‘ਨੌਜਵਾਨ ਪੀੜ੍ਹੀ ਵਿੱਚ ਕਿਤਾਬਾਂ ਪੜ੍ਹਨ ਦਾ ਰੁਝਾਨ ਵਧਿਆ’
ਹਰਦਮ ਮਾਨ
ਸਰੀ: ਹੁਣ ਨੌਜਵਾਨ ਪੀੜ੍ਹੀ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਵਧ ਰਹੀ ਹੈ। ਬਹੁਤ ਸਾਰੇ ਨੌਜਵਾਨ ਅਤੇ ਵਿਸ਼ੇਸ਼ ਕਰਕੇ ਵਿਦਿਆਰਥੀ ਮੋਟੀਵੇਸ਼ਨਲ ਅਤੇ ਉਸਾਰੂ ਸਾਹਿਤਕ ਕਿਤਾਬਾਂ ਪੜ੍ਹਨ ਲਈ ਅੱਗੇ ਆ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸੰਚਾਲਕ ਸਤੀਸ਼ ਗੁਲਾਟੀ ਨੇ ਬੀਤੇ ਦਿਨ ਐਬਟਸਫਰਡ ਮੇਲੇ ’ਤੇ ਲਾਈ ਪੁਸਤਕ ਪ੍ਰਦਰਸ਼ਨੀ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਕੁਝ ਇਸ ਤਰ੍ਹਾਂ ਲੱਗਣ ਲੱਗ ਪਿਆ ਸੀ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਮੋਬਾਈਲ ਫੋਨ ਅਤੇ ਡਿਜੀਟਲ ਜਗਤ ਦੀ ਚਮਕ ਦਮਕ ਨੇ ਭਰਮਾ ਲਿਆ ਹੈ ਅਤੇ ਇੰਟਰਨੈੱਟ ਨੇ ਉਨ੍ਹਾਂ ਵਿਚਲੀ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਢਾਹ ਲਾਈ ਹੈ ਪਰ ਹੁਣ ਕੋਵਿਡ ਤੋਂ ਬਾਅਦ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਨੌਜਵਾਨ ਕਿਤਾਬਾਂ ਵੱਲ ਮੁੜ ਰਹੇ ਹਨ ਅਤੇ ਮੋਬਾਈਲ ਫੋਨ ਤੋਂ ਕਿਨਾਰਾ ਕਰਨਾ ਚਾਹੁੰਦੇ ਹਨ। ਇਹ ਬਹੁਤ ਵਧੀਆ ਰੁਝਾਨ ਹੈ। ਵਿਸ਼ੇਸ਼ ਕਰਕੇ ਸਾਡੇ ਪੰਜਾਬੀਆਂ ਲਈ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਚੰਗੇ ਸਾਹਿਤ ਦੀਆਂ ਕਿਤਾਬਾਂ ਦੀ ਕੀਮਤ ਪਛਾਣਨ ਲੱਗ ਪਏ ਹਾਂ।
ਉਨ੍ਹਾਂ ਐਬਟਸਫਰਡ ਮੇਲੇ ’ਤੇ ਵਿਕੀਆਂ ਕਿਤਾਬਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇੱਥੇ ਵੀ ਬਹੁਤੀਆਂ ਕਿਤਾਬਾਂ ਨੌਜਵਾਨ ਪੀੜ੍ਹੀ ਵੱਲੋਂ ਹੀ ਖਰੀਦੀਆਂ ਗਈਆਂ ਹਨ ਬੇਸ਼ੱਕ ਵੱਡੀ ਉਮਰ ਦੇ ਵਿਅਕਤੀਆਂ ਨੇ ਵੀ ਕੁਝ ਕਿਤਾਬਾਂ ਖਰੀਦੀਆਂ ਹਨ ਪਰ ਜ਼ਿਆਦਾ ਗਿਣਤੀ ਵਿੱਚ ਨੌਜਵਾਨ ਹੀ ਪੁਸਤਕ ਸਟਾਲ ’ਤੇ ਆਏ ਹਨ। ਪੁਸਤਕ ਪ੍ਰਦਰਸ਼ਨੀ ’ਤੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ, ਸ਼ਾਇਰ ਦਵਿੰਦਰ ਸਿੰਘ ਪੂਨੀਆ, ਤਿਲਕ ਰਾਜ ਮੋਂਗਾ, ਪਵਨ ਗਿੱਲਾਂਵਾਲਾ, ਸੁਖਵਿੰਦਰ ਸਿੰਘ ਚੋਹਲਾ, ਸੁਖਚੈਨ ਬਰਗਾੜੀ ਅਤੇ ਨਵਦੀਪ ਸਿੱਧੂ ਨੇ ਵੀ ਆਪਣੀ ਹਾਜ਼ਰੀ ਲਵਾਈ।
