ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਬਾਨ

07:11 AM Mar 03, 2024 IST

ਪ੍ਰੋ. ਜਸਵੰਤ ਸਿੰਘ ਗੰਡਮ

Advertisement

ਮਿਰਜ਼ਾ ਗ਼ਾਲਬਿ ਦਾ ਮਸ਼ਹੂਰ ਸ਼ਿਅਰ ਹੈ:
ਮੈਂ ਭੀ ਮੂੰਹ ਮੇਂ ਜ਼ਬਾਨ ਰਖਤਾ ਹੂੰ
ਕਾਸ਼ ਪੂਛੋ ਕਿ ਮੁੱਦਾ ਕਯਾ ਹੈ।
ਇਸ ਸ਼ਿਅਰ ਵਿੱਚ ‘ਜ਼ਬਾਨ’ ਹੋਣ ਦੀ ਹਕੀਕਤ ਅਤੇ ‘ਪੁੱਛੇ ਜਾਣ’ ਦੀ ਤੀਬਰ ਤਮੰਨਾ ਹੈ।
ਮਹਾਨਕੋਸ਼ ਅਨੁਸਾਰ ‘ਜ਼ਬਾਂ/ਜ਼ਬਾਨ’ ਫ਼ਾਰਸੀ ਦੇ ਸ਼ਬਦ ਹਨ ਜਿਨ੍ਹਾਂ ਦਾ ਅਰਥ ਜੀਭ, ਜਿਹਵਾ ਜਾਂ ਰਸਨਾ ਹੈ। ਜਿਹਵਾ ਤੇ ਰਸਨਾ ਸੰਸਕ੍ਰਿਤ ਮੂਲ ਦੇ ਸ਼ਬਦ ਹਨ। ਜੀਭ ਹਿੰਦੀ/ਪੰਜਾਬੀ ਦਾ ਆਮ ਬੋਲਚਾਲ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ। ਰਸਨਾ/ਜਿਹਵਾ ਦਾ ਜ਼ਿਕਰ ਗੁਰਬਾਣੀ ਵਿੱਚ ਅਨੇਕ ਵਾਰ ਆਉਂਦਾ ਹੈ।
ਮਹਾਨਕੋਸ਼ ਵਿੱਚ ਇਸ ਦਾ ਦੂਸਰਾ ਅਰਥ ਭਾਸ਼ਾ, ਬੋਲੀ ਕੀਤਾ ਗਿਆ ਹੈ। ਬੋਲਣ ਦੀ ਯੋਗਤਾ/ਕਾਬਲੀਅਤ ਅਤੇ ਢੰਗ-ਤਰੀਕਾ/ਸਲੀਕਾ ਵੀ ਕਿਸੇ ਹੱਦ ਤੀਕ ਇਸ ਉਪਰ ਨਿਰਭਰ ਕਰਦੇ ਹਨ। ਕੋਲਿਨਜ਼ ਇੰਗਲਿਸ਼ ਡਿਕਸ਼ਨਰੀ ਵਿੱਚ ਜੀਭ ਦੇ ਅੰਗਰੇਜ਼ੀ ਸ਼ਬਦ ‘ਟੰਗ’ ਦੇ ਵੱਖ-ਵੱਖ 24 ਅਰਥ ਕੀਤੇ ਗਏ ਹਨ। ਇਸ ਦੀ ਪ੍ਰੀਭਾਸ਼ਾ ਮੂੰਹ ਵਿਚਲੀ ਅਜਿਹੀ ਮਾਸਪੇਸ਼ੀ ਦੱਸੀ ਗਈ ਹੈ ਜੋ ਬੋਲਣ, ਭੋਜਨ ਚਿੱਥਣ/ਚੱਖਣ ਅਤੇ ਅੰਦਰ ਲੰਘਾਉਣ ਵਿੱਚ ਮਦਦ ਕਰਦੀ ਹੈ ਅਤੇ ਨਾਲ ਹੀ ਇਹ ਸੁਆਦਾਂ ਦਾ ਘਰ ਵੀ ਹੈ, ਭਾਵ ‘ਟੇਸਟ ਬਡਜ਼’ (ਸੁਆਦ ਗਰੰਥੀਆਂ) ਦੀ ਪ੍ਰਗਟਾਵੀ ਹੈ। ਸ਼ਬਦਕੋਸ਼ ਅਨੁਸਾਰ ਇਹ ਸਾਡੀ ਬੋਲਚਾਲ ਦੀਆਂ ਧੁਨੀਆਂ ਨੂੰ ਸਾਫ਼ ਸਪੱਸ਼ਟ ਢੰਗ ਨਾਲ ਪ੍ਰਗਟਾਉਣ ਵਿੱਚ ਸਹਾਈ ਹੁੰਦੀ ਹੈ। ਅਸੀਂ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਆਦਿ ਨੂੰ ਜ਼ਬਾਨ ਜਾਂ ਬੋਲੀ ਕਹਿੰਦੇ ਹਾਂ ਪਰ ਇਨ੍ਹਾਂ ਨੂੰ ਭਾਸ਼ਾਵਾਂ ਦੀ ਜੀਭ ਨਹੀਂ ਕਹਿ ਸਕਦੇ। ਹਾਂ, ਮਾਂ-ਬੋਲੀ, ਮਾਤਰ ਭਾਸ਼ਾ, ਮਾਦਰੇ-ਜ਼ਬਾਨ, ਮਦਰ ਟੰਗ ਸ਼ਬਦ ਵਰਤੇ ਜਾਂਦੇ ਹਨ।
ਸ਼ਬਦ ਵਿਗਿਆਨ ਦੇ ਸਰੋਤਾਂ ਅਨੁਸਾਰ ਜੀਭ ਦਾ ਅੰਗਰੇਜ਼ੀ ਸ਼ਬਦ ‘ਟੰਗ’ ਪੁਰਾਤਨ ਅੰਗਰੇਜ਼ੀ ਦੇ ‘ਟੁੰਗੇ’, ਪੁਰਾਤਨ ਨੌਰਸ ਦੇ ‘ਟੁੰਗਾ’, ਡੱਚ ਦੇ ‘ਟੌਂਗ’, ਪੁਰਾਤਨ ਹਾਈ ਜਰਮਨ ਦੇ ‘ਜ਼ੁੰਗਾ’ ਅਤੇ ਲਾਤੀਨੀ ਦੇ ‘ਲਿੰਗੁਆ’ (ਲੈਂਜੂਏਜ/ਭਾਸ਼ਾ) ਤੋਂ ਆਪਣੇ ਮੌਜੂਦਾ ਰੂਪ ਵਿੱਚ ਪੁੱਜਾ।
ਜੀਭ ਵਿੱਚ ਬੇਸ਼ੱਕ ਹੱਡੀ ਨਹੀਂ ਹੁੰਦੀ ਪਰ ਇਸ ਵਿੱਚ ਹੱਡੀਆਂ ਤੁੜਵਾ ਦੇਣ ਦੀ ਸਮਰੱਥਾ ਬੜੀ ਹੁੰਦੀ ਹੈ। ਮਾਸ ਦਾ ਇਹ ਦੋ-ਢਾਈ ਇੰਚ ਦਾ ਟੁਕੜਾ ਬੜੀ ਚਾਲਾਕੀ ਨਾਲ 32 ਕੈਂਚੀਆਂ (ਦੰਦਾਂ) ਵਿੱਚ ਬਿਨ ਕਟੇ ਆਪ ਕਈ ਵਾਰ ਕੈਂਚੀ ਵਾਂਗ ਚਲਦਾ ਰਹਿੰਦਾ ਹੈ। ਜੇ ਜੀਭ ਨੂੰ ਲਗਾਮ ਨਾ ਲਾਈਏ ਤਾਂ ਇਹ ਅਵਾ-ਤਵਾ ਬੋਲ ਕੇ ਚਪੇੜਾਂ ਮਰਵਾ ਤੁਹਾਡਾ ਮੂੰਹ ਲਾਲ ਕਰਵਾ ਦੇਵੇਗੀ।
