ਰੈਸਤਰਾਂ ਮਾਲਕ ਵੱਲੋਂ ਵਿੱਤ ਮੰਤਰੀ ਤੋਂ ਮੁਆਫ਼ੀ ਮੰਗਣ ਦੀ ਵੀਡੀਓ ਵਾਇਰਲ
ਨਵੀਂ ਦਿੱਲੀ/ਚੇਨੱਈ, 13 ਸਤੰਬਰ
ਕਾਂਗਰਸ ਨੇ ਜੀਐੱਸਟੀ ਬਾਰੇ ਚਿੰਤਾ ਪ੍ਰਗਟਾਉਣ ਵਾਲੇ ਰੈਸਤਰਾਂ ਮਾਲਕ ਵੱਲੋਂ ਕੇਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਕਥਿਤ ‘ਮੁਆਫ਼ੀ’ ਮੰਗਣ ਦੀ ਵੀਡੀਓ ਵਾਇਰਲ ਹੋਣ ’ਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਖਿਆ ਕਿ ‘ਹੰਕਾਰ’ ਸਿਰਫ ਅਪਮਾਨ ਹੀ ਲਿਆਉਂਦਾ ਹੈ। ਵਿਰੋਧੀ ਪਾਰਟੀ ਨੇ ਕਿਹਾ ਕਿ ਇਸ ਮੁੱਦੇ ’ਤੇ ਵਿੱਤ ਮੰਤਰੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਕਿਹਾ, ‘ਜਦੋਂ ਸੱਤਾ ’ਤੇ ਕਾਬਜ਼ ਲੋਕਾਂ ਦੇ ਹੰਕਾਰ ਨੂੰ ਢਾਹ ਲੱਗਦੀ ਹੈ ਤਾਂ ਅਜਿਹਾ ਲੱਗਦਾ ਹੈ ਕਿ ਲੋਕਾਂ ਦੀ ਬੇਇੱਜ਼ਤੀ ਹੀ ਕਰਨਗੇ।’ ਡੀਐੱਮਕੇ ਤੇ ਹੋਰਨਾਂ ਨੇ ਕਾਰੋਬਾਰੀ ਨੂੰ ਟੈਕਸ ਪ੍ਰਣਾਲੀ ’ਤੇ ਟਿੱਪਣੀ ਲਈ ਮੁਆਫ਼ੀ ਮੰਗਣ ਵਾਸਤੇ ਮਜਬੂਰ ਕਰਨ ’ਤੇ ਭਾਜਪਾ ਦੀ ਨਿਖੇਧੀ ਕੀਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜਨ ਖੜਗੇ ਨੇ ਸੀਤਾਰਮਨ ’ਤੇ ਵਰ੍ਹਦਿਆਂ ਆਖਿਆ ਕਿ ਸ੍ਰੀ ਅੰਨਪੂਰਨਾ ਰੈਸਤਰਾਂ ਚੇਨ ਦੇ ਮਾਲਕ ਦੇ ‘ਅਪਮਾਨ’ ਤੋਂ ‘ਸੱਤਾ ਦਾ ਹੰਕਾਰ’ ਝਲਕਦਾ ਹੈ।’ ਭਾਜਪਾ ਸਿਰਫ ਮੋਦੀ ਦੇ ‘ਅਮੀਰ ਮਿੱਤਰਾਂ’ ਨੂੰ ਲਾਭ ਪਹੁੰਚਾਉਣ ਲਈ ਵਚਨਬੱਧ ਹੈ। ਤਾਮਿਲਨਾਡੂ ਭਾਜਪਾ ਦੇ ਮੁਖੀ ਕੇ. ਅੰਨਮਲਾਈ ਨੇ ਇਸ ਘਟਨਾ ਲਈ ਪਾਰਟੀ ਵੱਲੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ, ‘ਮੈਂ ਸਾਡੀ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਕਾਰੋਬਾਰੀ ਤੇ ਵਿੱਤ ਮੰਤਰੀ ਵਿਚਾਲੇ ਨਿੱਜੀ ਗੱਲਬਾਤ ਦੀ ਵੀਡੀਓ ਲੀਕ ਕਰਨ ਲਈ ਮੁਆਫ਼ੀ ਚਾਹੁੰਦਾ ਹਾਂ।’ -ਪੀਟੀਆਈ