For the best experience, open
https://m.punjabitribuneonline.com
on your mobile browser.
Advertisement

ਪਾਣੀ ਦਾ ਮੁੱਲ

08:43 AM Sep 30, 2024 IST
ਪਾਣੀ ਦਾ ਮੁੱਲ
Advertisement

ਪ੍ਰਿੰਸੀਪਲ ਵਿਜੈ ਕੁਮਾਰ

ਇਹ ਘਟਨਾ ਭਾਵੇਂ ਮੇਰੇ ਵਿਦਿਆਰਥੀ ਜੀਵਨ ਦੀ ਹੈ ਪਰ ਇਸ ਦੀ ਸਾਰਥਕਤਾ ਦਾ ਜਿ਼ਕਰ ਸਦਾ ਹੁੰਦਾ ਰਹੇਗਾ। ਉਦੋਂ ਪਾਣੀ ਦੀ ਬੱਚਤ ਅਤੇ ਇਸ ਦੀ ਵਰਤੋਂ ਸੋਚ ਸਮਝ ਕੇ ਕਰਨ ਬਾਰੇ ਨਾ ਲੋਕਾਂ ਦੇ ਮੂੰਹੋਂ ਕਦੀ ਸੁਣਨ ਨੂੰ ਮਿਲਦਾ ਸੀ ਤੇ ਨਾ ਹੀ ਮੀਡੀਆ ਵਿੱਚ ਇਸ ਬਾਰੇ ਖਬਰਾਂ ਇਸ਼ਤਿਹਾਰ ਹੀ ਆਉਂਦੇ ਸਨ। ਮੈਂ ਜੇਬੀਟੀ ਦਾ ਡਿਪਲੋਮਾ ਕਰ ਰਿਹਾ ਸਾਂ। ਸਾਡੀ ਜੇਬੀਟੀ ਸੰਸਥਾ ਵਿੱਚ ਪਾਣੀ ਦੀ ਸਪਲਾਈ ਬੀਬੀਐੱਮਬੀ ਵਿਭਾਗ ਦੀ ਹੁੰਦੀ ਸੀ। ਸੰਸਥਾ ਦੀ ਇਮਾਰਤ ਬੀਬੀਐੱਮਬੀ ਦੀ ਹੋਣ ਕਰ ਕੇ ਪਾਣੀ ਦਾ ਬਿੱਲ ਵੀ ਕੋਈ ਨਹੀਂ ਸੀ ਆਉਂਦਾ। ਸੱਤ ਅੱਠ ਟੂਟੀਆਂ ਹਰ ਵੇਲੇ ਚਲਦੀਆਂ ਰਹਿੰਦੀਆਂ।
ਜੇਬੀਟੀ ਦਾ ਮੇਰਾ ਪਹਿਲਾ ਸਾਲ ਸੀ। ਸੰਸਥਾ ਵਿੱਚ ਲੰਮਾ ਝੰਮਾ, ਚੰਗਾ ਨਰੋਆ ਬੰਦਾ ਦਰਜਾ ਚਾਰ ਦੀ ਅਸਾਮੀ ਉੱਤੇ ਭਰਤੀ ਹੋ ਕੇ ਆਇਆ। ਉਹ ਫੌਜ ਤੋਂ ਸੇਵਾ ਮੁਕਤ ਹੋਇਆ ਸੀ। ਨਾਂ ਰੌਸ਼ਨ ਲਾਲ। ਹਿਮਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਇਲਾਕੇ ਨਾਲ ਸਬੰਧ ਰੱਖਦਾ ਸੀ। ਆਪਣੇ ਕੰਮਕਾਰ ਕਰ ਕੇ ਉਹ ਦੋ ਮਹੀਨਿਆਂ ਵਿਚ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਖਿੱਚ ਦਾ ਪਾਤਰ ਬਣ ਗਿਆ। ਬੋਲਬਾਣੀ ਦਾ ਬਹੁਤ ਮਿੱਠਾ ਸੀ ਪਰ ਕੋਈ ਉਹਦੀ ਗੱਲ ਨਾ ਮੰਨੇ ਤਾਂ ਥੋੜ੍ਹਾ ਕੌੜਾ ਵੀ ਹੋ ਜਾਂਦਾ ਸੀ। ਸਾਨੂੰ ਖੇਤੀਬਾੜੀ ਦਾ ਵਿਸ਼ਾ ਵੀ ਲੱਗਿਆ ਹੋਇਆ ਸੀ ਜੋ ਡਰਾਇੰਗ ਅਧਿਆਪਕ ਨੂੰ ਦਿੱਤਾ ਹੋਇਆ ਸੀ ਜਿਸ ਨੂੰ ਖੇਤੀਬਾੜੀ ਦਾ ਇੱਲ ਤੇ ਕੁੱਕੜ ਵੀ ਨਹੀਂ ਸੀ ਆਉਂਦਾ।
ਖੇਤੀਬਾੜੀ ਦੀ ਲਿਖਤੀ ਪ੍ਰੀਖਿਆ ਦੇ ਨਾਲ-ਨਾਲ ਪ੍ਰਯੋਗੀ ਪ੍ਰੀਖਿਆ ਵੀ ਹੁੰਦੀ ਸੀ। ਖੇਤੀਬਾੜੀ ਦਾ ਗਿਆਨ ਦੇਣ ਲਈ ਸੰਸਥਾ ਵਿੱਚ ਬਾਕਾਇਦਾ ਥਾਂ ਸੀ। ਸਿੱਖਿਆ ਵਿਭਾਗ ਦੀਆਂ ਹਦਾਇਤਾਂ ਸਨ ਕਿ ਇਸ ਥਾਂ ਵਿੱਚ ਬੱਚਿਆਂ ਨੂੰ ਖੇਤੀਬਾੜੀ ਬਾਰੇ ਸਿਖਾਉਣ ਲਈ ਉਨ੍ਹਾਂ ਤੋਂ ਹੱਥੀਂ ਕੰਮ ਕਰਵਾਇਆ ਜਾਵੇ। ਡਰਾਇੰਗ ਅਧਿਆਪਕ ਨੇ ਕਿਤਾਬ ਪੜ੍ਹਾਉਣ ਤੋਂ ਇਲਾਵਾ ਕਦੇ ਕੁਝ ਨਹੀਂ ਸੀ ਕਰਵਾਇਆ। ਇਉਂ ਸਾਨੂੰ ਖੇਤੀਬਾੜੀ ਦੀ ਪ੍ਰਯੋਗੀ ਪ੍ਰੀਖਿਆ ਦਾ ਕੁਝ ਨਹੀਂ ਸੀ ਆਉਂਦਾ। ਉਂਝ ਵੀ ਖੇਤੀਬਾੜੀ ਵਾਲੀ ਥਾਂ ਉਜਾੜ ਪਈ ਸੀ।
ਰੌਸ਼ਨ ਲਾਲ ਨੂੰ ਜਦੋਂ ਖੇਤੀਬਾੜੀ ਵਾਲੀ ਥਾਂ ਅਤੇ ਵਿਸ਼ੇ ਬਾਰੇ ਖ਼ਬਰ ਹੋਈ ਤਾਂ ਉਹਨੇ ਝੱਟ ਡਰਾਇੰਗ ਵਾਲੇ ਅਧਿਆਪਕ ਅਤੇ ਪ੍ਰਿੰਸੀਪਲ ਨਾਲ ਗੱਲ ਕਰ ਕੇ ਆਪ ਜਿ਼ੰਮੇਵਾਰੀ ਲੈ ਲਈ। ਉਹਨੇ ਵਿਦਿਆਰਥੀਆਂ ਦੀ ਸਹਾਇਤਾ ਨਾਲ ਥਾਂ ਐਨ ਤਿਆਰ ਕਰ ਲਈ। ਉਹ ਸਕੂਲ ਲੱਗਣ ਤੋਂ ਘੰਟਾ ਪਹਿਲਾਂ ਆ ਜਾਂਦਾ ਤੇ ਖੇਤੀਬਾੜੀ ਦੇ ਕੰਮ ਵਿੱਚ ਰੁਝ ਜਾਂਦਾ। ਇਸ ਥਾਂ ਨੂੰ ਪਾਣੀ ਚੰਗੀ ਤਰ੍ਹਾਂ ਨਹੀਂ ਸੀ ਲੱਗਦਾ। ਰੌਸ਼ਨ ਲਾਲ ਨੇ ਉਸ ਥਾਂ ਲਈ ਪਾਣੀ ਦੇ ਪ੍ਰਬੰਧ ਖ਼ਾਤਿਰ ਸਭ ਤੋਂ ਪਹਿਲਾਂ ਤਾਂ ਹਰ ਵਕਤ ਚੱਲਦੀਆਂ ਟੂਟੀਆਂ ਬੰਦ ਕਰਵਾਈ। ਬੱਚੇ ਟੂਟੀਆਂ ’ਤੇ ਜਾ ਕੇ ਓਕ ਨਾਲ ਪਾਣੀ ਪੀਂਦੇ ਸਨ, ਇਸ ਨਾਲ ਵੀ ਪਾਣੀ ਬਰਬਾਦੀ ਹੁੰਦੀ ਸੀ। ਬੱਚਿਆਂ ਨੂੰ ਟੂਟੀਆਂ ’ਤੇ ਜਾਣ ਤੋਂ ਰੋਕਣ ਲਈ ਉਨ੍ਹਾਂ ਲਈ ਪਾਣੀ ਦੀਆਂ ਬਾਲਟੀਆਂ, ਘੜਿਆਂ ਅਤੇ ਗਿਲਾਸਾਂ ਦਾ ਪ੍ਰਬੰਧ ਕੀਤਾ। ਜਿਹੜੇ ਬੱਚੇ ਟੂਟੀਆਂ ਤੋਂ ਹੀ ਪਾਣੀ ਪੀਂਦੇ, ਉਨ੍ਹਾਂ ਲਈ ਟੂਟੀਆਂ ਥੱਲੇ ਬਾਲਟੀਆਂ ਰੱਖੀਆਂ ਤਾਂ ਕਿ ਵਾਧੂ ਪਾਣੀ ਬਾਲਟੀਆਂ ਵਿਚ ਪੈਂਦਾ ਰਹੇ। ਬਾਲਟੀਆਂ ਭਰ ਜਾਂਦੀਆਂ ਤਾਂ ਪਾਣੀ ਟੂਟੀਆਂ ਕੋਲ ਰੱਖੇ ਢੋਲਾਂ ਵਿਚ ਪਾ ਦਿੱਤਾ ਜਾਂਦਾ ਤੇ ਢੋਲਾਂ ਦਾ ਪਾਣੀ ਖੇਤੀਬਾੜੀ ਵਾਲੀ ਥਾਂ ਲਈ ਵਰਤ ਲਿਆ ਜਾਂਦਾ। ਜਿਹੜਾ ਵੀ ਕੋਈ ਟੂਟੀ ਖੁੱਲ੍ਹੀ ਛੱਡਦਾ ਜਾਂ ਪਾਣੀ ਦੀ ਬਰਬਾਦੀ ਕਰਦਾ, ਰੌਸ਼ਨ ਲਾਲ ਉਹਨੂੰ ਫੱਟ ਟੋਕ ਦਿੰਦਾ, ਉਹ ਭਾਵੇਂ ਅਧਿਆਪਕ ਹੁੰਦੇ ਜਾਂ ਵਿਦਿਆਰਥੀ। ਉਸ ਦੀ ਟੋਕਾ-ਟਾਕੀ ਦਾ ਬੁਰਾ ਮਨਾਇਆ ਜਾਂਦਾ, ਆਲੋਚਨਾ ਵੀ ਹੁੰਦੀ ਪਰ ਉਹ ਕਦੇ ਕਿਸੇ ਦਾ ਗੁੱਸਾ ਨਾ ਮਨਾਉਂਦਾ। ਚੁੱਪ-ਚਾਪ ਆਪਣੇ ਕੰਮ ਲੱਗਿਆ ਰਹਿੰਦਾ। ਉਹਨੇ ਟੂਟੀਆਂ ਦੇ ਇਸ ਪਾਣੀ ਨਾਲ ਕਿਆਰੀਆਂ ਵਿਚ ਫੁੱਲ ਹੀ ਫੁੱਲ ਉਗਾ ਦਿੱਤੇ। ਉਹਦੀ ਆਲੋਚਨਾ ਕਰਨ ਵਾਲੇ ਉਹਦੇ ਪ੍ਰਸ਼ੰਸਕ ਬਣ ਗਏ। ਸਕੂਲ ਵਿੱਚ ਜਿਹੜਾ ਵੀ ਅਫਸਰ ਆਉਂਦਾ, ਫੁੱਲਾਂ ਦੀ ਰੌਣਕ ਤੇ ਸੁੰਦਰਤਾ ਦੇਖ ਕੇ ਸਭ ਤੋਂ ਪਹਿਲਾਂ ਰੌਸ਼ਨ ਲਾਲ ਨੂੰ ਸ਼ਾਬਾਸ਼ ਦਿੰਦਾ। ਖੇਤੀਬਾੜੀ ਵਾਲੀ ਥਾਂ ’ਤੇ ਲੱਗੀਆਂ ਸਬਜ਼ੀਆਂ ਅਤੇ ਫੁੱਲਾਂ ਕਰ ਕੇ ਸਾਰੇ ਰੌਸ਼ਨ ਲਾਲ ਦੇ ਗੁਣ ਗਾਉਂਦੇ।
ਇੱਕ ਦਿਨ ਪ੍ਰਾਰਥਨਾ ਸਭਾ ਵਿੱਚ ਪ੍ਰਿੰਸੀਪਲ ਨੇ ਦੱਸਿਆ ਕਿ ਰੌਸ਼ਨ ਲਾਲ ਨੂੰ ਉਸ ਦੇ ਘਰ ਨੇੜੇ ਹੀ ਬੈਂਕ ਵਿਚ ਨੌਕਰੀ ਮਿਲ ਗਈ ਹੈ। ਉਹ ਕੁਝ ਦਿਨਾਂ ਬਾਅਦ ਇੱਥੋਂ ਚਲਾ ਜਾਵੇਗਾ। ਅੱਜ ਉਹ ਤੁਹਾਨੂੰ ਆਪਣਾ ਕੋਈ ਸੁਨੇਹਾ ਦੇਣਾ ਚਾਹੁੰਦਾ ਹੈ।
