ਟਰੂਡੋ ਸਰਕਾਰ ਿਨਆਂ ਯਕੀਨੀ ਬਣਾਏ: ਮੋਦੀ
ਕੈਨੇਡਾ ਵਿੱਚ ਬਰੈਂਪਟਨ ਦੇ ਮੰਦਰ ’ਤੇ ਹਮਲਾ
ਟ੍ਰਿਬਿਊਨ ਨਿਊਜ਼ ਸਰਵਿਸ/ਪੀਟੀਆਈ
ਨਵੀਂ ਦਿੱਲੀ/ਚੰਡੀਗੜ੍ਹ, 4 ਨਵੰਬਰ
ਖਾਲਿਸਤਾਨ ਪੱਖੀ ਭੀੜ ਵੱਲੋਂ ਬਰੈਂਪਟਨ ਦੇ ਇੱਕ ਮੰਦਰ ’ਤੇ ਹਮਲੇ ਦੀ ਨਿੰਦਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਸਰਕਾਰ ਨੂੰ ਕਿਹਾ ਕਿ ਉਹ ਇਸ ਮਾਮਲੇ ’ਚ ਇਨਸਾਫ ਯਕੀਨੀ ਬਣਾਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਐਕਸ’ ’ਤੇ ਕਿਹਾ ਕਿ ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਭਾਰਤ ਦੇ ਸੰਕਲਪ ਨੂੰ ਕਦੀ ਕਮਜ਼ੋਰ ਨਹੀਂ ਕਰ ਸਕਦੀਆਂ। ਉਨ੍ਹਾਂ ਉਮੀਦ ਜਤਾਈ ਕਿ ਕੈਨੇਡਾ ਸਰਕਾਰ ਨਿਆਂ ਯਕੀਨੀ ਬਣਾਏਗੀ ਤੇ ਕਾਨੂੰਨ ਦਾ ਸ਼ਾਸਨ ਬਣਾਏ ਰੱਖੇਗੀ। ਮੋਦੀ ਨੇ ਐਕਸ ’ਤੇ ਕਿਹਾ, ‘ਮੈਂ ਕੈਨੇਡਾ ’ਚ ਹਿੰਦੂ ਮੰਦਿਰ ’ਚ ਕੀਤੇ ਗਏ ਹਮਲੇ ਦੀ ਨਿੰਦਾ ਕਰਦਾ ਹਾਂ। ਸਾਡੇ ਕੂਟਨੀਤਕਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਉਨੀ ਹੀ ਭਿਆਨਕ ਹੈ।’ ਸਰਕਾਰੀ ਸੂਤਰਾਂ ਅਨੁਸਾਰ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਾਲੇ ਪੈਦਾ ਹੋਏ ਤਣਾਅ ਮਗਰੋਂ ਪ੍ਰਧਾਨ ਮੰਤਰੀ ਮੋਦੀ ਦਾ ਇਹ ਪਹਿਲਾ ਬਿਆਨ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬਰੈਂਪਟਨ ’ਚ ਇੱਕ ਮੰਦਰ ’ਚ ਭਾਰਤੀ ਕੌਂਸੁਲੇਟ ਵੱਲੋਂ ਲਾਏ ਗਏ ਕੈਂਪ ਦਾ ਵਿਰੋਧ ਕਰ ਰਹੇ ਖਾਲਿਸਤਾਨ ਹਮਾਇਤੀਆਂ ਦੀ ਉੱਥੇ ਮੌਜੂਦ ਲੋਕਾਂ ਨਾਲ ਝੜਪ ਹੋ ਗਈ ਜਿਸ ਨੇ ਮਗਰੋਂ ਹਿੰਸਕ ਰੂਪ ਧਾਰ ਲਿਆ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦੇ ਸਰੀ ’ਚ ਵੀ ਹਿੰਸਾ ਦੀ ਘਟਨਾ ਵਾਪਰੀ ਹੈ। ਇਨ੍ਹਾਂ ਦੋਵੇਂ ਰੋਸ ਮੁਜ਼ਾਹਰੇ ਭਾਰਤੀ ਹਾਈ ਕਮਿਸ਼ਨਰ ਦੇ ਅਧਿਕਾਰੀਆਂ ਵੱਲੋਂ ਲਾਏ ਗਏ ਕੈਂਪਾਂ ਦਾ ਵਿਰੋਧ ਕਰਨ ਲਈ ਕੀਤੇ ਗਏ ਸਨ। ‘ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ’ ਦੀ ਰਿਪੋਰਟ ਅਨੁਸਾਰ ਪੀਲ ਖੇਤਰੀ ਪੁਲੀਸ ਨੇ ਅੱਜ ਦੱਸਿਆ ਕਿ ਬਰੈਂਪਟਨ ਦੇ ਮੰਦਰ ’ਚ ਮੁਜ਼ਾਹਰਾ ਹੋਇਆ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਘਟਨਾ ਦੀਆਂ ਕੁਝ ਅਪੁਸ਼ਟ ਵੀਡੀਓਜ਼ ’ਚ ਪ੍ਰਦਰਸ਼ਨਕਾਰੀ ਕਥਿਤ ਖਾਲਿਸਤਾਨ ਦੀ ਹਮਾਇਤ ’ਚ ਬੈਨਰ ਫੜੀ ਨਜ਼ਰ ਆਏ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵੀਡੀਓ ’ਚ ਲੋਕ ਇੱਕ-ਦੂਜੇ ਨੂੰ ਘਸੁੰਨ-ਮੁੱਕੇ ਮਾਰਦੇ ਅਤੇ ਡੰਡਿਆਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਹਨ ਅਤੇ ਇਹ ਘਟਨਾ ਹਿੰਦੂ ਸਭਾ ਮੰਦਰ ਨੇੜਲੇ ਮੈਦਾਨ ’ਚ ਵਾਪਰਦੀ ਪ੍ਰਤੀਤ ਹੋ ਰਹੀ ਹੈ। ਇਸੇ ਦੌਰਾਨ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ। ਹਾਈ ਕਮਿਸ਼ਨ ਨੇ ਕਿਹਾ, ‘ਅਸੀਂ ਟੋਰੰਟੋ ਨੇੜੇ ਬਰੈਂਪਟਨ ’ਚ ਹਿੰਦੂ ਸਭਾ ਮੰਦਰ ਨਾਲ ਮਿਲ ਕੇ ਲਾਏ ਗਏ ਕੌਂਸੁਲੇਟ ਦੇ ਇੱਕ ਕੈਂਪ ਦੇ ਬਾਹਰ ਅੱਜ (3 ਨਵੰਬਰ ਨੂੰ) ਹਿੰਸਾ ਦੇਖੀ, ਜਿਸ ਨੂੰ ਭਾਰਤ ਵਿਰੋਧੀ ਤੱਤਾਂ ਨੇ ਅੰਜਾਮ ਦਿੱਤਾ ਸੀ।’ ਬਰੈਂਪਟਨ ਦੇ ਮੇਅਰ ਪੈੱਟ੍ਰਿਕ ਬ੍ਰਾਊਨ, ਵਿਰੋਧੀ ਧਿਰ ਦੇ ਨੇਤਾ ਪੀਅਰ ਪੋਲੀਵਰ ਸਮੇਤ ਕੈਨੇਡਾ ਦੇ ਕਈ ਸਿਆਸੀ ਆਗੂਆਂ ਨੇ ਇਸ ਹਿੰਸਾ ਦੀ ਨਿੰਦਾ ਕੀਤੀ ਹੈ। ਓਂਟਾਰੀਓ ਸਿੱਖ ਗੁਰਦੁਆਰਾ ਕੌਂਸਲ ਨੇ ਵੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਏਕਤਾ, ਅਮਨ ਸ਼ਾਂਤੀ, ਭਾਈਚਾਰਕ ਸਾਂਝ ਤੇ ਬੁਨਿਆਦੀ ਸਿਧਾਂਤਾਂ ਵਿੱਚ ਹਿੰਸਾ ਤੇ ਨਫਰਤ ਲਈ ਕੋਈ ਥਾਂ ਨਹੀਂ ਹੈ।
ਹਿੰਸਕ ਘਟਨਾ ਸਵੀਕਾਰ ਨਹੀਂ ਕੀਤੀ ਜਾ ਸਕਦੀ: ਟਰੂਡੋ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਹਰ ਕੈਨੇਡਿਆਈ ਨੂੰ ਆਪਣੇ ਧਰਮ ਦਾ ਆਜ਼ਾਦੀ ਨਾਲ ਤੇ ਸੁਰੱਖਿਅਤ ਮਾਹੌਲ ’ਚ ਪਾਲਣ ਕਰਨ ਦਾ ਅਧਿਕਾਰ ਹੈ। ਟਰੂਡੋ ਨੇ ਭਾਈਚਾਰੇ ਦੀ ਸੁਰੱਖਿਆ ਤੇ ਇਸ ਘਟਨਾ ਦੀ ਜਾਂਚ ਲਈ ਤੁਰੰਤ ਕਾਰਵਾਈ ਕਰਨ ਲਈ ਸਥਾਨਕ ਅਥਾਰਿਟੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਅੱਜ ‘ਐਕਸ’ ’ਤੇ ਲਿਖਿਆ, ‘ਬਰੈਂਪਟਨ ਦੇ ਹਿੰਦੂ ਸਭਾ ਮੰਦਰ ’ਚ ਅੱਜ ਹੋਈ ਝੜਪ ਸਵੀਕਾਰ ਨਹੀਂ ਕੀਤੀ ਜਾ ਸਕਦੀ। ਹਰ ਕੈਨੇਡਿਆਈ ਨੂੰ ਆਪਣੇ ਧਰਮ ਦਾ ਆਜ਼ਾਦ ਢੰਗ ਨਾਲ ਤੇ ਸੁਰੱਖਿਅਤ ਮਾਹੌਲ ’ਚ ਪਾਲਣ ਕਰਨ ਦਾ ਅਧਿਕਾਰ ਹੈ। ਭਾਈਚਾਰੇ ਦੀ ਸੁਰੱਖਿਆ ਤੇ ਇਸ ਘਟਨਾ ਦੀ ਜਾਂਚ ਲਈ ਤੁਰੰਤ ਕਾਰਵਾਈ ਲਈ ਪੀਲ ਖੇਤਰੀ ਪੁਲੀਸ ਦਾ ਧੰਨਵਾਦ।’
ਹਮਲਾਵਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਭਾਰਤ ਨੇ ਅੱਜ ਕੈਨੇਡਾ ਦੇ ਬਰੈਂਪਟਨ ਵਿਚਲੇ ਹਿੰਦੂ ਸਭਾ ਮੰਦਰ ’ਚ ਵਾਪਰੀ ਹਿੰਸਾ ਘਟਨਾ ਦੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ, ‘ਅਸੀਂ ਬੀਤੇ ਦਿਨ ਬਰੈਂਪਟਨ ਦੇ ਹਿੰਦੂ ਸਭਾ ਮੰਦਿਰ ’ਚ ਕੱਟੜਪੰਥੀਆਂ ਤੇ ਵੱਖਵਾਦੀਆਂ ਵੱਲੋਂ ਕੀਤੀ ਗਈ ਹਿੰਸਕ ਘਟਨਾ ਦੀ ਨਿੰਦਾ ਕਰਦੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਕੈਨੇਡਾ ਸਰਕਾਰ ਨੂੰ ਇਹ ਯਕੀਨੀ ਬਣਾਉਣ ਦਾ ਸੱਦਾ ਦਿੰਦੇ ਹਾਂ ਕਿ ਸਾਰੀਆਂ ਧਾਰਮਿਕ ਥਾਵਾਂ ਨੂੰ ਅਜਿਹੇ ਹਮਲਿਆਂ ਤੋਂ ਬਚਾਇਆ ਜਾਵੇ। ਅਸੀਂ ਇਹ ਵੀ ਆਸ ਕਰਦੇ ਹਾਂ ਕਿ ਹਿੰਸਾ ’ਚ ਸ਼ਾਮਲ ਲੋਕਾਂ ’ਤੇ ਕਾਰਵਾਈ ਕੀਤੀ ਜਾਵੇਗੀ। ਅਸੀਂ ਕੈਨੇਡਾ ’ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਫਿਕਰਮੰਦ ਹਾਂ।’ ਇਸੇ ਦੌਰਾਨ ਸ੍ਰੀਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਕਿਹਾ ਕਿ ਇਸ ਘਟਨਾ ਦੀ ਸਿਰਫ਼ ਨਿੰਦਾ ਕੀਤੀ ਜਾਣੀ ਹੀ ਕਾਫੀ ਨਹੀਂ ਹੈ। ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖਤ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ। ਇਸੇ ਦੌਰਾਨ ਕਾਂਗਰਸ ਆਗੂਆਂ ਪ੍ਰਮੋਦ ਤਿਵਾੜੀ, ਤਾਰਿਕ ਅਨਵਰ ਤੇ ਅਜੈ ਰਾਏ ਨੇ ਹਮਲੇ ਦੀ ਨਿੰਦਾ ਕਰਦਿਆਂ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ’ਤੇ ਸਵਾਲ ਚੁੱਕੇ ਹਨ। -ਏਐੱਨਆਈ