For the best experience, open
https://m.punjabitribuneonline.com
on your mobile browser.
Advertisement

ਪ੍ਰਸ਼ਾਂਤ ਦੀ ਅਣਕਹੀ ਬਾਤ

08:20 AM May 26, 2024 IST
ਪ੍ਰਸ਼ਾਂਤ ਦੀ ਅਣਕਹੀ ਬਾਤ
ਇੰਟਰਵਿਊ ਦੌਰਾਨ ਕਰਨ ਥਾਪਰ ਅਤੇ ਪ੍ਰਸ਼ਾਂਤ ਕਿਸ਼ੋਰ।
Advertisement

ਅਰਵਿੰਦਰ ਜੌਹਲ

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਅੱਜਕੱਲ੍ਹ ਟੀਵੀ ਚੈਨਲਾਂ ਨੂੰ ਲਗਾਤਾਰ ਇੰਟਰਵਿਊਜ਼ ਦਿੱਤੀਆਂ ਜਾ ਰਹੀਆਂ ਹਨ। ਤਕਰੀਬਨ ਸਾਰੇ ਵੱਡੇ ਚੈਨਲਾਂ ਵੱਲੋਂ ਪ੍ਰਸਾਰਿਤ ਇਨ੍ਹਾਂ ਇੰਟਰਵਿਊਜ਼ ਵਿੱਚ ਉਸ ਦੀ ਸੁਰ ਇੱਕ ਖ਼ਾਸ ਪਾਰਟੀ ਦੇ ਹੱਕ ਵਿੱਚ ਭੁਗਤਦੀ ਨਜ਼ਰ ਆਉਂਦੀ ਹੈ। ਵੱਖ-ਵੱਖ ਵਿਸ਼ਲੇਸ਼ਕ ਉਸ ਵੱਲੋਂ ਦਿੱਤੀਆਂ ਜਾ ਰਹੀਆਂ ਇੰਟਰਵਿਊਜ਼ ਦੇ ਸਮੇਂ ਅਤੇ ਸੁਰ ’ਤੇ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਕਰ ਰਹੇ ਹਨ ਪਰ ਇਸ ਲੜੀ ਦੌਰਾਨ ਉਸ ਵੱਲੋਂ ਉੱਘੇ ਪੱਤਰਕਾਰ ਕਰਨ ਥਾਪਰ ਨੂੰ ਦਿੱਤੀ ਇੰਟਰਵਿਊ ਇਨ੍ਹੀਂ ਦਿਨੀਂ ਬਹੁਤ ਚਰਚਾ ’ਚ ਹੈ।
ਇਸ ਇੰਟਰਵਿਊ ਦਾ ਚਰਚਿਤ ਹਿੱਸਾ ਉਹ ਹੈ ਜਦੋਂ ਥਾਪਰ ਵੱਲੋਂ ਪੁੱਛੇ ਇੱਕ ਸਵਾਲ ’ਤੇ ਪ੍ਰਸ਼ਾਂਤ ਕਿਸ਼ੋਰ ਆਪੇ ਤੋਂ ਬਾਹਰ ਹੋ ਗਿਆ। ਕਰਨ ਥਾਪਰ ਨੇ ਉਸ ਨੂੰ ਇਹ ਪੁੱਛ ਲਿਆ ਕਿ ਉਹ ਆਉਂਦੀਆਂ ਚੋਣਾਂ ਵਿੱਚ ਭਾਜਪਾ ਦੀ ਜਿੱਤ ਦੇ ਆਪਣੇ ਦਾਅਵੇ ਬਾਰੇ ਕਿੰਨਾ ਕੁ ਪੱਕਾ ਹੈ ਕਿਉਂਕਿ ਮਈ 2022 ਵਿੱਚ ਉਸ ਨੇ ਹਿਮਾਚਲ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਦੀ ਪੇਸ਼ੀਨਗੋਈ ਕੀਤੀ ਸੀ ਪਰ ਕਾਂਗਰਸ ਜਿੱਤ ਗਈ ਸੀ। ਕਰਨ ਅਜੇ ਸਤੰਬਰ 2023 ’ਚ ਬੀਆਰਐੱਸ ਦੀ ਜਿੱਤ ਬਾਰੇ ਪ੍ਰਸ਼ਾਂਤ ਦੀ ਗ਼ਲਤ ਪੇਸ਼ੀਨਗੋਈ ਦਾ ਜ਼ਿਕਰ ਵੀ ਨਹੀਂ ਕਰ ਸਕਿਆ ਸੀ ਕਿ ਉਹ ਵਿਚਾਲੇ ਹੀ ਥਾਪਰ ਨੂੰ ਰੋਕਦਿਆਂ ਉੱਚੀ ਸੁਰ ’ਚ ਪੁੱਛਣ ਲੱਗਿਆ, ‘‘ਕੀ ਮੈਂ ਅਜਿਹਾ ਕੀਤਾ ਹੈ? ਮੈਂ ਇਹ ਕਿੱਥੇ ਕਿਹਾ ਹੈ?’’ ਕਰਨ ਥਾਪਰ ਨੇ ਅਜੇ ਏਨਾ ਹੀ ਕਿਹਾ ਸੀ ‘ਇਹ ਰਿਕਾਰਡ ’ਤੇ ਹੈ’ ਤਾਂ ਪ੍ਰਸ਼ਾਂਤ ਕਿਸ਼ੋਰ ਨੇ ਤਹਿਜ਼ੀਬ ਦੇ ਦਾਇਰੇ ਨੂੰ ਉਲੰਘਦਿਆਂ ਹੋਰ ਉੱਚੀ ਸੁਰ ’ਚ ਕਿਹਾ, ‘‘ਤੁਸੀਂ ਹਮੇਸ਼ਾ ਇੱਕ ਪੂਰਵ ਧਾਰਨਾ ਪੇਸ਼ ਕਰਦੇ ਹੋ ਅਤੇ ਫਿਰ ਉਸ ਨੂੰ ਆਪਣੇ ਮਹਿਮਾਨ ’ਤੇ ਥੋਪਣਾ ਚਾਹੁੰਦੇ ਹੋ।’’ ਕਰਨ ਨੇ ਵਾਰ ਵਾਰ ਉਸ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਹ ਅਜਿਹਾ ਨਹੀਂ ਕਰ ਰਿਹਾ ਪਰ ਪ੍ਰਸ਼ਾਂਤ ਕਿਸ਼ੋਰ ਨੇ ਲਗਾਤਾਰ ਉੱਚੀ ਸੁਰ ’ਚ ਕਰਨ ਨੂੰ ਚਿਤਾਰਿਆ, ‘‘ਤੁਸੀਂ ਕਿਸੇ ਪਾਰਟੀ ਦੇ ਸਪੋਕਸਪਰਸਨ ਨਾਲ ਗੱਲ ਨਹੀਂ ਕਰ ਰਹੇ। ਤੁਸੀਂ ਮੈਨੂੰ ਉਹ ਵੀਡੀਓ ਦਿਖਾ ਦਿਓ ਜਿੱਥੇ ਮੈਂ ਇਹ ਕਿਹਾ ਹੈ ਕਿ ਕਾਂਗਰਸ ਦਾ ਹਿਮਾਚਲ ’ਚ ਸਫ਼ਾਇਆ ਹੋ ਜਾਵੇਗਾ।’’ ਇਸ ਇੰਟਰਵਿਊ ਵਿੱਚ ਪ੍ਰਸ਼ਾਂਤ ਕਿਸ਼ੋਰ ਕਰਨ ਥਾਪਰ ਵੱਲ ਉਂਗਲੀ ਕਰਦਿਆਂ ਤੇ ਅੱਖਾਂ ਘੁੰਮਾਉਂਦਿਆਂ ਹਮਲਾਵਰ ਢੰਗ ਨਾਲ ਉਸ ’ਤੇ ਹਾਵੀ ਹੋਣ ਦਾ ਯਤਨ ਕਰਦਾ ਹੈ। ਉਹ ਆਪਣੀ ਪੇਸ਼ੀਨਗੋਈ ਵਾਲੀ ਵੀਡੀਓ ਦਿਖਾਉਣ ਦੀ ਮੰਗ ਵੀ ਵਾਰ-ਵਾਰ ਕਰਦਾ ਹੈ।
ਇੱਥੇ ਵਰਣਨਯੋਗ ਹੈ ਕਿ ਪਹਿਲੇ ਦੋ ਗੇੜ ਦੀਆਂ ਵੋਟਾਂ ਪੈਣ ਮਗਰੋਂ ਅਚਾਨਕ ਸਾਰੇ ਪ੍ਰਮੁੱਖ ਟੀਵੀ ਚੈਨਲਾਂ ’ਤੇ ਪ੍ਰਸ਼ਾਂਤ ਕਿਸ਼ੋਰ ਦੀਆਂ ਇੰਟਰਵਿਊਜ਼ ਦਾ ਸਿਲਸਿਲਾ ਸ਼ੁਰੂ ਹੋਇਆ ਜਿਨ੍ਹਾਂ ਵਿੱਚ ਉਸ ਵੱਲੋਂ ਸੱਤਾਧਾਰੀ ਪਾਰਟੀ ਦੇ ਸੌਖਿਆਂ ਹੀ ਤੀਜੀ ਵਾਰ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਿਆਸਤ ਦੀ ਖੇਡ ਵਿਚ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਪੂਰੀ ਵਾਹ ਲਾਉਂਦੀਆਂ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਸਿਆਸੀ ਸਾਮਰਾਜ ਨੂੰ ਕਾਇਮ ਰੱਖ ਸਕਣ। ਵੱਖ-ਵੱਖ ਚੈਨਲਾਂ ’ਚ ਪ੍ਰਸ਼ਾਂਤ ਕਿਸ਼ੋਰ ਦੀਆਂ ਇਨ੍ਹਾਂ ਇੰਟਰਵਿਉੂਜ਼ ਨੂੰ ਇਸੇ ਸੰਦਰਭ ਵਿੱਚ ਹੀ ਦੇਖਿਆ ਜਾ ਸਕਦਾ ਹੈ ਜਿੱਥੇ ਉਹ ਬਿਨਾਂ ਕਿਸੇ ਸਰਵੇ ਅਤੇ ਵੋਟਰਾਂ ਦਾ ਮਨ ਜਾਣਨ ਲਈ ਕੋਈ ਢੰਗ-ਤਰੀਕਾ ਵਰਤੇ ਬਗ਼ੈਰ ਆਪਣੀਆਂ ਕਿਆਸਅਰਾਈਆਂ ਦੇ ਆਧਾਰ ’ਤੇ ਭਾਜਪਾ ਦੇ ਬਹੁਮੱਤ ਹਾਸਲ ਕਰਨ ਦੀ ਗੱਲ ਕਰਦਾ ਦਿਖਾਈ ਦਿੰਦਾ ਹੈ। ਕਰਨ ਥਾਪਰ ਨੂੰ ਦਿੱਤੀ ਇੰਟਰਵਿਊ ਵਿੱਚ ਮਾਮਲਾ ਉਦੋਂ ਵਿਗੜਿਆ ਜਦੋਂ ਥਾਪਰ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਉਸ ਦੀਆਂ ਪਿਛਲੀਆਂ ਗ਼ਲਤ ਪੇਸ਼ੀਨਗੋਈਆਂ ਬਾਰੇ ਸਵਾਲ ਪੁੱਛ ਲਿਆ। ਪ੍ਰਸ਼ਾਂਤ ਨੇ ਆਪਣੀ ਗ਼ਲਤੀ ਸਵੀਕਾਰਨ ਦੀ ਥਾਂ ਉਲਟਾ ਆਪਣੀਆਂ ਉਂਗਲੀਆਂ ਨਚਾਉਂਦਿਆਂ ਕਰਨ ਥਾਪਰ ’ਤੇ ਹਮਲਾਵਰ ਢੰਗ ਨਾਲ ਹਾਵੀ ਹੋਣ ਦਾ ਰਾਹ ਅਪਣਾਇਆ।
ਕਰਨ ਥਾਪਰ ਦਾ ਇੱਕ ਮੀਡੀਆ ਕਰਮੀ ਵਜੋਂ ਬਹੁਤ ਲੰਬਾ ਤਜਰਬਾ ਹੈ। ਆਪਣੇ ਕਰੀਅਰ ਦੌਰਾਨ ਕਰਨ ਨੇ ਜਿਸ ਵਿਧਾ ਵਿੱਚ ਮੁਹਾਰਤ ਹਾਸਲ ਕੀਤੀ ਹੈ, ਉਹ ਹੈ ‘ਇੰਟਰਵਿਊ’। ਪਿਛਲੇ ਕੁਝ ਦਹਾਕਿਆਂ ਦੌਰਾਨ ਥਾਪਰ ਨੇ ਪ੍ਰਧਾਨ ਮੰਤਰੀਆਂ, ਮੰਤਰੀਆਂ, ਹੋਰ ਮੁਲਕਾਂ ਦੇ ਵੱਡੇ ਨੇਤਾਵਾਂ, ਰਾਸ਼ਟਰਪਤੀਆਂ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਅਨੇਕਾਂ ਇੰਟਰਵਿਊਜ਼ ਕੀਤੀਆਂ ਹਨ। ਇਹ ਇੰਟਰਵਿਊਜ਼ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਕਿਸੇ ਨੂੰ ਬਖ਼ਸ਼ਦਾ ਨਹੀਂ ਅਤੇ ਬਹੁਤ ਤਿੱਖੇ ਸਵਾਲ ਪੁੱਛਦਾ ਹੈ। ਜਦੋਂ ਉਸ ਨੂੰ ਇੰਟਰਵਿਊ ਦੇਣ ਵਾਲਾ ਕਿਸੇ ਸਵਾਲ ਦਾ ਸਹੀ ਅਤੇ ਢੁੱਕਵਾਂ ਉੱਤਰ ਨਾ ਦੇਵੇ ਤਾਂ ਉਹ ਉਸ ਸਵਾਲ ਨੂੰ ਟੇਢੇ ਢੰਗ ਨਾਲ ਪੁੱਛ ਕੇ ਸਾਹਮਣੇ ਵਾਲੇ ਨੂੰ ਘੇਰ ਲੈਂਦਾ ਹੈ। ਅਕਸਰ ਇੰਟਰਵਿਊ ਦੌਰਾਨ ਉਹ ਸਾਹਮਣੇ ਵਾਲੇ ਨੂੰ ਪਸੀਨਾ ਲਿਆ ਦਿੰਦਾ ਹੈ ਤੇ ਪਾਣੀ ਪਿਆ ਦਿੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਨਾਲ ਉਸ ਦੀ ਇੰਟਰਵਿਊ ਮਿਸਾਲੀ ਹੋ ਨਿਬੜੀ ਸੀ ਜਿਸ ਵਿਚ ਸ੍ਰੀ ਮੋਦੀ ਇੰਟਰਵਿਊ ਦੇ ਅੱਧ-ਵਿਚਾਲੇ ਪਾਣੀ ਪੀਣ ਦੇ ਬਹਾਨੇ ਹੀ ਉੱਠ ਕੇ ਤੁਰਦੇ ਬਣੇ ਸਨ।
ਬੇਸ਼ੱਕ ਪ੍ਰਸ਼ਾਂਤ ਕਿਸ਼ੋਰ ਨੇ ਵੀ ਸਿਆਸੀ ਰਣਨੀਤੀਕਾਰ ਵਜੋਂ ਲੰਬੀ ਪਾਰੀ ਖੇਡੀ ਹੈ। ਵੱਖ-ਵੱਖ ਸਮੇਂ ਉਸ ਨੇ ਵੱਖ-ਵੱਖ ਸਿਆਸੀ ਧਿਰਾਂ ਲਈ ਕੰਮ ਕਰਦਿਆਂ ਉਨ੍ਹਾਂ ਲਈ ਸਿਆਸੀ ਰਣਨੀਤੀ ਘੜੀ ਹੈ। ਸਿਆਸੀ ਰਣਨੀਤੀਕਾਰ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਉਸ ਨੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਨਾਲ ਹੀ ਕੀਤੀ ਸੀ। ਹਾਲਾਂਕਿ ਮਗਰੋਂ ਉਸ ਨੇ ਆਪਣਾ ਰਾਹ ਜੁਦਾ ਕਰ ਲਿਆ ਅਤੇ ਬਾਅਦ ਵਿੱਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐੱਮਕੇ, ਜਨਤਾ ਦਲ (ਯੂਨਾਈਟਿਡ) ਅਤੇ ਕੁਝ ਹੋਰ ਸਿਆਸੀ ਧਿਰਾਂ ਲਈ ਵੀ ਕੰਮ ਕੀਤਾ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਵੀ ਚਰਚੇ ਸਨ ਅਤੇ ਉਸ ਨੇ ਇਸ ਸੰਦਰਭ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਕਾਂਗਰਸ ਪਾਰਟੀ ਮੁੜ ਪੈਰਾਂ ਸਿਰ ਕਰਨ ਲਈ ਆਪਣੀ ਰਣਨੀਤੀ ਦੀ ਪੇਸ਼ਕਾਰੀ ਵੀ ਦਿੱਤੀ ਸੀ। ਪ੍ਰਸ਼ਾਂਤ ਕਿਸ਼ੋਰ ਨੇ ਸ਼ਰਤ ਇਹ ਰੱਖੀ ਸੀ ਕਿ ਉਸ ਨੂੰ ਅਜਿਹਾ ਅਹੁਦਾ ਦਿੱਤਾ ਜਾਵੇ ਕਿ ਪਾਰਟੀ ਵਿੱਚ ਸਾਰੇ ਉਸ ਦਾ ਹੁਕਮ ਮੰਨਣ ਪਰ ਕਾਂਗਰਸ ਨੇ ਇਹ ਖੁੱਲ੍ਹ ਨਾ ਦਿੱਤੀ ਅਤੇ ਇਸ ਮਾਮਲੇ ’ਚ ਫਿਰ ਗੱਲ ਅੱਗੇ ਨਾ ਵਧ ਸਕੀ। ਅਸਲ ’ਚ ਪ੍ਰਸ਼ਾਂਤ ਕਿਸ਼ੋਰ ਹੁਣ ਸਿਰਫ਼ ਚੋਣ ਰਣਨੀਤੀਕਾਰ ਹੀ ਨਹੀਂ ਸੀ ਰਹਿਣਾ ਚਾਹੁੰਦਾ। ਅਖ਼ੀਰ ਉਸ ਨੇ ਆਪਣੇ ਪਿੱਤਰੀ ਰਾਜ ਬਿਹਾਰ ਵਿੱਚ ਰਣਨੀਤੀਕਾਰ ਵਜੋਂ ਨਹੀਂ ਸਗੋਂ ਰਾਜਨੀਤਕ ਚਿੰਤਕ ਅਤੇ ਕਾਰਕੁਨ ਵਜੋਂ ਵੀ ਉਭਰਨ ਦੀ ਕੋਸ਼ਿਸ਼ ਕੀਤੀ। ਉਹ ਪਿਛਲੇ ਕੁਝ ਸਮੇਂ ਤੋਂ ਚੋਣਾਂ ਦੇ ਨਤੀਜਿਆਂ ਦੀ ਪੇਸ਼ੀਨਗੋਈ ਜ਼ਿਆਦਾ ਕਰਨ ਲੱਗਿਆ ਹੈ। ਪ੍ਰਸ਼ਾਂਤ ਕਿਸ਼ੋਰ ਦੀ ਕਰਨ ਥਾਪਰ ਨਾਲ ਇੰਟਰਵਿਊ ਨੂੰ ਇਸੇ ਸੰਦਰਭ ’ਚ ਦੇਖਿਆ ਜਾਣਾ ਬਣਦਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ‘ਜਨ ਸੁਰਾਜ’ ਨਾਂ ਦਾ ਅੰਦੋਲਨ ਸ਼ੁਰੂ ਕੀਤਾ ਜਿਸ ਨੇ ਸਿਆਸੀ ਪਾਰਟੀ ਦਾ ਰੂਪ ਅਜੇ ਲੈਣਾ ਹੈ। ਕਿਹਾ ਜਾਂਦਾ ਹੈ ਕਿ ਇਸ ਅੰਦੋਲਨ ਲਈ ਰੋਜ਼ਾਨਾ ਡੇਢ ਹਜ਼ਾਰ ਵਿਅਕਤੀਆਂ ਦਾ ਖਾਣਾ ਪੱਕਦਾ ਹੈ। ਇਸ ਲਈ ਫੰਡਿੰਗ ਬਾਰੇ ਜਦੋਂ ਪ੍ਰਸ਼ਾਂਤ ਕਿਸ਼ੋਰ ਤੋਂ ਸਵਾਲ ਪੁੱਛਿਆ ਜਾਂਦਾ ਤਾਂ ਉਹ ਹਮੇਸ਼ਾ ਕਹਿੰਦਾ ਰਿਹਾ ਹੈ, ‘‘ਜਿਨ੍ਹਾਂ ਦੀ ਮੈਂ ਮਦਦ ਕੀਤੀ ਹੈ, ਉਹ ਹੁਣ ਮੇਰੀ ਮਦਦ ਕਰ ਰਹੇ ਹਨ।’’ ਪ੍ਰਸ਼ਾਂਤ ਦੇ ਮਦਦਗਾਰ ਹਮੇਸ਼ਾ ਪਰਦੇ ਪਿੱਛੇ ਹੀ ਰਹੇ ਹਨ ਤੇ ਉਸ ਨੇ ਵੀ ਕਦੇ ਖੁੱਲ੍ਹ ਕੇ ਉਨ੍ਹਾਂ ਦਾ ਨਾਂ ਨਹੀਂ ਲਿਆ।
ਇਸ ਚਰਚਿਤ ਇੰਟਰਵਿਊ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਨਾ ਤਾਂ ਕਰਨ ਥਾਪਰ ਦੀ ਗੱਲ ਪੂਰੀ ਹੋਣ ਦਿੰਦਾ ਹੈ ਅਤੇ ਨਾ ਹੀ ਉਸ ਦੇ ਸਵਾਲ ਦਾ ਜਵਾਬ ਦਿੰਦਾ ਹੈ, ਸਗੋਂ ‘ਵੀਡੀਓ ਦਿਖਾਓ...… ਵੀਡੀਓ ਦਿਖਾਓ’ ਦੀ ਮੁਹਾਰਨੀ ਪੜ੍ਹੀ ਜਾਂਦਾ ਹੈ। ਕਰਨ ਜਦੋਂ ਉਸ ਨੂੰ ਵੈੱਬਸਾਈਟ ਅਤੇ ਅਖ਼ਬਾਰਾਂ ’ਚ ਛਪੇ ਉਸ ਦੇ ਬਿਆਨਾਂ ਦਾ ਹਵਾਲਾ ਦਿੰਦਾ ਹੈ ਤਾਂ ਉਸ ਦਾ ਅੱਗੋਂ ਜਵਾਬ ਹੈ, ‘‘ਅਖ਼ਬਾਰਾਂ ’ਚ ਜੋ ਵੀ ਲਿਖਿਆ ਹੈ, ਮੈਂ ਉਸ ਨੂੰ ਨਹੀਂ ਮੰਨਦਾ। ਅਖ਼ਬਾਰਾਂ ਕੁਝ ਵੀ ਲਿਖ ਸਕਦੀਆਂ ਹਨ।’’ ਏਨਾ ਹੀ ਨਹੀਂ, ਉਹ ਥਾਪਰ ਨੂੰ ਇਹ ਵੀ ਕਹਿੰਦਾ ਸੁਣਾਈ ਦਿੰਦਾ ਹੈ, ‘‘ਜਦੋਂ ਮੈਂ ਇੱਥੋਂ ਚਲਾ ਗਿਆ, ਤੂੰ ਆਪਣੀ ਨਿਊਜ਼ ਪਬਲੀਕੇਸ਼ਨ ਵਿੱਚ ਕੁਝ ਵੀ ਲਿਖ ਸਕਦਾ ਹੈਂ। ਮੈਂ ਇਸ ਨੂੰ (ਅਖ਼ਬਾਰ ’ਚ ਛਪੀ ਗੱਲ) ਨਹੀਂ ਮੰਨਦਾ।’’ ਪ੍ਰਸ਼ਾਂਤ ਕਿਸ਼ੋਰ ਏਨਾ ਚਲਾਕ ਹੈ ਕਿ ਉਸ ਨੂੰ ਪਤਾ ਹੈ ਕਿ ਉਸ ਵੱਲੋਂ ਕੀਤੀ ਗਈ ਇਸ ਪੇਸ਼ੀਨਗੋਈ ਦੀ ਕੋਈ ਵੀਡੀਓ ਨਹੀਂ ਤੇ ਇਸ ਬਾਰੇ ਅਖ਼ਬਾਰਾਂ ਵਿੱਚ ਛਪੇ ਬਿਆਨਾਂ ਨੂੰ ਮੰਨਣ ਤੋਂ ਉਹ ਕੋਰਾ ਚਿੱਟਾ ਜਵਾਬ ਦੇ ਦਿੰਦਾ ਹੈ। ਹਮਲਾਵਰ ਰੁਖ਼ ਆਪਣੇ ਬਚਾਅ ਦਾ ਸਭ ਤੋਂ ਕਾਰਗਰ ਢੰਗ ਹੁੰਦਾ ਹੈ ਤੇ ਇਸੇ ਨੀਤੀ ’ਤੇ ਅਮਲ ਕਰਦਿਆਂ ਉਹ ਕਰਨ ਥਾਪਰ ’ਤੇ ਹਾਵੀ ਹੋ ਕੇ ਖ਼ੁਦ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਰਨ ਥਾਪਰ ਉਸ ਦੇ ਹੱਲਿਆਂ ਤੋਂ ਜ਼ਰਾ ਵੀ ਆਪਾ ਨਹੀਂ ਗੁਆਉਂਦਾ ਅਤੇ ਉਸ ਨੂੰ ਸਵਾਲ ਕਰਦਾ ਹੈ ਕਿ ਕੀ ਉਹ ਇਸ ਇੰਟਰਵਿਊ ਨੂੰ ਇੱਥੇ ਹੀ ਮੁਕਾਉਣਾ ਚਾਹੁੰਦਾ ਹੈ। ਇਹ ਸੁਣ ਕੇ ਪ੍ਰਸ਼ਾਂਤ ਫਿਰ ਕਰਨ ਥਾਪਰ ’ਤੇ ਚੜ੍ਹ ਜਾਂਦਾ ਹੈ, ‘‘ਤੂੰ ਗ਼ਲਤੀ ਕਰ ਲਈ ਹੈ।’’ ਉਹ ਇਹੀ ਗੱਲ ਕੋਈ ਪੰਜ ਵਾਰੀ ਕਹਿੰਦਾ ਹੈ। ਥਾਪਰ ਵੀ ਉਸ ਨੂੰ ਚਾਰ ਵਾਰੀ ਕਹਿੰਦਾ ਹੈ, ‘‘ਮੈਨੂੰ ਆਪਣੀ ਗੱਲ ਪੂਰੀ ਕਰ ਲੈਣ ਦਿਓ।’’
ਕਰਨ ਦੀ ਦਲੀਲ ਸੀ ਕਿ ਉਹ ਤਾਂ ਅਖ਼ਬਾਰਾਂ ਵਿਚਲੇ ਬਿਆਨ ਦੇ ਆਧਾਰ ’ਤੇ ਹਵਾਲਾ ਦੇ ਰਿਹਾ ਹੈ। ਪ੍ਰਸ਼ਾਂਤ ਕਿਸ਼ੋਰ ਉਸ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਸ ’ਤੇ ਦੋਸ਼ ਲਾਉਣ ਲੱਗਦਾ ਹੈ ਕਿ ਉਹ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਡਰੇਗਾ ਨਹੀਂ। ਉਹ ਕਰਨ ਥਾਪਰ ’ਤੇ ਉੱਚੀ ਆਵਾਜ਼ ’ਚ ਗੱਲ ਕਰਨ ਦਾ ਦੋਸ਼ ਵੀ ਲਾਉਂਦਾ ਹੈ। ਕਰਨ ਉਸ ਨੂੰ ਕਹਿੰਦਾ ਹੈ ਕਿ ਉੱਚੀ ਆਵਾਜ਼ ’ਚ ਤਾਂ ਸਗੋਂ ਉਹ ਬੋਲ ਰਿਹਾ ਹੈ ਪਰ ਪ੍ਰਸ਼ਾਂਤ ਕਿਸ਼ੋਰ ਕਰਨ ਥਾਪਰ ’ਤੇ ਹਾਵੀ ਹੋਣ ਦੇ ਯਤਨ ਨਹੀਂ ਛੱਡਦਾ। ਇਸ ਮੁਕਾਮ ’ਤੇ ਕਰਨ ਥਾਪਰ ਪ੍ਰਸ਼ਾਂਤ ਨੂੰ ਫਿਰ ਪੁੱਛਦਾ ਹੈ ਕਿ ਉਹ ਇਹ ਇੰਟਰਿਵਊ ਇੱਥੇ ਹੀ ਮੁਕਾਉਣੀ ਚਾਹੁੰਦਾ ਹੈ ਤਾਂ ਪ੍ਰਸ਼ਾਂਤ ਇਕਦਮ ਭੜਕ ਜਾਂਦਾ ਹੈ ਤੇ ਕਹਿੰਦਾ ਹੈ, ‘‘ਤੂੰ ਬਹੁਤ ਚਲਾਕ ਪੱਤਰਕਾਰ ਹੈਂ ਜੋ ਚਾਹੁੰਦਾ ਹੈਂ ਕਿ ਮੈਂ ਇਹ ਇੰਟਰਵਿਊ ਛੱਡ ਜਾਵਾਂ ਪਰ ਮੈਂ ਤੈਨੂੰ ਇਹ ਖ਼ੁਸ਼ੀ ਹਾਸਲ ਨਹੀਂ ਹੋਣ ਦੇਣੀ। ਮੈਂ ਤੇਰਾ ਸਾਹਮਣਾ ਕਰ ਸਕਦਾ ਹਾਂ। ਮੈਂ ਇੰਟਰਵਿਊ ਛੱਡ ਕੇ ਨਹੀਂ ਜਾਵਾਂਗਾ।’’

Advertisement

ਇੱਥੇ ਕਰਨ ਥਾਪਰ ਸਹਿਜ ਨਾਲ ਟਿੱਪਣੀ ਕਰਦਾ ਹੈ, ‘‘ਮੇਰੇ ਇੱਕ ਸਵਾਲ ’ਤੇ ਤੇਰਾ ਅਜਿਹਾ ਹਮਲਾਵਰ ਰਵੱਈਆ ਦਰਸ਼ਕਾਂ ਦੀ ਦਿਲਚਸਪੀ ਦਾ ਸਬੱਬ ਹੋਵੇਗਾ।’’ ਕਰਨ ਦੇ ਇਸ ਇੱਕ ਫ਼ਿਕਰੇ ਨੇ ਉਸ ਦੇ ਸਮੁੱਚੇ ਕਿਰਦਾਰ ਨੂੰ ਸਭ ਦੇ ਸਾਹਮਣੇ ਲਿਆ ਦਿੱਤਾ। ਇੱਥੇ ਦਿਲਚਸਪ ਗੱਲ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਆਪਣੀਆਂ ਪੁਰਾਣੀਆਂ ਇੰਟਰਵਿਊਜ਼ ਵਿੱਚ ਨਰਿੰਦਰ ਮੋਦੀ ਵੱਲੋਂ ਕਰਨ ਥਾਪਰ ਦੀ ਇੰਟਰਵਿਊ ’ਚੋਂ ਵਾਕਆਊਟ ਕਰਨ ਦੇ ਸੰਦਰਭ ’ਚ ਕਿਹਾ ਸੀ ਕਿ ਉਸ ਨੇ ਉਹ ਵੀਡੀਓ ਵਾਰ-ਵਾਰ ਦਿਖਾ ਕੇ ਸ੍ਰੀ ਮੋਦੀ ਨੂੰ ਦੱਸਿਆ ਸੀ ਕਿ ਉਸ ਸੂਰਤ ਵਿੱਚ ਉਨ੍ਹਾਂ ਦਾ ਪ੍ਰਤੀਕਰਮ ਕੀ ਹੋਣਾ ਚਾਹੀਦਾ ਸੀ। ਨਰਿੰਦਰ ਮੋਦੀ ਨੂੰ ਕਰਨ ਥਾਪਰ ਨਾਲ ‘ਸਿੱਝਣ’ ਦਾ ਸਹੀ ਢੰਗ ਸਮਝਾਉਣ ਵਾਲਾ ਖ਼ੁਦ ਕਰਨ ਥਾਪਰ ਅੱਗੇ ਆਪਾ ਗੁਆ ਬੈਠਿਆ।
