇ ਰਾਣੀਆਂ ਖੇਤਰਾਂ ਤੋਂ ਚੋਣ ਲੜ ਰਹੇ ਕੁੱਲ 54 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੋ ਗਈ ਹੈ, ਜਿਸ ਦਾ ਨਤੀਜਾ 8 ਅਕਤੂਬਰ ਨੂੰ ਐਲਾਨਿਆ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣਾਂ ਅਮਨ-ਅਮਾਨ ਅਤੇ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਈਆਂ ਹਨ। ਔਰਤਾਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਪੋਲਿੰਗ ਸਟੇਸ਼ਨਾਂ ’ਤੇ ਸਵੇਰੇ ਸੱਤ ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ। ਜ਼ਿਲ੍ਹੇ ਵਿੱਚ ਸ਼ਾਮ 7 ਵਜੇ ਤੱਕ ਕਰੀਬ 65.37 ਫੀਸਦੀ ਵੋਟਿੰਗ ਹੋਈ। ਡੱਬਵਾਲੀ ਵਿਧਾਨ ਸਭਾ ’ਚ ਸਭ ਤੋਂ ਜ਼ਿਆਦਾ ਕਰੀਬ 71 ਫੀਸਦੀ, ਏਲਨਾਬਾਦ ਵਿਧਾਨ ਸਭਾ ’ਚ ਕਰੀਬ 67 ਫੀਸਦੀ, ਕਾਲਾਂਵਾਲੀ ਵਿਧਾਨ ਸਭਾ ’ਚ ਕਰੀਬ 64.20 ਫੀਸਦੀ, ਰਾਣੀਆਂ ਵਿਧਾਨ ਸਭਾ ’ਚ ਕਰੀਬ 66.20 ਫੀਸਦੀ ਅਤੇ ਸਿਰਸਾ ਵਿਧਾਨ ਸਭਾ ’ਚ ਕਰੀਬ 59.20 ਫੀਸਦੀ ਵੋਟਿੰਗ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਆਖਰੀ ਅੰਕੜੇ ਆਉਣ ਤੱਕ ਇਹ ਹੋਰ ਫੀਸਦੀ ਵਧ ਵੀ ਸਕਦੇ ਹਨ।
ਵੱਖ-ਵੱਖ ਬੂਥਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਲੋਕ ਵੋਟ ਪਾਉਣ ਲਈ ਵੱਡੀ ਗਿਣਤੀ ’ਚ ਘਰੋਂ ਬਾਹਰ ਨਿਕਲੇ। ਕਈ ਬੂਥਾਂ ’ਤੇ ਵੋਟ ਪਾਉਣ ਲਈ ਲੋਕਾਂ ਨੂੰ ਲੰਮੀਆਂ ਕਤਾਰਾਂ ’ਚ ਖੜ੍ਹਾ ਹੋਣਾ ਪਿਆ। ਚੋਣ ਕਮਿਸ਼ਨ ਵੱਲੋਂ ਬੂਥਾਂ ’ਤੇ ਛਾਂ ਤੇ ਪੀਣ ਦੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਜ਼ਿਲ੍ਹੇ ਵਿੱਚ 996 ਬੂਥ ਬਣਾਏ ਗਏ ਸਨ। ਜ਼ਿਲ੍ਹੇ ਦੇ ਕਈ ਨੇਤਾਵਾਂ ਨੇ ਆਪਣੇ-ਆਪਣੇ ਬੂਥ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ’ਚ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਆਪਣੇ ਮਾਪਿਆਂ ਤੇ ਆਪਣੀ ਪਤਨੀ ਤੇ ਭਰਜਾਈ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸੇ ਤਰ੍ਹਾਂ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸੇ ਤਰ੍ਹਾਂ ਸਿਰਸਾ ਹਲਕੇ ਤੋਂ ਹਲੋਪਾ ਦੇ ਉਮੀਦਵਾਰ ਗੋਪਾਲ ਕਾਂਡਾ ਨੇ ਆਪਣੇ ਪਰਿਵਾਰ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਕਾਂਗਰਸ ਦੇ ਉਮਦੀਰ ਗੋਕੁਲ ਸੇਤੀਆ ਨੇ ਆਪਣੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਭਾਜਪਾ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਸਾਬਕਾ ਐਮਪੀ ਅਸ਼ੋਕ ਤੰਵਰ ਨੇ ਵੀ ਆਪਣੇ ਬੂਥ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਮੌਕੇ ’ਤੇ ਨੇਤਾਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪੋ-ਆਪਣੀ ਪਾਰਟੀ ਦੀ ਸਰਕਾਰ ਬਣਨ ਦੇ ਦਾਅਵੇ ਕੀਤੇ।
ਸ਼ੀਸ਼ਪਾਲ ਕੇਹਰਵਾਲਾ ਨੇ ਪਰਿਵਾਰ ਸਮੇਤ ਪਾਈ ਵੋਟ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ਼ੀਸ਼ਪਾਲ ਕੇਹਰਵਾਲਾ ਨੇ ਪਰਿਵਾਰ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲੋਨੀ ਵਿੱਚ ਵੋਟ ਪਾਈ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਹਰੇਕ ਦਾ ਸੰਵਿਧਾਨਕ ਅਧਿਕਾਰ ਹੈ ਅਤੇ ਹਰ ਨਾਗਰਿਕ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਹੀ ਇਨੈਲੋ ਅਤੇ ਬਸਪਾ ਦੇ ਉਮੀਦਵਾਰ ਮਾਸਟਰ ਗੁਰਤੇਜ ਸਿੰਘ ਨੇ ਆਪਣੇ ਪਿੰਡ ਸੁਖਚੈਨ ਵਿੱਚ ਵੋਟ ਪਾਈ। ਉਨ੍ਹਾਂ ਕਿਹਾ ਕਿ ਸਾਰੇ ਵੋਟਰਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਪੋਲਿੰਗ ਪ੍ਰਕਿਰਿਆ ਵਿੱਚ ਭਾਗ ਲੈਣ ਚਾਹੀਦਾ ਹੈ।
ਗਿਣਤੀ ਕੇਂਦਰਾਂ ਦੇ 500 ਮੀਟਰ ਘੇਰੇ ਵਿੱਚ ਧਾਰਾ 163 ਲਾਗੂ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਮੈਜਿਸਟਰੇਟ ਸ਼ਾਂਤਨੂੰ ਸ਼ਰਮਾ ਨੇ ਗਿਣਤੀ ਕੇਂਦਰਾਂ ਦੇ 500 ਮੀਟਰ ਦੇ ਘੇਰੇ ਵਿੱਚ ਧਾਰਾ 163 ਲਾਗੂ ਕਰਦਿਆਂ ਪੰਜ ਤੋਂ ਵੱਧ ਵਿਅਕਤੀਆਂ ਦੇ ਗੈਰਕਾਨੂੰਨੀ ਇਕੱਠ ਕਰਨ ਜਾਂ ਜਲੂਸ ਕੱਢਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਪ੍ਰਕਿਰਿਆ ਦੀ ਸਮਾਪਤੀ ਤੱਕ ਇਹ ਹੁਕਮ ਲਾਗੂ ਰਹੇਗਾ।