ਅਮਰੀਕੀ ਰਾਸ਼ਟਰਪਤੀ ਚੋਣ: ਮੁੱਖ ਮੁੱਦੇ ਅਤੇ ਦੇਸ਼ ਦੇ ਭਵਿੱਖ ਦੀ ਤਸਵੀਰ
ਜੀ ਕੇ ਸਿੰਘ
ਅਮਰੀਕੀ ਰਾਜਨੀਤੀ ਦੀ ਥੋੜ੍ਹੀ ਬਹੁਤ ਸਮਝ ਰੱਖਣ ਵਾਲੇ ਵੀ ਉੱਥੋਂ ਦੇ ਰਾਸ਼ਟਰਪਤੀ ਦੇ ਵਰਤਮਾਨ ਚੋਣ ਦੰਗਲ ਨੂੰ ਬਹੁਤ ਦਿਲਚਸਪੀ ਨਾਲ ਵੇਖ ਰਹੇ ਹਨ। ਸਵਾ ਦੋ ਸਦੀਆਂ ਦੇ ਪ੍ਰੈਜ਼ੀਡੈਂਸ਼ੀਅਲ ਸ਼ਾਸਨ ਪ੍ਰਣਾਲੀ (ਜਿਸ ਵਿੱਚ ਜ਼ਿਆਦਾ ਤਾਕਤ ਰਾਸ਼ਟਰਪਤੀ ਕੋਲ ਹੁੰਦੀ ਹੈ ਜਦੋਂਕਿ ਸਾਡੇ ਮੁਲਕ ਭਾਰਤ ਵਿੱਚ ਅਮਲੀ ਰੂਪ ਵਿੱਚ ਜ਼ਿਆਦਾ ਤਾਕਤ ਪ੍ਰਧਾਨ ਮੰਤਰੀ ਦੇ ਹੱਥਾਂ ਵਿੱਚ ਹੁੰਦੀ ਹੈ ਤੇ ਰਾਸ਼ਟਰਪਤੀ ਨੂੰ ਸੰਵਿਧਾਨਕ ਮੁਖੀ ਦਾ ਦਰਜਾ ਹਾਸਲ ਹੁੰਦਾ ਹੈ) ਦੇ ਇਤਿਹਾਸ ਵਿੱਚ ਪਹਿਲੀ ਵਾਰ ਏਸ਼ਿਆਈ ਮੂਲ ਦੀ ਇੱਕ ਔਰਤ ਕਮਲਾ ਹੈਰਿਸ, ਜੋ ਇਸ ਵੇਲੇ ਉਪ ਰਾਸ਼ਟਰਪਤੀ ਵੀ ਹੈ, ਇੱਕ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਕਾਬਲੇ ਵਿੱਚ ਹੈ। ਵਰਤਮਾਨ ਰਾਸ਼ਟਰਪਤੀ ਜੋਅ ਬਾਇਡਨ ਜਿਸ ਨੂੰ ਮੁਢਲੀਆਂ ਚੋਣਾਂ ਵਿੱਚ ਡੈਮੋਕਰੈਟਿਕ ਪਾਰਟੀ ਵੱਲੋਂ ਮਨੋਨੀਤ ਕੀਤਾ ਗਿਆ ਸੀ, ਸਿਹਤ ਠੀਕ ਨਾ ਹੋਣ ਕਾਰਨ ਮੁਕਾਬਲੇ ’ਚੋਂ ਬਾਹਰ ਹੋ ਗਿਆ। ਤਤਕਾਲੀ ਰਾਸ਼ਟਰਪਤੀ ਲਿੰਡਨ ਬੀ. ਜਾਨਸਨ ਵੱਲੋਂ 1968 ਵਿੱਚ ਉਮੀਦਵਾਰ ਨਾ ਬਣਨ ਤੋਂ ਬਾਅਦ ਹੁਣ ਜੋਅ ਬਾਇਡਨ ਦਾ ਚੋਣ ਨਾ ਲੜਨ ਦਾ ਫ਼ੈਸਲਾ ਵੀ ਨਿਵੇਕਲਾ ਹੈ।
ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਹੋਣ ਨਾਤੇ ਅਤੇ ਪਿਛਲੇ ਚਾਰ ਮਹੀਨਿਆਂ ਦੌਰਾਨ ਅਮਰੀਕਾ ਦੇ ਪੰਦਰਾਂ ਕੁ ਸੂਬਿਆਂ ’ਚ ਘੁੰਮਣ ਮਗਰੋਂ ਮੈਂ ਇਹ ਸਿੱਟਾ ਕੱਢਿਆ ਕਿ ਇਸ ਸ਼ਕਤੀਸ਼ਾਲੀ ਅਹੁਦੇਦਾਰ ਦਾ ਅਸਰ ਨਾ ਕੇਵਲ ਅਮਰੀਕੀ ਸਮਾਜ ਹੀ ਕਬੂਲਦਾ ਹੈ ਸਗੋਂ ਵਿਸ਼ਵ ਰਾਜਨੀਤੀ ਦੀਆਂ ਬਾਰੀਕੀਆਂ ਅਤੇ ਦਾਅ-ਪੇਚ ਵੀ ਵ੍ਹਾਈਟ ਹਾਊਸ ਤੋਂ ਸ਼ੁਰੂ ਹੋ ਕੇ ਪੈਂਟਾਗਨ ਦੀ ਇਮਾਰਤ ਵਿੱਚ ਆਖ਼ਰੀ ਸ਼ਕਲ ਅਖ਼ਿਤਆਰ ਕਰਦੇ ਹਨ।
ਬਰਤਾਨਵੀ ਬਸਤੀਵਾਦ ਤੋਂ ਆਜ਼ਾਦੀ ਪ੍ਰਾਪਤ ਕਰਨ ਉਪਰੰਤ ਅਮਰੀਕੀ ਸੰਵਿਧਾਨਘਾੜਿਆਂ ਵੱਲੋਂ ਰਾਸ਼ਟਰਪਤੀ ਕੇਂਦਰਿਤ ਸਾਸ਼ਨ ਪ੍ਰਣਾਲੀ ਨੂੰ ਤਰਜੀਹ ਦੇਣਾ ਕੋਈ ਇਤਫ਼ਾਕ ਨਹੀਂ ਸੀ। ਉਹ ਬਰਤਾਨਵੀ ਸੰਸਦ ਪ੍ਰਣਾਲੀ ਤੋਂ ਹਟ ਕੇ ਨਵਾਂ ਸਿਆਸੀ ਢਾਂਚਾ ਵਿਕਸਤ ਕਰਨਾ ਚਾਹੁੰਦੇ ਸਨ। ਕਈ ਵਰ੍ਹਿਆਂ ਦੇ ਗੰਭੀਰ ਵਿਚਾਰ-ਵਟਾਂਦਰੇ ਉਪਰੰਤ 1789 ਦੀ ਫਿਲਾਡੈਲਫੀਆ ਕਨਵੈਨਸ਼ਨ ਵਿੱਚ ਰਾਸ਼ਟਰਪਤੀ ਦੇ ਅਹੁਦੇ ਨੂੰ ਸਰਬਉੱਚ-ਕਾਰਜਪਾਲਿਕਾ ਦੀ ਅਜਿਹੀ ਸ਼ਕਲ ਦਿੱਤੀ ਗਈ ਜਿਸ ਨੂੰ ਸਮੇਂ ਨੇ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਅਹੁਦਾ ਬਣਾ ਦਿੱਤਾ। ਪੂਰੀ ਦੁਨੀਆ ਦੀ ਪ੍ਰੈੱਸ ਅਤੇ ਮੀਡੀਆ ਇਸ ਅਹੁਦੇ ਲਈ ਹੋਣ ਵਾਲੀ ਚੋਣ ਪ੍ਰਕਿਰਿਆ ਨੂੰ ਖ਼ੂਬ ਉਛਾਲਦਾ ਹੈ।
ਲੀਪ ਵਰ੍ਹੇ ਦੇ ਸ਼ੁਰੂ ਵਿੱਚ ਹੀ ਅਮਰੀਕਾ ਦੀਆਂ ਦੋਵੇਂ ਮੁੱਖ ਸਿਆਸੀ ਪਾਰਟੀਆਂ- ਰਿਪਬਲਿਕਨ ਅਤੇ ਡੈਮੋਕਰੈਟਿਕ, ਆਪਣੇ ਪਾਰਟੀ ਵਰਕਰਾਂ ਨੂੰ ਹਰ ਪੱਧਰ ’ਤੇ ਸਰਗਰਮ ਕਰਦੀਆਂ ਹਨ। ਨਾਮਜ਼ਦਗੀ ਦੀ ਆਸ ਵਿੱਚ ਮੁੱਖ ਦਾਅਵੇਦਾਰ ਆਪਣੀਆਂ ਦਲੀਲਾਂ ਰਾਹੀਂ ਪਾਰਟੀ ਡੈਲੀਗੇਟਾਂ ਨੂੰ ਆਪੋ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਪ੍ਰਾਇਮਰੀਜ਼ ਤੋਂ ਲੈ ਕੇ ਰਾਸ਼ਟਰੀ ਕਨਵੈਨਸ਼ਨ ਅਤੇ ਚੋਣ ਮੰਡਲ ਵੱਲੋਂ ਵੋਟਾਂ ਪਾਉਣ ਤਕ ਦਾ ਪੂਰਾ ਇੱਕ ਵਰ੍ਹਾ ਰਾਜਨੀਤਕ ਸਰਗਰਮੀਆਂ ਦਾ ਸਮਾਂ ਹੁੰਦਾ ਹੈ। ਅਖ਼ਬਾਰ ਅਤੇ ਟੈਲੀਵਿਜ਼ਨ ਸਮੇਤ ਸੋਸ਼ਲ ਮੀਡੀਆ ਹਰ ਪੱਧਰ ’ਤੇ ਚੋਣਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਮੁੱਦਿਆਂ ਦਾ ਰੱਜ ਕੇ ਵਿਸ਼ਲੇਸ਼ਣ ਕਰਦੇ ਹਨ।
ਅਮਰੀਕੀ ਸੰਵਿਧਾਨਘਾੜਿਆਂ ਨੇ ਰਾਸ਼ਟਰਪਤੀ ਦੀ ਚੋਣ ਨੂੰ ਅਪ੍ਰਤੱਖ ਚੋਣ ਦਾ ਰੂਪ ਦਿੱਤਾ, ਪਰ ਅਸਲ ਵਿੱਚ ਚੋਣ ਮੰਡਲ ਦੇ ਚੁਣੇ ਜਾਣ ਵਕਤ ਹੀ ਇਹ ਜ਼ਾਹਿਰ ਹੋ ਜਾਂਦਾ ਹੈ ਕਿ ਕਿਸ ਪਾਰਟੀ ਦਾ ਪੱਲੜਾ ਭਾਰੀ ਹੈ। ਇਸ ਕਰਕੇ ਸ਼ੁਰੂ ਤੋਂ ਹੀ ਇਹ ਚੋਣ ਸਪੱਸ਼ਟ ਰੂਪ ਵਿੱਚ ਪ੍ਰਮੁੱਖ ਉਮੀਦਵਾਰਾਂ ਦੀ ਸਿੱਧੀ ਚੋਣ ਦਾ ਰੂਪ ਧਾਰ ਲੈਂਦੀ ਹੈ। ਪਾਠਕਾਂ ਦੀ ਜਾਣਕਾਰੀ ਲਈ ਚੋਣ ਪ੍ਰਕਿਰਿਆ ਦੇ ਮੁੱਖ ਪੜਾਵਾਂ ਦਾ ਇੱਥੇ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ।
1789 ਵਿੱਚ ਅਮਰੀਕਾ ’ਚ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੂੰ ਚੁਣੇ ਜਾਣ ਤੋਂ ਲੈ ਕੇ ਹੁਣ 2024 ਵਿੱਚ 60ਵੇਂ ਰਾਸ਼ਟਰਪਤੀ ਚੁਣੇ ਜਾਣ ਤੱਕ ਇਸ ਪ੍ਰਕਿਰਿਆ ਨੇ ਕਈ ਰੰਗ ਬਦਲੇ। ਪਰ ਚੋਣਾਂ ਦਾ ਸਮਾਂ, ਤਰੀਕ ਅਤੇ ਰਾਸ਼ਟਰਪਤੀ ਦਾ ਕਾਰਜਕਾਲ ਉਹ ਹੀ ਰਿਹਾ ਜੋ ਸੰਵਿਧਾਨਘਾੜਿਆਂ ਨੇ ਮੂਲ ਰੂਪ ਵਿੱਚ ਨਿਰਧਾਰਤ ਕੀਤਾ ਸੀ। ਇਹ ਚੋਣ ਲੀਪ ਵਰ੍ਹੇ ਵਿੱਚ ਨਵੰਬਰ ਦੇ ਪਹਿਲੇ ਮੰਗਲਵਾਰ ਕੀਤੀ ਜਾਂਦੀ ਹੈ। ਇਸ ਵਰ੍ਹੇ ਇਹ ਚੋਣ 5 ਨਵੰਬਰ ਨੂੰ ਹੋਣੀ ਤੈਅ ਕੀਤੀ ਗਈ ਹੈ। ਚੁਣਿਆ ਗਿਆ ਵਿਅਕਤੀ ਆਉਂਦੇ ਵਰ੍ਹੇ ਦੇ ਜਨਵਰੀ ਮਹੀਨੇ ਦੀ 20 ਤਰੀਕ ਨੂੰ ਦੁਪਹਿਰ 12 ਵਜੇ ਅਹੁਦਾ ਸੰਭਾਲਦਾ ਹੈ। ਸੰਵਿਧਾਨ ਵੱਲੋਂ ਮੂਲ ਰੂਪ ਵਿੱਚ ਚਾਰ ਸਾਲ ਦਾ ਕਾਰਜਕਾਲ ਨਿਸ਼ਚਿਤ ਕੀਤਾ ਗਿਆ ਅਤੇ ਇੱਕ ਵਾਰ ਰਾਸ਼ਟਰਪਤੀ ਚੁਣੇ ਗਏ ਕਿਸੇ ਸ਼ਖ਼ਸ ਦੇ ਦੁਬਾਰਾ ਚੋਣ ਲੜਨ ’ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਸੀ। ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ 1789 ਮਗਰੋਂ ਦੂਜੀ ਵਾਰ ਚੁਣੇ ਜਾਣ ’ਤੇ, ਤੀਜੀ ਵਾਰ ਇਸ ਅਹੁਦੇ ਲਈ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਤੋਂ ਬਾਅਦ ਕੁੱਲ ਮਿਲਾ ਕੇ ਇਸ ਪਰੰਪਰਾ ਦਾ ਸਤਿਕਾਰ ਕੀਤਾ ਗਿਆ। ਦੂਜੀ ਆਲਮੀ ਜੰਗ ਦੌਰਾਨ ਫਰੈਂਕਲਿਨ ਡੀ. ਰੂਜ਼ਵੈਲਟ ਚਾਰ ਵਾਰ ਰਾਸ਼ਟਰਪਤੀ ਬਣਿਆ। ਅਮਰੀਕੀ ਲੋਕਾਂ ਦੀਆਂ ਭਾਵਨਾਵਾਂ ਅਤੇ ਸੁਚੱਜੀ ਸੰਵਿਧਾਨਕ ਪ੍ਰਥਾ ਦਾ ਸਨਮਾਨ ਕਰਦਿਆਂ ਸੰਵਿਧਾਨ ਵਿੱਚ 22ਵੀਂ ਸੋਧ ਰਾਹੀਂ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਕਿਸੇ ਵੀ ਵਿਅਕਤੀ ’ਤੇ ਤੀਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ’ਤੇ ਪਾਬੰਦੀ ਲਗਾ ਦਿੱਤੀ ਗਈ।
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਅਪਣਾਈ ਗਈ ਚੋਣ ਵਿਧੀ ਦੀ ਕੁਝ ਝਲਕ ਸਾਡੇ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਪ੍ਰਣਾਲੀ ਵਿੱਚ ਮਿਲਦੀ ਹੈ। ਦੋਵਾਂ ਦੇਸ਼ਾਂ ਦਾ ਮੁਖੀ ਇੱਕ ਚੋਣ ਮੰਡਲ ਵੱਲੋਂ ਚੁਣਿਆ ਜਾਂਦਾ ਹੈ, ਪਰ ਅਮਰੀਕੀ ਵਿਧੀ ਵਿੱਚ ਚੋਣ ਮੰਡਲ ਵਿੱਚ ਉੱਥੋਂ ਦੀ ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਦੇ ਬਰਾਬਰ ਮੈਂਬਰ ਲੋਕਾਂ ਵੱਲੋਂ ਸਿੱਧੇ ਰੂਪ ਵਿੱਚ ਚੁਣੇ ਜਾਂਦੇ ਹਨ। ਭਾਵੇਂ ਸੰਵਿਧਾਨਘਾੜਿਆਂ ਵਿੱਚੋਂ ਕੁਝ ਮਾਹਿਰ, ਦੇਸ਼ ਦੇ ਰਾਸ਼ਟਰਪਤੀ ਨੂੰ ਅਮਰੀਕਾ ਦੀ ਸਾਰੀ ਜਨਤਾ ਵੱਲੋਂ ਪ੍ਰਤੱਖ ਰੂਪ ਵਿੱਚ ਚੁਣੇ ਜਾਣ ਦੇ ਹੱਕ ਵਿੱਚ ਸਨ, ਪਰ ਅਖ਼ੀਰ ਵਿੱਚ ਚੋਣ ਮੰਡਲ ਦਾ ਫ਼ੈਸਲਾ ਕੀਤਾ ਗਿਆ ਤਾਂ ਜੋ ਨਾ ਤਾਂ ਸੰਸਦ ਦੇ ਮੈਂਬਰ ਦੇਸ਼ ਦੇ ਮੁਖੀ ਨੂੰ ਆਪਣੀ ਕਠਪੁਤਲੀ ਬਣਾ ਸਕਣ ਅਤੇ ਨਾ ਹੀ ਸਿੱਧੀ ਚੋਣ ਵਾਂਗ ਜਨਤਾ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਸਫ਼ਲ ਹੋਣ ਦਾ ਯਤਨ ਹੋ ਸਕੇ।
ਚੋਣ ਮੰਡਲ ਦੇ ਮੈਂਬਰਾਂ ਦੀ ਗਿਣਤੀ ਉੱਥੋਂ ਦੀ ਸੰਸਦ ਦੇ ਦੋਵੇਂ ਸਦਨਾਂ ਦੇ ਕੁਲ ਮੈਂਬਰਾਂ ਬਰਾਬਰ ਹੁੰਦੀ ਹੈ। ਹੇਠਲੇ ਪ੍ਰਤੀਨਿਧ ਦੇ 435, ਸੈਨੇਟ ਦੇ 100 ਅਤੇ ਡਿਸਟ੍ਰਿਕ ਆਫ ਕੋਲੰਬੀਆ ਦੇ 3 ਮੈਂਬਰਾਂ ਦੇ ਕੁੱਲ ਜੋੜ 538 ਮੈਂਬਰ ਚੋਣ ਮੰਡਲ ਲਈ ਵੱਖ ਵੱਖ ਰਾਜਾਂ ਵਿੱਚੋਂ ਨਿਰਧਾਰਤ ਗਿਣਤੀ ਵਿੱਚ ਚੁਣੇ ਜਾਂਦੇ ਹਨ। ਭਾਵੇਂ ਚੋਣ ਮੰਡਲ ਦਾ ਮਕਸਦ ਸਿਰਫ਼ ਚੋਣ ਵਿਧੀ ਅਖ਼ਤਿਆਰ ਕਰਨ ਨਾਲ ਸੀ, ਪਰ ਅਸਲੀਅਤ ਵਿੱਚ ਚੋਣ ਮੰਡਲ ਦੇ ਮੈਂਬਰ ਚੁਣੇ ਜਾਣ ਵਕਤ ਹੀ ਦੋਵਾਂ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਨੂੰ ਸਿੱਧੀਆਂ ਵੋਟਾਂ ਪੈਣ ਦਾ ਅਮਲ ਸਮਝਿਆ ਜਾਂਦਾ ਹੈ।
ਡੈਮੋਕਰੈਟਿਕ ਅਤੇ ਰਿਪਬਲਿਕਨ ਦੋਵੇਂ ਪਾਰਟੀਆਂ ਇਸ ਅਹੁਦੇ ਲਈ ਉਮੀਦਵਾਰਾਂ ਦੇ ਨਾਵਾਂ ਦੀ ਨਾਮਜ਼ਦਗੀ ਲਈ ਰਾਸ਼ਟਰੀ ਕਨਵੈਨਸ਼ਨਾਂ ਕਰਦੀਆਂ ਹਨ ਜਿਸ ਵਿੱਚ ਰਾਜਾਂ ਤੋਂ ਭੇਜੇ ਡੈਲੀਗੇਟ ਭਾਗ ਲੈਂਦੇ ਹਨ। ਪਾਰਟੀ ਡੈਲੀਗੇਟਾਂ ਦਾ ਫ਼ੈਸਲਾ ਰਾਜਾਂ ਦੀਆਂ ਪ੍ਰਾਇਮਰੀ ਚੋਣਾਂ ਵਿੱਚ ਕੀਤਾ ਜਾਂਦਾ ਹੈ। ਚੁਣੇ ਗਏ ਡੈਲੀਗੇਟ ਜੁਲਾਈ-ਅਗਸਤ ਮਹੀਨੇ ਰਾਸ਼ਟਰੀ ਕਨਵੈਨਸ਼ਨ ਵਿੱਚ ਆਪਣਾ ਉਮੀਦਵਾਰ ਚੁਣਦੇ ਹਨ। ਨਾਮਜ਼ਦਗੀ ਉਪਰੰਤ ਚੋਣ ਮੁਹਿੰਮ ਖ਼ੂਬ ਭਖਦੀ ਹੈ। ਉਮੀਦਵਾਰਾਂ ਦੀਆਂ ਜੀਵਨੀਆਂ, ਪਿਛੋਕੜ, ਵਿਦਿਅਕ ਪੱਧਰ ਅਤੇ ਪ੍ਰਾਪਤੀਆਂ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਹੈ। ਮੀਡੀਆ ਰਾਹੀਂ ਚੋਣ ਮੁਹਿੰਮ ਨੂੰ ਸਾਰੇ ਵੋਟਰਾਂ ਤੱਕ ਪਹੁੰਚਾਇਆ ਜਾਂਦਾ ਹੈ। ਉਮੀਦਵਾਰਾਂ ਦੀ ਸਿੱਧੀ ਬਹਿਸ ਵਿੱਚ ਕੌਮੀ ਅਤੇ ਆਲਮੀ ਮੁੱਦਿਆਂ ਬਾਰੇ ਸਵਾਲ ਪੁੱਛੇ ਜਾਂਦੇ ਹਨ। ਨਵੰਬਰ ਮਹੀਨੇ ਦੀ ਨਿਸ਼ਚਿਤ ਤਰੀਕ ’ਤੇ ਚੋਣ ਮੰਡਲ ਦੇ ਮੈਂਬਰਾਂ ਦੀ ਚੋਣ ਲਿਸਟ ਸਿਸਟਮ ਦੁਆਰਾ ਕੀਤੀ ਜਾਂਦੀ ਹੈ। ਅਰਥਾਤ, ਹਰ ਪਾਰਟੀ ਇੱਕ ਰਾਜ ਵਿੱਚ ਓਨੇ ਉਮੀਦਵਾਰਾਂ ਦੀ ਸੂਚੀ ਚੋਣ ਲਈ ਖੜ੍ਹੀ ਕਰਦੀ ਹੈ ਜਿੰਨੇ ਉਸ ਰਾਜ ਵਿੱਚੋਂ ਚੋਣ ਮੰਡਲ ਲਈ ਮੈਂਬਰ ਚੁਣੇ ਜਾਣੇ ਹਨ। ਹਰ ਵੋਟਰ ਇਸ ਸੂਚੀ ਨੂੰ ਵੋਟ ਪਾਉਂਦਾ ਹੈ ਨਾ ਕਿ ਉਮੀਦਵਾਰਾਂ ਨੂੰ। ਇੱਕ ਰਾਜ ਵਿੱਚ ਜਿਸ ਪਾਰਟੀ ਨੂੰ ਵਧੇਰੇ ਵੋਟਾਂ ਮਿਲਦੀਆਂ ਹਨ, ਉਸ ਰਾਜ ਵਿੱਚ ਪਾਰਟੀ ਦੇ ਸਾਰੇ ਉਮੀਦਵਾਰ, ਭਾਵ ਸਾਰੀ ਸੂਚੀ ਵਿੱਚ ਸ਼ੁਮਾਰ ਵਿਅਕਤੀ ਜੇਤੂ ਹੋ ਕੇ ਚੋਣ ਮੰਡਲ ਦੇ ਮੈਂਬਰ ਬਣ ਜਾਂਦੇ ਹਨ।
ਭਾਵੇਂ ਇਹ ਚੋਣ ਮੰਡਲ ਦੀ ਚੋਣ ਹੁੰਦੀ ਹੈ, ਪਰ ਅਸਲ ਵਿੱਚ ਉਸੇ ਦਿਨ ਰਾਸ਼ਟਰਪਤੀ ਦਾ ਚੁਣਿਆ ਜਾਣਾ ਤੈਅ ਹੋ ਜਾਂਦਾ ਹੈ। ਉਂਜ, ਸੰਵਿਧਾਨਕ ਵਿਧੀ ਮੁਤਾਬਿਕ ਦਸੰਬਰ ਦੇ ਦੂਜੇ ਬੁੱਧਵਾਰ ਪਿੱਛੋਂ ਆਉਣ ਵਾਲੇ ਸੋਮਵਾਰ ਨੂੰ ਚੋਣ ਮੰਡਲ ਦੇ ਮੈਂਬਰ ਆਪਣੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਰਾਸ਼ਟਰਪਤੀ ਨੂੰ ਚੁਣਨ ਲਈ ਵੋਟਾਂ ਪਾਉਂਦੇ ਹਨ। ਚੁਣੇ ਜਾਣ ਵਾਲੇ ਉਮੀਦਵਾਰ ਲਈ ਸਪਸ਼ਟ ਬਹੁਮਤ ਅਰਥਾਤ ਘੱਟੋ-ਘੱਟ 270 ਵੋਟਾਂ ਮਿਲਣੀਆਂ ਜ਼ਰੂਰੀ ਹਨ।
ਅਮਰੀਕਾ ਦੇ ਰਾਸ਼ਟਰਪਤੀ ਲਈ ਵਿਲੱਖਣ ਜਿਹਾ ਚੋਣ ਢੰਗ ਹੈ, ਪਰ ਜਿਸ ਖ਼ੂਬਸੂਰਤੀ ਨਾਲ ਇਸ ਨੂੰ ਸਿਰੇ ਚੜ੍ਹਾਇਆ ਜਾਂਦਾ ਹੈ ਉਹ ਬਾਕੀ ਦੇਸ਼ਾਂ ਲਈ ਇੱਕ ਮਾਡਲ ਵੀ ਹੈ। ਕਈ ਵਾਰ ਝਗੜੇ-ਝਮੇਲੇ ਹੋਏ, ਪਰ ਉਹ ਵਕਤ ਸਿਰ ਸੁਲਝਾ ਲਏ ਗਏ। ਸਾਰੀ ਚੋਣ ਵਿਧੀ ਵਿੱਚ ਸਹਿਜ ਅਤੇ ਠਹਿਰਾਅ ਹੈ। ਤਰੀਕਾਂ ਅਤੇ ਸਮਾਂ ਮੁਕੱਰਰ ਹੈ।
