ਊਧਮ ਸਿੰਘ ਨੂੰ ਸ਼ਹੀਦ ਦਾ ਰੁਤਬਾ ਦੇਣ ਦੀ ਮੰਗ
ਦਵਿੰਦਰ ਸਿੰਘ
ਯਮੁਨਾਨਗਰ, 25 ਨਵੰਬਰ
ਸ਼ਹੀਦ ਊਧਮ ਸਿੰਘ ਚੈਰੀਟੇਬਲ ਬਲੱਡ ਬੈਂਕ ਵੱਲੋਂ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਖੂਨ ਦਾਨ ਕੈਂਪ ਲਗਾਇਆ ਗਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ਹੀਦ ਊਧਮ ਸਿੰਘ ਦੇ ਪੋਤੇ ਹਰਦਿਆਲ ਸਿੰਘ ਨੇ ਕਿਹਾ ਕਿ ਅੱਜ ਤੱਕ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਅਤਿਵਾਦੀ ਮੰਨਿਆ ਜਾਂਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਸ਼ਹੀਦਾਂ ਨੂੰ ਸ਼ਹੀਦਾਂ ਦਾ ਦਰਜਾ ਦੇ ਕੇ ਭਾਰਤ ਰਤਨ ਦਿੱਤਾ ਜਾਵੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਊਧਮ ਸਿੰਘ ਦੇ ਪੋਤੇ ਹਰਦਿਆਲ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ 1974 ਵਿੱਚ ਲਿਆਂਦੀਆਂ ਗਈਆਂ ਸਨ।
ਫਿਰ ਭਾਜਪਾ ਨੇ ਜੱਲ੍ਹਿਆਂਵਾਲਾ ਬਾਗ ਦੀ 100 ਸਾਲਾ ਸ਼ਤਾਬਦੀ ਮਨਾਈ ਪਰ ਅੱਜ ਤੱਕ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ, ਉਨ੍ਹਾਂ ਨੂੰ ਅੱਜ ਵੀ ਅਤਿਵਾਦੀ ਮੰਨਿਆ ਜਾਂਦਾ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਵਿੱਚ ਕੇਵਲ ਉਸ ਦੀ ਚਚੇਰੀ ਭੈਣ ਆਸ ਕੌਰ ਹੀ ਰਹਿ ਗਈ ਹੈ ਅਤੇ ਹੁਣ ਉਹ ਉਸ ਦੀ ਚੌਥੀ ਪੀੜ੍ਹੀ ਹੈ।
ਉਸ ਨੇ ਦੱਸਿਆ ਕਿ ਜਦੋਂ ਊਧਮ ਸਿੰਘ ਸੁਨਾਮ ਵਿੱਚ ਆਪਣੀ ਭੈਣ ਆਸ ਕੌਰ ਕੋਲ ਆਉਂਦਾ ਸੀ ਤਾਂ ਉਹ ਉਸ ਨੂੰ ਵਿਆਹ ਕਰਵਾਉਣ ਲਈ ਕਹਿੰਦੀ ਸੀ ਪਰ ਊਧਮ ਸਿੰਘ ਕਹਿੰਦਾ ਸੀ ਕਿ ਉਸ ਨੇ ਮੌਤ ਨਾਲ ਵਿਆਹ ਕਰਵਾ ਲਿਆ ਹੈ। ਉਸ ਨੇ ਆਖਰੀ ਵਾਰ ਆਪਣੀ ਭੈਣ ਨੂੰ ਕੁਝ ਸਿੱਕੇ ਦਿੱਤੇ। ਭੈਣ ਨੇ ਪੁੱਛਿਆ ਕਿ ਇੰਨੇ ਸਿੱਕੇ ਕਿੱਥੋਂ ਆਏ ਤਾਂ ਉਸ ਨੇ ਕਿਹਾ ਕਿ ਉਸ ਕੋਲ ਸਿੱਕਾ ਬਣਾਉਣ ਦੀ ਮਸ਼ੀਨ ਹੈ। ਪਹਿਲਾਂ ਤਾਂ ਇਸ ਗੱਲ ਨੂੰ ਮਜ਼ਾਕ ਵਜੋਂ ਲਿਆ ਗਿਆ, ਪਰ ਬਾਅਦ ਵਿਚ ਪਤਾ ਲੱਗਿਆ ਕਿ ਗਦਰ ਪਾਰਟੀ ਤੋਂ ਇਹ ਮਸ਼ੀਨ ਜ਼ਬਤ ਕੀਤੀ ਗਈ ਸੀ ਜੋ ਅੱਜ ਪੰਜਾਬ ਪੁਲੀਸ ਦੇ ਅਜਾਇਬਘਰ ਵਿਚ ਰੱਖੀ ਹੋਈ ਹੈ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸ਼ਹੀਦ ਊਧਮ ਸਿੰਘ ਦੇ ਪੋਤੇ ਹਰਦਿਆਲ ਸਿੰਘ ਦਾ ਸਨਮਾਨ ਕੀਤਾ ਗਿਆ
ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਆਸਤ ਵਿੱਚ ਨਹੀਂ ਆਉਣ ਦਿੰਦੀਆਂ ਸਿਆਸੀ ਪਾਰਟੀਆਂ: ਹਰਦਿਆਲ ਸਿੰਘ
ਸ਼ਹੀਦ ਊਧਮ ਸਿੰਘ ਦੇ ਪੋਤੇ ਹਰਦਿਆਲ ਸਿੰਘ ਨੇ ਕਿਹਾ ਕਿ ਸਿਆਸੀ ਪਾਰਟੀਆਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਆਸਤ ਵਿੱਚ ਨਹੀਂ ਆਉਣ ਦੇਣਾ ਚਾਹੁੰਦੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸ਼ਹੀਦਾਂ ਦੇ ਵਿਚਾਰਾਂ ਅਤੇ ਕੰਮਾਂ ਨੂੰ ਹਰ ਘਰ ਤੱਕ ਲੈ ਕੇ ਜਾਵੇਗਾ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ । ਉਨ੍ਹਾਂ ਮੰਗ ਕੀਤੀ ਕਿ ਨਵੀਂ ਪਾਰਲੀਮੈਂਟ ਵਿੱਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਇਆ ਜਾਵੇ ਅਤੇ ਸ਼ਹੀਦ ਊਧਮ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਨੂੰ ਲੰਡਨ ਅਤੇ ਇੰਗਲੈਂਡ ਵਿੱਚ ਇੱਕੋ ਥਾਂ ਦਿੱਤੀ ਜਾਵੇ, ਊਧਮ ਸਿੰਘ ਨੂੰ ਭਾਰਤ ਰਤਨ ਦੀ ਉਪਾਧੀ ਨਾਲ ਨਿਵਾਜਿਆ ਜਾਵੇ। ਜ਼ਿਕਰਯੋਗ ਹੈ ਕਿ ਜੱਲ੍ਹਿਆਂਵਾਲਾ ਬਾਗ ਦਾ ਸਾਕਾ 13 ਅਪਰੈਲ 1919 ਨੂੰ ਵਾਪਰਿਆ ਸੀ ਜਿਸ ਤੋਂ 21 ਸਾਲ ਬਾਅਦ ਊਧਮ ਸਿੰਘ ਨੇ ਜਨਰਲ ਓਡਵਾਇਰ ਨੂੰ ਗੋਲੀ ਮਾਰ ਕੇ ਇਸ ਮੌਤ ਦਾ ਬਦਲਾ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਫਾਂਸੀ ਦੇ ਦਿੱਤੀ ਗਈ ਸੀ ।