...ਤੇ ਰੌਸ਼ਨ ਲਾਲ ਨੇ ਸਾਨੂੰ ਆਪਣਾ ਸੁਨੇਹਾ ਦਿੱਤਾ, “ਬੱਚਿਓ, ਸਾਡੇ ਇੱਕ ਫੌਜੀ ਅਫਸਰ ਨੇ ਪਾਣੀ ਦੇ ਮੁੱਲ ਬਾਰੇ ਦੱਸਦਿਆਂ ਕਿਹਾ ਸੀ ਕਿ ਉਸ ਦਾ ਸਬੰਧ ਅਜਿਹੇ ਇਲਾਕੇ ਨਾਲ ਹੈ ਜਿੱਥੇ ਲੋਕਾਂ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈਂਦਾ ਹੈ। ਪਿੰਡ ਦੇ ਟੋਭੇ ਦੇ ਪਾਣੀ ਨਾਲ ਨਹਾਉਣਾ ਪੈਂਦਾ ਸੀ ਜਿੱਥੇ ਮੀਂਹ ਵਾਲਾ ਪਾਣੀ ਇਕੱਠਾ ਹੁੰਦਾ ਸੀ। ਉਹ ਆਪਣੇ ਲਈ ਸਾਫ ਪਾਣੀ ਚਾਰ ਪੰਜ ਕਿਲੋਮੀਟਰ ਤੋਂ ਲੈਣ ਜਾਂਦੇ ਸੀ।... ਤੁਸੀਂ ਇੱਕ ਗੱਲ ਆਪਣੇ ਦਿਮਾਗ ਵਿਚ ਬਿਠਾ ਲਓ ਕਿ ਜੇਕਰ ਅਸੀਂ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ। ਮੈਂ ਉਸ ਅਫਸਰ ਦੀ ਕਹੀ ਗੱਲ ਇਸ ਲਈ ਗੱਠ ਬੰਨ੍ਹ ਲਈ ਕਿਉਂਕਿ ਸਾਡੇ ਇਲਾਕੇ `ਚ ਵੀ ਪਾਣੀ ਦੀ ਬਹੁਤ ਤੰਗੀ ਹੈ। ਮੈਂ ਤੁਹਾਨੂੰ ਪਾਣੀ ਦੇ ਮੁੱਲ ਦਾ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ।”
ਰੌਸ਼ਨ ਲਾਲ ਨੂੰ ਉਨ੍ਹਾਂ ਫੁੱਲਾਂ ਦੇ ਹਾਰਾਂ ਨਾਲ ਹੀ ਵਿਦਾਇਗੀ ਦਿੱਤੀ ਗਈ ਜਿਹੜੇ ਉਹਨੇ ਖ਼ੁਦ ਕਿਆਰੀਆਂ ਵਿੱਚ ਉਗਾਏ ਹੋਏ ਸਨ। ਰੌਸ਼ਨ ਲਾਲ ਤਾਂ ਪਤਾ ਨਹੀਂ, ਇਸ ਦੁਨੀਆ ਵਿਚ ਹੈ ਕਿ ਨਹੀਂ ਪਰ ਉਸ ਦੇ ਵਡਮੁੱਲੇ ਸੁਨੇਹੇ ਨੇ ਉਹਨੂੰ ਜਿਊਂਦਾ ਰੱਖਿਆ ਹੋਇਆ ਹੈ।

Advertisement

ਸੰਪਰਕ: 98726-27136

Advertisement

Advertisement
Author Image

sukhwinder singh

View all posts

Advertisement