ਇਸ ਨਾਲ ਅਨੇਕਾਂ ਮੁਹਾਵਰੇ/ਅਖਾਣ ਜੁੜੇ ਹਨ: ਜ਼ਬਾਨ ਦੇਣਾ, ਕੈਂਚੀ ਵਾਂਗ ਜ਼ਬਾਨ ਚੱਲਣੀ, ਲੰਬੀ ਜ਼ਬਾਨ, ਜ਼ਬਾਨ ਦਾ ਪੱਕਾ, ਜ਼ਬਾਨ ’ਤੇ ਚੜ੍ਹ ਜਾਣਾ, ਜ਼ਬਾਨੀ ਯਾਦ ਹੋਣਾ, ਜ਼ਬਾਨੀ ਜਮਾਂ-ਖਰਚ ਕਰਨਾ, ਜ਼ਬਾਨ ਪਲਟਣੀ, ਜੀਭ ਗੰਦੀ ਕਰਨੀ, ਜ਼ਬਾਨ ਖੁੱਲ੍ਹਣੀ, ਜੀਭ ਟੁੱਕੀ ਜਾਣੀ, ਜੀਭ ’ਤੇ ਮੋਹਰ ਲਾਉਣੀ, ਜੀਭ ਦਾ ਚਸਕਾ, ਜੀਭ ’ਤੇ ਲਿਆਉਣਾ, ਜੀਭ ਦੰਦਾਂ ਹੇਠ ਦੇਣੀ, ਜੀਭ ਨੇ ਸਾਥ ਨਾ ਦੇਣਾ, ਜੀਭ ਲਮਕਾਉਣੀ ਆਦਿ।
ਸਾਡੇ ਬਜ਼ੁਰਗ ਹਲਫ਼ਨਾਮਾ ਜਾਂ ਪਰੋਨੋਟ ਨਹੀਂ ਸਨ ਭਰਦੇ, ਬਸ ਜ਼ਬਾਨ ਦਿੰਦੇ ਸਨ ਜੋ ਕਿਸੇ ਵੀ ਕੋਰਟ-ਕਚਹਿਰੀ ਦੇ ਕਾਗਜ਼ਾਂ ਨਾਲੋਂ ਵਧੇਰੇ ਪੁਖ਼ਤਾ ਤੇ ਪੱਕੀ ਹੁੰਦੀ ਸੀ। ਗੁਰਬਾਣੀ ਵਿੱਚ ‘ਰਸਨਾ’ ਅਤੇ ‘ਜਿਹਵਾ’ ਸ਼ਬਦ ਬਹੁਤ ਵਾਰ ਆਉਂਦੇ ਹਨ। ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੁੱਕ ਤਤਕਰਾ ਵਿੱਚ ਰਸਨਾ ਨਾਲ ਸਬੰਧਿਤ 56 ਟੂਕਾਂ ਦਾ ਵਰਣਨ ਕੀਤਾ ਗਿਆ ਹੈ। ਆਮ ਜੀਵਨ ਵਿੱਚ ਦੇਖੀਏ ਤਾਂ ਜੀਭ ਜੇ ਮਿਲੀ ਹੈ ਇਸ ਦੀ ਵਰਤੋਂ ਵੀ ਕਰਨੀ ਬਣਦੀ ਹੈ। ਸਹੀ ਵਰਤੋਂ ਕਰਾਂਗੇ ਤਾਂ ਸੁਖੀ ਰਹਾਂਗੇ, ਨਹੀਂ ਤਾਂ ਨਿਤ ਸਿਆਪੇ ਸਹੇੜਾਂਗੇ। ਜ਼ੁਬਾਨਬੰਦੀ ਜ਼ਾਲਮ-ਜਾਬਰ ਜਰਵਾਣਿਆਂ ਦਾ ਸਚਿਆਰਿਆਂ ਦੇ ਬੋਲਾਂ ਨੂੰ ਜੰਦਰਾ ਮਾਰਨ ਦਾ ਜ਼ਰੀਆ ਹੁੰਦੀ ਹੈ:
