For the best experience, open
https://m.punjabitribuneonline.com
on your mobile browser.
Advertisement

ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ: ਭਗਵੰਤ ਮਾਨ

09:07 AM May 20, 2024 IST
ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ  ਭਗਵੰਤ ਮਾਨ
ਜੈਤੋ ਵਿੱਚ ਰੋਡ ਸ਼ੋਅ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।
Advertisement

ਸ਼ਗਨ ਕਟਾਰੀਆ
ਜੈਤੋ, 19 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਾਮ ਇੱਥੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਰੋਡ ਸ਼ੋਅ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਰਮਜੀਤ ਅਨਮੋਲ, ਜੈਤੋ ਦੇ ਵਿਧਾਇਕ ਅਮੋਲਕ ਸਿੰਘ ਅਤੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਮੌਜੂਦ ਰਹੇ। ਅੱਜ ਮਹਿਜ਼ ਇਹ ਵੀ ਇਤਫ਼ਾਕ ਰਿਹਾ ਕਿ ਜਿਸ ਸਮੇਂ ਬਾਜ਼ਾਰ ਵਿੱਚ ਭਗਵੰਤ ਮਾਨ ਦਾ ਰੋਡ ਸ਼ੋਅ ਸੀ, ਠੀਕ ਉਸ ਵਕਤ ਇਥੇ ਰਾਮਲੀਲਾ ਮੈਦਾਨ ਵਿੱਚ ਸੁਖਬੀਰ ਸਿੰਘ ਬਾਦਲ ਚੋਣ ਜਲਸੇ ਨੂੰ ਸੰਬੋਧਨ ਕਰਨ ਪੁੱਜੇ ਹੋਏ ਸਨ। ਮੁੱਖ ਮੰਤਰੀ ਨੇ ਕਟਾਖਸ਼ ਕੀਤਾ, ‘ਪਤਾ ਲੱਗਾ ਹੈ ਕਿ ਇੱਥੇ ‘ਪਰਿਵਾਰ ਬਚਾਓ’ ਵਾਲੇ ਵੀ ਆਏ ਹੋਏ ਨੇ।’ ਉਨ੍ਹਾਂ ਕਿਹਾ, ‘ਜੈਤੋ ਉਹੀ ਨਗਰੀ ਹੈ, ਜਿੱਥੇ ਮੋਰਚਾ ਲੱਗਾ ਸੀ ਅਤੇ ਖੂਹਾਂ ’ਚ ਜ਼ਹਿਰ ਪਾਈ ਗਈ ਸੀ।’ ਸੁਖਬੀਰ ਬਾਦਲ ਦੀ ‘ਪੰਜਾਬ ਬਚਾਓ’ ਯਾਤਰਾ ’ਤੇ ਨਿਸ਼ਾਨਾ ਸੇਧਦਿਆਂ ਭਗਵੰਤ ਮਾਨ ਨੇ ਕਿਹਾ, ‘‘ਉਹ ਆਪਣੇ ਨਾਲ ਦੇ ਅਫ਼ਸਰਾਂ ਨੂੰ ਕਹਿੰਦੇ ਨੇ ਜਦੋਂ ਤਾਪਮਾਨ ਘਟ ਗਿਆ ਦੱਸਿਓ, ਫਿਰ ਪੰਜਾਬ ਬਚਾਉਣ ਚੱਲਾਂਗੇ। ਇਹ ਲੋਕ ਪੈਰਾਂ ਹੇਠੋਂ ਖਿਸਕ ਚੁੱਕੀ ਜ਼ਮੀਨ ਭਾਲਦੇ ਫਿਰਦੇ ਹਨ, ਜੋ ਕਦੇ ਲੱਭਣੀ ਨਹੀਂ’। ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ‘ਸੁਖ ਵਿਲਾਸ’ ਹੋਟਲ ’ਚ ਸਕੂਲ ਬਣਾਵੇਗੀ ਤੇ ਨਾਅਰਾ ਹੋਵੇਗਾ ‘ਇਹੋ ਜਿਹਾ ਸਕੂਲ, ਜਿੱਥੇ ਹਰ ਕਮਰੇ ਨਾਲ ਪੂਲ’। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਗਰੀਬੀ ਦੇ ਜੂਲੇ ਹੇਠੋਂ ਨਿੱਕਲਣ ਦਾ ਇੱਕੋ ਹੱਲ ਹੈ ਕਿ ਗਰੀਬਾਂ ਦੇ ਬੱਚਿਆਂ ਨੂੰ ਸਸਤੀ ਤੇ ਮਿਆਰੀ ਸਿੱਖਿਆ ਦਿੱਤੀ ਜਾਵੇ। ਉਨ੍ਹਾਂ ਕਿਹਾ, ‘ਅਗਲੇ ਤਿੰਨ ਸਾਲ ਖੁੱਲ੍ਹ ਕੇ ਕੰਮ ਕਰਾਂਗੇ ਅਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਕੇ ਦਮ ਲਵਾਂਗੇ।’ ਕਰਮਜੀਤ ਅਨਮੋਲ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਦੋਵੇਂ ਗਿਆਰ੍ਹਵੀਂ ਤੋਂ ਇਕੱਠੇ ਪੜ੍ਹੇ ਹਨ ਅਤੇ ਮਿਹਨਤ ਕਰਕੇ ਛੋਟੇ ਘਰਾਂ ਤੋਂ ਇੱਥੋਂ ਤੱਕ ਅੱਪੜੇ ਹਨ। ਕਰਮਜੀਤ ਅਨਮੋਲ ਨੇ ਧੰਨਵਾਦੀ ਭਾਸ਼ਨ ’ਚ ਕਿਹਾ ਕਿ ਪਹਿਲਾਂ ਗਾਇਕੀ, ਫਿਰ ਅਦਾਕਾਰੀ ਅਤੇ ਹੁਣ ਰਾਜਨੀਤੀ ’ਚ ਮੁੱਖ ਮੰਤਰੀ ਨੇ ਹਮੇਸ਼ਾ ਹੀ ਉਨ੍ਹਾਂ ਦੀ ਬਾਂਹ ਫੜ ਕੇ ਨਾਲ ਤੋਰਿਆ ਹੈ।