ਵਿਦਿਆਰਥੀਆਂ ਨੇ ਸਿੱਖ ਧਰਮ ਬਾਰੇ ਜਾਣਿਆ
ਸਰੀ: ਮੇਪਲ ਰਿੱਜ ਕ੍ਰਿਸ਼ਚੀਅਨ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਅਧਿਆਪਕ ਬੀਤੇ ਦਿਨ ਕੁਝ ਹੋਰ ਧਾਰਮਿਕ ਅਸਥਾਨਾਂ ਦੇ ਨਾਲ ਨਾਲ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਤਮਸਤਕ ਹੋਏ। ਉਹ ਸਿੱਖ ਧਰਮ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਅਤੇ ਕਲਚਰ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਸੰਘੇੜਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਸਥਾਰ ਵਿੱਚ ਸਿੱਖ ਧਰਮ ਅਤੇ ਆਪਣੀ ਕਮਿਊਨਿਟੀ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸਿੱਖ ਧਰਮ ਬਾਰੇ ਕੁਝ ਸਵਾਲ ਵੀ ਪੁੱਛੇ।
ਇਸ ਸਿਲਸਲੇ ਵਿੱਚ ਉਨ੍ਹਾਂ ਦੇ ਅਧਿਆਪਕ ਰਿਜ ਪਾਰਕਸ ਨੇ ਕਿਹਾ ਕਿ ਵੱਖ ਵੱਖ ਧਰਮਾਂ ਬਾਰੇ ਜਾਣਕਾਰੀ ਹਾਸਲ ਕਰਨ ਨਾਲ ਵਿਦਿਆਰਥੀਆਂ ਦੇ ਗਿਆਨ ਅਤੇ ਸੋਚ ਵਿੱਚ ਬਹੁਤ ਵਾਧਾ ਹੁੰਦਾ ਹੈ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦਾ ਮਾਣ ਸਤਿਕਾਰ ਕਰਨ ਲਈ ਬਲਵੰਤ ਸਿੰਘ ਸੰਘੇੜਾ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ, ਕੁਝ ਯਾਦਗਾਰੀ ਤਸਵੀਰਾਂ ਖਿੱਚੀਆਂ ਅਤੇ ਗੁਰੂ ਕੇ ਲੰਗਰ ਦਾ ਆਨੰਦ ਮਾਣਿਆ।
ਸੰਪਰਕ: +1 604 308 6663
ਪੁਸਤਕ ਮੇਲਾ 16 ਜੂਨ ਨੂੰ
ਕੈਲਗਰੀ: ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੈਲਗਰੀ ਵੱਲੋਂ ਪੁਸਤਕ ਮੇਲਾ 16 ਜੂਨ ਨੂੰ ਲਗਾਇਆ ਜਾ ਰਿਹਾ ਹੈ। ਗਰੀਨ ਪਲਾਜ਼ਾ ਵਿਖੇ ਮੇਲਾ ਸਵੇਰੇ 11 ਵਜੇ ਤੋਂ ਸ਼ਾਮੀ 6 ਵਜੇ ਤੱਕ ਲੱਗੇਗਾ।
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਰੰਗ ਮੰਚ ਨਿਰਦੇਸ਼ਕ ਹਰਕੇਸ਼ ਚੌਧਰੀ ਪੁਸਤਕ ਮੇਲੇ ਦਾ ਉਦਘਾਟਨ ਕਰਨਗੇ। ਇਸ ਮੌਕੇ 23 ਜੂਨ ਨੂੰ ਹੋਣ ਵਾਲੇ ਨਾਟਕ ਮੇਲੇ ਦੀਆਂ ਟਿਕਟਾਂ ਵੀ ਲੈ ਸਕਦੇ ਹਨ।