ਹਰਿਆਣਾ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚ ‘ਪਰਿਵਾਰਕ ਜੰਗ’
ਆਤਿਸ਼ ਗੁਪਤਾ
ਚੰਡੀਗੜ੍ਹ, 5 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸੂਬੇ ਦੇ ਸਾਰੇ 90 ਵਿਧਾਨ ਸਭਾ ਹਲਕਿਆਂ ਵਿੱਚ 1031 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਈਵੀਐੱਮਜ਼ ਵਿੱਚ ਕੈਦ ਹੋ ਗਿਆ ਹੈ। ਇਨ੍ਹਾਂ ਚੋਣਾਂ ਦੌਰਾਨ ਮੈਦਾਨ ਵਿੱਚ ਨਿੱਤਰੇ 1031 ਉਮੀਦਵਾਰਾਂ ਨੇ ਪੂਰੀ ਵਾਹ ਲਾਈ ਪਰ ਸੱਤ ਵਿਧਾਨ ਸਭਾ ਹਲਕਿਆਂ ’ਤੇ ਮੁਕਾਬਲਾ ਦਿਲਚਸਪ ਬਣਿਆ ਰਿਹਾ। ਇਨ੍ਹਾਂ ਸੱਤ ਵਿਧਾਨ ਸਭਾ ਹਲਕਿਆਂ ਵਿੱਚ ‘ਪਰਿਵਾਰਕ ਜੰਗ’ ਚੱਲ ਰਹੀ ਹੈ। ਇਨ੍ਹਾਂ ਹਲਕਿਆਂ ਵਿੱਚ ਦਾਦਾ-ਪੋਤਾ, ਚਾਚਾ-ਭਤੀਜਾ, ਭੈਣ-ਭਰਾ, ਸਹੁਰਾ-ਨੂੰਹ ਤੇ ਹੋਰ ਪਰਿਵਾਰਕ ਮੈਂਬਰਾਂ ਜਾਂ ਸ਼ਰੀਕਾਂ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਵਿਧਾਨ ਸਭਾ ਹਲਕਾ ਤੋਸ਼ਾਮ ਤੋਂ ਭੈਣ-ਭਰਾ, ਡੱਬਵਾਲੀ ਤੋਂ ਦੋ ਭਰਾ ਤੇ ਚਾਚਾ, ਬੱਲਭਗੜ੍ਹ ਤੋਂ ਦਾਦਾ-ਪੋਤੀ, ਰਾਣੀਆਂ ਤੋਂ ਦਾਦਾ-ਪੋਤਾ, ਅਟੇਲੀ ਤੋਂ ਸਹੁਰਾ ਤੇ ਨੂੰਹ, ਬਹਾਦਰਗੜ੍ਹ ਤੋਂ ਚਾਚਾ-ਭਤੀਜਾ ਅਤੇ ਵਿਧਾਨ ਸਭਾ ਹਲਕਾ ਪੁਨਹਾਨਾ ਤੋਂ ਚਚੇਰੇ ਭਰਾ ਚੋਣ ਮੈਦਾਨ ਵਿੱਚ ਇੱਕ-ਦੂਜੇ ਦੇ ਸਾਹਮਣੇ ਚੋਣ ਲੜੇ ਹਨ। ਹਰਿਆਣਾ ਦੇ ਵਿਧਾਨ ਸਭਾ ਹਲਕਾ ਤੋਸ਼ਾਮ ਤੋਂ ਚੌਧਰੀ ਬੰਸੀ ਲਾਲ ਪਰਿਵਾਰ ਦੇ ਚਚੇਰੇ ਭੈਣ-ਭਰਾ ਇੱਕ-ਦੂਜੇ ਦੇ ਖ਼ਿਲਾਫ਼ ਚੋਣ ਲੜੇ। ਭਾਜਪਾ ਵੱਲੋਂ ਹਾਲ ਹੀ ਵਿੱਚ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਈ ਕਿਰਨ ਚੌਧਰੀ ਦੀ ਧੀ ਸ਼ਰੁਤੀ ਚੌਧਰੀ ਨੂੰ ਜਦਕਿ ਕਾਂਗਰਸ ਨੇ ਉਸ ਦੇ ਚਾਚੇ ਦੇ ਪੁੱਤਰ ਅਨਿਰੁੱਧ ਚੌਧਰੀ ਨੂੰ ਮੈਦਾਨ ’ਚ ਉਤਾਰਿਆ ਹੈ। ਵਿਧਾਨ ਸਭਾ ਹਲਕਾ ਡੱਬਵਾਲੀ ਵਿੱਚ ਦੋ ਭਰਾਵਾਂ ਤੇ ਚਾਚੇ ਵਿਚਾਲੇ ਮੁਕਾਬਲਾ ਸੀ। ਇਹ ਮੁਕਾਬਲਾ ਚੌਟਾਲਾ ਪਰਿਵਾਰ ਵਿਚਾਲੇ ਸੀ। ਇਨੈਲੋ ਵੱਲੋਂ ਆਦਿੱਤਿਆ ਚੌਟਾਲਾ ਤੇ ਜੇਜੇਪੀ ਨੇ ਚਚੇਰੇ ਭਰਾ ਦਿਗਵਿਜੈ ਚੌਟਾਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਇਸੇ ਤਰ੍ਹਾਂ ਕਾਂਗਰਸ ਨੇ ਅਮਿਤ ਸਿਹਾਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ, ਜੋ ਆਦਿਤਿਆ ਚੌਟਾਲਾ ਤੇ ਦਿਗਵਿਜੈ ਚੌਟਾਲਾ ਦਾ ਚਾਚਾ ਹੈ।