ਜੇ ਕੈਸੀ ਜ਼ਬਾਂਬੰਦੀ ਹੈ ਤੇਰੀ ਮਹਿਫ਼ਿਲ ਮੇਂ,
ਕਿ ਬਾਤ ਕਰਨੇ ਕੋ ਤਰਸਤੀ ਹੈ ਜ਼ਬਾਂ ਮੇਰੀ।
ਜਦ ਬੋਲਣ ’ਤੇ ਪਾਬੰਦੀ ਹੋਵੇ ਤਾਂ ਲਾਜ਼ਮੀ ਬੋਲਣਾ ਬਣਦਾ ਹੈ। ਹੈਂਸਿਆਰੇ ਹਾਕਮਾਂ ਤੱਕ ਆਪਣੀ ਆਵਾਜ਼ ਪਹੁੰਚਾਉਣੀ ਆਪਣੀ ਹੋਂਦ ਅਤੇ ਹੋਣੀ ਦੇ ਹਾਣੀ ਹੋਣ ਦਾ ਸ਼ਾਬਦਿਕ ਹਥਿਆਰ ਹੁੰਦਾ ਹੈ। ਐਵੇਂ ਤਾਂ ਨਹੀਂ ਫ਼ੈਜ਼ ਅਹਿਮਦ ਫ਼ੈਜ਼ ਨੇ ਕਿਹਾ: ਬੋਲ, ਕਿ ਲਬ ਆਜ਼ਾਦ ਹੈਂ ਤੇਰੇ/ਬੋਲ, ਜ਼ੁਬਾਂ ਅਬ ਤਕ ਤੇਰੀ ਹੈ/ ਬੋਲ, ਯੇ ਥੋੜਾ ਵਕਤ ਬਹੁਤ ਹੈ.../ ਬੋਲ, ਕਿ ਸੱਚ ਜ਼ਿੰਦਾ ਹੈ ਅਬ ਤਕ/ ਬੋਲ, ਜੋ ਕੁਛ ਕਹਿਨਾ ਹੈ ਕਹਿ ਲੇ।
ਸੁਰਜੀਤ ਪਾਤਰ ਨੇ ਵੀ ਕਿਹਾ ਹੈ:
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।
ਭਲਾ ਮਾਰਟਿਨ ਨੀਮੁਲਰ ਦੀਆਂ ਹਿਟਲਰ ਦੇ ਨਾਜ਼ੀਵਾਦੀ ਜਬਰ ਸਬੰਧੀ ਲਿਖੀਆਂ ਅਮਰ ਸਤਰਾਂ ਅਸੀਂ ਕਿੱਦਾਂ ਭੁੱਲ ਸਕਦੇ ਹਾਂ: ਪਹਿਲਾਂ ਉਹ ਯਹੂਦੀਆਂ ਲਈ ਆਏ (ਭਾਵ ਗ੍ਰਿਫ਼ਤਾਰ ਕਰਨ ਆਏ)/ ਪਰ ਮੈਂ ਚੁੱਪ ਰਿਹਾ, ਕਿਉਂਕਿ ਮੈਂ ਯਹੂਦੀ ਨਹੀਂ ਸਾਂ/ ਫਿਰ ਉਹ ਕਮਿਊਨਿਸਟਾਂ ਲਈ ਆਏ/ ਮੈਂ ਉਸ ਸਮੇਂ ਵੀ ਚੁੱਪ ਰਿਹਾ, ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ/ ਫਿਰ ਉਹ ਟਰੇਡ ਯੂਨੀਅਨ ਆਗੂਆਂ ਲਈ ਆਏ/ ਉਦੋਂ ਵੀ ਮੈਂ ਚੁੱਪ ਰਿਹਾ/ ਕਿਉਂਕਿ ਮੈਂ ਟਰੇਡ ਯੂਨੀਅਨ ਆਗੂ ਨਹੀਂ ਸਾਂ/ ਫਿਰ ਉਹ ਮੇਰੇ ਲਈ ਆਏ/ ਪਰ ਉਸ ਸਮੇਂ ਤੱਕ ਕੋਈ ਬਚਿਆ ਹੀ ਨਹੀਂ ਸੀ/ ਜੋ ਮੇਰੇ ਲਈ ਬੋਲਦਾ।
