For the best experience, open
https://m.punjabitribuneonline.com
on your mobile browser.
Advertisement

ਫਰਾਂਸ ’ਚ ਖੱਬੀ ਧਿਰ ਦੀ ਜਿੱਤ

06:40 AM Jul 09, 2024 IST
ਫਰਾਂਸ ’ਚ ਖੱਬੀ ਧਿਰ ਦੀ ਜਿੱਤ
Advertisement

ਪੈਰਿਸ ਓਲੰਪਿਕਸ ਵਿੱਚ ਜਦੋਂ ਤਿੰਨ ਕੁ ਹਫ਼ਤੇ ਰਹਿ ਗਏ ਹਨ ਤਾਂ ਅਜਿਹੇ ਮੌਕੇ ਫਰਾਂਸ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਸੱਜੇ ਪੱਖੀ ਧਿਰ ਦੀ ਸੱਤਾ ਲਈ ਦਾਅਵੇਦਾਰੀ ਡੱਕ ਦਿੱਤੀ ਗਈ ਹੈ। ਹਾਲਾਂਕਿ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਕੱਟੜਪੰਥੀ ਮੈਰੀਨ ਲੀ ਪੈੱਨ ਦੀ ਪਾਰਟੀ ‘ਨੈਸ਼ਨਲ ਰੈਲੀ’ ਨੂੰ ਰੋਕਣ ਵਿੱਚ ਕਾਮਯਾਬ ਹੋ ਗਏ ਹਨ ਪਰ ਇਸ ਦੇ ਨਾਲ ਹੀ ਖੱਬੇ ਪੱਖੀ ਨਿਊ ਪਾਪੂਲਰ ਫਰੰਟ (ਐੱਨਐੱਫਪੀ) ਦੀ ਸ਼ਾਨਦਾਰ ਕਾਰਗੁਜ਼ਾਰੀ ਕਰ ਕੇ ਮੈਕਰੌਂ ਅਤੇ ਉਨ੍ਹਾਂ ਦੇ ਮੱਧ ਮਾਰਗੀ ਗੱਠਜੋੜ ਲਈ ਕੋਈ ਸ਼ੁਭ ਸੰਕੇਤ ਨਹੀਂ ਮੰਨਿਆ ਜਾਂਦਾ। ਕਿਸੇ ਵੀ ਧਿਰ ਨੂੰ ਬਹੁਮਤ ਨਾ ਮਿਲਣ ਕਰ ਕੇ ਹੁਣ ਐੱਨਐੱਫਪੀ ਦੀ ਅਗਵਾਈ ਹੇਠ ਵਡੇਰੀ ਕੁਲੀਸ਼ਨ ਸਰਕਾਰ ਬਣਾਉਣ ਦਾ ਰਾਹ ਖੁੱਲ੍ਹ ਸਕਦਾ ਹੈ।
ਫਰਾਂਸ ਵਿੱਚ ਇਸ ਸਾਲ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੱਡੇ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ ਸਨ ਅਤੇ ਲੋਕ ਰਾਸ਼ਟਰਪਤੀ ਮੈਕਰੌਂ ਤੋਂ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਸਨ। ਇਸ ਕਰ ਕੇ ਇੱਕ ਸਮੇਂ ਲੀ ਪੈੱਨ ਦੀ ਸੱਜੇ ਪੱਖੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਣ ਦੇ ਅਨੁਮਾਨ ਲਾਏ ਜਾ ਰਹੇ ਸਨ ਪਰ ਐਨ ਮੌਕੇ ’ਤੇ ਖੱਬੀ ਧਿਰ ਦੇ ਇੱਕਮੁੱਠ ਹੋਣ ਨਾਲ ਚੁਣਾਵੀ ਪਾਸਾ ਪਲਟ ਗਿਆ ਅਤੇ ਉਨ੍ਹਾਂ ਫਰਾਂਸ ਨੂੰ ਸੱਜੇ ਪੱਖੀਆਂ ਦੀ ਝੋਲੀ ਪੈਣ ਤੋਂ ਬਚਾ ਲਿਆ। ਖੱਬੇ ਪੱਖੀਆਂ ਦੇ ਇਸ ਏਜੰਡੇ ਦੀ ਗੂੰਜ ਜ਼ਮੀਨੀ ਪੱਧਰ ’ਤੇ ਸੁਣਾਈ ਦੇ ਰਹੀ ਸੀ ਜਿਸ ਤਹਿਤ ਉਹ ਜਨਤਕ ਸੇਵਾਵਾਂ ਉੱਪਰ ਜਿ਼ਆਦਾ ਖਰਚ ਕਰਨ ਅਤੇ ਇਸ ਦੀ ਭਰਪਾਈ ਲਈ ਅਮੀਰ ਤਬਕਿਆਂ ਉੱਪਰ ਟੈਕਸ ਲਾਉਣ ’ਤੇ ਜ਼ੋਰ ਦੇ ਰਹੇ ਸਨ। ਹੁਣ ਦੇਖਣਾ ਹੋਵੇਗਾ ਕਿ ਕੁਲੀਸ਼ਨ ਦੀਆਂ ਮਜਬੂਰੀਆਂ ਕਰ ਕੇ ਉਹ ਆਪਣੇ ਪ੍ਰੋਗਰਾਮ ਨੂੰ ਕਿੱਥੋਂ ਕੁ ਤੱਕ ਅਮਲ ਵਿੱਚ ਉਤਾਰ ਸਕਣਗੇ।
ਫਰਾਂਸ ਦੁਨੀਆ ਭਰ ਦੇ ਦੇਸ਼ਾਂ ਲਈ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦਾ ਪ੍ਰਤੀਕ ਬਣਿਆ ਰਿਹਾ ਹੈ। ਫਰਾਂਸ ਦੇ ਵੋਟਰਾਂ ਨੇ ਸੂਝ-ਬੂਝ ਦਾ ਮੁਜ਼ਾਹਰਾ ਕਰਦਿਆਂ ਆਪਣੇ ਲੋਕਰਾਜੀ ਕਿਰਦਾਰ ਨੂੰ ਪਛਾਣਦੇ ਹੋਏ ਇਹ ਫ਼ਤਵਾ ਦਿੱਤਾ ਹੈ। ਇਸ ਕਰ ਕੇ ਭੂ-ਰਾਜਸੀ ਮੁਹਾਜ਼ ’ਤੇ ਫਰਾਂਸ ਦੇ ਪੈਂਤੜੇ ਵਿੱਚ ਰੱਦੋਬਦਲ ਦੀ ਸੰਭਾਵਨਾ ਹੈ। ਇਸ ਸਭ ਕਾਸੇ ਦੇ ਬਾਵਜੂਦ ਫਰਾਂਸ ਨੂੰ ਸਥਿਰ ਸਰਕਾਰ ਦੀ ਲੋੜ ਹੈ ਜਿਸ ਨਾਲ ਨਾ ਕੇਵਲ ਉਸ ਦੇਸ਼ ਸਗੋਂ ਸਮੁੱਚੇ ਯੂਰੋਪ ਅਤੇ ਬਾਕੀ ਦੁਨੀਆ ਦੇ ਹਿੱਤ ਵੀ ਜੁੜੇ ਹੋਏ ਹਨ।

Advertisement

Advertisement
Author Image

Advertisement
Advertisement
×