For the best experience, open
https://m.punjabitribuneonline.com
on your mobile browser.
Advertisement

ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਖਾਸ ਕੰਪਨੀ ਦੇ ਟਿੱਪਰ

08:50 AM Mar 21, 2024 IST
ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਖਾਸ ਕੰਪਨੀ ਦੇ ਟਿੱਪਰ
ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸੜਕ ’ਤੇ ਦੌੜ ਰਿਹਾ ਓਵਰਲੋਡ ਟਿੱਪਰ।
Advertisement

ਜਗਮੋਹਨ ਸਿੰਘ
ਰੂਪਨਗਰ, 20 ਮਾਰਚ
ਜ਼ਿਲ੍ਹੇ ਵਿੱਚ ਇੱਕ ਖਾਸ ਕੰਪਨੀ ਦੇ ਸੜਕਾਂ ’ਤੇ ਦੌੜਦੇ ਖਣਨ ਸਮੱਗਰੀ ਨਾਲ ਲੱਦੇ ਅਣਢਕੇ ਤੇ ਓਵਰਲੋਡ ਟਿੱਪਰ ਅੱਜ-ਕੱਲ੍ਹ ਚਰਚਾ ਵਿੱਚ ਹਨ। ਆਮ ਤੌਰ ’ਤੇ ਟਿੱਪਰਾਂ ਦੇ ‌ਤ੍ਰਿਪਾਲਾਂ ਨਾਲ ਪੂਰੀ ਤਰ੍ਹਾਂ ਢਕੇ ਹੋਣ ਅਤੇ ਖਣਨ ਮੈਟੀਰੀਅਲ ਸਬੰਧੀ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਸੜਕਾਂ ’ਤੇ ਨਾਕੇਬੰਦੀਆਂ ਦੌਰਾਨ ਕਿਸੇ ਨਾ ਕਿਸੇ ਬਹਾਨੇ ਚਲਾਨ ਕੱਟਿਆ ਜਾਂਦਾ ਹੈ, ਉੱਥੇ ਹੀ ਇਸ ਖਾਸ ਕੰਪਨੀ ਦੇ ਟਿੱਪਰ ਚਾਲਕ ਕਿਸੇ ਵੀ ਨਾਕੇ ਦੀ ਪਰਵਾਹ ਨਹੀਂ ਕਰਦੇ ਅਤੇ ਨਾਕੇ ’ਤੇ ਤਾਇਨਾਤ ਅਧਿਕਾਰੀ ਚਾਲਕ ਵੱਲੋਂ ਆਪਣਾ ਮੋਬਾਈਲ ਫੋਨ ਕੰਨ ਨੂੰ ਲਾਉਂਦਿਆਂ ਹੀ ‘ਯੈੱਸ ਸਰ’ ਕਹਿ ਕੇ ਬਿਨਾਂ ਕਿਸੇ ਕਾਰਵਾਈ ਦੇ ਟਿੱਪਰ ਨੂੰ ਅੱਗੇ ਲੰਘਾ ਦਿੰਦਾ ਹੈ।
ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੀਤੇ ਦਿਨ ਘਨੌਲੀ ਬੈਰੀਅਰ ਨੇੜੇ ਖਣਨ ਸਮੱਗਰੀ ਨਾਲ ਭਰੇ ਵਾਹਨਾਂ ਦੀ ਜਾਂਚ ਕਰਨ ਲਈ ਇੰਡਸਟਰੀ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਪੁਲੀਸ ਦੀ ਮੱਦਦ ਨਾਲ ਨਾਕੇਬੰਦੀ ਕੀਤੀ ਗਈ। ਇਸ ਮੌਕੇ ਤ੍ਰਿਪਾਲਾਂ ਨਾਲ ਢਕੇ ਵਾਹਨਾਂ ਨੂੰ ਚੈਕਿੰਗ ਟੀਮ ਵੱਲੋਂ ਕਈ ਘੰਟਿਆਂ ਤੱਕ ਨਾਕੇ ’ਤੇ ਹੀ ਰੋਕੀ ਰੱਖਿਆ ਗਿਆ, ਜਦਕਿ ਇਸੇ ਦੌਰਾਨ ਤੇਜ਼ ਰਫਤਾਰ ਆਏ ਅਤੇ ਖਣਨ ਸਮੱਗਰੀ ਨਾਲ ਪੂਰੀ ਤਰ੍ਹਾਂ ਲੱਦੇ ਟਿੱਪਰ ਨੂੰ ਪੁਲੀਸ ਕਰਮਚਾਰੀ ਬਹੁਤ ਹੀ ਮੁਸ਼ਕਲ ਨਾਲ ਰੋਕ ਸਕੇ। ਜਦੋਂ ਪੁਲੀਸ ਕਰਮਚਾਰੀਆਂ ਨੇ ਟਿੱਪਰ ਚਾਲਕ ਨੂੰ ਦਸਤਾਵੇਜ਼ਾਂ ਦੀ ਜਾਂਚ ਲਈ ਚੈਕਿੰਗ ਅਧਿਕਾਰੀ ਕੋਲ ਭੇਜਣਾ ਚਾਹਿਆ ਤਾਂ ਟਿੱਪਰ ਚਾਲਕ ਪੁਲੀਸ ਮੁਲਾਜ਼ਮ ਦੀ ਕਿਸੇ ਵਿਅਕਤੀ ਨਾਲ ਗੱਲ ਕਰਾਉਣ ਉਪਰੰਤ ਅਣਢਕੇ ਓਵਰਲੋਡ ਟਿੱਪਰ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਆਪਣੀ ਮੰਜ਼ਲ ਵੱਲ ਲਿਜਾਣ ਵਿੱਚ ਸਫਲ ਹੋ ਗਿਆ। ਇਸ ਸਬੰਧੀ ਜਦੋਂ ਮੌਕੇ ’ਤੇ ਮੌਜੂਦ ਇਸ ਪੱਤਰਕਾਰ ਵੱਲੋਂ ਚੈਕਿੰਗ ਅਫਸਰ ਅਤੇ ਪੁਲੀਸ ਮੁਲਾਜ਼ਮਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਕਤ ਟਿੱਪਰ ਪਟਿਆਲਾ ਪੁਲੀਸ ਦੇ ਕਿਸੇ ‘ਅਧਿਕਾਰੀ’ ਦੀ ਵਗਾਰ ਲੈ ਕੇ ਜਾ ਰਿਹਾ ਸੀ। ਇਸ ਲਈ ਉਸ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਤਹਿਕੀਕਾਤ ਲਈ ਇਸ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ ਗਿਆ। ਪਹਿਲਾਂ ਤਾਂ ਸਬੰਧਤ ਵਿਅਕਤੀ ਨੇ ਖੁਦ ਨੂੰ ਪੁਲੀਸ ਅਧਿਕਾਰੀ ਹੀ ਦੱਸਿਆ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਪੁਲੀਸ ਦੇ ਟਿੱਪਰਾਂ ਲਈ ਕਾਨੂੰਨ ਵੱਖਰੇ ਹਨ ਤਾਂ ਉਸ ਨੇ ਕਿਹਾ ਕਿ ਉਹ ਕੋਈ ਪੁਲੀਸ ਅਧਿਕਾਰੀ ਨਹੀਂ ਬਲਕਿ ਟਿੱਪਰ ਮਾਲਕ ਹੀ ਹੈ। ਫਿਰ ਉਸ ਨੇ ਨਵਾਂਸ਼ਹਿਰ ਦੇ ਇੱਕ ਪੱਤਰਕਾਰ ਨਾਲ ਗੱਲ ਕਰਨ ’ਤੇ ਖ਼ਬਰ ਪ੍ਰਕਾਸ਼ਤ ਨਾ ਕਰਨ ਦਾ ਵਾਸਤਾ ਵੀ ਪਾਇਆ।

Advertisement

ਕਾਨੂੰਨ ਸਭ ਲਈ ਬਰਾਬਰ: ਐੱਸਐੱਸਪੀ

ਜਦੋਂ ਇਸ ਸਬੰਧੀ ਰੂਪਨਗਰ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਨਿਯਮ ਸਭ ਲਈ ਬਰਾਬਰ ਹਨ ਅਤੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਅਤੇ ਸਾਰਿਆਂ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
Author Image

sukhwinder singh

View all posts

Advertisement
Advertisement
×