ਇਸ ਵਾਰ ਭਾਵ 2024 ਦਾ ਚੋਣ ਦੰਗਲ ਆਪਣੇ ਆਖ਼ਰੀ ਪੜਾਅ ਵਿੱਚ ਹੈ। ਦੋਵੇਂ ਮੁੱਖ ਉਮੀਦਵਾਰ ਰਾਸ਼ਟਰਪਤੀ ਚੁਣੇ ਜਾਣ ਲਈ ਬਹਿਸ ਵਿੱਚ ਹਿੱਸਾ ਲੈ ਚੁੱਕੇ ਹਨ। ਡੈਮੋਕਰੈਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਮਿਨੀਸੋਟਾ ਸਟੇਟ ਦੇ ਮੌਜੂਦਾ ਗਵਰਨਰ ਟਿਮ ਵਾਲਜ਼ ਨੂੰ ਚੁਣਿਆ ਗਿਆ ਹੈ। ਸਾਧਾਰਨ ਪਰਿਵਾਰ ਦੇ ਟਿਮ ਵਾਲਜ਼ ਨੂੰ ਅਧਿਆਪਨ ਅਤੇ ਫ਼ੌਜ ਦੇ ਤਜਰਬੇ ਕਾਰਨ ਆਮ ਲੋਕਾਂ ਤੋਂ ਚੰਗਾ ਹੁੰਗਾਰਾ ਮਿਲਿਆ ਹੈ। ਰਿਪਬਲਿਕਨ ਪਾਰਟੀ ਵੱਲੋਂ ਇੱਕ ਨੌਜਵਾਨ ਵਕੀਲ ਜੇ.ਡੀ. ਵੈਂਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿੱਚ ਉਤਾਰਿਆ ਗਿਆ ਹੈ। ਜੇ.ਡੀ. ਵੈਂਸ ਓਹਾਈਓ ਸਟੇਟ ਤੋਂ ਸੈਨੇਟਰ ਹੈ ਅਤੇ ਇੱਕ ਭਾਰਤੀ ਪਰਿਵਾਰ ਦੀ ਵਕੀਲ ਧੀ ਊਸ਼ਾ ਚਿਲੂਕੁਰੀ ਨਾਲ ਵਿਆਹਿਆ ਹੋਇਆ ਹੈ। ਉਪ ਰਾਸ਼ਟਰਪਤੀ ਦੇ ਅਹੁਦੇ ਲਈ ਲੜ ਰਹੇ ਦੋਵਾਂ ਉਮੀਦਵਾਰਾਂ ਨੇ ਵੀ ਕੌਮੀ ਮੁੱਦਿਆਂ ’ਤੇ ਜਨਤਕ ਬਹਿਸ ਵਿੱਚ ਭਾਗ ਲੈ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਦੋਵੇਂ ਪਾਰਟੀਆਂ ਦੇ ਆਗੂਆਂ ਦਾ ਕਿਸੇ ਨਾ ਕਿਸੇ ਢੰਗ ਨਾਲ ਭਾਰਤ ਨਾਲ ਸਬੰਧ ਹੈ।
ਰਿਪਬਲਿਕਨ ਉਮੀਦਵਾਰ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਕਿਸਮ ਦੇ ਮੁਕੱਦਮਿਆਂ ਵਿੱਚ ਉਲਝਿਆ ਹੋਣ ਦੇ ਬਾਵਜੂਦ ਮਿੱਡ-ਵੈਸਟ ਅਤੇ ਸੱਜੇ ਪੱਖੀ ਵੋਟਰਾਂ ਵਿੱਚ ਹਰਮਨਪਿਆਰਾ ਹੈ। ਪਿਛਲੀ ਜੋਅ ਬਾਇਡਨ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਦਾਖ਼ਲੇ ਦੇ ਮੁੱਦੇ ਨੂੰ ਆਮ ਅਮਰੀਕੀਆਂ ਸਾਹਮਣੇ ਕਾਮਯਾਬੀ ਨਾਲ ਉਭਾਰ ਰਿਹਾ ਹੈ। ਸਾਧਾਰਨ ਵੋਟਰ ਨੂੰ ਮੁਖ਼ਾਤਿਬ ਹੋ ਕੇ ਜਦੋਂ ਉਹ ਕਹਿੰਦਾ ਹੈ ਕਿ ਬੇਰੋਕ ਸਰਹੱਦਾਂ ਟੱਪ ਕੇ ਧੜਾਧੜ ਆ ਰਹੇ ਪਰਵਾਸੀਆਂ ਸਬੰਧੀ ਡੈਮੋਕਰੈਟਿਕ ਪਾਰਟੀ ਦੀ ਬੇਰੁਖ਼ੀ ਕਾਰਨ ਅਮਰੀਕਾ ‘‘ਗਾਰਬੇਜ/ਟਰੈਸ਼ ਕੈਨ’’ ਬਣ ਚੁੱਕਾ ਹੈ ਤਾਂ ਇਹ ਨਿਸ਼ਚਿਤ ਰੂਪ ਵਿੱਚ ਵੋਟਰਾਂ ’ਤੇ ਅਸਰ ਕਰਦਾ ਹੈ। ਟਰੰਪ ਆਪਣੇ ਪਹਿਲੇ ਕਾਰਜਕਾਲ ਦੌਰਾਨ ਕੀਤੀਆਂ ਟੈਕਸ ਕਟੌਤੀਆਂ ਦਾ ਵੀ ਭਰਪੂਰ ਲਾਹਾ ਲੈ ਰਿਹਾ ਹੈ।
ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਆਪਣੇ ਪਿਛੋਕੜ ਅਤੇ ਬਤੌਰ ਅਟਾਰਨੀ ਕੀਤੇ ਕੰਮਾਂ ਨੂੰ ਪ੍ਰਚਾਰ ਰਹੀ ਹੈ। ਔਰਤਾਂ ਦੇ ਅਧਿਕਾਰਾਂ ਅਤੇ ਗਰਭਪਾਤ ਦੀ ਆਜ਼ਾਦੀ ਸਬੰਧੀ ਫੈਡਰਲ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਆਪਣੇ ਸਰੀਰ ਅਤੇ ਜੀਵਨ ਬਾਰੇ ਫ਼ੈਸਲਾ ਲੈਣ ਦਾ ਹੱਕ ਦਿਵਾਉਣ ’ਤੇ ਜ਼ੋਰ ਦੇ ਰਹੀ ਹੈ। ਉਹ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਮੱਧ ਵਰਗ ਦੀ ਪਹੁੰਚ ਵਿੱਚ ਹੋਰ ਮਜ਼ਬੂਤ ਕਰਨ ਲਈ ਟੈਕਸ ਕਟੌਤੀਆਂ ਦਾ ਪ੍ਰਚਾਰ ਕਰ ਰਹੀ ਹੈ। ਕੌਮੀ ਬਹਿਸ ਵਿੱਚ ਹੈਰਿਸ ਨੇ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਟਰੰਪ ਦੇ ਨਿੱਜੀ ਕਿਰਦਾਰ ਅਤੇ ਜਨਵਰੀ 2021 ਵਿੱਚ ਕੈਪੀਟਲ ਹਿੱਲ ’ਤੇ ਕੀਤੇ ਗ਼ੈਰ-ਕੌਮੀ ਨਿੰਦਣਯੋਗ ਵਿਹਾਰ ਨੂੰ ਵਾਰ ਵਾਰ ਦੁਹਰਾਇਆ ਹੈ।
ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਮੁਹਿੰਮ ਵਿੱਚ ਨਿੱਤਰੇ ਚਾਰੋਂ ਨੇਤਾਵਾਂ ਨੇ ਬੜੇ ਸਲੀਕੇ ਨਾਲ ਕੌਮੀ ਬਹਿਸ ਵਿੱਚ ਹਿੱਸਾ ਲਿਆ। ਇਹ ਅਮਰੀਕੀ ਸਿਆਸਤ ਦੀ ਖ਼ੂਬਸੂਰਤੀ ਹੈ ਕਿ ਉਮੀਦਵਾਰ ਕਿਸੇ ਇੱਕ ਵਿਸ਼ੇਸ਼ ਗਰੁੱਪ/ਨਸਲ ਨਾਲ ਸਬੰਧਿਤ ਹੋਣ ਦੇ ਬਾਵਜੂਦ ਬਹਿਸ ਦੌਰਾਨ ਸਿਰਫ਼ ਕੌਮੀ ਅਤੇ ਕੌਮਾਂਤਰੀ ਮੁੱਦਿਆਂ ਨੂੰ ਹੀ ਉਭਾਰਦੇ ਹਨ। ਕਮਲਾ ਹੈਰਿਸ ਆਪਣੇ ਆਪ ਨੂੰ ਇੱਕ ਸੁਚੱਜੀ ਅਤੇ ਮਾਹਿਰ ਅਟਾਰਨੀ ਅਤੇ ਉਪ ਰਾਸ਼ਟਰਪਤੀ ਦੀ ਹੈਸੀਅਤ ਵਿੱਚ ਇੱਕ ਚੰਗੇ ਬਦਲ ਵਜੋਂ ਪੇਸ਼ ਕਰ ਰਹੀ ਹੈ। ਉਹ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਹਿੰਦੀ ਹੈ, ‘‘ਅਮਰੀਕਨ ਡਰੀਮ ਹਰ ਇੱਕ ਨਾਗਰਿਕ ਦਾ, ਬਿਨਾਂ ਕਿਸੇ ਭੇਦ-ਭਾਵ ਤੋਂ, ਮੁੱਢਲਾ ਹੱਕ ਹੈ। ਭਾਵੇਂ ਉਨ੍ਹਾਂ ਦੇ ਪੁਰਖੇ ਕਿਤੋਂ ਵੀ ਆਏ ਹੋਣ ਅਤੇ ਉਨ੍ਹਾਂ ਦੀ ਨਸਲ ਜਾਂ ਧਰਮ ਕੁਝ ਵੀ ਹੋਵੇ। ਅਮਰੀਕਨ ਸੁਪਨਾ ਕੋਈ ਨਿੱਜੀ ਕਾਮਯਾਬੀ ਨਹੀਂ ਸਗੋਂ ਸਮੁੱਚੇ ਸਮਾਜ ਦੀ ਸ੍ਰੇਸ਼ਠਤਾ ਦੀ ਨਿਸ਼ਾਨੀ ਹੈ।’’
ਕਮਲਾ ਹੈਰਿਸ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਹਿੰਦੀ ਹੈ, ‘‘ਆਉਂਦੇ ਦਿਨਾਂ ਵਿੱਚ ਮੈਂ ਬੇਜ਼ੁਬਾਨ ਲੋਕਾਂ ਦੀ ਆਵਾਜ਼ ਬਣਾਂਗੀ। ਜਿਨ੍ਹਾਂ ਲੋਕਾਂ ਦੇ ਰੁਜ਼ਗਾਰ, ਘਰ ਅਤੇ ਸਿਹਤ ਸਹੂਲਤਾਂ ਖੁੱਸ ਗਈਆਂ, ਮੈਂ ਉੱਥੇ ਧਿਆਨ ਕੇਂਦਰਿਤ ਕਰਾਂਗੀ। ਨਿਮਨ-ਮੱਧ ਵਰਗ ’ਤੇ ਮਹਿੰਗਾਈ ਦੀ ਮਾਰ ਨੂੰ ਘਟਾਵਾਂਗੀ। ਇਨ੍ਹਾਂ ਚੋਣਾਂ ’ਚ ਸਾਡੇ ਦੇਸ਼, ਸਾਡੀਆਂ ਉਮੀਦਾਂ ਅਤੇ ਸੁਪਨਿਆਂ ਦਾ ਸਵਾਲ ਹੈ।’’
