ਮੀਟਿੰਗ ਤੈਅ ਕਰਕੇ ਮੰਤਰੀ ਦੇ ਨਾ ਪਹੁੰਚਣ ਤੋਂ ਭੜਕੇ ਬੇਰੁਜ਼ਗਾਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਨਵੰਬਰ
ਅਪ੍ਰੈਂਟਿਸਸ਼ਿਪ ਪਾਸ ਵਰਕਰਜ਼ ਯੂਨੀਅਨ (1500) ਪੰਜਾਬ ਦੇ ਵਰਕਰਾਂ ਵੱਲੋਂ ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਕੱਢ ਕੇ ਪੱਕੀ ਭਰਤੀ ਕਰਨ ਦੀ ਮੰਗ ਦੀ ਪੂਰਤੀ ਲਈ ਪਾਵਰਕੌਮ ਦਫ਼ਤਰ ਅੱਗੇ 25 ਨਵੰਬਰ ਤੋਂ ਸ਼ੁਰੂ ਕੀਤਾ ਗਿਆ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਤਿੰਨ ਦਿਨ ਤਾਂ ਇਨ੍ਹਾਂ ਨੇ ਭਾਵੇਂ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ ਪਰ ਮੈਨੇਜਮੈਂਟ ਵੱਲੋਂ ਅੱਜ ਲਈ ਚੰਡੀਗੜ੍ਹ ’ਚ ਮੁਕੱਰਰ ਕਰਵਾਈ ਗਈ ਮੀਟਿੰਗ ’ਚ ਬਿਜਲੀ ਮੰਤਰੀ ਦੇ ਨਾ ਪਹੁੰਚਣ ਤੋਂ ਭੜਕੇ ਇਨ੍ਹਾਂ ਵਰਕਰਾਂ ਨੇ ਮਾਲ ਰੋਡ ਜਾਮ ਕਰਕੇ ਪਾਵਰਕੌਮ ਦੇ ਮੁੱਖ ਗੇਟ ਦਾ ਘਿਰਾਓ ਕੀਤਾ। ਇਸ ਦੌਰਾਨ ਇੱਥੇ ਆਵਾਜਾਈ ਵੀ ਪ੍ਰਭਾਵਿਤ ਹੋਈ। ਫੇਰ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਜਲਦੀ ਹੀ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਉਨ੍ਹਾਂ ਗੇਟ ਦੇ ਮੂਹਰੋਂ ਧਰਨਾ ਸਮਾਪਤ ਕੀਤਾ। ਉਂਜ ਇਸੇ ਦੌਰਾਨ ਦਫ਼ਤਰ ਸਾਹਮਣੇ ਮਾਲ ਰੋਡ ਦੇ ਇੱਕ ਪਾਸੇ ਮੰਗਾਂ ਦੀ ਪੂਰਤੀ ਤੱਕ ਧਰਨਾ ਜਾਰੀ ਸੀ। ਇਸ ਦੌਰਾਨ ਮੰਗਾਂ ਮੰਨੇ ਜਾਣ ਤੱਕ ਇਸ ਧਰਨੇ ਨੂੰ ਜਾਰੀ ਰੱਖਣ ਦਾ ਅਹਿਦ ਲਿਆ ਗਿਆ।
ਧਰਨੇ ਦੀ ਅਗਵਾਈ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਪਾਵਰਕੌਮ ਮੈਨੇਜਮੈਂਟ ਸਹਾਇਕ ਲਾਈਨਮੈਨਾਂ ਦੀ ਨਵੀਂ ਭਰਤੀ ਲਈ ਪੋਸਟਾਂ ਨਹੀਂ ਕੱਢਦੀ ਉਦੋਂ ਤੱਕ ਧਰਨਾ ਇਥੇ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਉਨ੍ਹਾਂ ਦੀ 1900 ਦੇ ਕਰੀਬ ਗਿਣਤੀ ਹੈ ਤੇ ਸਰਕਾਰ ਉਨ੍ਹਾਂ ਲਈ ਤੁਰੰਤ ਆਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ ਕਰਕੇ ਭਰਤੀ ਪ੍ਰਕ੍ਰਿਆ ਸ਼ੁਰੂ ਕਰੇ। ਉਨ੍ਹਾਂ ਕਿਹਾ ਿਕ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।