Advertisement

ਮੋਗਾ ਵਿੱਚ ਰੋਡ ਸ਼ੋਅ ਦੌਰਾਨ ਠੇਕਾ ਕਾਮਿਆਂ ਨਾਲ ਧੱਕਾ-ਮੁੱਕੀ

ਮੋਗਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਠੇਕਾ ਕਾਮੇ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਬਿਜਲੀ ਠੇਕਾ ਕਾਮਿਆਂ ਨੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇੱਥੇ ਚੱਪੇ-ਚੱਪੇ ’ਤੇ ਤਾਇਨਾਤ ਪੁਲੀਸ ਨੂੰ ਜਦੋਂ ਇਸ ਬਾਬਤ ਪਤਾ ਲੱਗਾ ਤਾਂ ਉਨ੍ਹਾਂ ਕਾਮਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਪੁਲੀਸ ਨਾਲ ਹੋਈ ਧੱਕਾ ਮੁੱਕੀ ਵਿੱਚ ਠੇਕਾ ਕਾਮਿਆਂ ਦੀਆਂ ਪੱਗਾਂ ਵੀ ਲੱਥ ਗਈਆਂ।
ਠੇਕਾ ਕਾਮਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਯੋਗਤਾ ਦੇ ਆਧਾਰ ’ਤੇ ਰੈਗੂਲਰ ਭਰਤੀ ਕੀਤੀ ਜਾਵੇਗੀ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਪਰ ਹੁਣ ‘ਆਪ’ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਉਹ 10 ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਮੁੱਖ ਮੰਤਰੀ ਨੂੰ ਵਾਅਦੇ ਯਾਦ ਕਰਵਾਉਣ ’ਤੇ ਉਲਟਾ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ। ਕਾਮਿਆਂ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਵਰਕਰਾਂ ਦੇ ਪੈਰੀਂ ਪੈ ਜਾਂਦੇ ਸਨ, ਹੁਣ ਉਨ੍ਹਾਂ ਨੂੰ ਕੀ ਖਤਰਾ ਹੈ ਉਹ ਤਾਂ ਆਪਣੀ ਗੱਲ ਰੱਖਣਾ ਚਾਹੁੰਦੇ ਸਨ। ਜਾਣਕਾਰੀ ਅਨੁਸਾਰ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਰੋਡ ਸ਼ੋਅ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਜਣ ਤੋਂ ਪਹਿਲਾਂ ਸਥਾਨ ਸ਼ਹਿਰ ਦੀ ਮੁੱਖ ਸੜਕ ਪਰਤਾਪ ਰੋਡ ਨੂੰ ਪੁਲੀਸ ਨੇ ਸੀਲ ਕਰ ਦਿੱਤਾ ਸੀ। ਰਾਹ ਬੰਦ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

Advertisement

Advertisement
Author Image

sukhwinder singh

View all posts

Advertisement