ਮੱਧ ਏਸ਼ੀਆ ਵਿੱਚ ਇਜ਼ਰਾਈਲ-ਫ਼ਲਸਤੀਨ ਦਰਮਿਆਨ ਗਾਜ਼ਾ ਪੱਟੀ ’ਤੇ ਸ਼ੁਰੂ ਹੋਇਆ ਯੁੱਧ ਹੁਣ ਇਰਾਨ, ਸੀਰੀਆ ਅਤੇ ਲਿਬਨਾਨ ਤਕ ਫੈਲ ਗਿਆ ਹੈ। ਅਮਰੀਕੀ ਵਿਦੇਸ਼ ਨੀਤੀ ਵਿੱਚ ਇਜ਼ਰਾਈਲ ਦਾ ਹਮੇਸ਼ਾ ਕੇਂਦਰੀ ਸਥਾਨ ਹੈ। ਇਸ ਯਹੂਦੀ ਮੁਲਕ ਦੀ ਸੁਰੱਖਿਆ ਬਾਰੇ ਅਮਰੀਕਾ ਕਦੇ ਵੀ ਢਿੱਲ ਬਰਦਾਸ਼ਤ ਨਹੀਂ ਕਰੇਗਾ। ਯੂਕਰੇਨ-ਰੂਸ ਅਤੇ ਇਜ਼ਰਾਈਲ-ਫ਼ਲਸਤੀਨ ਝਮੇਲੇ ਬਾਰੇ ਦੋਵੇਂ ਸਿਆਸੀ ਪਾਰਟੀਆਂ ਦਾ ਸਟੈਂਡ ਬਹੁਤਾ ਵੱਖਰਾ ਨਹੀਂ ਹੈ। ਫਿਰ ਵੀ ਇਹ ਦੋਵੇਂ ਖਿੱਤੇ ਡੈਮੋਕਰੈਟਿਕ ਸ਼ਾਸਨ ਦੀ ਕਾਰਗੁਜ਼ਾਰੀ ’ਤੇ ਭਾਰੇ ਪੈ ਰਹੇ ਹਨ।
ਜੇਕਰ ਕਮਲਾ ਹੈਰਿਸ ਰਾਸ਼ਟਰਪਤੀ ਚੁਣੀ ਜਾਂਦੀ ਹੈ ਤਾਂ ਅਮਰੀਕੀ ਔਰਤਾਂ ਦੀ ਭਾਰੀ ਜਿੱਤ ਹੋਵੇਗੀ। ਉਹ ਇਸ ਅਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਔਰਤ ਹੋਵੇਗੀ। ਹੈਰਿਸ ਵੱਲੋਂ ਆਰਥਿਕ ਅਤੇ ਸਮਾਜਿਕ ਨਾਬਰਾਬਰੀ ਘਟਾਉਣ ਲਈ ਕਈ ਨਵੇਂ ਕਦਮ ਚੁੱਕਣ ਦੀ ਸੰਭਾਵਨਾ ਹੈ। ਗਰਭਪਾਤ ਅਧਿਕਾਰ ਦੇ ਕੇ ਉਹ ਔਰਤਾਂ ਦੇ ਹੱਕਾਂ ਦੀ ਰਖਵਾਲੀ ਬਣਨ ’ਚ ਕਾਮਯਾਬ ਹੋਵੇਗੀ। ਜੇਕਰ ਰਿਪਬਲਿਕਨ ਉਮੀਦਵਾਰ ਜਿੱਤਦਾ ਹੈ ਤਾਂ ਪਰਵਾਸੀਆਂ ਦੀ ਵੱਡੀ ਗਿਣਤੀ ਨੂੰ ਉੱਥੇ ਸਥਾਪਿਤ ਹੋਣ ਵਿੱਚ ਦਿੱਕਤਾਂ ਨਜ਼ਰ ਆਉਣ ਦੀ ਸੰਭਾਵਨਾ ਹੈ। ਅਜਿਹੀ ਸੂਰਤ ਵਿੱਚ ਗ਼ੈਰ-ਕਾਨੂੰਨੀ ਪਰਵਾਸ ਰੋਕਣ ਲਈ ਸਰਹੱਦਾਂ ਦੀ ਚੌਕਸੀ ਹੋਰ ਮਜ਼ਬੂਤ ਕੀਤੇ ਜਾਣ ਦੀ ਸੰਭਾਵਨਾ ਬਣੇਗੀ।
ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਲੇ ਫਸਵੇਂ ਮੁਕਾਬਲੇ ਕਾਰਨ ਜੇਕਰ ਵੋਟਰ ਪੂਰਾ ਨਿਰਣਾਇਕ ਫ਼ੈਸਲਾ ਨਹੀਂ ਕਰਦੇ ਤਾਂ ਰਾਜਨੀਤਕ ਕਲੇਸ਼ ਅਮਰੀਕੀ ਲੋਕਤੰਤਰ ਲਈ ਨਵੀਆਂ ਸਮੱਸਿਆਵਾਂ ਵੀ ਖੜ੍ਹੀਆਂ ਕਰ ਸਕਦਾ ਹੈ। ਹੁਣ ਤੱਕ ਦਾ ਅਮਰੀਕੀ ਰਾਜਨੀਤਕ ਮਾਡਲ ਜਿਹੜਾ ਨਵੇਂ ਆਜ਼ਾਦ ਹੋਏ ਮੁਲਕਾਂ ਲਈ ਆਦਰਸ਼ ਰਿਹਾ, ਅਜਿਹੇ ਰਾਜਨੀਤਕ ਸੰਕਟ ਕਾਰਨ ਭੈੜੀ ਰਾਜਨੀਤਕ ਦਿਸ਼ਾ ਵੱਲ ਵੀ ਮੋੜ ਕੱਟ ਸਕਦਾ ਹੈ।
ਸੰਪਰਕ: 98140-67632