ਕ੍ਰਿਕਟ ’ਚ ਕੁੜੱਤਣ
ਭਾਰਤ ਤੇ ਆਸਟਰੇਲੀਆ ਦਰਮਿਆਨ ਪੰਜ ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਭਾਵੇਂ ਮੁੱਕ ਚੁੱਕੀ ਹੈ ਪਰ ਆਪਣੇ ਮਗਰ ਕਈ ਤਲਖ਼ ਤਜਰਬੇ ਛੱਡ ਗਈ ਹੈ। ਆਸਟਰੇਲੀਆ ਨੇ ਆਖ਼ਰੀ ਅਤੇ ਪੰਜਵੇਂ ਮੈਚ ਵਿੱਚ ਭਾਰਤ ਨੂੰ ਹਰਾ ਕੇ 3-1 ਨਾਲ ਇਹ ਸੀਰੀਜ਼ ਆਪਣੇ ਨਾਂ ਕੀਤੀ ਹੈ। ਪੂਰੀ ਲੜੀ ਦੌਰਾਨ ਦੋਵਾਂ ਮੁਲਕਾਂ ਦੇ ਖਿਡਾਰੀਆਂ ਦੀ ਕਈ ਮੌਕਿਆਂ ’ਤੇ ਇੱਕ-ਦੂਜੇ ਨਾਲ ਤਕਰਾਰ ਹੋਈ। ਭਾਰਤ ਦੇ ਪ੍ਰਮੁੱਖ ਬੱਲੇਬਾਜ਼ ਵਿਰਾਟ ਕੋਹਲੀ ਨੂੰ ਅਨੁਸ਼ਾਸਨ ਭੰਗ ਕਰਨ ਲਈ ਜੁਰਮਾਨਾ ਤੱਕ ਲਾਇਆ ਗਿਆ। ਇਹ ਟਰਾਫ਼ੀ ਆਸਟਰੇਲੀਆ ਅਤੇ ਭਾਰਤ ਦੇ ਮਹਾਨ ਕ੍ਰਿਕਟਰਾਂ ਐਲਨ ਬਾਰਡਰ ਤੇ ਸੁਨੀਲ ਗਾਵਸਕਰ ਦੇ ਨਾਂ ਉੱਤੇ ਕਰਵਾਈ ਜਾਂਦੀ ਹੈ। ਗਾਵਸਕਰ ਲੜੀ ਦੌਰਾਨ ਹਾਜ਼ਰ ਸਨ ਤੇ ਕਮੈਂਟਰੀ ਕਰਦੇ ਵੀ ਨਜ਼ਰ ਆਏ। ਸਿਡਨੀ ’ਚ ਆਖ਼ਰੀ ਟੈਸਟ ਦੌਰਾਨ ਵੀ ਉਹ ਮੌਜੂਦ ਸਨ ਪਰ ਜੇਤੂ ਟੀਮ ਨੂੰ ਟਰਾਫ਼ੀ ਦੇਣ ਲੱਗਿਆਂ ਉਨ੍ਹਾਂ ਨੂੰ ਅਣਗੌਲਿਆ ਗਿਆ ਤੇ ਇਹ ਰਸਮ ਇਕੱਲੇ ਐਲਨ ਬਾਰਡਰ ਕੋਲੋਂ ਹੀ ਕਰਵਾਈ ਗਈ। ਗਾਵਸਕਰ ਨੇ ਇਸ ’ਤੇ ਮਗਰੋਂ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਆਸਟਰੇਲੀਆ ਕ੍ਰਿਕਟ ਬੋਰਡ ਨੇ ਆਪਣੀ ਗ਼ਲਤੀ ਵੀ ਮੰਨੀ।
ਪ੍ਰਸ਼ੰਸਕ ਤੇ ਕ੍ਰਿਕਟ ਮਾਹਿਰ ਇਸ ਘਟਨਾਕ੍ਰਮ ਨੂੰ ਖੇਡ ਭਾਵਨਾ ਦੇ ਅਪਮਾਨ ਵਜੋਂ ਦੇਖ ਰਹੇ ਹਨ। ਜਿਸ ਖਿਡਾਰੀ ਦੇ ਨਾਂ ਉੱਤੇ ਟਰਾਫ਼ੀ ਕਰਵਾਈ ਜਾ ਰਹੀ ਹੋਵੇ, ਉਸੇ ਨੂੰ ਨਜ਼ਰਅੰਦਾਜ਼ ਕਰਨਾ ਸਮਝ ਤੋਂ ਬਾਹਰ ਹੈ। ਆਸਟਰੇਲਿਆਈ ਬੋਰਡ ਅਜਿਹੀ ਗ਼ਲਤੀ ਤੋਂ ਬਿਲਕੁਲ ਬਚ ਸਕਦਾ ਸੀ। ਬਾਅਦ ’ਚ ਮੁਆਫ਼ੀ ਮੰਗਣ ਦੀ ਕੋਈ ਤੁੱਕ ਨਹੀਂ ਬਣਦੀ। ਗਾਵਸਕਰ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ ਕਿ ਕਿਹੜੀ ਟੀਮ ਜਿੱਤੀ ਹੈ, ਆਸਟਰੇਲੀਆ ਬਿਹਤਰ ਖੇਡੀ ਤੇ ਲੜੀ ਜਿੱਤੀ। ਬਹੁਤੇ ਇਸ ਨੂੰ ਹੁਣ ਦੋਵਾਂ ਧਿਰਾਂ ਦੇ ਖਿਡਾਰੀਆਂ ’ਚ ਕਈ ਵਾਰ ਹੋਈ ਤਕਰਾਰ ਨਾਲ ਵੀ ਜੋੜ ਰਹੇ ਹਨ। ਲੜੀ ਦੌਰਾਨ ਮਹਿਮਾਨ ਟੀਮ ਦੇ ਖਿਡਾਰੀਆਂ ਨੂੰ ਕਈ ਵਾਰ ਦਰਸ਼ਕਾਂ ਵੱਲੋਂ ਵੀ ਟਿੱਪਣੀਆਂ ਤੇ ਇਸ਼ਾਰਿਆਂ ਨਾਲ ਤੰਗ ਕੀਤਾ ਗਿਆ। ਇਕੱਲੇ ਖਿਡਾਰੀ ਹੀ ਨਹੀਂ, ਪ੍ਰਸ਼ੰਸਕ ਆਪਸ ’ਚ ਵੀ ਕਈ ਵਾਰ ਆਹਮੋ-ਸਾਹਮਣੇ ਹੋਏ ਤੇ ਨਸਲੀ ਟਿੱਪਣੀਆਂ ਵੀ ਦੇਖਣ-ਸੁਣਨ ਨੂੰ ਮਿਲੀਆਂ। ਖੇਡਾਂ ਅਨੁਸ਼ਾਸਨ ਤੇ ਭਾਈਚਾਰੇ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਹਨ ਤੇ ਇਸ ਤਰ੍ਹਾਂ ਦਾ ਵਰਤਾਅ ਮੇਜ਼ਬਾਨ ਮੁਲਕ ਦੀ ਸਾਖ਼ ਹੀ ਖਰਾਬ ਕਰਦਾ ਹੈ। ਭਾਵਨਾਵਾਂ ’ਤੇ ਕਾਬੂ ਰੱਖਣਾ ਤੇ ਵਿਰੋਧੀਆਂ ਨਾਲ ਸਨਮਾਨ ਨਾਲ ਪੇਸ਼ ਆਉਣਾ ਖੇਡ ਭਾਵਨਾ ਦਾ ਹੀ ਪ੍ਰਗਟਾਵਾ ਹੈ।
ਭਾਰਤੀ ਕ੍ਰਿਕਟ ਟੀਮ ’ਚ ਵੀ ਅਨੁਸ਼ਾਸਨ ਦੀ ਘਾਟ ਰੜਕੀ ਜਿਸ ’ਤੇ ਕਈ ਸੀਨੀਅਰ ਖਿਡਾਰੀਆਂ ਨੇ ਖੁੱਲ੍ਹ ਕੇ ਪ੍ਰਤੀਕਿਰਿਆ ਦਿੱਤੀ। ਪਹਿਲੇ ਮੈਚ ’ਚ ਸ਼ਾਨਦਾਰ ਜਿੱਤ ਤੋਂ ਬਾਅਦ ਟੀਮ ਦਾ ਪ੍ਰਦਰਸ਼ਨ ਲਗਾਤਾਰ ਨਿੱਘਰਦਾ ਗਿਆ ਜਿਸ ’ਤੇ ਹੁਣ ਮੰਥਨ ਦੀ ਲੋੜ ਪਏਗੀ। ਟੈਸਟ ਕ੍ਰਿਕਟ ਇਸ ਖੇਡ ਦੀ ਅਜਿਹੀ ਵੰਨਗੀ ਹੈ ਜਿੱਥੇ ਖਿਡਾਰੀ ਦੀ ਅਸਲ ਕਾਬਲੀਅਤ ਪਰਖ਼ੀ ਜਾਂਦੀ ਹੈ। ਭਾਰਤ ’ਚ ਕ੍ਰਿਕਟ ਦੇ ਮੁਕਾਮ ਤੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਨੂੰ ਧਿਆਨ ’ਚ ਰੱਖਦਿਆਂ ਟੀਮ ਨੂੰ ਲੋੜੀਂਦੇ ਸੁਧਾਰ ਕਰਨੇ ਪੈਣਗੇ। ਜਿੱਤ-ਹਾਰ ਖੇਡ ਦਾ ਹਿੱਸਾ ਹੈ ਪਰ ਦੂਜੀ ਟੀਮ ਦੇ ਖਿਡਾਰੀਆਂ ਪ੍ਰਤੀ ਇਹ ਤੁਹਾਡਾ ਰਵੱਈਆ ਤੇ ਸਤਿਕਾਰ ਹੀ ਹੈ ਜੋ ਮਾਇਨੇ ਰੱਖਦਾ ਹੈ। ਇਸ ਭਾਵਨਾ ਨੂੰ ਬਰਕਰਾਰ ਰੱਖ ਕੇ ਹੀ ਖੇਡਾਂ ਦੇ ਅਸਲੀ ਮੰਤਵਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ।