For the best experience, open
https://m.punjabitribuneonline.com
on your mobile browser.
Advertisement

ਅਮਰੀਕੀ ਸੰਸਦ ਵੱਲੋਂ ਯੂਕਰੇਨ, ਇਜ਼ਰਾਈਲ, ਤਾਇਵਾਨ ਤੇ ਹਿੰਦ ਪ੍ਰਸ਼ਾਂਤ ਖ਼ਿੱਤੇ ਲਈ ਪੈਕੇਜ ਮਨਜ਼ੂਰ

07:17 AM Apr 25, 2024 IST
ਅਮਰੀਕੀ ਸੰਸਦ ਵੱਲੋਂ ਯੂਕਰੇਨ  ਇਜ਼ਰਾਈਲ  ਤਾਇਵਾਨ ਤੇ ਹਿੰਦ ਪ੍ਰਸ਼ਾਂਤ ਖ਼ਿੱਤੇ ਲਈ ਪੈਕੇਜ ਮਨਜ਼ੂਰ
Advertisement

ਵਾਸ਼ਿੰਗਟਨ, 24 ਅਪਰੈਲ
ਅਮਰੀਕੀ ਸੰਸਦ ਨੇ ਯੂਕਰੇਨ ਅਤੇ ਇਜ਼ਰਾਈਲ ਨੂੰ ਸਹਾਇਤਾ ਦੇਣ ਅਤੇ ਤਾਇਵਾਨ ਸਮੇਤ ਹਿੰਦ ਪ੍ਰਸ਼ਾਂਤ ਖ਼ਿੱਤੇ ’ਚ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ 95.3 ਅਰਬ ਡਾਲਰ ਦੇ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੰਸਦ ਨੇ ਚੀਨੀ ਕੰਪਨੀ ਨੂੰ ਟਿਕਟੌਕ ਵੇਚਣ ਲਈ ਇਕ ਸਾਲ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਉਹ ਨਾਕਾਮ ਰਹੀ ਤਾਂ ਉਸ ਖ਼ਿਲਾਫ਼ ਪਾਬੰਦੀ ਲੱਗ ਸਕਦੀ ਹੈ। ਸੰਸਦ ’ਚ ਮੰਗਲਵਾਰ ਰਾਤ ਸਹਾਇਤਾ ਪੈਕੇਜ ਨੂੰ ਮਿਲੀ ਮਨਜ਼ੂਰੀ ਨਾਲ ਕਈ ਮਹੀਨਿਆਂ ਤੋਂ ਜਾਰੀ ਉਸ ਬੇਯਕੀਨੀ ਦਾ ਮਾਹੌਲ ਖ਼ਤਮ ਹੋ ਗਿਆ ਹੈ ਕਿ ਕੀ ਅਮਰੀਕਾ ਵੱਲੋਂ ਰੂਸ ਦੇ ਹਮਲੇ ਖ਼ਿਲਾਫ਼ ਯੂਕਰੇਨ ਦੀ ਸਹਾਇਤਾ ਜਾਰੀ ਰੱਖੀ ਜਾਵੇਗੀ ਜਾਂ ਨਹੀਂ। ਬਿੱਲ ਦੇ ਪੱਖ ’ਚ 79 ਅਤੇ ਵਿਰੋਧ ’ਚ 18 ਵੋਟਾਂ ਪਈਆਂ। ਪ੍ਰਤੀਨਿਧ ਸਭਾ ਵੱਲੋਂ ਪਾਸ ਇਸ ਬਿੱਲ ਨੂੰ ਹੁਣ ਰਾਸ਼ਟਰਪਤੀ ਜੋਅ ਬਾਇਡਨ ਕੋਲ ਦਸਤਖ਼ਤ ਲਈ ਭੇਜਿਆ ਗਿਆ ਹੈ। ਬਾਇਡਨ ਨੇ ਇਕ ਬਿਆਨ ’ਚ ਕਿਹਾ ਕਿ ਬਿੱਲ ਆਉਂਦੇ ਸਾਰ ਉਹ ਉਸ ’ਤੇ ਦਸਤਖ਼ਤ ਕਰਨਗੇ ਤਾਂ ਜੋ ਯੂਕਰੇਨ ਨੂੰ ਇਸੇ ਹਫ਼ਤੇ ਹਥਿਆਰ ਅਤੇ ਸਾਜ਼ੋ-ਸਾਮਾਨ ਭੇਜਿਆ ਜਾ ਸਕੇ। ਬਿੱਲ ਮੁਤਾਬਕ ਯੂਕਰੇਨ ਨੂੰ 60.8 ਅਰਬ, ਇਜ਼ਰਾਈਲ ਨੂੰ 26.4 ਅਰਬ, ਤਾਇਵਾਨ ਅਤੇ ਹਿੰਦ ਪ੍ਰਸ਼ਾਂਤ ਖ਼ਿੱਤੇ ਦੇ ਭਾਈਵਾਲਾਂ ਲਈ 8.1 ਅਰਬ ਡਾਲਰ ਦੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਮਰੀਕਾ ਨੇ ਚੀਨ ਦੀ ਮਲਕੀਅਤ ਵਾਲੀ ਬਾਈਟਡਾਂਸ ਲਿਮਟਿਡ ਨੂੰ ਟਿਕਟੌਕ ਵਿੱਚ ਆਪਣੀ ਹਿੱਸੇਦਾਰੀ ਵੇਚਣ ਸਬੰਧੀ ਬਿੱਲ ਵੀ ਪਾਸ ਕੀਤਾ ਹੈ। ਕੰਪਨੀ ਨੂੰ ਇਕ ਸਾਲ ਦਾ ਸਮਾਂ ਦਿੱਤਾ ਗਿਆ ਹੈ। ਨੌਂ ਰਿਪਬਲਿਕਨਾਂ ਨੇ ਫਰਵਰੀ ’ਚ ਬਿੱਲ ਦਾ ਵਿਰੋਧ ਕੀਤਾ ਸੀ ਪਰ ਇਸ ਵਾਰ ਉਹ ਬਿੱਲ ਦੇ ਹੱਕ ’ਚ ਨਿੱਤਰੇ। ਸੈਨੇਟਰ ਮਿਚ ਮੈਕੌਨਲ ਨੇ ਕਿਹਾ ਕਿ ਬਿੱਲ ਮੁਤਾਬਕ ਸਾਰੀ ਫੰਡਿੰਗ ’ਚੋਂ 75 ਫ਼ੀਸਦ ਪੈਸਾ ਅਮਰੀਕਾ ਕੋਲ ਹੀ ਰਹੇਗਾ ਕਿਉਂਕਿ ਇਹ ਮੁਲਕ ਦੀਆਂ ਰੱਖਿਆ ਸਨਅਤਾਂ ਕੋਲ ਜਾਵੇਗਾ। -ਪੀਟੀਆਈ

Advertisement

ਚੀਨ ਨੇ ਅਮਰੀਕਾ ਵੱਲੋਂ ਤਾਇਵਾਨ ਨੂੰ ਪੈਕੇਜ ਦੇਣ ਦੀ ਕੀਤੀ ਨਿਖੇਧੀ

ਪੇਈਚਿੰਗ: ਚੀਨ ਨੇ ਅਮਰੀਕਾ ਵੱਲੋਂ ਤਾਇਵਾਨ ਨੂੰ ਫ਼ੌਜੀ ਸਹਾਇਤਾ ਲਈ ਪੈਕੇਜ ਦੇ ਕੀਤੇ ਐਲਾਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਤਾਇਵਾਨ ’ਚ ਹਾਲਾਤ ਹੋਰ ਖ਼ਤਰਨਾਕ ਬਣ ਜਾਣਗੇ। ਚੀਨ ਦਾਅਵਾ ਕਰਦਾ ਆ ਰਿਹਾ ਹੈ ਕਿ ਤਾਇਵਾਨ ਉਸ ਦਾ ਇਲਾਕਾ ਹੈ ਅਤੇ ਜੇ ਲੋੜ ਪਈ ਤਾਂ ਉਹ ਇਸ ’ਤੇ ਜਬਰੀ ਕਬਜ਼ਾ ਕਰ ਲਵੇਗਾ। ਤਾਇਵਾਨ ਮਾਮਲਿਆਂ ਬਾਰੇ ਦਫ਼ਤਰ ਨੇ ਕਿਹਾ ਕਿ ਸਹਾਇਤਾ ਅਮਰੀਕਾ ਵੱਲੋਂ ਚੀਨ ਨਾਲ ਕੀਤੇ ਵਾਅਦਿਆਂ ਦੀ ਗੰਭੀਰ ਉਲੰਘਣਾ ਹੈ ਅਤੇ ਇਸ ਨਾਲ ਤਾਇਵਾਨ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਵੱਖਵਾਦੀ ਤਾਕਤਾਂ ਨੂੰ ਗਲਤ ਸੁਨੇਹਾ ਜਾਵੇਗਾ। -ਏਪੀ

Advertisement
Author Image

joginder kumar

View all posts

Advertisement
Advertisement
×