ਕਿਸਾਨ ਦੀ ਜਾਨ ਦਾ ਮੁੱਲ
ਸੁਪਰੀਮ ਕੋਰਟ ਨੇ ਕੱਲ੍ਹ ਪੰਜਾਬ ਸਰਕਾਰ ’ਤੇ ਖ਼ਾਸੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਜਿਸ ਦੀ ਸਮਝ ਵੀ ਪੈਂਦੀ ਹੈ ਕਿਉਂਕਿ ਪਿਛਲੇ ਕਰੀਬ ਦੋ ਕੁ ਹਫ਼ਤਿਆਂ ਤੋਂ ਅਦਾਲਤ ਵੱਲੋਂ ਢਾਬੀ ਗੁੱਜਰਾਂ (ਖਨੌਰੀ) ਅੰਤਰਰਾਜੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਨਾਲ ਜੁੜੇ ਮਾਮਲੇ ਉੱਪਰ ਕਈ ਵਾਰ ਸੁਣਵਾਈ ਕਰਦਿਆਂ ਆਪਣੇ ਹੁਕਮਾਂ ਨੂੰ ਵਾਰ-ਵਾਰ ਦੁਹਰਾਇਆ ਹੈ ਪਰ ਹਾਲੇ ਤੱਕ ਇਨ੍ਹਾਂ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 39 ਦਿਨਾਂ ਮਰਨ ਵਰਤ ’ਤੇ ਬੈਠੇ ਹਨ ਅਤੇ ਉਨ੍ਹਾਂ ਦੀ ਸਿਹਤ ਦੀ ਹਾਲਤ ਜਿਉਂ ਦੀ ਤਿਉਂ ਨਾਜ਼ੁਕ ਬਣੀ ਹੋਈ ਹੈ ਜਦੋਂਕਿ ਦੂਜੇ ਪਾਸੇ ਕੇਂਦਰ ਸਰਕਾਰ ਨੇ ਹਾਲੇ ਤੱਕ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕੋਈ ਪਹਿਲ ਨਹੀਂ ਕੀਤੀ। ਬੁੱਧਵਾਰ ਨੂੰ ਹੋਈ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਆਪਣੀ ਖਿਝ ਜ਼ਾਹਿਰ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੇ ਅਫ਼ਸਰਾਂ ਦੇ ਗ਼ਲਤ ਰਵੱਈਏ ਕਰ ਕੇ ਕਿਸਾਨਾਂ ਅਤੇ ਕੇਂਦਰ ਵਿਚਕਾਰ ਸੁਲ੍ਹਾ ਨਹੀਂ ਹੋ ਸਕੀ। ਅਦਾਲਤ ਨੇ ਇਹ ਵੀ ਆਖਿਆ ਹੈ ਕਿ ਉਸ ਨੇ ਕਦੇ ਵੀ ਇਹ ਨਿਰਦੇਸ਼ ਨਹੀਂ ਦਿੱਤੇ ਕਿ ਕਿਸਾਨ ਆਗੂ ਦਾ ਮਰਨ ਵਰਤ ਤੁੜਵਾਇਆ ਜਾਵੇ। ਸਗੋਂ ਉਹ ਤਾਂ ਇਹੀ ਚਾਹੁੰਦੀ ਹੈ ਕਿ ਸ੍ਰੀ ਡੱਲੇਵਾਲ ਦੀ ਜਾਨ ਨੂੰ ਕੋਈ ਖ਼ਤਰਾ ਨਾ ਹੋਵੇ ਜਿਸ ਕਰ ਕੇ ਉਨ੍ਹਾਂ ਨੂੰ ਜ਼ਰੂਰੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾਵੇ। ਇਸ ਦੌਰਾਨ ਉਹ ਆਪਣਾ ਮਰਨ ਵਰਤ ਜਾਰੀ ਰੱਖ ਸਕਦੇ ਹਨ।
ਮੁੱਦਾ ਇਹ ਹੈ ਕਿ ਜੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਬਣੇ ਇਸ ਜਮੂਦ ਵਿੱਚ ਸਾਰਾ ਨਜ਼ਲਾ ਪੰਜਾਬ ਸਰਕਾਰ ’ਤੇ ਝਾੜਿਆ ਜਾ ਰਿਹਾ ਹੈ ਤਾਂ ਕੀ ਇਸ ਨੇ ਵਾਕਈ ਕੋਈ ਗੜਬੜ ਕੀਤੀ ਸੀ ਜਾਂ ਫਿਰ ਇਸ ਨੂੰ ਖਾਹਮਖਾਹ ਬਲੀ ਦਾ ਬੱਕਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਤੱਥ ਹੈ ਕਿ 26 ਨਵੰਬਰ ਨੂੰ ਡੱਲੇਵਾਲ ਦੇ ਮਰਨ ਵਰਤ ਸ਼ੁਰੂ ਕਰਨ ਤੋਂ ਇੱਕ ਰਾਤ ਪਹਿਲਾਂ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਮੋਰਚੇ ਵਾਲੀ ਜਗ੍ਹਾ ਤੋਂ ‘ਚੁੱਕ’ ਕੇ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜਬਰੀ ਦਾਖ਼ਲ ਕਰਵਾ ਦਿੱਤਾ ਸੀ। ਉਦੋਂ ਪੰਜਾਬ ਪੁਲੀਸ ਦੇ ਇੱਕ ਡੀਆਈਜੀ ਨੇ ਸਫ਼ਾਈ ਦਿੱਤੀ ਸੀ ਕਿ ਸਰਕਾਰ ਨੂੰ ‘ਡੱਲੇਵਾਲ ਦੀ ਬਹੁਤ ਜ਼ਿਆਦਾ ਫ਼ਿਕਰ ਹੈ’ ਜਿਸ ਕਰ ਕੇ ਇਹ ਕਦਮ ਚੁੱਕਣਾ ਪਿਆ। ਇਸ ਤੋਂ ਬਾਅਦ ਇੱਕ ਹੋਰ ਕਿਸਾਨ ਆਗੂ ਮਰਨ ਵਰਤ ’ਤੇ ਬੈਠ ਗਿਆ ਸੀ ਅਤੇ ਨਾਲ ਹੀ ਚਾਰੇ ਪਾਸਿਉਂ ਨੁਕਤਾਚੀਨੀ ਹੋਣ ਕਰ ਕੇ ਸਰਕਾਰ ਨੂੰ ਚਾਰ ਦਿਨਾਂ ਬਾਅਦ ਡੱਲੇਵਾਲ ਨੂੰ ‘ਰਿਹਾਈ’ ਦੇਣੀ ਪਈ ਸੀ। ਕਈ ਹਫ਼ਤਿਆਂ ਦੀ ਚੁੱਪ ਤੋਂ ਬਾਅਦ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਸਲੇ ਲਈ ਕੇਂਦਰ ਸਰਕਾਰ ਨੂੰ ਕਸੂਰਵਾਰ ਠਹਿਰਾਇਆ ਹੈ ਅਤੇ ਸਾਫ਼ ਤੌਰ ’ਤੇ ਕਿਹਾ ਹੈ ਕਿ ਕੇਂਦਰ ਨੂੰ ਅੰਦੋਲਨਕਾਰੀ ਕਿਸਾਨਾਂ ਨਾਲ ਫੌਰੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।
ਕੇਂਦਰ ਸਰਕਾਰ ਨੇ ਇਸ ਲਿਹਾਜ਼ ਤੋਂ ਕਦੇ ਲੁਕਾਅ ਨਹੀਂ ਰੱਖਿਆ ਕਿ ਉਹ ਅੰਦੋਲਨਕਾਰੀ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੀ। ਕੱਲ੍ਹ ਜਦੋਂ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਇੱਕ ਜੱਜ ਨੇ ਕੇਂਦਰ ਦੀ ਤਰਫ਼ੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਤੋਂ ਇਹ ਪੁੱਛਿਆ ਕਿ ਉਹ ਕਿਸਾਨਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਿਉਂ ਨਹੀਂ ਕਰ ਰਹੇ ਤਾਂ ਉਨ੍ਹਾਂ ਨੂੰ ਕੋਈ ਪੁਖ਼ਤਾ ਜਵਾਬ ਨਾ ਅਹੁੜ ਸਕਿਆ। ਕਿਸਾਨ ਧਿਰਾਂ ਲਗਾਤਾਰ ਇਸ ਨੁਕਤੇ ’ਤੇ ਜ਼ੋਰ ਦਿੰਦੀਆਂ ਆ ਰਹੀਆਂ ਹਨ ਕਿ ਮਸਲਾ ਕੇਵਲ ਡੱਲੇਵਾਲ ਦੇ ਮਰਨ ਵਰਤ ਦਾ ਨਹੀਂ ਸਗੋਂ ਕਿਸਾਨਾਂ ਦੀਆਂ ਮੰਗਾਂ ਦਾ ਹੈ ਜਿਨ੍ਹਾਂ ਉੱਪਰ ਕੇਂਦਰ ਸਰਕਾਰ ਨੂੰ ਕਿਸਾਨ ਆਗੂਆਂ ਨਾਲ ਗੱਲਬਾਤ ਕਰਨੀ ਪੈਣੀ ਹੈ। ਮੌਜੂਦਾ ਕਿਸਾਨ ਅੰਦੋਲਨ ਦੌਰਾਨ ਪੁਲੀਸ ਫਾਇਰਿੰਗ ਵਿੱਚ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਸੀ ਅਤੇ ਪਿਛਲੇ ਦਿਨੀਂ ਇੱਕ ਕਿਸਾਨ ਕਾਰਕੁਨ ਨੇ ਮੋਰਚੇ ਵਾਲੀ ਜਗ੍ਹਾ ਹੀ ਖ਼ੁਦਕੁਸ਼ੀ ਕਰ ਲਈ ਸੀ। ਸ਼ੰਭੂ ਬਾਰਡਰ ਤੋਂ ਪੈਦਲ ਜਥਿਆਂ ਦੇ ਰੂਪ ਵਿੱਚ ਜਾਣ ਵਾਲੇ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲਿਆਂ ਅਤੇ ਪੈਲੇਟ ਗੰਨਾਂ ਦਾ ਇਸਤੇਮਾਲ ਕੀਤਾ ਗਿਆ। ‘ਡੱਲੇਵਾਲ ਦਾ ਫ਼ਿਕਰ’ ਕਰਨ ਵਿੱਚ ਕੋਈ ਉਜ਼ਰ ਨਹੀਂ ਹੈ ਪਰ ਖੇਤੀ ਸੰਕਟ ਕਰ ਕੇ ਪੰਜਾਬ ਵਿੱਚ ਹਰ ਰੋਜ਼ ਦਮ ਤੋੜ ਰਹੇ ਦੋ ਕਿਸਾਨਾਂ ਦਾ ਫ਼ਿਕਰ ਕੌਣ ਕਰੇਗਾ?