ਵਿਧਾਨ ਸਭਾ ਹਲਕਾ ਬੱਲਭਗੜ੍ਹ ਵਿੱਚ ਦਾਦਾ-ਪੋਤੇ ਆਹਮੋ-ਸਾਹਮਣੇ ਰਿਹਾ। ਉੱਥੋਂ ਭਾਜਪਾ ਵੱਲੋਂ ਮੂਲਚੰਦ ਸ਼ਰਮਾ ਚੋਣ ਲੜੇ, ਜਿਨ੍ਹਾਂ ਖ਼ਿਲਾਫ਼ ਕਾਂਗਰਸ ਨੇ ਉਨ੍ਹਾਂ ਦੇ ਪੋਤੇ ਪਰਾਗ ਸ਼ਰਮਾ ਨੂੰ ਮੈਦਾਨ ’ਚ ਉਤਾਰਿਆ। ਪਰਾਗ ਸ਼ਰਮਾ ਦੇ ਪਿਤਾ ਸਾਬਕਾ ਵਿਧਾਇਕ ਯੋਗੇਸ਼ ਸ਼ਰਮਾ ਭਾਜਪਾ ਉਮੀਦਵਾਰ ਮੂਲਚੰਦ ਸ਼ਰਮਾ ਦੇ ਚਚੇਰੇ ਭਰਾ ਹਨ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਰਾਣੀਆਂ ਤੋਂ ਦਾਦਾ-ਪੋਤਾ ਨੇ ਇੱਕ-ਦੂਜੇ ਨੂੰ ਹਰਾ ਕੇ ਵਿਧਾਇਕ ਬਣਨ ਦੀ ਕੋਸ਼ਿਸ਼ ਕੀਤੀ। ਰਾਣੀਆਂ ਤੋਂ ਇਨੈਲੋ ਵੱਲੋਂ ਅਭੈ ਚੌਟਾਲਾ ਦੇ ਪੁੱਤਰ ਅਰਜੁਨ ਚੌਟਾਲਾ ਨੇ ਚੋਣ ਲੜੀ। ਦੂਜੇ ਪਾਸੇ ਚੌਧਰੀ ਦੇਵੀ ਲਾਲ ਦੇ ਪੁੱਤਰ ਰਣਜੀਤ ਸਿੰਘ ਚੌਟਾਲਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ। ਇਹ ਦੋਵੇਂ ਰਿਸ਼ਤੇਦਾਰੀ ਵਿੱਚ ਦਾਦਾ-ਪੋਤਾ ਲੱਗਦੇ ਹਨ।
ਹਲਕਾ ਅਟੇਲੀ ਤੋਂ ਸਹੁਰਾ ਤੇ ਨੂੰਹ ਆਹਮੋ-ਸਾਹਮਣੇ
ਵਿਧਾਨ ਸਭਾ ਹਲਕਾ ਅਟੇਲੀ ਤੋਂ ਸਹੁਰਾ ਤੇ ਨੂੰਹ ਇੱਕ-ਦੂਜੇ ਖ਼ਿਲਾਫ਼ ਚੋਣ ਲੜੇ। ਇਸ ਸੀਟ ਤੋਂ ਇਨੈਲੋ-ਬਸਪਾ ਗੱਠਜੋੜ ਤੋਂ ਠਾਕੁਰ ਅਤਰ ਲਾਲ ਮਹਿੰਦਰਗੜ੍ਹ ਚੋਣ ਲੜੇ ਜਦਕਿ ਉਨ੍ਹਾਂ ਦੀ ਨੂੰਹ ਸਾਧਨਾ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੀ। ਬਹਾਦਰਗੜ੍ਹ ’ਚ ਚਾਚਾ-ਭਤੀਜਾ ਆਹਮੋ-ਸਾਹਮਣੇ ਰਹੇ। ਇਸ ਸੀਟ ’ਤੇ ਕਾਂਗਰਸ ਵੱਲੋਂ ਰਾਜਿੰਦਰ ਜੂਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਇਸੇ ਦੌਰਾਨ ਉਨ੍ਹਾਂ ਦਾ ਭਤੀਜਾ ਰਾਜੇਸ਼ ਜੂਨ ਵੀ ਚੋਣ ਲੜਿਆ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਪੁੰਨਾਣਾ ’ਚ ਚਚੇਰੇ ਭਰਾ ਇੱਕ-ਦੂਜੇ ਖ਼ਿਲਾਫ਼ ਚੋਣ ਲੜੇ। ਇੱਥੋਂ ਭਾਜਪਾ ਨੇ ਏਜਾਜ਼ ਖਾਨ ਨੂੰ ਜਦਕਿ ਕਾਂਗਰਸ ਨੇ ਮੁਹੰਮਦ ਇਲਿਆਸ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਇਹ ਦੋਵੇਂ ਚਚੇਰੇ ਭਰਾ ਹਨ।