ਅੱਜ ਦੇ ਦੌਰ ਦਾ ਦੁਖਾਂਤ ਨਾ ਸੁਣੇ ਜਾਣਾ, ਅਣਡਿੱਠ/ਅਣਗੌਲਿਆ ਕੀਤੇ ਜਾਣਾ ਅਤੇ ਅਣਚਾਹੇ ਹੋਣਾ ਹੈ। ਹਰ ਮਨੁੱਖ ਆਪਣੀ ਤਾਂ ਕਹਿੰਦਾ ਹੈ ਪਰ ਦੂਸਰੇ ਦੀ ਨਹੀਂ ਸੁਣਦਾ। ਆਪਾਂ ਆਮ ਸ਼ਿਕਾਇਤ ਸੁਣਾਂਗੇ ਕਿ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਜਾਂ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ।
ਸੱਚ ਤਾਂ ਕੌੜਾ ਹੀ ਹੁੰਦਾ ਹੈ। ਗਿੱਟੇ ਗੋਡੇ ਵੀ ਲੱਗਦਾ ਹੈ। ਇਹ ਸ਼ਕਤੀਸ਼ਾਲੀਆਂ ਤੇ ਸੱਤਾਵਾਨਾਂ ਨੂੰ ਪਚਦਾ ਨਹੀਂ। ਮਿਰਜ਼ਾ ਗਾਲਬਿ ਦੇ ਸ਼ਿਅਰ ‘ਮੈਂ ਭੀ ਮੂੰਹ ਮੇਂ ਜ਼ਬਾਂ ਰਖਤਾ ਹੂੰ/ ਕਾਸ਼ ਪੂਛੋ ਕਿ ਮੁੱਦਾ ਕਯਾ ਹੈ’ ਵਿੱਚ ਕਿਧਰੇ ਨਾ ਕਿਧਰੇ ‘ਮੁੱਦਾ’ ਜਾਣਨ ਵਾਲਿਆਂ ਨੂੰ ਚੁੱਪ ਕਰਵਾਏ ਜਾਣ ਜਾਂ ਚੁੱਪ ਰਹਿਣ ਲਈ ਮਜਬੂਰ ਕੀਤੇ ਜਾਣ ਦੀ ਗੱਲ ਹੈ। ਜੇ ਬੋਲਣਾ ਜ਼ਰੂਰੀ ਹੈ ਤਾਂ ਸੁਣਨਾ ਵੀ ਘੱਟ ਜ਼ਰੂਰੀ ਨਹੀਂ। ਕਈ ਵਾਰ ਸੱਚ ਬੋਲਣ ਨਾਲੋਂ ਸੱਚ ਸੁਣਨਾ ਵਧੇਰੇ ਔਖਾ ਹੁੰਦਾ ਹੈ। ਜੇ ਗੱਲ ਠਰੰਮੇ ਅਤੇ ਧਿਆਨ ਨਾਲ ਸੁਣ ਲਈ ਜਾਵੇ ਤਾਂ ਅੱਧਾ ਹੱਲ ਉਦੋਂ ਹੀ ਹੋ ਜਾਂਦਾ ਹੈ। ਜੇ ਸੁਣਾਂਗੇ ਤਾਂ ਸਮਝਾਂਗੇ, ਜੇ ਸਮਝਾਂਗੇ ਤਾਂ ਮੰਨਾਂਗੇ/ਸੁਲਝਾਵਾਂਗੇ।
ਸੰਪਰਕ: 98766-55055

Advertisement
Advertisement