ਕਿਸੇ ਵੀ ਅਜਿਹੀ ਇੰਟਰਵਿਊ ਦੇ ਮਾਅਨੇ ਉਦੋਂ ਹੋਰ ਵੀ ਡੂੰਘੇ ਹੋ ਜਾਂਦੇ ਹਨ ਜਦੋਂ ਉਹ 46 ਦਿਨਾਂ ਤੱਕ ਚੱਲਣ ਵਾਲੀ ਚੋਣ ਪ੍ਰਕਿਰਿਆ ਦੇ ਦਰਮਿਆਨ ਕੀਤੀ ਜਾਵੇ। ਦਰਸ਼ਕਾਂ ਅਤੇ ਪਾਠਕਾਂ ਨੂੰ ਅਜਿਹੀ ਇੰਟਰਵਿਊ ਦੇ ਮਕਸਦ ਨੂੰ ਸਮਝਣ ਲਈ ਇੰਟਰਵਿਊ ਲੈਣ ਵਾਲੇ ਅਤੇ ਦੇਣ ਵਾਲੇ ਦੋਹਾਂ ਮਹਾਰਥੀਆਂ ਵੱਲੋਂ ਬੋਲੇ ਜਾਂਦੇ ਸ਼ਬਦਾਂ ਤੋਂ ਅਗਾਂਹ ਜਾਣਾ ਪਏਗਾ। ਉਨ੍ਹਾਂ ਵੱਲੋਂ ਬੋਲੇ ਗਏ ਸ਼ਬਦਾਂ ਤੇ ਵਾਕਾਂ ਤੋਂ ਅਗਾਂਹ ਜਾਂਦਿਆਂ ਦੋਹਾਂ ਦੇ ਲਹਿਜੇ, ਭਾਵ, ਸੁਰ, ਅੰਦਾਜ਼, ਸਰੀਰਕ ਭਾਸ਼ਾ ਤੋਂ ਵੀ ਕਈ ਲੁਕਵੇਂ ਅਰਥ ਲੱਭਣੇ ਪੈਣਗੇ। ਹੁਣ ਜਦੋਂ ਆਪਸੀ ਤਾਲਮੇਲ ਨਾਲ ਬਹੁਤ ਹੀ ਸੰਤੁਲਿਤ ਤੇ ਮੁਹੱਬਤੀ ਮੁਲਾਕਾਤਾਂ ਦਾ ਜ਼ਮਾਨਾ ਹੈ ਤਾਂ ਇਹੋ ਜਿਹੀ ਭਖਵੀਂ ਮੁਲਾਕਾਤ ਦੇ ਮਾਅਨੇ ਉਹ ਤਾਂ ਹਰਗਿਜ਼ ਨਹੀਂ ਨਿਕਲੇ ਜਿਸ ਦੀ ਤਵੱਕੋ ਇੰਟਰਵਿਊ ਦੇਣ ਵਾਲੇ ਨੇ ਕੀਤੀ ਹੋਵੇਗੀ। ਮਨੁੱਖੀ ਫਿਤਰਤ ਹੈ ਕਿ ਜਦੋਂ ਉਹ ਆਪਣੇ ਆਪ ਨੂੰ ਘਿਰਦਾ ਦੇਖ ਕੇ ਤਰਕ ਜਾਂ ਦਲੀਲ ਨਾਲ ਆਪਣਾ ਬਚਾਅ ਨਹੀਂ ਕਰ ਸਕਦਾ ਤਾਂ ਹਮਲਾਵਰ ਰੁਖ਼ ਅਪਣਾ ਲੈਂਦਾ ਹੈ ਅਤੇ ਸਾਹਮਣੇ ਵਾਲੇ ਨੂੰ ਚੁਣੌਤੀ ਦੇ ਕੇ ਤੇ ਉੱਚਾ ਬੋਲ ਕੇ ਆਪਣੇ ਆਪ ਨੂੰ ਸੱਚਾ-ਸੁੱਚਾ ਸਾਬਤ ਕਰਨਾ ਚਾਹੁੰਦਾ ਹੈ। ਕੁਝ ਵੀ ਕਹੋ, ਆਉਂਦੇ ਸਮੇਂ ’ਚ ਇਸ ਮੁਲਾਕਾਤ ਦੀ ਹੋਰ ਵੀ ਬਾਰੀਕਬੀਨੀ ਨਾਲ ਪੁਣ-ਛਾਣ ਕੀਤੀ ਜਾਵੇਗੀ। ਕਹੇ ਗਏ ਦੀ ਥਾਂ ਛੁਪਾਏ ਗਏ ਸੱਚ ਨੂੰ ਫੜਨ ਦੀ ਕੋਸ਼ਿਸ਼ ਹੋਵੇਗੀ। ਪ੍ਰਸ਼ਾਂਤ ਕਿਸ਼ੋਰ ਦੀਆਂ ਉਨ੍ਹਾਂ ਮਿੱਠੀਆਂ-ਮਿੱਠੀਆਂ ਲੜੀਵਾਰ ਇੰਟਰਵਿਊਜ਼ ਵਿੱਚ ਸਿਰਫ਼ ਉਹ ਕੁਝ ਫੜਿਆ ਗਿਆ ਜੋ ਉਸ ਨੇ ਕਿਹਾ ਸੀ ਪਰ ਕਰਨ ਥਾਪਰ ਨੇ ਅਣਕਿਹਾ ਵੀ ਫੜ ਲਿਆ ਜਿਸ ਨਾਲ ਪ੍ਰਸ਼ਾਂਤ ਕਿਸ਼ੋਰ ਦਾ ਅਸਲ ਕਿਰਦਾਰ ਉੱਭਰ ਕੇ ਸਾਹਮਣੇ ਆ ਗਿਆ।

Advertisement
Author Image

sukhwinder singh

View all posts

Advertisement
Advertisement
×