ਟਰੈਫਿਕ ਪੁਲੀਸ ਨੇ ਨਾਕਿਆਂ ਦੌਰਾਨ ਦੋ ਦਰਜਨ ਵਾਹਨ ਚਾਲਕਾਂ ਦੇ ਚਲਾਨ ਕੱਟੇ
ਪੱਤਰ ਪ੍ਰੇਰਕ
ਰਤੀਆ, 25 ਨਵੰਬਰ
ਟਰੈਫਿਕ ਪੁਲੀਸ ਟੀਮ ਦੇ ਇੰਚਾਰਜ ਭੀਮ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਨਾਕਿਆਂ ਦੌਰਾਨ ਬਿਨਾਂ ਦਸਤਾਵੇਜ਼ਾਂ ਤੋਂ ਚੱਲਣ ਵਾਲੇ ਵਾਹਨਾਂ ਦੀ ਜਾਂਚ ਪੜਤਾਲ ਕੀਤੀ ਅਤੇ ਦਰਜਨਾਂ ਵਾਹਨਾਂ ਦੇ ਚਲਾਨ ਕੱਟੇ। ਇਸ ਦੌਰਾਨ ਟਰੈਫਿਕ ਪੁਲੀਸ ਨੂੰ ਦੇਖ ਕੇ ਕਈ ਵਾਹਨ ਚਾਲਕਾਂ ਨੇ ਆਪਣੇ ਰਸਤੇ ਹੀ ਬਦਲ ਲਏ। ਟਰੈਫਿਕ ਟੀਮ ਦੇ ਇੰਚਾਰਜ ਤੋਂ ਇਲਾਵਾ ਸਹਿਯੋਗੀ ਮਨੋਜ ਕੁਮਾਰ, ਸ਼ਰਵਨ ਕੁਮਾਰ, ਰਜਿੰਦਰ ਕੁਮਾਰ, ਪ੍ਰਦੀਪ ਕੁਮਾਰ, ਠਾਕੁਰ ਸਿੰਘ ਨੇ ਸਭ ਤੋਂ ਪਹਿਲਾਂ ਬੁਢਲਾਡਾ ਰੋਡ ’ਤੇ ਨਾਕਾ ਲਗਾਇਆ। ਇਸ ਮੌਕੇ ਪੁਲੀਸ ਟੀਮ ਨੇ ਖਾਸ ਕਰਕੇ ਬਿਨਾਂ ਨੰਬਰ ਪਲੇਟ ਦੇ ਵਾਹਨਾਂ ’ਤੇ ਸਖਤੀ ਨਾਲ ਕਾਰਵਾਈ ਕੀਤੀ ਅਤੇ ਅਨੇਕਾਂ ਵਾਹਨਾਂ ਨੂੰ ਜ਼ਬਤ ਵੀ ਕਰ ਲਿਆ। ਪੁਲੀਸ ਨੇ ਅੱਜ ਕਰੀਬ 2 ਦਰਜਨ ਵਾਹਨ ਚਾਲਕਾਂ ਦੇ ਚਲਾਨ ਕੱਟੇ, ਜਿਨ੍ਹਾਂ ਨੇ ਹੈਲਮੇਟ, ਸੀਟ ਬੈਲਟ ਅਤੇ ਨੰਬਰ ਪਲੇਟ ਸਹੀ ਢੰਗ ਨਾਲ ਨਹੀਂ ਲਗਾਈ ਹੋਈ ਸੀ। ਗਲਤ ਸਾਈਡ ਚੱਲਣ ਵਾਲੇ ਵਾਹਨ ਚਾਲਕਾਂ ’ਤੇ ਵੀ ਸ਼ਿਕੰਜਾ ਕਸਿਆ ਗਿਆ ਸੀ ਅਤੇ ਉਨ੍ਹਾਂ ਦੇ ਵੀ ਚਲਾਨ ਕੱਟੇ ਗਏ। ਇਸ ਦੌਰਾਨ ਪੁਲੀਸ ਨੇ ਕਾਲਜ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣੂ ਕਰਵਾਇਆ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਵਾਹਨ ਨਾ ਚਲਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ।
ਅਜਿਹੇ ਬੱਚਿਆਂ ਨੂੰ ਸਮਝਾਇਆ ਗਿਆ ਕਿ ਜੇ ਉਹ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਅਦਾਲਤ ਅਨੁਸਾਰ ਉਨ੍ਹਾਂ ਦੇ ਮਾਪਿਆਂ ’ਤੇ ਵੀ ਕਾਰਵਾਈ ਹੋ ਸਕਦੀ ਹੈ। ਪੁਲੀਸ ਅਧਿਕਾਰੀ ਨੇ ਧੁੰਦ ਅਤੇ ਕੋਹਰੇ ਵਿਚ ਵਾਹਨਾਂ ਦੀ ਰਫਤਾਰ ਘੱਟ ਰੱਖਣ ਦੀ ਵੀ ਅਪੀਲ ਕੀਤੀ।