ਗੜ੍ਹਾ ਰੋਡ ’ਤੇ ਲਗਦੇ ਜਾਮ ਮਰੀਜ਼ਾਂ ਲਈ ਪ੍ਰੇਸ਼ਾਨੀ ਬਣੇ
ਪੱਤਰ ਪ੍ਰੇਰਕ
ਜਲੰਧਰ, 21 ਜੁਲਾਈ
ਇੱਥੋਂ ਦੇ ਗੜ੍ਹਾ ਰੋਡ ’ਤੇ ਆਵਾਜਾਈ ਜਾਮ ਹੋਣੀ ਆਮ ਹੀ ਗੱਲ ਬਣ ਗਈ ਹੈ। ਇਸ ਸੜਕ ’ਤੇ ਚਾਰ ਸਕੂਲ ਅਤੇ ਦੋ ਵੱਡੇ ਹਸਪਤਾਲ ਹਨ। ਸਕੂਲਾਂ ਦੀਆਂ ਛੁੱਟੀਆਂ ਦਾ ਸਮਾਂ ਇੱਕੋ ਹੋਣ ਕਾਰਨ ਸਕੂਲਾਂ ਦੀਆਂ ਬੱਸਾਂ ਅਤੇ ਬੱਚਿਆਂ ਨੂੰ ਖ਼ੁਦ ਲੈ ਕੇ ਜਾਣ ਵਾਲੇ ਮਾਪਿਆਂ ਦੇ ਵਾਹਨਾਂ ਦੀ ਗਿਣਤੀ ਵੱਡੀ ਹੋਣ ਕਾਰਨ ਇਸ ਸੜਕ ’ਤੇ ਆਵਾਜਾਈ ਅਕਸਰ ਜਾਮ ਹੋ ਜਾਂਦੀ ਹੈ। ਇੱਥੇ ਦੋ ਵੱਡੇ ਹਸਪਤਾਲ ਪਿਮਸ ਅਤੇ ਐਸਜੀਐਲ ਹਸਪਤਾਲ ਵੀ ਇਸ ਸੜਕ ’ਤੇ ਹਨ। ਇਨ੍ਹਾਂ ਵਿੱਚ ਇਲਾਜ ਲਈ ਵੱਡੀ ਗਿਣਤੀ ਮਰੀਜ਼ ਆਉਂਦੇ-ਜਾਂਦੇ ਰਹਿੰਦੇ ਹਨ। ਕਈ ਮਰੀਜ਼ਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੁੰਦੀ ਹੈ, ਜਨਿ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ ਪਰ ਇਸ ਆਵਾਜਾਈ ਦੀ ਸਮੱਸਿਆ ਕਾਰਨ ਮਰੀਜ਼ਾਂ ਨੂੰ ਲਿਆ ਰਹੀਆਂ ਐਂਬੂਲੈਂਸਾਂ ਵੀ ਦੇਰੀ ਨਾਲ ਹਸਪਤਾਲ ਪੁੱਜਦੀਆਂ ਹਨ। ਇਸ ਕਾਰਨ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਖੱਜਲ ਹੁੰਦੇ ਰਹਿੰਦੇ ਹਨ।
ਇਸੇ ਦੌਰਾਨ ਅੱਜ ਵੀ ਇੱਕ ਐਂਬੂਲੈਂਸ ਜਾਮ ਵਿਚ ਫਸ ਗਈ ਅਤੇ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਸਪਤਾਲ ਲਿਜਾਣ ’ਚ ਆਈ ਦਿਕਤ ਕਾਰਨ ਉਸ ਦੇ ਰਿਸ਼ਤੇਦਾਰ ਸੜਕ ’ਤੇ ਰੋਣ ਲੱਗ ਪਏ। ਸਥਾਨਕ ਦੁਕਾਨਦਾਰ ਅਤੇ ਜਾਮ ਵਿੱਚ ਫਸੇ ਲੋਕਾਂ ਨੇ ਮੁਸ਼ਕਲ ਨਾਲ ਐਂਬੂਲੈਂਸ ਦਾ ਰਸਤਾ ਬਣਾਇਆ ਜਿਸ ਮਗਰੋਂ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਗਿਆ। ਇੱਥੋਂ ਦੇ ਦੁਕਾਨਦਾਰਾਂ ਦਾ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਆਵਾਜਾਈ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ। ਰੇਲਵੇ ਫਾਟਕ ਕਾਰਨ ਵੀ ਕਈ ਵਾਰ ਹਾਲਾਤ ਹੋਰ ਮੁਸ਼ਕਿਲ ਹੋ ਜਾਂਦੇ ਹਨ।