ਭਾਰਤੀ ਕ੍ਰਿਕਟ ਦੀ ਅਨਿਸ਼ਚਤਤਾ
ਭਾਰਤੀ ਕ੍ਰਿਕਟ ਲਈ ਨਵੇਂ ਸਾਲ ਦੀ ਸ਼ੁਰੂਆਤ ਅਸ਼ੁੱਭ ਰਹੀ ਹੈ। ਪੁਰਸ਼ ਟੀਮ ਆਸਟੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਫ਼ੈਸਲਾਕੁਨ ਮੁਕਾਬਲੇ ’ਚ ਆਪਣੇ ਨਿਯਮਿਤ ਕਪਤਾਨ ਰੋਹਿਤ ਸ਼ਰਮਾ ਤੋਂ ਬਗੈਰ ਖੇਡ ਰਹੀ ਹੈ। ਲੰਮੇ ਸਮੇਂ ਤੋਂ ਉਸ ਦੇ ਖ਼ਰਾਬ ਪ੍ਰਦਰਸ਼ਨ ਨੇ ਉਸ ਨੂੰ ਹਟਣ ਲਈ ਮਜਬੂਰ ਕੀਤਾ ਜਾਂ ਫਿਰ ਉਸ ਨੇ ਖ਼ੁਦ ‘ਆਰਾਮ ਕਰਨਾ ਚੁਣਿਆ’, ਜਿਵੇਂ ਕਿ ਆਰਜ਼ੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਸੱਭਿਅਕ ਸ਼ਬਦਾਂ ’ਚ ਬਿਆਨ ਕੀਤਾ ਹੈ। ਹਾਲਾਂਕਿ ਇੱਕ ਕਪਤਾਨ ਲਈ ਇਹ ਅਟਪਟੀ ਗੱਲ ਹੈ ਕਿ ਉਹ ਮੈਦਾਨ ’ਚ ਆਉਣ ਤੋਂ ਪਿਛਾਂਹ ਹਟੇ ਪਰ ਉਸ ਦੀ ਕੁਰਬਾਨੀ ਵੀ ਟੀਮ ਦੇ ਕਿਸੇ ਕੰਮ ਨਹੀਂ ਆਈ ਤੇ ਟਾਸ ਜਿੱਤਣ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਇਹ 185 ਦੌੜਾਂ ਉੱਤੇ ਆਊਟ ਹੋ ਗਈ। ਭਾਰੂ ਪੈ ਰਹੀ ਆਸਟਰੇਲਿਆਈ ਟੀਮ ਲੜੀ ਜਿੱਤਣ ਦੇ ਕਰੀਬ ਢੁਕ ਗਈ ਹੈ, ਬਸ਼ਰਤੇ ਭਾਰਤ ਸਿਡਨੀ ਟੈਸਟ ਵਿੱਚ ਅਸੰਭਵ ਜਾਪਦੀ ਜਿੱਤ ਦਰਜ ਕਰ ਕੇ ਦਿਖਾਏ।
ਪਰਥ ’ਚ ਪਹਿਲੇ ਮੈਚ ਵਿੱਚ ਸ਼ਾਨਦਾਰ ਜਿੱਤ ਨਾਲ ਦੌਰੇ ਦਾ ਆਗਾਜ਼ ਕਰਨ ਤੋਂ ਬਾਅਦ ਹਾਲੀਆ ਹਫ਼ਤਿਆਂ ’ਚ ਹਵਾ ਬਿਲਕੁਲ ਟੀਮ ਦੇ ਵਿਰੁੱਧ ਜਾਂਦੀ ਨਜ਼ਰ ਆਈ ਹੈ। ਆਸਟਰੇਲਿਆਈ ਟੀਮ ਨੇ ਨਾ ਸਿਰਫ਼ ਮਜ਼ਬੂਤੀ ਨਾਲ ਵਾਪਸੀ ਕੀਤੀ ਹੈ ਬਲਕਿ ਭਾਰਤ ਦੇ ਮੋਹਰੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵੀ ਬੰਨ੍ਹ ਕੇ ਰੱਖਿਆ ਹੈ। ਕੋਹਲੀ ਨੇ ਚੀਜ਼ਾਂ ਉਸ ਵੇਲੇ ਹੋਰ ਵੀ ਬਦਤਰ ਕਰ ਦਿੱਤੀਆਂ ਜਦੋਂ ਜੁਆਨ ਬੱਲੇਬਾਜ਼ ਸੈਮ ਕੌਂਸਟਾਸ ਨੂੰ ਮੈਲਬਰਨ ਟੈਸਟ ਵਿੱਚ ਮੋਢਾ ਮਾਰਿਆ ਜਿਸ ਕਰ ਕੇ ਉਸ ਨੂੰ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਗਿਆ ਤੇ ਕੌਮਾਂਤਰੀ ਕ੍ਰਿਕਟ ਪਰਿਸ਼ਦ ਵੱਲੋਂ ਉਸ ਦੇ ਅੰਕ ਵੀ ਘਟਾਏ ਗਏ। ਭਾਰਤ ਮੈਚ ਹਾਰ ਗਿਆ ਤੇ ਮੁੱਖ ਕੋਚ ਗੌਤਮ ਗੰਭੀਰ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਤੋਂ ਗੁਰੇਜ਼ ਨਹੀਂ ਕੀਤਾ।
ਕੌੜਾ ਸੱਚ ਇਹ ਹੈ ਕਿ ਰੋਹਿਤ ਤੇ ਵਿਰਾਟ ਜੋ ਦੋਵੇਂ ਆਪੋ-ਆਪਣੇ ਤਰੀਕੇ ਨਾਲ ਬਿਹਤਰੀਨ ਬੱਲੇਬਾਜ਼ ਹਨ, ਟੈਸਟ ਕ੍ਰਿਕਟ ’ਚ ਸਿਖ਼ਰਾਂ ਛੂਹ ਕੇ ਹੁਣ ਅਗਾਂਹ ਲੰਘ ਚੁੱਕੇ ਹਨ। ਇਨ੍ਹਾਂ ਦੇ ਸੰਨਿਆਸ ਦੀ ਮੰਗ ਹੁਣ ਦਿਨੋਂ-ਦਿਨ ਜ਼ੋਰ ਫੜਦੀ ਜਾ ਰਹੀ ਹੈ। ਟੀਮ ਬਦਲਾਅ ਦੇ ਮੁਸ਼ਕਿਲ ਦੌਰ ਵਿੱਚੋਂ ਲੰਘ ਰਹੀ ਹੈ, ਜਿੱਥੇ ਰਵੀਚੰਦਰਨ ਅਸ਼ਿਵਨ ਵਰਗਾ ਤਜਰਬੇਕਾਰ ਗੇਂਦਬਾਜ਼ ਪਹਿਲਾਂ ਹੀ ਆਪਣੇ ਸ਼ਾਨਦਾਰ ਟੈਸਟ ਕਰੀਅਰ ਨੂੰ ਅਲਵਿਦਾ ਕਹਿ ਗਿਆ ਹੈ। ਪਿਛਲੇ ਸਾਲ ਨਿਊਜ਼ੀਲੈਂਡ ਤੋਂ ਮਿਲੀ ਕਰਾਰੀ ਹਾਰ ਨੇ ਆਪਣੀ ਧਰਤੀ ’ਤੇ ਅਜਿੱਤ ਹੋਣ ਦੇ ਭਾਰਤ ਦੇ ਦਾਅਵੇ ਦੀ ਵੀ ਫੂਕ ਕੱਢ ਦਿੱਤੀ ਹੈ। ਇਸ ਸਾਲ ਆਉਣ ਵਾਲੇ ਮੁਕਾਬਲਿਆਂ ’ਚ ਟੀਮ ਦੀ ਦ੍ਰਿੜ੍ਹਤਾ ਦੀ ਹੋਰ ਪਰਖ਼ ਹੋਵੇਗੀ।